ਇੱਕ ਖੋਜੀ ਨੂੰ ਇੱਕ ਵਾਰੀ ਆਬਾਦੀ ਤੋਂ ਦੂਰ ਜੰਗਲ ਬੀਆਬਾਨ ਵਿੱਚ ਬੜਾ ਭਾਰਾ ਖਜ਼ਾਨਾ ਲੱਭਾ | ਇਹ ਖਜ਼ਾਨਾ ਹੀਰੇ ਲਾਲ ਅਤੇ ਹੋਰ ਜਵਾਹਰਾਤਾਂ ਨਾਲ ਭਰਪੂਰ ਸੀ | ਖੋਜੀ ਵੇਖ ਕੇ ਬੜਾ ਪ੍ਰਸੰਨ ਹੋਇਆ ਅਤੇ ਆਪਣੇ ਵਿੱਤ ਅਨੁਸਾਰ ਜਦ ਉਸ ਨੇ ਇੱਕ ਪੰਡ ਜਵਾਹਰਾਤਾਂ ਦੀ ਖਜ਼ਾਨੇ ਵਿਚੋ ਕੱਢ ਕੇ ਬੰਨ੍ਹ ਲਈ ਤਾਂ ਉਹ ਬੜਾ ਹੈਰਾਨ ਹੋਇਆ ਕਿ ਜਿਸ ਥਾਂ ਤੋਂ ਉਸ ਨੇ ਜਵਾਹਰਾਤ ਕੱਡੇ ਸਨ ਉਹ ਮੁੜ ਜਵਾਹਰਾਤਾਂ ਨਾਲ ਪੂਰੀ ਹੋ ਗਈ | ਖੋਜੀ ਦੀ ਹੈਰਾਨੀ ਵਧੀ ਅਤੇ ਉਸ ਨੇ ਤਜਰਬੇ ਦੇ ਤੋਰ ਤੇ ਉਸ ਖਜ਼ਾਨੇ ਦੇ ਵਿਚੋ ਹੋਰ ਜਵਾਹਰਾਤ ਕੱਢ ਕੱਢ ਕੇ ਕਈ ਵਖੋ ਵਖਰੀਆ ਢੇਰੀਆ ਲਗਾ ਦਿੱਤੀਆ , ਪਰ ਉਸ ਦੇ ਦੇਖਦੇ ਦੇਖਦੇ ਹੀ ਖਜ਼ਾਨਾ ਮੁੜ ਭਰਪੂਰ ਹੋ ਗਿਆ , ਸਭ ਖੱਪੇ ਆਪਣੇ ਆਪ ਹੀ ਜਵਾਹਰਾਤਾਂ ਨਾਲ ਪੂਰੇ ਗਏ | ਜਦ ਖੋਜੀ ਨੂੰ ਯਕੀਨ ਆ ਗਿਆ ਕਿ ਇਹ ਖਜ਼ਾਨਾ ਮੁਕ ਨਹੀ ਸਕਦਾ ਅਤੇ ਇਸ ਵਿਚੋ ਜਿਤਨੇ ਜਵਾਹਰਾਤ ਕੱਢੀਏ ਮੁੜ ਆਪਣੇ ਆਪ ਭਰ ਜਾਂਦਾ ਹੈਂ ਉਸ ਦੇ ਦਿਲ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਇਸ ਖਜ਼ਾਨੇ ਦਾ ਪਤਾ ਆਪਣੇ ਸਾਰੇ ਦੇਸ਼ ਵਾਸੀਆ ਨੂੰ ਜਾ ਕੇ ਦੇਵਾਂ ਤਾਕਿ ਮੇਰਾ ਦੇਸ਼ ਅਮੀਰ ਤੇ ਸੁਖੀ ਹੋ ਜਾਵੇ | ਜਦ ਮੇਰਾ ਦੇਸ਼ ਅਮੀਰ ਤੇ ਸੁਖੀ ਹੋ ਗਿਆ ਫਿਰ ਹੋਰ ਦੇਸ਼ਾਂ ਨੂੰ ਇਸ ਖਜ਼ਾਨੇ ਦਾ ਪਤਾ ਦਿੱਤਾ ਜਾਵੇਗਾ , ਤਦ ਸਾਰਾ ਸੰਸਾਰ ਹੀ ਅਮੀਰ ਤੇ ਸੁਖੀ ਹੋ ਜਾਵੇਗਾ | ਇਹ ਜੰਗਲ ਬੜਾ ਸੰਘਣਾ ਅਤੇ ਚਹੁੰ ਪਾਸਿਆ ਤੋਂ ਪਹਾੜਾਂ ਨਾਲ ਘਿਰਿਆ ਹੋਇਆ ਸੀ | ਇਥੋਂ ਤੱਕ ਪਹੁੰਚਣ ਦੀ ਕੋਈ ਸੜਕ ਨਹੀ ਸੀ | ਇੰਜ ਜਾਪਦਾ ਸੀ ਕਿ ਉਥੇ ਸਦੀਆਂ ਤੋਂ ਕੋਈ ਇਨਸਾਨ ਆਇਆ ਹੀ ਨਹੀ |ਜੰਗਲ ਵਿੱਚ ਬੜੇ-ਬੜੇ ਭਿਆਨਕ ਦਰਿੰਦੇ , ਸ਼ੇਰ, ਚੀਤੇ, ਹਾਥੀ, ਰਿੱਛ, ਅਜ਼ਦਹੇ ਰਹਿੰਦੇ ਸਨ | ਜੰਗਲ ਦੇ ਇਰਦ ਗਿਰਦ ਦੇ ਪਹਾੜ ਅਸਮਾਨ ਤੱਕ ਉਚੇ ਅਤੇ ਐਸੀ ਸਿਧੀ ਢਲਵਾਣ ਵਾਲੇ ਸਨ ਕਿ ਉਹਨਾਂ ਉਤੇ ਚੜ੍ਹ ਸਕਣਾ ਅਸੰਭਵ ਸੀ | ਖੋਜੀ ਦੀ ਖਜ਼ਾਨੇ ਲੱਭਣ ਦੀ ਸਾਰੀ ਖੁਸ਼ੀ ਫਿੱਕੀ ਪੈ ਗਈ ਜਦ ਉਸ ਨੇ ਵਿਚਾਰਿਆ ਕਿ ਉਥੇ ਤੱਕ ਅੱਪੜ ਕੇ ਉਸ ਖਜ਼ਾਨੇ ਨੂੰ ਹਾਸਲ ਕਰਨਾ ਉਸ ਦੇ ਦੇਸ਼ ਵਾਸੀਆ ਲਈ ਡਾਹਡਾ ਕਠਨ ਹੋਵੇਗਾ , ਕਿਓਂਕਿ ਐਸੇ ਉੱਚੇ ਪਹਾੜ ਤੇ ਚੜਨਾ ਅਤੇ ਐਸੇ ਸੰਘਣੇ ਜੰਗਲਾਂ ਨੂੰ ਲੰਘਣਾ ਹਰ ਇੱਕ ਇਨਸਾਨ ਲਈ ਅੰਸਭਵ ਸੀ | ਪਰ ਉਹ ਖੋਜੀ ਸੀ | ਆਪਣੀ ਲਗਣ ਦਾ ਡਾਹਡਾ ਪੱਕਾ, ਜੋ ਇਰਾਦਾ ਧਾਰਦਾ , ਪੂਰਾ ਕਾ ਕੇ ਹੀ ਛੱਡਦਾ | ਉਸ ਨੇ ਉਸ ਖਜ਼ਾਨੇ ਦੇ ਕੰਢੇ ਤੇ ਬਹਿ ਕੇ ਇਹ ਇਰਾਦਾ ਕੀਤਾ ਕਿ ਭਾਵੇਂ ਮੇਰੀ ਅਗਲੀ ਸਾਰੀ ਉਮਰ ਇਸ ਖਜ਼ਾਨੇ ਤੋਂ ਆਪਣੇ ਦੇਸ਼ ਤੱਕ ਰਸਤਾ ਬਨਾਣ ਵਿਚ ਬੀਤ ਜਾਵੇ , ਮੈਂ ਆਮ ਲੋਕਾਂ ਵਾਸਤੇ ਇਥੋਂ ਤੱਕ ਪਹੁੰਚਣਾ ਆਸਾਨ ਕਰਕੇ ਚੈਨ ਲਵਾਂਗਾ |
ਇੱਕ ਪੰਡ ਜਵਾਹਰਾਤਾਂ ਦੀ ਸਿਰ ਤੇ ਚੁੱਕ ਕੇ ਇਹ ਖੋਜੀ ਹੋਲੀ ਹੋਲੀ ਕਈ ਮਹੀਨਿਆ ਵਿਚ ਰਸਤੇ ਦੀਆਂ ਸਖਤ ਤਕਲੀਫਾਂ ਬਰਦਾਸ਼ਤ ਕਰਦਾ , ਮੁੜ ਆਪਣੇ ਦੇਸ਼ ਪਹੁੰਚਿਆ | ਸਭ ਤੋਂ ਵੱਡੇ ਜੋਹਰੀ ਪਾਸ ਜਦ ਉਸ ਨੇ ਜਾ ਕੇ ਆਪਣਾ ਇੱਕ ਹੀਰਾ ਵੇਚਣ ਲਈ ਪੇਸ਼ ਕੀਤਾ ਤਾਂ ਉਹ ਜੋਹਰੀ ਬੜਾ ਹੈਰਾਨ ਹੋਇਆ , ਕਿਓਂਕਿ ਐਸਾ ਹੀਰਾ ਉਸ ਨੇ ਅੱਜ ਤੱਕ ਕਦੇ ਵੇਖਿਆ ਹੀ ਨਹੀ ਸੀ , ਮੁੱਲ ਕਿ ਦੇਂਦਾ | ਉਸ ਨੇ ਉਸ ਖੋਜੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਅਤੇ ਆਖਿਆ , ਮਹਾਪੁਰਸ਼, ਇਸ ਹੀਰੇ ਦਾ ਮੁੱਲ ਦੇਣ ਦੀ ਮੇਰੀ ਕੋਈ ਹੈਸੀਅਤ ਨਹੀ, ਮੇਰੇ ਕੋਲ ਜੋ ਕੁਝ ਹੈ, ਸੋ ਆਪ ਇਸ ਹੀਰੇ ਦੇ ਦਰਸ਼ਨ ਕਾਰਵਾਈ ਮੰਗੋ ਤਾਂ ਹਾਜਰ ਹੈ |ਐਪਰ ਉਸ ਖੋਜੀ ਦੇ ਘਰ ਹੀਰਿਆ ਦੀ ਪੰਡ ਭਰੀ ਹੋਈ ਸੀ ਅਤੇ ਉਸ ਨੂੰ ਐਸੇ ਹੀਰਿਆ ਦੀ ਖਾਨ ਦਾ ਪਤਾ ਲੱਗ ਚੁੱਕਾ ਸੀ , ਇਸ ਲਈ ਉਸ ਨੇ ਹੱਸ ਕੇ ਉਸ ਜੋਹਰੀ ਨੂੰ ਆਖਿਆ , ਜੇ ਤੇਰੇ ਕੋਲ ਇਸ ਹੀਰੇ ਦਾ ਮੁੱਲ ਨਹੀ, ਤਾਂ ਤੂੰ ਐਵੇਂ ਹੀ ਇਹ ਹੀਰਾ ਰੱਖ ਕੇ ਮੈਨੂੰ ਇਤਨਾ ਧਨ ਦੇ ਦੇ ਜਿਸ ਨਾਲ ਮੈਂ ਆਪਣੇ ਦੇਸ਼ ਤੋਂ ਇਸ ਵਰਗੇ ਬੇਅੰਤ ਹੀਰਿਆ ਤੇ ਜਵਾਹਰਾਤਾਂ ਦੀ ਖਾਨ ਤੱਕ ਰਸਤਾ ਆਰੰਭ ਸਕਾਂ , ਤਾਕੀ ਮੇਰੇ ਦੇਸ਼ ਵਾਸੀ ਓਥੋਂ ਹੀਰੇ ਜਵਾਹਰਾਤ ਲਿਆ ਲਿਆ ਕੇ ਅਮੀਰ ਤੇ ਸੁਖੀ ਹੋ ਜਾਣ ਅਤੇ ਆਪ ਸੁਖੀ ਹੋ ਕੇ ਸਾਰੇ ਜਹਾਨ ਨੂੰ ਸੁਖੀ ਬਣਾ ਦੇਣ ਜੋਹਰੀ ਨੇ ਆਖਿਆ ਮਹਾਂਪੁਰਸ਼ , ਇਸ ਹੀਰੇ ਦਾ ਮੁੱਲ ਕੋਈ ਬਾਦਸ਼ਾਹ ਵੀ ਨਹੀ ਦੇ ਸਕਦਾ , ਐਪਰ ਜੇ ਤੂੰ ਮੇਹਰਬਾਨ ਹੋ ਕੇ ਇਹ ਹੀਰਾ ਮੈਨੂੰ ਬਖਸ਼ਦਾ ਹੈਂ , ਤਾਂ ਮੈਂ ਦੋ ਲੱਖ ਰੁਪਇਆ ਕੇਵਲ ਇਸ ਲਈ ਤੈਨੂੰ ਦੇਂਦਾ ਹਾਂ ਕਿ ਸ਼ਾਇਦ ਇਹ ਰੁਪਇਆ ਤੇਰੇ ਉਪਕਾਰੀ ਇਰਾਦੇ ਦੀ ਸਫਲਤਾ ਵਿਚ ਕੋਈ ਮਦਦ ਕਰ ਸਕੇ | ਦੋ ਲੱਖ ਰੁਪਇਆ ਲੈ ਕੇ ਖੋਜੀ ਨੇ ਬੜੇ ਇੰਜੀਨੀਅਰਾਂ ਨੂੰ ਬੁਲਾਇਆ , ਆਪਣੀ ਸਾਰੀ ਸਕੀਮ ਦੱਸੀ ਅਤੇ ਆਪਨੇ ਦੇਸ਼ ਤੋਂ ਖਜ਼ਾਨੇ ਤੱਕ ਦਾ ਰਸਤਾ ਬਣਵਾਉਣਾ ਸ਼ੁਰੂ ਕਰ ਦਿੱਤਾ | ਖੋਜੀ ਕੋਲ ਜਦ ਰੁਪਇਆ ਮੁੱਕੀ ਜਾਂਦਾ , ਉਹ ਆਪਣੀ ਪੰਡ ਵਿਚੋ ਇੱਕ ਜਵਾਹਰਾਤ ਕੱਢ ਕੇ ਦੇਸ਼ ਦੇ ਕਿਸੀ ਧਨੀ ਕੋਲ ਵੇਚ ਕੇ ਲੱਖਾਂ ਰੁਪਏ ਲੈ ਆਉਂਦਾ ਤੇ ਖਜ਼ਾਨੇ ਤੱਕ ਜਾਂ ਵਾਲੀ ਸੜਕ ਬਨਾਣੀ ਜਾਰੀ ਰੱਖਦਾ | ਇਸ ਸੜਕ ਨੂੰ ਪੂਰਾ ਕਰਨ ਲੈ ਕਈ ਨਦੀਆ, ਦਰਿਆਵਾਂ ਨਾਲਿਆ ਤੇ ਪੁਲ ਬਨਾਏ ਗਏ| ਦੱਸ ਦੱਸ , ਪੰਦਰਾਂ ਪੰਦਰਾਂ ਮੀਲ ਤੇ ਮੁਸਾਫਰਾਂ ਦੇ ਠਹਿਰਣ ਲਈ ਪੜਾਅ ਤੇ ਸਰਾਵਾਂ ਬਣਾਈਆ ਗਈਆ | ਪਹਾੜਾਂ ਨੂੰ ਕਟਵਾ ਕਟਵਾ ਕੇ,ਜੰਗਲਾਂ ਨੂੰ ਚੀਰ ਚੀਰ ਕੇ ਛੋਟੀ ਜਿਹੀ ਪਗਡੰਡੀ ਬਣਵਾਈ ਗਈ ਜਿਸ ਉੱਤੇ ਇਨਸਾਨ ਤੁਰ ਕੇ ਉਸ ਖਜ਼ਾਨੇ ਤੱਕ ਪਹੁੰਚ ਸਕੇ ਜੋ ਖਜਾਨਾ ਵਰਤਿਆ ਮੁਕਦਾ ਨਹੀ ਸੀ | ਹੁਣ ਖੋਜੀ ਨੇ ਸੋਚਿਆ ਕੇ ਮੈਂ ਖਜਾਨੇ ਤੱਕ ਦੀ ਸੜਕ ਤਾਂ ਬਣਵਾ ਦਿੱਤੀ ਹੈ | ਐਪਰ ਇਹ ਸੜਕ ਕਿਓਂਕਿ ਬੜੇ ਪਹਾੜਾਂ , ਜੰਗਲਾਂ ਤੇ ਧਰਤੀ ਦੇ ਬਿਖੜੇ ਹਿੱਸਿਆ ਵਿਚੋ ਲੰਘਦੀ ਹੈ, ਇਸ ਸੜਕ ਵਾਸਤੇ ਇਸ ਸੜਕ ਤੇ ਚੱਲਣ ਵਾਲੇ ਆਪਨੇ ਦੇਸ਼ ਵਾਸੀਆ ਦੀ ਪੂਰੀ ਪੂਰੀ ਰਹਿਨੁਮਾਈ ਲਈ ਇੱਕ ਪੁਸਤਕ ਤਿਆਰ ਕਰਾਂ , ਜਿਸ ਵਿੱਚ ਖਜ਼ਾਨੇ ਤੱਕ ਪਹੁੰਚਣ ਲਈ ਰਸਤੇ ਦੇ ਸਾਰੇ ਹਾਲ, ਸਾਰੀਆਂ ਤਕਲੀਫਾਂ ਤੇ ਉਹਨਾਂ ਸਾਰੀਆ ਤਕਲੀਫਾਂ ਦੇ ਉਪਾਅ ਦਰਜ ਕਰਵਾ ਦੇਵਾਂ ਤਾਂ ਕਿ ਮੇਰੇ ਦੇਸ਼ ਵਾਸੀ ਤੇ ਉਹਨਾ ਦੀ ਔਲਾਦ ਸਦਾ ਲਈ ਇਸ ਅਮੁੱਕ ਖਜ਼ਾਨੇ ਤੋਂ ਧਨ ਲਿਆ ਲਿਆ ਕੇ ਅਮੀਰ ਤੇ ਸੁਖੀ ਬਣੀ ਰਹੇ | ਬੜੀ ਮਿਹਨਤ ਨਾਲ ਉਸ ਨੇ ਇਸ ਖਜ਼ਾਨੇ ਤੱਕ ਪਹੁੰਚਣ ਲਈ ਇੱਕ ਪੁਸਤਕ ਤਿਆਰ ਕੀਤੀ ਜਿਸ ਵਿੱਚ ਖਜ਼ਾਨੇ ਤੱਕ ਪਹੁੰਚ ਲਈ ਸਾਰੀਆ ਹਿਦਾਇਤਾ ਦਰਜ ਸਨ | ਇਸ ਪੁਸਤਕ ਨੂੰ ਖੋਜੀ ਨੇ ਬੜੀ ਰੀਝ ਨਾਲ ਛਪਵਾਇਆ ਅਤੇ ਦੇਸ਼ ਦੇ ਰਾਜੇ ਤੋਂ ਲੈ ਕੇ ਹਰ ਇੱਕ ਕੰਗਾਲ ਦੇ ਘਰ ਘਰ ਤੱਕ ਇਹ ਪੁਸਤਕ ਮੁਫਤ ਪਹੁੰਚਾ ਦਿੱਤੀ | ਖੋਜੀ ਨੂੰ ਖਜ਼ਾਨੇ ਤੱਕ ਸੜਕ ਬਨਾਣ ਤੇ ਉਸ ਸਬੰਧੀ ਪੁਸਤਕ ਛਪਵਾ ਕੇ ਵੰਡਣ ਵਿੱਚ ਕਈ ਸਾਲ ਲੱਗ ਪਏ| ਇਤਨੀ ਮਿਹਨਤ ਨਾਲ ਕੀਤੇ ਕੰਮ ਨੂੰ ਸਿਰੇ ਚੜ੍ਹਾ ਕੇ , ਹੁਣ ਆਰਾਮ ਤੇ ਸ਼ਾਂਤੀ ਦਾ ਜੀਵਨ ਬਤੀਤ ਕਰਨ ਦੇ ਖਿਆਲ ਨਾਲ ਉਸ ਨੇ ਖਜ਼ਾਨੇ ਦੇ ਨਜਦੀਕ ਪਹਾੜਾਂ ਦੇ ਦਾਮਨ ਵਿੱਚ ਆਪਣਾ ਘਰ ਬਣਵਾਇਆ ਅਤੇ ਲਗਾ ਉਸ ਘਰ ਵਿੱਚ ਆਪਨੇ ਕੁਝ ਮਿੱਤਰਾਂ ਸਮੇਤ ਆਨੰਦ ਨਾਲ ਰਹਿਣ | ਇਸ ਤਰਾਂ ਰਹਿੰਦਿਆ ਉਸ ਨੂੰ ਕਈ ਮੁਦਤਾਂ ਬੀਤ ਗਈਆ |