ਮਹਾਰਾਜਾ ਰਣਜੀਤ ਸਿੰਘ ਨੇ ੨੭ ਜੂਨ ੧੮੩੯ ਨੂੰ ਅੱਖਾਂ ਮੀਟੀਆਂ ਸਨ। ਉਸ ਨੇ ਅੱਖਾਂ ਮੀਟਣ ਤੋਂ ਪਹਿਲਾਂ ਆਪਣੇ ਵਜ਼ੀਰ ਰਾਜਾ ਧਿਆਨ ਸਿੰਘ ਡੋਗਰੇ ਨੂੰ ਆਪਣੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਦੀ ਬਾਂਹ ਫੜਾਈ ਤੇ ਕਿਹਾ – ‘ਇਸਦੀ ਰਾਖੀ ਕਰਨੀ’ ਉਸ ਸਮੇ ਰਾਜਾ ਧਿਆਨ ਸਿੰਘ ਨੇ ਅੱਖਾਂ ਚੋ ਅੱਥਰੂ ਕੇਰਦਿਆਂ ਹੋਇਆ ਮਹਾਰਾਜੇ ਨੂੰ ਕਿਹਾ ਸੀ ਕਿ ਉਹ ਤਨ-ਮਨ ਵਾਰ ਕੇ ਪੂਰੀ ਵਫ਼ਾਦਾਰੀ ਨਾਲ ਮਹਾਰਾਜੇ ਦਾ ਪਰਿਵਾਰ ਤੇ ਰਾਜ ਦੀ ਰਾਖੀ ਕਰੇਗਾ ।’
ਰਾਜਾ ਧਿਆਨ ਸਿੰਘ ਦੇ ਅੱਥਰੂ ਦਿਖਾਵੇ ਦੇ ਸਨ ਤੇ ਮਹਾਰਾਜੇ ਨੂੰ ਦਿਤਾ ਬਚਨ ਝੂਠਾ ਸੀ। ਉਸ ਚੰਡਾਲ ਨੇ ੨੭ ਜੂਨ ਨੂੰ ਹੀ ਮਨ ਨਾਲ ਫੈਸਲਾ ਕਰ ਲਿਆ ਕਿ ਉਹ ਖਾਲਸਾ ਰਾਜ ਦਾ ਮਹਾਰਾਜਾ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਾਣਾਏਗਾ ।
ਹੀਰਾ ਸਿੰਘ ਡੋਗਰਾ ਤਾਂ ਹੀ ਲਾਹੌਰ ਦਾ ਮਹਾਰਾਜਾ ਬਣ ਸਕਦਾ ਸੀ ਜੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪਰਿਵਾਰ ੨੩ ਮਹਾਰਾਣੀਆਂ ਅਤੇ ਸ਼ਹਿਜ਼ਾਦੇ ਖੜਕ ਸਿੰਘ , ਸ਼ੇਰ ਸਿੰਘ, ਪਸ਼ੌਰਾ ਸਿੰਘ, ਕਸ਼ਮੀਰਾ ਸਿੰਘ ਤੇ ਦਲੀਪ ਸਿੰਘ, ਮੁਲਤਾਨਾ ਸਿੰਘ ਅਤੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਤੇ ਪ੍ਰਤਾਪ ਸਿੰਘ ਨੂੰ ਪਹਿਲਾਂ ਖ਼ਤਮ ਕੀਤਾ ਜਾਂਦਾ। ਇਸਤੋਂ ਬਿਨਾ ਕੁਝ ਕੁ ਐਸੇ ਸਰਦਾਰ ਵੀ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਤੇ ਪਰਿਵਾਰ ਦੇ ਵਫ਼ਾਦਾਰ ਸੇਵਕ ਸਨ।
ਚਲਾਕ ਰਾਜਾ ਧਿਆਨ ਸਿੰਘ ਨਾ ਡਰਿਆ ਉਸਨੇ ਆਪਣੇ ਭਰਾਵਾਂ-ਸੁਚੇਤ ਸਿੰਘ ਤੇ ਰਾਜਾ ਗੁਲਾਬ ਸਿੰਘ ਨੂੰ ਵੀ ਸਾਜਿਸ ਦੇ ਨਾਲ ਸ਼ਾਮਿਲ ਕਰ ਲਿਆ। ਫੋਜੀ ਸਰਦਾਰਾਂ ਦੇ ਰਾਜ ਕੁਮਾਰਾਂ ਉਤੇ ਆਪਣੀ ਅਕਲ ਦਾ ਜਾਲ ਸੁਟਿਆ। ਮਾਇਆ ਉਸ ਵੇਲੇ ਖਜਾਨੇ ਵਿਚ ਅਣਗਿਣਤ ਸੀ ‘ਤੇਲ ਤਮਾਂਹ ਜਾ ਕੋ ਮਿਲੇ, ਤੁਰਤ ਨਰਮ ਹੋ ਜਾਏ’ ਦੀ ਅਖੋਤ ਅਨੁਸਾਰ ਰੁਪੈ ਤੇ ਸੋਨੇ ਦੇ ਲਾਲਚ ਨਾਲ ਉਸਨੇ ਸਭ ਨੂੰ ਆਪਣੇ ਪੱਖ ਦਾ ਬਣਾਉਣਾ ਸ਼ੁਰੂ ਕਰ ਦਿਤਾ।
ਧਿਆਨ ਸਿੰਘ ਕਾਮਯਾਬ ਹੋ ਗਿਆ। ਉਸਨੇ ਸਾਰਿਆਂ ਨੂੰ ਬੁੱਧੂ ਬਣਾ ਦਿੱਤਾ। ਮਹਾਰਾਜਾ ਖੜਕ ਸਿੰਘ ਨੂੰ ‘ਗਦਾਰ’ ਹੋਣ ਦਾ ਫਤਵਾ ਲਾ ਕੇ ਕੰਵਰ ਨੌ ਨਿਹਾਲ ਸਿਬਘ ਤੇ ਮਹਾਰਾਣੀ ਚੰਦ ਕੌਰ ਦੀਆ ਅੱਖਾਂ ਵਿਚ ਡੇਗ ਦਿੱਤਾ। ਉਸਨੂੰ ਨਜ਼ਰਬੰਦ ਕਰਕੇ ਤੇ ਕੰਵਰ ਨੌ ਨਿਹਾਲ ਸਿਬਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ। ਨਜ਼ਰਬੰਦ ਵਿਚ ਹਕੀਮਾਂ ਨੂੰ ਵੱਢੀ ਦੇ ਕੇ ਕੱਚੇ ਪਾਰੇ ਦੀ ਦਵਾਈ ਦੇ ਕੇ ਮਰਵਾ ਦਿੱਤਾ ਉਸ ਦੇ ਗੜਵੀ ਸ: ਚੇਤ ਸਿੰਘ ਨੂੰ ਕਤਲ ਕਰ ਦਿਤਾ। ਜੀਅ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਨੂੰ ਫਾਂਸੀ ਨਹੀਂ ਸੀ ਦਿਤੀ ਗਈ ਤੇ ਜਿਸਦੇ ਰਾਜ ਵਿਚ ਕੋਈ ਕਿਸੇ ਨੂੰ ਕਤਲ ਨਹੀਂ ਸੀ ਕਰਦਾ, ਉਸਦੇ ਮਰਨ ਪਿੱਛੋਂ ਓਹਦੇ ਰਾਜ ਭਵਨ ਵਿਚ ਹੀ ਕਤਲ ਹੋ ਗਏ, ਪਰ ਰਾਜ ਦੀ ਕਿਸੇ ਸ਼ਕਤੀ ਨੇ ਉਹਨਾਂ ਕਤਲਾਂ ਦਾ ਕੌਡੀ ਮੁੱਲ ਨਾ ਪਾਇਆ। ਲੋਕ ਹੈਰਾਨ ਤੇ ਭੈ ਭੀਤ ਹੋ ਗਏ।
ਮਹਾਰਾਜਾ ਖੜਕ ਸਿੰਘ ਦੀ ਲੋਥ ਦੇ ਸਸਕਾਰ ਵਾਲੇ ਦਿਨ ਕੰਵਰ ਨੌ ਨਿਹਾਲ ਨੂੰ ਵੀ ਸਾਜਿਸ ਆਸਰੇ ਬਹੁਤ ਬੁਰੀ ਮੌਤੇ ਮਾਰ ਦਿੱਤਾ ਗਿਆ। ਉਸਦੀ ਰਾਣੀ ਬਾਬੀ ਨਾਨਕੀ ਜੀ (ਸਪੁੱਤਰੀ ਸ਼ਾਮ ਸਿੰਘ ਅਟਾਰੀ, ਜੋ ਗਰਭਵਤੀ ਸੀ) ਨੂੰ ਵੀ ਦਾਈਆਂ ਹੱਥੋਂ ਮਰਵਾਇਆ ਤੇ ਇਉਂ ਮਹਾਰਾਜਾ ਖੜਕ ਸਿੰਘ ਦੇ ਵੰਸ਼ ਨੂੰ ਖਤਮ ਕੀਤਾ ਗਿਆ ਸੀ।
ਮਹਾਰਾਣੀ ਚੰਦ ਕੌਰ, ਮਹਾਰਾਜਾ ਸ਼ੇਰ ਸਿੰਘ ਤੇ ਕੰਵਰ ਪ੍ਰਤਾਪ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਪਰ ਇਹਨਾਂ ਦੀ ਮੌਤ ਦੇ ਨਾਲ ਪਾਪੀ ਆਤਮਾ ਰਾਜਾ ਧਿਆਨ ਸਿੰਘ ਵੀ ਸ: ਅਜੀਤ ਸਿੰਘ ਸੰਧਾਵਾਲੀਏ ਦੀ ਬੰਦੂਕ ਦਾ ਨਿਸ਼ਾਨਾ ਬਣ ਗਿਆ ਸੀ। ਉਸਦੇ ਪੁੱਤਰ ਰਾਜਾ ਹੀਰਾ ਸਿੰਘ ਨੇ ਸ: ਅਜੀਤ ਸਿੰਘ ਤੇ ਲਹਿਣਾ ਸਿੰਘ ਨੂੰ ਮਾਰ ਕੇ ਕਿੱਲੇ ਉਤੇ ਕਬਜਾ ਕਰ ਲਿਆ ਸੀ।
ਹੀਰਾ ਸਿੰਘ ਵੀ ਪਿਉ ਵਰਗਾ ਸੀ, ਉਸਨੇ ਪਿਓ ਦੇ ਖੂਨ ਦਾ ਬਦਲਾ ਲੈਣ ਲਈ ਤੇ ਰਹਿੰਦਿਆਂ ਨੂੰ ਖਤਮ ਕਰਨ ਵਾਸਤੇ ਤਲਵਾਰ ਸਾਣ ਉਤੇ ਲਾਈ। ਉਸਨੇ ਕੰਵਰ ਪਸ਼ੌਰਾ ਸਿੰਘ ਸ: ਅਤਰ ਸਿੰਘ ਤੇ ਬਾਬਾ ਵੀਰ ਸਿੰਘ ਤੇ ਬਾਬਾ ਵੀਰ ਸਿੰਘ ਨੌਰੰਗਾਬਾਦੀਆਂ ਨੂੰ ਕਤਲ ਕਰਵਾ ਦਿਤਾ। ਉਹ ਆਪ ਵੀ ਆਪਣੇ ਸਲਾਹਕਾਰ ਪੰਡਤ ਜੱਲ੍ਹਾ ਦੇ ਨਾਲ ਮਾਰਿਆ ਗਿਆ । ਰਾਜ ਕਰਨ ਦੀ ਇੱਛਾ ਪੂਰੀ ਨਾ ਹੋਈ। ਸ: ਅਜੀਤ ਸਿੰਘ ਸੰਧਾਵਾਲੀਏ ਤੇ ਰਾਜਾ ਹੀਰਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਕੰਵਰ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਸੀ। ਪਰ ਉਸ ਵੇਲੇ ਫ਼ੌਜ ਬਾਗੀ ਤੇ ਆਪਹੁਦਰੀ ਹੋ ਚੁਕੀ ਸੀ ਅਤੇ ਖਜਾਨੇ ਵਿਚ ਰੁਪਇਆ ਨਹੀਂ ਸੀ ਰਿਹਾ। ਰਾਜਾ ਗੁਲਾਬ ਸਿੰਘ ਨੇ ਖਜਾਨਾ ਲੁੱਟ ਲਿਆ ਸੀ। ਕਤਲਾਂ ਦੀ ਰੋ ਵ ਖਤਮ ਨਹੀਂ ਸੀ ਹੋਈ। ਏਥੋਂ ਤਕ ਕਿ ਮਹਾਰਾਜਾ ਦਲੀਪ ਸਿੰਘ ਦੇ ਮਾਮੇ ਜਵਾਹਰ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਹਿੰਦਾ ਪੁੱਤਰ ਕੰਵਰ ਕਸ਼ਮੀਰਾ ਸਿੰਘ ਵੀ ਸ: ਜਵਾਹਰ ਸਿੰਘ ਨੇ ਮਰਵਾ ਦਿੱਤਾ ਸੀ।
ਬਸ ਮਹਾਰਾਜਾ ਰਣਜੀਤ ਸਿੰਘ ਦਾ ਇਕੱਲਾ ਪੁੱਤਰ ਦਲੀਪ ਸਿੰਘ ਹੀ ਰਹਿ ਗਿਆ ਤੇ ਉਸਦੀ ਮਹਾਰਾਣੀ ਜਿੰਦਾਂ- ਦਲੀਪ ਸਿੰਘ ਦੀ ਮਾਤਾ। ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ੨੩ ਕੁ ਮਹਾਰਾਣੀਆਂ ਤੇ ਰਾਣੀਆਂ ਸਨ। ਮਹਾਰਾਣੀ ਜਿੰਦਾਂ ਮਹਾਰਾਜੇ ਦੀ ਸਭ ਤੋਂ ਛੋਟੀ ਮਹਾਰਾਣੀ ਸੀ। ਇਸ ਨਾਲ ਵਿਆਹ ਸੰਨ ੧੮੩੫ ਦੇ ਲਗਪਗ ਹੋਇਆ ਸੀ ਤੇ ੧੮੩੭ ਵਿਚ ਏਸੇ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ ਸੀ। ਇਹ ਬਾਲਕ ੨ ਸਾਲ ਦਾ ਹੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਅੱਖਾਂ ਮੀਟ ਗਿਆ ਸੀ।
ਪੁਸਤਕ : ਜਲਾਵਤਨ ਮਹਾਰਾਜਾ ਦਲੀਪ ਸਿੰਘ
ਲੇਖਕ : ਗਿ: ਤ੍ਰਿਲੋਕ ਸਿੰਘ