523
ਸਲੋਕ ॥
ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥ ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ ॥ ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥੧॥
ਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ, ਹਰਨ ਰਾਗ ਦੇ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ ॥੧॥