ਮੈਨੂੰ ਕੈਨੇਡਾ ਆਏ ਨੂੰ 15 ਸਾਲ ਹੋ ਚੁਕੇ ਸੀ ਤੇ ਮੈਂ ਕੋਲੇ ਦੀ ਮਾਈਨ ਚ ਕੰਮ ਤੇ ਲਗਿਆ ਹੋਇਆ ਸੀ । ਮੈਨੂੰ ਇੱਥੋਂ ਦੀ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਸੀ ਕਿ ਪੈਸੇ ਨੂੰ ਕਿੱਥੇ Invest ਕਰਨਾ ਤੇ ਕਿਵੇਂ ਪੈਸੇ ਜੋੜਦੇ ਹਨ । ਬਸ ਕੰਮ ਕਰੀ ਜਾਣਾ ਤੇ ਜੋ ਚਾਰ ਪੈਸੇ ਹੋਣੇ ਉਹ ਬੈੰਕ ਚ ਰੱਖ ਦੇਣੇ । ਇਕ ਦਿਨ ਕੰਮ ਤੇ ਇਕ ਬਾਣੀਆਂ ਮਿਲ ਗਿਆ ਤੇ ਉਹ ਕਹਿੰਦਾ ਜੇ ਸਟਾਕ ਤੇ ਫੰਡ ਵਗੈਰਾ ਖਰੀਦ ਲਉ ਤਾੰ ਉਹਦੇ ਚ ਪੈਸੇ ਬਹੁਤੇ ਬਣ ਜਾੰਦੇ ਐ ! ਮੈ ਸਾਰੇ ਪੈਸੇ ਕਢਾ ਕੇ ਫੰਡ ਖਰੀਦ ਲਏ ! ਦੋ ਚਾਰ ਮਹੀਨੇ ਬਾਅਦ ਸਟਾਕ ਮਾਰਕੀਟ ਕਰੈਸ਼ ਹੋ ਗਈ ਤੇ ਲਖਾੰ ਲੋਕਾੰ ਦੇ ਨਾਲ ਨਾਲ ਮੇਰਾ ਵੀ ਸਾਰਾ ਕੁਝ ਰੁੜ ਗਿਆ ! ਪੈਸਾ ਪੈਸਾ ਕਰਕੇ ਜੋੜਿਆ ਜਦੋਂ ਰੁੜਦਾ ਤਾੰ ਮਨ ਚ ਦੁੱਖ ਲਗਦਾ । ਮੇਰਾ ਵੀ ਕੰਮ ਤੇ ਜਾਣ ਨੂੰ ਜੀਅ ਨ ਕਰਿਆ ਕਰੇ ਤੇ ਨ ਹੀ ਪਾਠ ਚ ਮਨ ਲੱਗੇ । ਹੋਰ ਵੀ ਬਹੁਤ ਸਨ ਜੋ ਮੇਰੇ ਵਾੰਗ ਦੁਖੀ ਸੀ !
ਕੀ ਰੇਡੀਉ ਪੇਪਰਾੰ ਟੀਵੀ ਤੇ ਲੋਕਾੰ ਨੂੰ ਧਰਵਾਸ ਦਿੱਤੇ ਜਾ ਰਹੇ ਸੀ ਕਿ ਸਬਰ ਕਰੋ ਫੇਰ ਮੁੜ ਆਉਣਗੇ ਪਰ ਜਿਹਦੇ ਸਿਰ ਪੈਂਦੀ ਉਹਨੰੂ ਕਿੱਥੋਂ ਚੈਨ ਆਵੇ ??
ਇਕ ਦਿਨ ਮੈ ਡਾਕਟਰ ਦੇ ਗਿਆ ਤੇ ਉੱਥੇ ਮੈਗਜ਼ੀਨ ਚ ਇਕ ਗੋਰੇ ਦੀ ਲਿਖਤ ਪੜੀ ਜਿਸ ਨੇ ਮੇਰੇ ਨਾਲ਼ੋਂ ਹਜ਼ਾਰ ਗੁਣਾ ਵੱਧ ਨੁਕਸਾਨ ਕਰਾਇਆ ਹੋਣਾ !
ਉਹ ਲਿਖਦਾ ਕਿ ਉਹ ਬਹੁਤ ਦੁਖੀ ਸੀ ਤੇ ਨੀੰਦ ਨ ਆਵੇ ਤੇ ਉਹ ਮੂੰਹ ਹਨੇਰੇ ਉਠ ਕੇ ਬਾਹਰ ਮਰਨ ਲਈ ਚਲੇ ਗਿਆ । ਕਹਿੰਦਾ ਮੈ ਕੀ ਦੇਖਿਆ ਕਿ ਅਸਮਾਨ ਚ ਚੰਦ ਤੇ ਤਾਰੇ ਉਵੇ ਚਮਕ ਰਹੇ ਸੀ । ਜਿਉਂ ਜਿਉਂ ਦਿਨ ਚੜਦਾ ਆਇਆ ਪੰਛੀ ਆਲਣਿਆੰ ਚੋੰ ਚੋਗਾ ਚੁਗਣ ਲਈ ਬਾਹਰ ਅਸਮਾਨ ਚ ਉਡਾਰੀਆੰ ਮਾਰਨ ਲੱਗ ਪਏ । ਜਿਵੇਂ ਕੁਦਰਤ ਕੋਈ ਇਲਾਹੀ ਗੀਤ ਗਾ ਰਹੀ ਸੀ !
ਲੋਕੀਂ ਹਥਾੰ ਚ ਕੌਫੀ ਦਾ ਕੱਪ ਫੜੀ ਉਵੇੰ ਹਰ ਰੋਜ਼ ਦੀ ਤਰਾੰ ਕੰਮਾੰ ਤੇ ਜਾ ਰਹੇ ਸੀ । ਨਿੱਕੇ ਨਿੱਕੇ ਨਿਆਣੇ ਹੱਸਦੇ ਖੇਡਦੇ ਸਕੂਲ ਨੂੰ ਭੱਜੇ ਜਾ ਰਹੇ ਸੀ । ਹਰ ਕੋਈ ਉਵੇ ਜ਼ਿੰਦਗੀ ਨੂੰ ਮਾਣਦਾ ਜੀਅ ਰਿਹਾ ਸੀ । ਕੁਝ ਵੀ ਤੇ ਨਹੀਂ ਸੀ ਬਦਲਿਆ ? ਜੇ ਬਦਲਿਆ ਤਾੰ ਮੇਰਾ ਮਨ ਸੀ
ਉਹ ਲਿਖਦਾ ਮੈਨੂੰ ਇਹ ਸਾਰਾ ਕੁਝ ਦੇਖ ਕੇ ਦੁਬਾਰਾ ਜ਼ਿੰਦਗੀ ਨਾਲ ਪਿਆਰ ਹੋ ਗਿਆ ਕਿ ਮੈ ਕਿਹੜੀ ਗੱਲ ਪਿੱਛੇ ਇੰਨਾ ਦੁਖੀ ਹੋ ਰਿਹਾੰ ? ਮੈਂ ਹੋਰ ਕਮਾ ਲਵਾੰਗਾ !
ਸੱਚ ਹੀ ਜਿਵੇਂ ਜਿਵੇਂ ਮੈ ਉਹਨੰੂ ਪੜਦਾ ਗਿਆ ਜਿਵੇਂ ਮੈਨੂੰ ਕੋਈ ਬ੍ਰਹਮ ਦਾ ਗਿਆਨ ਦੇ ਰਿਹਾ ਹੋਵੇ । ਮੈ ਜਦੋਂ ਸਾਰਾ ਪੜ ਕੇ ਉਠਿਆ ਤਾੰ ਮੇਰਾ ਸਰੀਰ ਹਲਕਾ ਫੁੱਲ ਸੀ ! ਮੇਰੇ ਮਨ ਤੋਂ ਮਣਾਂ ਮੰੂਹੀ ਭਾਰ ਲਹਿ ਗਿਆ ਸੀ !
ਮੇਰੀ ਜ਼ਿੰਦਗੀ ਚ ਇਕ ਵਾਰ ਨਹੀਂ ਤਿੰਨ ਵਾਰੀ ਮੈ ਨੁਕਸਾਨ ਖਾ ਚੁਕਾੰ ਤੇ ਉਹ ਵੀ ਸਾਰਾ ਕੁਝ ਗੁਆ ਕੇ !
ਜਦੋਂ ਕਦੀ ਘਰ ਵਾਲੀ ਨਾਲ ਗੱਲ ਕਰਦਾੰ ਉਹ ਕਹਿ ਦਿੰਦੀ ਹੈ ਸ਼ੁਕਰ ਚ ਰਿਹਾ ਕਰੋ । ਤੁਹਾਡੇ ਨਿਆਣੇ ਵਿਆਹੇ ਗਏ । ਦੋ ਟਾਈਮ ਰੋਟੀ ਮਿਲੀ ਜਾਂਦੀ ਹੈ ! ਹੋਰ ਕੀ ਚਾਹੀਦਾ ?? ਜਦੋਂ ਕਦੀ ਵੀ ਕੋਈ ਨੁਕਸਾਨ ਹੋਵੇ ਤਾੰ ਮੈਨੂੰ ਉਸ ਗੋਰੇ ਦੀ ਗੱਲ ਯਾਦ ਆ ਜਾਂਦੀ ਹੈ ਕਿ ਸਵੇਰੇ ਉਠ ਕੇ ਬਾਹਰ ਤੁਰਨ ਜਾਉ ਦੇਖੋ ਕੁਦਰਤ ਤੁਹਾਡੇ ਵਾਸਤੇ ਨਵਾੰ ਦਿਨ ਲੈ ਕੇ ਆਈ ਹੈ । ਇਹਨੰੂ ਆਪਦੀ ਝੋਲੀ ਚ ਪਾਉ ਤੇ ਕੁਦਰਤ ਨਾਲ ਜੁੜ ਕੇ ਰੱਜ ਕੇ ਆਨੰਦ ਚ ਜੀਉ !! ਜੇ ਕਦਮ ਸਹੀ ਹਨ ਤਾੰ ਮੰਜ਼ਲ ਤੇ ਅੱਜ ਨਹੀਂ ਤਾੰ ਕਲ ਪਹੁੰਚ ਜਾਵਾੰਗੇ
11 ਮਾਰਚ ਆ ਰਹੀ ਹੈ । ਬਹੁਤ ਨੇ ਜਿਨਾ ਨੇ ਸਟਾ ਲਾਇਆ ਹੋਇਆ ਪੈਸੇ ਦਾ ਨਹੀਂ ਆਸਾੰ ਦਾ ।। ਵੋਟਾੰ ਵਿੱਚ ਸਾਰੇ ਕਦੀ ਨਹੀਂ ਜਿੱਤਦੇ ! ਬਹੁਤ ਨੇ ਜਿੰਨਾ ਨੇ ਹਾਰਨਾ ਤੇ ਬਹੁਤਿਆੰ ਦੀਆੰ ਆਸਾੰ ਤੇ ਸੁਪਨੇ ਟੁੱਟਣਗੇ !! ਉਸ ਦਿਨ ਗੋਰੇ ਦੀ ਗੱਲ ਯਾਦ ਰਖਿਉ ਕਿ ਹਰ ਰੋਜ਼ ਨਵਾੰ ਦਿਨ ਚੜਦਾ ਤੇ ਨਵੀਂ ਉਮੰਗ ਲੈ ਕੇ ਆਉਦਾ ! ਜਿੱਤ ਦਾ ਹੰਕਾਰ ਨ ਕਰਿਉ ਤੇ ਦੁਜਿਆੰ ਨੂੰ ਗਲੇ ਲਾਇਉ !! ਜੋ ਹਾਰ ਗਏ ਉਨਾੰ ਨੂੰ ਇੰਨਾਂ ਕੁ ਯਾਦ ਰੱਖ ਲੈਣਾ ਚਾਹੀਦਾ ਕਿ ਇਹ ਸਦੀਵੀ ਰਾਜ ਨਹੀਂ ! ਹਰ ਚੌਥੇ ਪੰਜਵੇਂ ਸਾਲ ਵੋਟਾੰ ਫੇਰ ਆਣ ਖੜਨੀਆੰ ! ਜੋ ਗਲਤੀਆੰ ਹੋਈਆੰ ਉਹ ਸੁਧਾਰੋ । ਆਪਦੀ ਪਾਰਟੀ ਨੂੰ ਲੋਕ ਭਲਾਈ ਲਈ ਹੋਰ ਮਜ਼ਬੂਤ ਕਰੋ । ਨਿਰਾਸ਼ ਹੋ ਕੇ ਨਸ਼ਿਆੰ ਵੱਲ ਨੂੰ ਨ ਮੰੂਹ ਕਰ ਲਿਉ ਜਾੰ ਆਪਸ ਵਿੱਚ ਭਿੜਨ ਲੱਗ ਪਿਉ ।
ਮੰਜ਼ਲ ਸਰ ਕਰਨ ਵਾਸਤੇ ਕਦਮਾੰ ਦਾ ਸਹੀ ਦਿਸ਼ਾ ਚ ਚੱਲਣਾ ਜ਼ਰੂਰੀ ਹੈ !!
ਲੇਖਕ : ਸੁਰਜੀਤ ਸਿੰਘ