395
ਵਡਹੰਸੁ ਮਹਲਾ ੫ ॥
ਪ੍ਰਭ ਕਰਣ ਕਾਰਣ ਸਮਰਥਾ ਰਾਮ ॥ ਰਖੁ ਜਗਤੁ ਸਗਲ ਦੇ ਹਥਾ ਰਾਮ ॥ ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥ ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥ ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥ ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥
ਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! (ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ। ਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ। ਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ। ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ ॥੧॥