ਸ਼ਬਦਾਂ ਦੀ ਆੜ ਲੈ ਕੇ
ਮੈਂ ਜਦ ਵੀ ਅਰਥਾਂ ਦਾ ਦੁਖਾਂਤ ਪਰੋਖਾ ਕੀਤਾ ਹੈ ,
ਬੜਾ ਪਛਤਾਇਆ ਹਾਂ ,
ਮੈਂ ਜਿਸ ਧਰਤੀ ‘ਤੇ ਖੜ ਕੇ
ਧਰਤੀ ਦੇ ਸੰਗੀਤ ਦੀ ਸਹੁੰ ਖਾਧੀ ਸੀ
ਉਸ ‘ਤੇ ਕਿੰਨੀ ਵਾਰ ਤਿਲਕ ਕੇ ਡਿਗਿਆ ਹਾਂ ,
ਮੈਨੂੰ ਰੁੰਡ ਮਰੁੰਡੇ ਰੁੱਖਾਂ ਦਾ ਸਰਾਪ ਲੱਗਿਆ ਹੈ ।
ਅਤੇ
ਮੈਂ ਵਾਰ ਵਾਰ ਸੂਲੀ ਤੇ ਬਹਿਸ਼ਤ ਨੂੰ
ਦੋ ਸੌਂਕਣਾਂ ਸਵੀਕਾਰ ਕੀਤਾ ਹੈ ,
ਜਿਨ੍ਹਾਂ ਨੂੰ ਇੱਕੋ ਪਲੰਘ ਤੇ ਹਾਮਲਾ ਕਰਦੇ ਹੋਏ
ਮੇਰੀ ਦੇਹ ਨਿੱਘਰਦੀ ਜਾਂਦੀ ਹੈ ।
ਪਰ ਮੇਰਾ ਆਕਾਰ ਹੋਰ ਨਿੱਖਰਦਾ ਹੈ ,
ਠੀਕ ,
ਮੇਰੀ ਕਲਮ ਕੋਈ ਕੁੰਨ ਨਹੀਂ ਹੈ ,
ਮੈਂ ਤਾਂ ਸੜਕਾਂ ‘ਤੇ ਤੁਰਿਆ ਹੋਇਆ ,
ਏਨਾਂ ਭੁਰ ਗਿਆ ਹਾਂ
ਕਿ ਮੇਰੇ ਅਪਾਹਜ ਜਿਸਮ ਨੂੰ
ਚੇਤਾ ਵੀ ਨਹੀਂ ਆਉਂਦਾ
ਕਿ ਮੇਰਾ ਕਿਹੜਾ ਅੰਗ ਵੀਤਨਾਮ ਵਿੱਚ
ਤੇ ਕਿਹੜਾ ਅਫਰੀਕਾ ਦੇ ਕਿਸੇ ਮਾਰੂਥਲ ਵਿੱਚ
ਰਹਿ ਗਿਆ ਹੈ ?
ਮੈਂ ਦਿੱਲੀ ਦੇ ਕਿਸੇ ਕਾਹਵਾ ਘਰ
ਵਿੱਚ ਬੈਠਾ ਹਾਂ ਕਿ ਆਂਧਰਾ ਦੇ ਜੰਗਲਾਂ ਵਿੱਚ ?
ਵਾਰ ਵਾਰ ਬੀਤਦੇ ਹੋਏ ਪਲਾਂ ਸੰਗ
ਮੈਂ ਆਪਣੀ ਹੋਂਦ ਨੂੰ ਟੋਂਹਦਾ ਹਾਂ ।
ਮੇਰੀਆਂ ਛੇ ਨਜ਼ਮਾਂ ਦੀ ਮਾਂ ,
ਪਿਛਲੇ ਅੇਤਵਾਰ ਮੇਰੇ ਹੀ ਪਰਛਾਵੇਂ ਨਾਲ
ਉੱਧਲ ਗਈ ਹੈ ,
ਤੇ ਮੈਂ ਆਵਾਜ਼ਾਂ ਫੜਨ ਦੀ ਕੋਸ਼ਿਸ਼ ਵਿਚ
ਕਿੰਨਾਂ ਦੂਰ ਨਿਕਲ ਆਇਆ ਹਾਂ ,
ਮੇਰੇ ਨਕਸ਼ ਤਿੱਥ ਪੱਤਰ-ਦੀਆਂ ,
ਲੰਘੀਆਂ ਤਰੀਕਾਂ ਹੋ ਕੇ ਰਹਿ ਗਏ ਹਨ ,
ਵਾਰੀ ਵਾਰੀ ਨੈਪੋਲੀਅਨ , ਚੰਗੇਜ਼ ਖਾਂ ਤੇ ਸਿਕੰਦਰ
ਮੇਰੇ ਵਿੱਚੋਂ ਦੀ ਲੰਘ ਗਏ ਹਨ ,
ਅਸ਼ੋਕ ਤੇ ਗੌਤਮ ਬੇਬਾਕ ਤੱਕ ਰਹੇ ਹਨ
ਬੇਪਰਦ ਪੱਥਰ ਦਾ ਸੋਮਨਾਥ
ਜੇ ਮੈਂ ਅੇਵਰੈਸਟ ਉਤੇ ਖਲੋ ਕੇ ਦੇਖਦਾ ਹਾਂ ,
ਤਿੜਕਦਾ ਪਿਆ ਤਾਜਮਹਲ
ਪਿੱਤਲ ਦਾ ਹਰਿਮੰਦਰ
ਤੇ ਅਜੰਤਾ ਖੰਡਰ ਖੰਡਰ
ਤਾਂ ਮੈਂ ਸੋਚਦਾ ਹਾਂ ਕੁਤਬ ਦੀਆਂ ਪੰਜ ਮੰਜ਼ਲਾਂ ਜੋ ਬਾਕੀ ਹਨ ,
ਕੀ ਖੁਦਕੁਸ਼ੀ ਲਈ ਕਾਫੀ ਹਨ ?
ਪਰ ਆਖ਼ਰ ,
ਮੈਨੂੰ ਮੰਨਣਾ ਪੈਂਦਾ ਹੈ ,
ਕਿ ਜਿਸ ਵੇਲੇ ਮੈਂ ਜੂਪੀਟਰ ਦੇ ਪੁੱਤਰ
ਅਤੇ ਅਰਸਤੂ ਦੇ ਚੇਲੇ ਨੂੰ
ਧੁੱਪ ਛੱਡ ਕੇ ਖਲੋਣ ਨੂੰ ਕਿਹਾ ਸੀ
ਤਾਂ ਮੇਰੇ ਤੇੜ ਕੇਵਲ ਜਾਂਘੀਆ ਸੀ ।
ਤਾਂ ਹੀ ਮੈਂ
ਹੁਣ ਖ਼ੂਬਸੂਰਤ ਪੈਡ ਲੂਹ ਦਿੱਤੇ ਹਨ
ਤੇ ਕਲਮ ਨੂੰ ਸੰਗੀਨ ਲਾ ਕੇ
ਜੇਲ੍ਹ ਦੀਆਂ ਕੰਧਾਂ ‘ਤੇ ਲਿਖਣਾ ਲੋਚਦਾ ਹਾਂ
ਤੇ ਇਹ ਸਿੱਧ ਕਰਨ ਵਿਚ ਰੁਝਿਆ ਹਾਂ
ਕਿ ਦਿਸ-ਹੱਦੇ ਤੋਂ ਪਰੇ ਵੀ
ਪਹਾੜ ਹੁੰਦੇ ਹਨ
ਖੇਤ ਹੁੰਦੇ ਹਨ
ਜਿਨ੍ਹਾਂ ਦੀਆਂ ਢਲਾਣਾਂ ਉੱਤੇ
ਕਿਰਨਾਂ ਵੀ , ਕਲਮਾਂ ਵੀ ,
ਉੱਗ ਸਕਦੀਆਂ ਹਨ ।
332
previous post