ਮੇਰੀ ਆਤਮਾ ਦੀਆਂ ਅੱਖਾਂ ਭਰ ਆਈਆਂ। ਆਪੇ ਨਾਲ ਘਿਰਣਾ ਜਿਹੀ ਹੋਣ ਲੱਗੀ। ਇਉਂ ਜਾਪਿਆ ਜਿਵੇਂ ਮੈਥੋਂ ਵਧ ਕੋਈ ਨਿਰਦਈ ਨਹੀਂ ਹੋਣੀ। ਜੋ ਉਸਦੇ ਅੱਥਰੂ ਪੂੰਝ ਦਿੰਦੀ, ਦਿਲਾਸੇ ਦੇ ਦੋ ਸ਼ਬਦ ਕਹਿ ਦਿੰਦੀ, ਤਾਂ ਕਿਹੜੀ ਆਫਤ ਆ ਚੱਲੀ ਸੀ। ਉਹਨੇ ਤਾਂ ਕਈ ਬਾਰ ਮੇਰੇ ਕੁਆਰੇ ਅੱਥਰੂ ਆਪਣੀਆਂ ਅੱਖਾਂ ਵਿਚ ਸਮਾਏ ਹਨ। ਤੇ ਮੈਂ ਵੇਖਣ ਵਾਲਿਆਂ ਦੇ ਡਰੋਂ ਪੱਥਰ ਬਣੀ ਇਉਂ ਵੇਖਦੀ ਰਹੀ ਸੀ ਜਿਵੇਂ ਮੇਰਾ ਉਹ ਕੁਝ ਨਹੀਂ ਹੁੰਦਾ। ਜਿਵੇਂ ਪਿਆਰ ਦੇ ਗਲ ਲਗਕੇ ਮਿਲਣਾ ਪਾਪ ਹੋਵੇ।
ਮੇਰੇ ਨਾਲ ਬੈਠੀ ਅਨਪੜ੍ਹ ਗਰੀਬਣੀ ਜਿਹੀ ਜ਼ਨਾਨੀ ਨੇ ਵਗਦੇ ਅੱਥਰੂ ਵੇਖ ਲਏ ਸਨ। ਬੋਲੀ-ਏ ਬੀਬੀ! ਤੂੰ ਉੱਤਰ ਕੇ ਇਹਦੇ ਨਾਲ ਕੋਈ ਗੱਲ ਕਰ ਲੈ। ਕਿਸੇ ਨੂੰ ਕੋਈ ਦੁਖ ਹੁੰਦੈ ਤਦੇ ਰੋਂਦਾ ਏ। ਮੈਨੂੰ ਆਪਣੇ ਨਾਲੋਂ ਉਹ ਅਨਪੜ੍ਹ ਮੰਗਤੀ ਜਿਹੀ ਚੰਗੀ ਲੱਗੀ। ਜਿਸਨੂੰ ਬਿਨਾਂ ਜਾਣ-ਪਛਾਣ ਤੋਂ ਵੀ ਤਰਸ ਆਇਆ ਸੀ।
ਮੈਂ ਤੁਰੀ ਜਾਂਦੀ ਗੱਡੀ ਵਿੱਚੋਂ ਉਹਨੂੰ ਇਉਂ ਵੇਖਿਆ ਸੀ ਜਿਵੇਂ ਮੇਰੀ ਅੱਧੀ ਆਤਮਾ ਪਿੱਛੇ ਰਹਿ ਗਈ ਹੋਵੇ। ਪਰ ਅੱਗੇ ਜਿਸ ਅੱਧ ਕੋਲ ਮੇਰੇ ਜਿਸਮ ਦਾ ਰਾਤ ਹੋਣ ਤੱਕ ਪੁਜਣਾ ਜਰੂਰੀ ਸੀ, ਉਹ ਮੇਰੇ ਸਿਰ ਉਤੇ ਲਾਲ ਲਕੀਰ ਬਣਕੇ ਬੈਠਾ ਹੋਇਆ ਹੈ। ਤੇ ਮੈਂ ਸੋਚਦੀ ਹਾਂ, ਕੀ ਆਪਣੀ ਇੱਛਾ ਅਨੁਸਾਰ ਕੋਈ ਪਲ ਨਾ ਜਿਉਂ ਸਕਣਾ ਹੀ ਜ਼ਿੰਦਗੀ ਹੈ?
ਰੋਸ਼ਨ ਫੁਲਵੀ