ਤੇਰੀਆਂ ਯਾਦਾਂ
ਬਹੁਤ ਦੇਰ ਹੋਈ ਜਲਾਵਤਨ ਹੋਈਆਂ
ਜਿਉਂਦੀਆਂ ਕਿ ਮੋਈਆਂ-
ਕੁਝ ਪਤਾ ਨਹੀਂ।
ਸਿਰਫ਼ ਇੱਕ ਵਾਰੀ ਇੱਕ ਘਟਨਾ ਵਾਪਰੀ
ਖ਼ਿਆਲਾਂ ਦੀ ਰਾਤ ਬੜੀ ਡੂੰਘੀ ਸੀ
ਤੇ ਏਨੀ ਚੁੱਪ ਸੀ
ਕਿ ਪੱਤਾ ਖੜਕਿਆਂ ਵੀ-
ਵਰ੍ਹਿਆਂ ਦੇ ਕੰਨ ਤ੍ਰਭਕਦੇ।
ਫੇਰ ਤਿੰਨ ਵਾਰਾਂ ਜਾਪਿਆ
ਛਾਤੀ ਦਾ ਬੂਹਾ ਖੜਕਦਾ
ਤੇ ਪੋਲੇ ਪੈਰ ਛੱਤ ‘ਤੇ ਚੜ੍ਹਦਾ ਕੋਈ
ਤੇ ਨਹੁੰਆਂ ਦੇ ਨਾਲ ਪਿਛਲੀ ਕੰਧ ਖੁਰਚਦਾ।
ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਹਨੇਰੇ ਨੂੰ ਜਿਸ ਤਰਾਂ ਇੱਕ ਗਰਭ ਪੀੜ ਸੀ
ਉਹ ਕਦੇ ਕੁਝ ਕਹਿੰਦਾ
ਤੇ ਕਦੇ ਚੁੱਪ ਹੁੰਦਾ
ਜਿਉਂ ਆਪਣੀ ਆਵਾਜ਼ ਨੂੰ
ਦੰਦਾਂ ਦੇ ਵਿੱਚ ਪੀਂਹਦਾ।
ਤੇ ਫੇਰ ਜਿਉਂਦੀ-ਜਾਗਦੀ ਇੱਕ ਸ਼ੈ
ਤੇ ਜਿਉਂਦੀ-ਜਾਗਦੀ ਆਵਾਜ਼:
“ਮੈਂ ਕਾਲ਼ਿਆਂ ਕੋਹਾਂ ਤੋਂ ਆਈ ਹਾਂ
ਪਾਹਰੂਆਂ ਦੀ ਅੱਖ ਤੋਂ ਇਸ ਬਦਨ ਨੂੰ ਚੁਰਾਂਦੀ
ਬੜੀ ਮਾਂਦੀ।
ਪਤਾ ਹੈ ਮੈਨੂੰ ਕਿ ਤੇਰਾ ਦਿਲ ਆਬਾਦ ਹੈ
ਪਰ ਕਿਤੇ ਸੁੰਞੀ-ਸੱਖਣੀ ਕੋਈ ਥਾਂ ਮੇਰੇ ਲਈ?”
“ਸੁੰਞ ਸੱਖਣ ਬੜੀ ਹੈ ਪਰ ਤੂੰ……”
ਤ੍ਰਭਕ ਕੇ ਮੈਂ ਆਖਿਆ-
“ਤੂੰ ਜਲਾਵਤਨ……ਨਹੀਂ ਕੋਈ ਥਾਂ ਨਹੀਂ
ਮੈਂ ਠੀਕ ਕਹਿੰਦੀ ਹਾਂ
ਕਿ ਕੋਈ ਥਾਂ ਨਹੀਂ ਤੇਰੇ ਲਈ
ਇਹ ਮੇਰੇ ਮਸਤਕ
ਮੇਰੇ ਆਕਾ ਦਾ ਹੁਕਮ ਹੈ!”
… … … … … …
ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ
ਉਹ ਪਿਛਾਂਹ ਨੂੰ ਪਰਤੀ
ਪਰ ਜਾਣ ਤੋਂ ਪਹਿਲਾਂ ਉਹ ਉਰਾਂਹ ਹੋਈ
ਤੇ ਮੇਰੀ ਹੋਂਦ ਨੂੰ ਉਸ ਇੱਕ ਵਾਰ ਛੋਹਿਆ
ਹੌਲੀ ਜਿਹੀ-
ਇੰਝ ਜਿਵੇਂ ਕੋਈ ਆਪਣੇ ਵਤਨ ਦੀ ਮਿੱਟੀ ਨੂੰ ਛੋਂਹਦਾ ਹੈ