ਲੋਕ ਨਿਰਦਈ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਦਿਲਾਂ ਵਿੱਚ ਕਿਸੇ ਦੀ ਸਹਾਇਤਾ ਕਰਨ ਦਾ ਅਹਿਸਾਸ ਹੀ ਖਤਮ ਹੋਇਆ ਸੀ। ਬਦਲਦੇ ਹਾਲਾਤ ਮਾੜੇ, ਬਹੁਤ ਮਾੜੇ ਅਤੇ ਅੱਤ ਮਾੜਿਆਂ ਨੂੰ ਛੱਡਕੇ ਭਿਆਣਕ ਸਥਿਤੀ ਤੋਂ ਵੀ ਅੱਗੇ ਲੰਘ ਗਏ ਸਨ।
ਕੁਝ ਲੋਕ ਭੁੱਖ ਕਾਰਨ ਪਹਿਲਾਂ ਹੀ ਮਰ ਚੁੱਕੇ ਸਨ ਅਤੇ ਬਾਕੀ ਪਾਣੀ ਦੀ ਅਣਹੋਂਦ ਕਾਰਨ ਤੜਫ ਰਹੇ ਸਨ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਦ ਤੱਕ ਜਿੰਦਾ ਰਹਿ ਸਕੇਗਾ। ਰਿਸ਼ਤਿਆਂ ਦੀ ਪਕੜ ਕੇ ਖਤਮ ਨਹੀਂ ਹੋਈ ਸੀ ਤਾਂ ਖਤਮ ਹੋਣ ਦੀ ਸੀਮਾ ਤਕ ਜਰੂਰ ਪੁੱਜ ਗਈ ਸੀ।
ਇੱਕ ਸਾਰਾ ਪਰਿਵਾਰ ਇਸ ਭਿਆਣਕ ਕਾਲ ਨੇ ਨਿਗਲ ਲਿਆ ਸੀ। ਇੱਕ ਔਰਤ ਅਤੇ ਉਸ ਦਾ ਦੁੱਧ ਚੁੰਘਦਾ ਬੱਚਾ ਇੱਕ ਦੂਜੇ ਲਈ ਜੀਣ ਦੀ ਹਾਲੀ ਵੀ ਜਦੋ ਜਹਿਦ ਕਰ ਰਹੇ ਸਨ।
ਮਾਂ ਰਾਤ ਸਮੇਂ ਪਰਾਣ ਛੱਡ ਗਈ ਸੀ। ਬੱਚਾ ਹਾਲੀ ਵੀ ਉਸ ਨੂੰ ਚੁੰਘ ਰਿਹਾ ਸੀ। ਦਿਨ ਚੜ੍ਹਦੇ ਨੂੰ ਹਰ ਕਿਸਮ ਦੀ ਸਰਕਾਰੀ ਸਹਾਇਤਾ ਪੁੱਜ ਗਈ ਸੀ। ਬੱਚੇ ਨੂੰ ਖਾਣ ਲਈ ਬਿਸਕੁਟ ਦਿੱਤਾ ਗਿਆ। ਉਸਨੇ ਪਹਿਲਾਂ ਇਹ ਆਪਣੀ ਮਾਂ ਦੇ ਮੂੰਹ ਵਿੱਚ ਪਾਉਣਾ ਚਾਹਿਆ ਪਰ ਜਦ ਉਸ ਦੀ ਮਾਂ ਨੇ ਖਾਣ ਲਈ ਮੂੰਹ ਨਾ ਖੋਲਿਆ ਤਾਂ ਬੱਚੇ ਨੇ ਦਿਲ ਚੀਰਵੀਂ ਆਖਰੀ ਚੀਕ ਮਾਰੀ।
ਆਖਰੀ ਚੀਕ
449
previous post