389
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥ ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥ ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥
ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ, (ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ। ਸੋ, ਹੇ ਮੇਰੇ ਮਨ! ਉਸ ਮਾਲਕ ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ।੧।