ਖਾਲਿਸਤਾਨ

by admin

ਖਾਲਿਸਤਾਨ ਦਾ ਲਫ਼ਜ਼ੀ ਮਾਅਨਾ ਹੈ: ਖਾਲੀ ਸਥਾਨ (ਜਗਹ)। ਉਂਝ ਇਸ ਦੇ ਘਾੜੇ ਨੇ ਇਹ ਨਾਂ ‘ਖਾਲਸੇ ਦਾ ਮੁਲਕ’ ਦੇ ਮਾਅਨਿਆਂ ਵਿਚ ਘੜਿਆ ਸੀ। ਇਹ ਉਸ ਆਜ਼ਾਦਵੱਖਰੇ ਸਿੱਖ ਰਾਜ ਦਾ ਨਾਂ ਹੈ ਜਿਸ ਦਾ ਵਿਚਾਰ ਸਭ ਤੋਂ ਪਹਿਲਾਂ, 1940 ਵਿਚ, ਪਾਕਿਸਤਾਨ ਦੀ ਮੰਗ ਦੇ ਖ਼ਿਲਾਫ਼, ਲੁਧਿਆਣਾ ਦੇ ਡਾ. ਵੀਰ ਸਿੰਘ ਭੱਟੀ ਨੇ ਦਿੱਤਾ ਸੀ। ਭਾਵੇਂ 1943 ਵਿਚ ਆਜ਼ਾਦ ਪੰਜਾਬ ਦਾ ਨਾਅਰਾ ਲੱਗਿਆ ਸੀ ਤੇ 1946-47 ਵਿਚ ਸ਼੍ਰੋਮਣੀ ਅਕਾਲੀ ਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸਟੇਟ ਵਾਸਤੇ ਮਤੇ ਪਾਸ ਕਰ ਕੇ ਜੱਦੋਜਹਿਦ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਸਨ ਹੋ ਸਕੇ। ਇਸ ਮਗਰੋਂ ਡਾ. ਜਗਜੀਤ ਸਿੰਘ ਚੌਹਾਨ ਨੇ, 1971 ਵਿਚ, ਇੰਡੋ-ਪਾਕਿ ਜੰਗ ਦੌਰਾਨ ਇਸ ਨਾਅਰੇ ਨੂੰ ਮੁੜ ਚੁੱਕਿਆ ਸੀ। 1978 ਤੋਂ ਬਾਅਦ ਸਿੱਖਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਇੱਕ ਵੱਖਰੇ/ਆਜ਼ਾਦ ਮੁਲਕ ਦੀ ਮੰਗ ਕਰਨ ਲੱਗ ਪਈਆਂ ਸਨ।

4 ਜੂਨ 1984 ਦੇ ਦਿਨ ਭਾਰਤੀ ਫ਼ੌਜ ਦੇ ਦਰਬਾਰ ਸਾਹਿਬ ‘ਤੇ ਹਮਲੇ ਮਗਰੋਂ ਤਕਰੀਬਨ ਹਰ ਇਕ ਸਿੱਖ ਇਸ ਦਾ ਹਿਮਾਇਤੀ ਹੋ ਗਿਆ ਸੀ। 11 ਜੂਨ 1984 ਨੂੰ ਲੰਡਨ ਵਿਚ ਦਲ ਖਾਲਸਾ ਨੇ ਖਾਲਿਸਤਾਨ ਦੀ ਜਲਾਵਤਨ ਸਰਕਾਰ ਬਣਾਈ। ਫਿਰ 13 ਜੂਨ 1984 ਨੂੰ ਡਾ ਚੌਹਾਨ ਨੇ ਵੀ ਇਕ ਜਲਾਵਤਨ ਸਰਕਾਰ ਬਣਾਈ। ਇਸ ਤੋਂ ਪਿੱਛੋਂ 29 ਅਪ੍ਰੈਲ 1986 ਦੇ ਦਿਨ ‘ਪੰਥਕ ਕਮੇਟੀ ਨੇ ਦਰਬਾਰ ਸਾਹਿਬ ਵਿਚੋਂ ਖਾਲਿਸਤਾਨ ਦੀ ਸਰਕਾਰ ਦਾ ਐਲਾਨ ਕੀਤਾ। 7 ਅਕਤੂਬਰ 1987 ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਤੇ ਹੋਰ ਗ੍ਰੰਥੀਆਂ ਨੇ ਵੀ ਇਕ ਕੌਂਸਲ ਆਫ਼ ਖਾਲਿਸਤਾਨ ਐਲਾਨੀ ਸੀ ਤੇ ਡਾ. ਗੁਰਮਤਿ ਸਿੰਘ ਔਲਖ ਨੂੰ ਇਸ ਕੌਂਸਲ ਦੇ ਚੇਅਰਮੈਨ ਬਣਾਇਆ ਸੀ। 24 ਜਨਵਰੀ 1993 ਨੂੰ ਇਸ ਨੂੰ ਯੂ.ਐਨ.ਓ. ਦੀ ‘ਮੁਲਕ ਰਹਿਤ ਕੌਮਾਂ’ ਨਾਂ ਦੀ ਕੌਂਸਲ ਦੀ ਮੈਂਬਰਸ਼ਿਪ ਦੇ ਦਿੱਤੀ ਗਈ ਪਰ ਸਿੱਖ ਜਥੇਬੰਦੀਆਂ ਦੀ ਆਪਸੀ ਈਰਖਾ ਕਾਰਨ ਉਹ ਛੇਤੀ ਹੀ ਵਾਪਿਸ ਲੈ ਲਈ ਗਈ ਸੀ। ਅੱਜ ਇਹ ਨਾਅਰਾ ਭਾਵੇਂ ਦਬਿਆ ਹੋਇਆ ਹੈ ਪਰ ਬਹੁਤੇ ਸਿੱਖ ਦਿਲੋਂ ਇਸ ਦੇ ਹਿਮਾਇਤੀ ਹਨ।

Harjinder Singh Dilgeer

You may also like