ਸੰਨ ਦੋ ਹਜਾਰ ਦੀ ਗੱਲ ਏ…ਚੰਡੀਗੜ੍ਹ ਪੜਿਆ ਕਰਦਾ ਸੀ…ਹੋਸਟਲ ਗਰੁੱਪ ਵਿਚ ਤਕਰੀਬਨ ਸਾਰੇ ਹੀ ਵੱਡੇ ਘਰਾਂ ਦੇ ਕਾਕੇ ਹੁੰਦੇ ਸਨ..ਕੋਈ ਪੀ ਸੀ ਐਸ ਦਾ ਭਤੀਜਾ, ਕੋਈ ਆਈ.ਪੀ.ਐੱਸ ਦਾ ਭਾਣਜਾ ਤੇ ਕਿਸੇ ਦਾ ਡੈਡੀ ਬ੍ਰਿਗੇਡੀਅਰ…ਕਿਹੜਾ ਐਬ ਸੀ ਜਿਹੜਾ ਅਸਾਂ ਨਾ ਕੀਤਾ ਹੋਵੇ..!
ਚੰਡੀ-ਮੰਦਿਰ ਤੋਂ ਇੱਕ ਫੌਜੀ ਕਰਨਲ ਦਾ ਮੁੰਡਾ ਹੁੰਦਾ ਸੀ…ਇੱਕ ਕੁੜੀ ਨੇ ਉਸਦੇ ਪੈਸੇ ਦੇਣੇ ਸਨ…ਉਹ ਜਦੋਂ ਵੀ ਕਾਲ ਕਰਿਆ ਕਰਦਾ ਤਾਂ ਉਹ ਅੱਗੋਂ ਫੋਨ ਕੱਟ ਦਿਆ ਕਰਦੀ..!
ਇੱਕ ਦਿਨ ਭਿਣਕ ਲੱਗੀ ਕੇ ਸੈਕਟਰ ਬਾਈ ਕਿਸੇ ਫਲੈਟ ਵਿਚ ਠਹਿਰੀ ਹੋਈ ਹੈ..
ਉਸਨੇ ਕਿਸੇ ਮਿੱਤਰ ਨੂੰ ਫੋਨ ਕਰ ਸਰਕਾਰੀ ਜਿਪਸੀ ਮੰਗਵਾ ਲਈ ਤੇ ਮੈਨੂੰ ਨਾਲ ਬਿਠਾ ਲਿਆ..ਨਾਲ ਆਏ ਗੰਨਮੈਨ ਦੋਸਤਾਂ ਨੂੰ ਆਖਣ ਲੱਗਾ ਕੇ ਜੇ ਪੈਸੇ ਦੇਵੇ ਵੀ ਤਾਂ ਨਹੀਂ ਲੈਣੇ..ਬੱਸ ਐਸਾ ਸਬਕ ਸਿਖਾਉਣਾ ਕੀ ਜਿੰਦਗੀ ਭਰ ਯਾਦ ਰੱਖੇ!
ਫੇਰ ਘੁਸਮੁਸੇ ਜਿਹੇ ਨੂੰ ਕੁੜੀ ਨੂੰ ਜਬਰਦਸਤੀ ਜਿਪਸੀ ਵਿਚ ਬਿਠਾ ਲਿਆ ਗਿਆ ਤੇ ਗੱਡੀ ਕਾਲਕੇ ਵੱਲ ਨੂੰ ਪਾ ਲਈ
ਹੌਲੀ ਉਮਰ ਦੀ ਚੰਗੇ ਘਰ ਦੀ ਕੁੜੀ ਲੱਗਦੀ ਸੀ ਉਹ..ਪਹਿਲਾਂ ਥੋੜਾ ਵਿਰੋਧ ਕੀਤਾ ਫੇਰ ਜਿੰਨੇ ਕੋਲ ਹੈ ਸਨ ਓਨੇ ਪੈਸੇ ਵੀ ਦੇਣੇ ਚਾਹੇ…ਅਖੀਰ ਨੂੰ ਮਿੰਨਤਾਂ ਮੁਆਫ਼ੀਆਂ ਵੀ ਮੰਗੀਆਂ ਪਰ ਕੋਈ ਅਸਰ ਨਹੀਂ ਹੋਇਆ…
ਫੇਰ ਉਸਨੂੰ ਕਾਲੇ ਸ਼ੀਸ਼ਿਆਂ ਵਾਲੀ ਜੀਪ ਵਿਚ ਹੀ ਪਹਿਲੋਂ ਤੋਂ ਮਿਥਿਆ ਹੋਇਆ ਮਰਦਾਨਗੀ ਵਾਲਾ ਸਬਕ ਸਿਖਾਇਆ ਗਿਆ..ਅਖੀਰ ਵਿਚ ਉਸਨੂੰ ਮੇਰੇ ਕੋਲ ਬਿਠਾਉਂਦਿਆਂ ਹੋਇਆ ਆਖਣ ਲੱਗਾ ਕੇ ਹੁਣ ਤੇਰੀ ਵਾਰੀ ਏ ਮਿੱਤਰਾ..!
ਏਨੀ ਗੱਲ ਸੁਣ ਉਹ ਮੇਰੇ ਵੱਲ ਏਦਾਂ ਝਾਕਣ ਲੱਗੀ ਜਿੱਦਾਂ ਜਿਬਾ ਹੋਣ ਤੋਂ ਪਹਿਲਾਂ ਬੱਕਰੀ ਕਸਾਈ ਵੱਲ ਦੇਖ ਰਹੀ ਹੋਵੇ..ਅਕਸਰ ਹੀ ਇਸ ਕਿਸਮ ਦੇ ਮਾਮਲਿਆਂ ਵਿਚ ਸਭ ਤੋਂ ਮੂਹਰੇ ਰਹਿਣ ਵਾਲਾ ਮੈਂ ਪਤਾ ਨਹੀਂ ਕਿੱਦਾਂ ਉਸ ਦਿਨ ਪੱਥਰ ਜਿਹਾ ਹੋ ਗਿਆ…ਹੱਡਾਂ ਵਿਚ ਪਾਣੀ ਪੈ ਗਿਆ ਮਹਿਸੂਸ ਹੋਇਆ ਜਾਪਿਆ ਤੇ ਮੈਂ ਆਪਣਾ ਮੂੰਹ ਦੂਜੇ ਪਾਸੇ ਕਰੀ ਬੈਠਾ ਰਿਹਾ..
ਤੇਜੀ ਨਾਲ ਭੱਜੀ ਜਾਂਦੀ ਜਿਪਸੀ ਵਿਚ ਜਦੋਂ ਵੀ ਚੋਰੀ ਅੱਖੇ ਦੇਖਦਾ ਤਾਂ ਉਹ ਕੱਪੜੇ ਠੀਕ ਕਰਦੀ ਹੋਈ ਮੇਰੇ ਵੱਲ ਤੱਕ ਰਹੀ ਹੁੰਦੀ..!
ਖੈਰ ਮਗਰੋਂ ਮੇਰੇ ਇਸ ਵਿਵਹਾਰ ਤੇ ਮੇਰਾ ਬੜਾ ਮਜਾਕ ਵੀ ਉਡਿਆ ਤੇ ਕਈ ਤਰਾਂ ਦੇ ਚੁਟਕੁਲੇ ਤੱਕ ਵੀ ਸੁਣਾਏ ਜਾਣ ਲੱਗੇ!
ਫੇਰ ਇੱਕ ਦਿਨ ਸੈਕਟਰ ਸਤਾਰਾਂ ਦੀ ਮਾਰਕੀਟ ਵਿਚ ਉਸਨੇ ਮੈਨੂੰ ਤੁਰਦੇ ਫਿਰਦੇ ਨੂੰ ਦੇਖ ਲਿਆ ਤੇ ਮੇਰੇ ਸਾਮਣੇ ਆ ਗਈ ਪਰ ਮੂਹੋਂ ਕੁਝ ਨਾ ਬੋਲੀ..ਮੈਨੂੰ ਉਸਦੀਆਂ ਅੱਖਾਂ ਵਿਚ ਸ਼ੁਕਰਾਨੇ ਵਾਲੀ ਇੱਕ ਅਜੀਬ ਜਿਹੀ ਝਲਕ ਜਿਹੀ ਦਿੱਸੀ…
ਫੇਰ ਕੁਝ ਵਰ੍ਹਿਆਂ ਮਗਰੋਂ ਮੈਂ ਅਮਰੀਕਾ ਦੀ ਧਰਤੀ ਤੇ ਆਣ ਉਤਰਿਆ..ਨਵਾਂ ਮੁਲਖ ਨਵਾਂ ਮਾਹੌਲ..ਪੈਰ ਪੈਰ ਤੇ ਠੋਕਰਾਂ ਧਕੇ ਅਤੇ ਨਿੱਤ ਦੇ ਇਮਤਿਹਾਨਾਂ ਨੇ ਮੇਰੇ ਨਜਰੀਏ ਅਤੇ ਰਹਿਣ ਸਹਿਣ ਵਿਚ ਭਾਰੀ ਬਦਲਾਓ ਲੈ ਆਂਦਾ ਤੇ ਮੈਂ ਉਦਾਸ ਰਹਿਣ ਲੱਗਾ!
ਤੇ ਫੇਰ ਇੱਕ ਦਿਨ ਗੁਰੂ ਦੀ ਮੇਹਰ ਹੋਈ ਅਤੇ ਮੈਂ ਖੰਡੇ ਬਾਟੇ ਦੀ ਪਾਹੁਲ ਲੈ ਸਿੰਘ ਸੱਜ ਗਿਆ..ਮਨ ਵਿਚ ਠਹਿਰਾਓ ਅਤੇ ਵਿਵਹਾਰ ਵਿਚ ਇੱਕ ਜਾਬਤਾ ਜਿਹਾ ਆ ਗਿਆ!
ਦਿਨ ਭਰ ਦੀ ਹੱਡ-ਭੰਨਵੀਂ ਮੇਹਨਤ ਮਗਰੋਂ ਜਦੋਂ ਰਾਤੀ ਗੂੜੀ ਨੀਂਦਰ ਸੁੱਤਾ ਹੋਇਆ ਹੁੰਦਾ ਤਾਂ ਅਕਸਰ ਹੀ ਇੱਕ ਅਜੀਬ ਜਿਹਾ ਸੁਫਨਾ ਦੇਖਿਆ ਕਰਦਾ…
ਅਬਦਾਲੀ ਵੇਲੇ ਦੇ ਸਮਿਆਂ ਵਾਲਾ ਮਾਹੌਲ ਹੁੰਦਾ ਤੇ ਕੁਝ ਘੋੜ ਸਵਾਰ ਇੱਕ ਨੌਜੁਆਨ ਕੁੜੀ ਨੂੰ ਜਬਰਦਸਤੀ ਆਪਣੇ ਨਾਲ ਲਈ ਜਾ ਰਹੇ ਹੁੰਦੇ…ਕੁੜੀ ਮੇਰੇ ਵੱਲ ਤੱਕ ਤੱਕਦੀ ਹੋਈ ਸਹਾਇਤਾ ਲਈ ਦੁਹਾਈਆਂ ਪਾਉਂਦੀ..ਮੈਂ ਕੁਝ ਚਿਰ ਚੁੱਪਚਾਪ ਖਲੋਤਾ ਦੇਖਦਾ ਰਹਿੰਦਾ ਤੇ ਫੇਰ ਬਿਜਲੀ ਦੀ ਫੁਰਤੀ ਨਾਲ ਜਾ ਕੁੜੀ ਛੁਡਾ ਲੈਂਦਾ ਤੇ ਇਸਤੋਂ ਪਹਿਲਾਂ ਕੇ ਕੁੜੀ ਦਾ ਚੇਹਰਾ ਦੇਖ ਸਕਦਾ ਮੇਰੀ ਜਾਗ ਖੁੱਲ ਜਾਇਆ ਕਰਦੀ ਤੇ ਮੁੜਕੇ ਨੀਂਦ ਨਾ ਪੈਂਦੀ!
ਅਖੀਰ ਮੈਂ ਇੱਕ ਦਿਨ ਇਕ ਗੁਰੂਘਰ ਬਾਬਾ ਜੀ ਨਾਲ ਇਸ ਸੁਫ਼ਨੇ ਬਾਰੇ ਗੱਲਬਾਤ ਕੀਤੀ ਅਤੇ ਨਾਲ ਹੀ ਕਈ ਵਰੇ ਪਹਿਲਾਂ ਚੰਡੀਗੜ ਜਿਪਸੀ ਵਿਚ ਵਾਪਰੀ ਉਸ ਘਟਨਾ ਦਾ ਵੀ ਜਿਕਰ ਕਰ ਦਿੱਤਾ !
ਕੁਝ ਸੋਚਿਆ ਮਗਰੋਂ ਹੱਸ ਪਏ ਤੇ ਆਖਣ ਲੱਗੇ ਕੇ ਭੋਲਿਆ ਜਿਸ ਖੰਡੇ ਬਾਟੇ ਦੀ ਪਾਹੁਲ ਲਈ ਆ ਉਹ ਖੁਦ ਆਪ ਆ ਤੈਨੂੰ ਯਾਦ ਦਵਾਉਂਦਾ ਏ ਕੇ ਜੇ ਉਸ ਦਿਨ ਵੀ ਸਿੰਘ ਸਜਿਆ ਹੁੰਦਾ ਤਾਂ ਕੀ ਮਜਾਲ ਸੀ ਕੇ ਕੋਈ ਉਸ ਕੁੜੀ ਦੀ ਵਾਅ ਵੱਲ ਵੀ ਤੱਕ ਜਾਂਦਾ..ਪਰ ਅਜੇ ਵੀ ਡੁਲਿਆਂ ਬੇਰਾਂ ਦਾ ਕੁਝ ਨੀ ਵਿਗੜਿਆ..ਜੇ ਕਦੀ ਮੁੜ ਓਸੇ ਤਰਾਂ ਦੇ ਇਮਤਿਹਾਨ ਵਿਚ ਪੈ ਜਾਵੇਂ ਤਾਂ ਖਾਲਸਾਈ ਰਿਵਾਇਤਾਂ ਮੁਤਾਬਿਕ ਫੈਸਲਾ ਲਵੀਂ..ਦਸਮ ਪਿਤਾ ਅੰਗ ਸੰਗ ਸਹਾਈ ਹੋਣਗੇ!
ਜੁਆਬ ਸੁਣ ਇੱਕ ਮੁਸ਼ਕਿਲ ਗੁੱਥੀ ਹੱਲ ਹੋ ਗਈ ਜਾਪੀ ਤੇ ਫੇਰ ਉਸ ਦਿਨ ਮਗਰੋਂ ਮੈਨੂੰ ਉਹ ਸੁਫਨਾ ਫੇਰ ਕਦੀ ਨੀਂ ਆਇਆ