ਆਖਿਰ ਕੀ ਹੈ ਗ੍ਰਾਮ ਸਭਾ ਅਤੇ ਇਸਦੀ ਤਾਕਤ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ
ਗ੍ਰਾਮ ਸਭਾ ਜਿਸਨੂੰ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ,ਇਸ ਪਾਰਲੀਮੈਂਟ ਵਿਚ ਪਿੰਡ ਦੇ ਆਂਮ ਲੋਕਾਂ ਨੇ ਸ਼ਮੂਲੀਅਤ ਕਰਕੇ ਪਿੰਡ ਦੀ ਤਕਦੀਰ ਆਪ ਲਿਖਣੀ ਹੁੰਦੀ ਹੈ,ਕਿ ਪਿੰਡ ਵਿਚ ਕਿਹੜੇ -ਕਿਹੜੇ ਕੰਮ ਹੋਣੇ ਚਾਹੀਦੇ ਹਨ।ਦੇਸ਼ ਦੀ ਪਾਰਲੀਮੈਂਟ ਵਿਚ ਲੋਕ ਚੁਣ ਕਿ ਜਾਂਦੇ ਹਨ,ਪਰ ਇਸ ਪਿੰਡ ਦੀ ਗ੍ਰਾਮ ਸਭਾ ਨਾਮਕ ਪਾਰਲੀਮੈਂਟ ਦੀ ਕੋਈ ਚੋਣ ਨਹੀ ਹੁੰਦੀ,ਬਲਕਿ ਜਿਸਦੀ ਵੀ ਵੋਟ ਬਣੀ ਹੁੰਦੀ ਹੈ ਉਹ ਇਸ ਪਾਰਲੀਮੈਂਟ ਦਾ ਮੈਂਬਰ ਹੁੰਦਾ ਹੈ ਅਤੇ ਉਹ ਪਿੰਡ ਦੀ ਹਰ ਵਿਕਾਸ ਰਣਨੀਤੀ ਬਣਾਉਣ ਵਿਚ ਬਰਾਬਰ ਦਾ ਹਿੱਸੇਦਾਰ ਹੁੰਦਾ ਹੈ।
73ਵੀ ਸੋਧ ਤੋਂ ਬਾਅਦ 21 ਅਪ੍ਰੈਲ 1994 ਨੂੰ ਨਵੇ ਪੰਚਾਇਤੀ ਰਾਜ ਕਨੂੰਨ ਦੇ ਹੋਂਦ ਵਿਚ ਆਉਣ ਤੇ ਵੋਟਰਾਂ ਨੂੰ ਗ੍ਰਾਮ ਸਭਾ ਤਹਿਤ ਬੇਤਹਾਸ਼ਾ ਤਾਕਤ ਦੇ ਦਿੱਤੀ ਗਈ,ਇੰਨੀ ਤਾਕਤ ਕਿ ਜੋ ਮੰਗ ਇਸ ਗ੍ਰਾਮ ਸਭਾ ਤਹਿਤ ਪਿੰਡ ਅਤੇ ਪਿੰਡ ਦੇ ਲੋਕਾਂ ਲਈ ਮੰਗ ਲਈ ਉਸਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀ ਸਕਦੀ।ਪਰ ਕਰੀਬ 25 ਸਾਲ ਬੀਤ ਜਾਣ ਤੇ ਵੀ ਇਸ ਕਨੂੰਨ ਬਾਰੇ ਨਾ ਤਾ ਪਿੰਡ ਦੇ ਪਾਰਲੀਮੈਂਟ ਮੈਬਰਾਂ(ਵੋਟਰਾਂ)ਨੂੰ ਇਸ ਬਾਬਤ ਕੋਈ ਜਾਣਕਾਰੀ ਹੈ ਅਤੇ ਨਾ ਹੀ ਗ੍ਰਾਮ ਸਭਾ ਦੇ ਚੇਅਰਮੈਨ(ਸਰਪੰਚ)ਨੂੰ।ਹੁਣ ਤੱਕ ਸਰਪੰਚੀ ਸਿਰਫ਼ ਚੋਣ ਲੜਨ ਅਤੇ ਲੋਕਾਂ ਨੂੰ ਆਪਸ ਵਿਚ ਉਲਝਾਉਣ ਚੌਂਕੀ ਠਾਣੇ ‘ਚ ਫੜਾਉਣ-ਛੁਡਾਉਣ ਤੱਕ ਸੀਮਤ ਹੈ ।ਜਿੰਨ੍ਹਾ ਸਰਪੰਚਾਂ ਨੇ ਇਸ ਤਾਕਤ ਦੀ ਵਰਤੋ ਕੀਤੀ ਹੈ ਉਹ ਆਪਣੇ ਪਿੰਡ ਅਤੇ ਪਿੰਡ ਵਾਸੀਆਂ ਦੀ ਜ਼ਿਦੰਗੀ ਬਦਲ ਕਿ ਰੱਖ ਦੇਣ ਵਿਚ ਕਾਮਯਾਬ ਵੀ ਹੋਏ ਹਨ,ਰਾਜਸਥਾਨ ਦਾ ਪਿਪਲਾਂਤਰੀ, ਮਹਾਰਾਸ਼ਟਰ ਦਾ ਹਿਵਰੇਬਜ਼ਾਰ ਅਤੇ ਪੰਜਾਬ ਦਾ ਤਾਮਕੋਟ ਪਿੰਡ ਇਸਦੀ ਮੂੰਹੋਂਬੋਲਦੀ ਮਿਸਾਲ ਹਨ।
ਗ੍ਰਾਮ ਸਭਾ ਦਾ ਭਾਵ ਹੈ ਪਿੰਡ ਦੇ ਆਂਮ ਲੋਕਾਂ ਦਾ ਉਹ ਇਕੱਠ ਜੋ ਸਰਪੰਚ ਵੱਲੋ ਪਿੰਡ ਵਿਚ ਸਾਲ ਵਿੱਚ ਦੋ ਵਾਰੀ ਕਰਨਾ ਲਾਜ਼ਮੀ ਹੈ।ਇਸ ਇਕੱਠ ਤੋਂ ਠੀਕ 15 ਦਿਨ ਪਹਿਲਾਂ ਸਰਪੰਚ ਪਿੰਡ ਦੇ ਵਿੱਚ ਸਪੀਕਰ ਰਾਹੀਂ ਮੁਨਾਦੀ ਕਰਵਾਉਦਾ ਹੈ,ਇਸ਼ਤਿਹਾਰ ਅਤੇ ਢੋਲੀ ਰਾਹੀਂ ਪਿੰਡ ਵਿਚ ਦੱਸਦਾ ਹੈ,ਕਿ ਅੱਜ ਤੋਂ ਠੀਕ 15 ਦਿਨ ਬਾਅਦ ਪਿੰਡ ਵਿਚ ਗ੍ਰਾਮ ਸਭਾ ਬੁਲਾਈ ਜਾਵੇਗੀ,ਜਿਸ ਵੀ ਪਿੰਡ ਵਾਸੀ ਦੀ ਕੋਈ ਵੀ ਮੁਸ਼ਕਿਲ ਹੈ ਉਹ ਸਰਪੰਚ ਨੂੰ ਪੰਜ ਦਿਨਾਂ ਦੇ ਅੰਦਰ-ਅੰਦਰ ਲਿਖਤੀ ਤੌਰ ਤੇ ਦੱਸੇ।ਲੋਕ ਆਪਣੀ ਕੋਈ ਵੀ ਮੁਸ਼ਕਿਲ ਭਾਵੇ ਉਹ ਪਿੰਡ ਨਾਲ ਸਬੰਧਿਤ ਕਿਸੇ ਵੀ ਮਹਿਕਮੇ ਨਾਲ ਹੋਵੇ,ਉਹ ਸਰਪੰਚ ਨੂੰ ਦੇ ਸਕਦਾ ਹੈ।ਸਰਪੰਚ ਉਸ ਸ਼ਿਕਾਇਤ ਦੀ ਕਾਪੀ ਤੇ ਸ਼ਿਕਾਇਤ ਨਾਲ ਸਬੰਧਿਤ ਮਹਿਕਮੇ ਨੂੰ ਇਹ ਲਿਖ ਕਿ ਭੇਜਦਾ ਹੈ ਕਿ 15 ਤਰੀਕ(ਮਿਸਾਲ)ਨੂੰ ਪਿੰਡ ਦੀ ਸੱਥ ਵਿਚ ਗ੍ਰਾਮ ਸਭਾ ਦੀ ਮੀਟਿੰਗ ਹੈ,ਇਸ ਸ਼ਿਕਾਇਤ ਨਾਲ ਸਬੰਧਿਤ ਅਫ਼ਸਰ ਗ੍ਰਾਮ ਸਭਾ ਵਿੱਚ ਆ ਕਿ ਜੁਆਬਦੇਹ ਹੋਵੇ।
ਗ੍ਰਾਮ ਸਭਾ ਵਾਲੇ ਦਿਨ ਪਿੰਡ ਦੀ ਸੱਥ ਵਿਚ ਸੱਜੀ ਗ੍ਰਾਮ ਸਭਾ ਵਿੱਚ ਸਰਪੰਚ ਬਤੌਰ ਚੇਅਰਮੈਨ ਇੱਕ ਰਾਜੇ ਦੀ ਤਰਾਂ ਕੰਮ ਕਰਦਾ ਹੈ ਅਤੇ ਸਾਰੇ ਪੰਚਾਇਤ ਮੈਂਬਰ ਉਸਦੇ ਨਾਲ ਗ੍ਰਾਮ ਸਭਾ ਦੀ ਨੁਮਾਇੰਦਗੀ ਕਰਦਿਆ ਸਭਾ ਵਿਚ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਹਾਂਮੀ ਭਰਦੇ ਹਨ।ਸਭ ਤੋਂ ਪਹਿਲਾਂ ਸਰਪੰਚ ਆਪਣਾ ਪੰਚਾਇਤੀ ਹਿਸਾਬ ਪੜ ਕਿ ਦੱਸਦਾ ਹੈ,ਕਿ ਕਿੰਨੀ ਗ੍ਰਾਂਟ ਆਈ ਕਿੱਥੇ-ਕਿੱਥੇ ਕਿੰਨੀ-ਕਿੰਨੀ ਲਗਾਈ ਅਤੇ ਬਕਾਇਆ ਕੀ ਹੈ,ਲੋਕ ਹਾਂਮੀ ਭਰਦੇ ਹਨ ਅਤੇ ਕਾਰਵਾੲੀ ਨੂੰ ਅੱਗੇ ਤੋਰਦਿਆ ਸਰਪੰਚ ਲੋਕਾਂ ਦੀਆ ਸ਼ਿਕਾਇਤਾ ਪੜਦਾ ਹੈ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਸਬੰਧਿਤ ਅਫ਼ਸਰ ਸ਼ਿਕਾਇਤ ਕਰਤਾ ਦੀ ਲਿਖਤੀ ਸ਼ਿਕਾਇਤ ਵਾਲੀ ਕਾਪੀ ਤੇ ਕੰਮ ਕਰਨ ਦਾ ਸਮਾਂ ਲਿਖਤੀ ਦਿੰਦੇ ਹਨ,ਕਿ ਮੈ ਇਸਦਾ ਕੰਮ ਇੰਨੇ ਸਮੇਂ ਦੇ ਅੰਦਰ-ਅੰਦਰ ਕਰਾਂਗਾ।ਜੇਕਰ ਅਫ਼ਸਰ ਬਾਅਦ ਵਿੱਚ ਦਿੱਤੇ ਸਮੇਂ ਅਨੁਸਾਰ ਕੰਮ ਨਹੀ ਕਰਦਾ ਤਾ ਉਸਨੂੰ ਫਿਰ ਸਰਪੰਚ ਵੱਲੋ ਇੱਕ ਯਾਦਪੱਤਰ ਭੇਜਿਆ ਜਾਦਾ ਹੈ ਅਤੇ ਜੇਕਰ ਫਿਰ ਵੀ ਅਧਿਕਾਰੀ ਕੰਮ ਨਹੀ ਕਰਦਾ ਤਾ ਗ੍ਰਾਮ ਸਭਾ ਕੋਲ ਇਹ ਅਧਿਕਾਰ ਹੈ ਕਿ ਉਹ ਉਸ ਅਧਿਕਾਰੀ ਨੂੰ ਸਸਪੈਂਡ ਕਰ ਸਕਦੀ ਹੈ ਉਹ ਚਾਹੇ ਕਿੰਨਾਂ ਵੀ ਵੱਡਾ ਅਫ਼ਸਰ ਕਿਉ ਨਾ ਹੋਵੇ।ਇਸ ਸਭਾ ਵਿੱਚ ਪਿੰਡ ਦੀ ਤਕਦੀਰ ਲੋਕ ਆਪ ਲਿਖਦੇ ਹਨ ਕਿ ਸਾਡੇ ਪਿੰਡ ਵਿਚ ਗਲੀਆ-ਨਾਲੀਆਂ,ਪਾਰਕਾਂ,ਸਿਹਤ ਸਹੂਲਤਾਂ ਆਦਿ ਕਿਹੋ ਜਿਹੀਆ ਹੋਣੀਆ ਚਾਹੀਦੀਆ ਹਨ ਅਤੇ ਉਹਨਾ ਦੇ ਲਈ ਫੰਡ ਦੀ ਮੰਗ ਕਰਦੇ ਹਨ ਅਤੇ ਉਸ ਫੰਡ ਨੂੰ ਹਰ ਹਾਲ ਵਿਚ ਸਰਕਾਰ ਨੂੰ ਜਾਰੀ ਕਰਨਾ ਪੈਂਦਾ ਹੈ।
ਗ੍ਰਾਮ ਸਭਾ ਵਿਚ ਲੋਕਾਂ ਦੀਆ ਪੈਨਸ਼ਨਾ,ਨੀਲੇ ਕਾਰਡ ਅਤੇ ਹਰ ਉਸ ਸਕੀਮ ਦਾ ਲਾਭ ਉਹਨਾ ਲੋਕਾਂ ਨੂੰ ਮਿਲਦਾ ਹੈ ਜੋ ਉਸਦੇ ਯੋਗ ਹੁੰਦੇ ਹਨ,ਕਿਉਕਿ ਲੋਕਾਂ ਦੇ ਇਕੱਠ ਵਿੱਚ ਦੋ ਮੰਜ਼ਲਾ ਕੋਠੀ ਵਾਲਾ ਆ ਕਿ ਨੀਲੇ ਕਾਰਡ ਦੀ ਮੰਗ ਨਹੀ ਕਰ ਸਕਦਾ ਅਤੇ ਲੋੜਵੰਦ ਦੀ ਮੰਗ ਨੂੰ ਕੋਈ ਵੀ ਸਰਕਾਰੀ ਨੌਕਰ ਠੁਕਰਾ ਕਿ ਆਪਣੀ ਨੌਕਰੀ ਨੂੰ ਖਤਰੇ ਵਿਚ ਨਹੀ ਪਾ ਸਕਦਾ।ਇਸ ਸਭਾ ਵਿੱਚ ਲੋਕਾਂ ਨੂੰ ਹਰ ਸਰਕਾਰੀ ਸਕੀਮ ਬਾਰੇ ਜਾਗਰੂਕ ਕਰਨ ਅਤੇ ਉਹਨਾ ਦਾ ਲਾਭ ਦੇਣ ਦਾ ਕੰਮ ਕਰਨਾ ਸਰਪੰਚ ਅਤੇ ਸਰਕਾਰੀ ਮੁਲਾਜ਼ਮਾ ਦੀ ਅਹਿਮ ਡਿਊਟੀ ਹੁੰਦੀ ਹੈ
ਕਨੂੰਨ ਤਾ ਬਣਾਇਆ ਸੀ ਕਿ ਲੋਕ ਆਪਣੀ ਕਿਸਮਤ ਆਪ ਲਿਖ ਸਕਣ ਪਰ ਸਿਆਸਤਦਾਨਾ ਅਤੇ ਅਧਿਕਾਰੀਆ ਨੇ ਕਨੂੰਨ ਬਣਾ ਕਿ ਉਸਨੂੰ ਬਕਸੇ ਵਿਚ ਬੰਦ ਕਰ ਦਿੱਤਾ ਅਤੇ ਹੁਣ ਤੱਕ ਵੱਧ ਤੋਂ ਵੱਧ ਇਹ ਵਾਹ ਲਗਾਈ ਜਾਂਦੀ ਰਹੀ ਹੈ ਕਿ ਲੋਕ ਇਸ ਕਨੂੰਨ ਬਾਰੇ ਜਾਗਰੂਕ ਨਾ ਹੋ ਸਕਣ,ਕਿਉਕਿ ਇਸ ਤਰਾਂ ਕਰਨ ਨਾਲ ਉਹਨਾ ਦੀ ਆਪਣੀ ਤਾਕਤ ਜ਼ੀਰੋ ਅਤੇ ਲੋਕ ਤਾਕਤ ਪੱਖੋ ਹੀਰੋ ਬਣ ਜਾਣਗੇ।ਕਿਸੇ ਵੀ ਕੰਮ ਅਤੇ ਗ੍ਰਾਂਟ ਲਈ ਲੋਕਾਂ ਨੂੰ ਉਹਨਾ ਦੀਆ ਲੇਲੜੀਆਂ ਨਹੀ ਕੱਢਣੀਆ ਪੈਣਗੀਆ ਅਤੇ ਸਰਪੰਚ ਨੂੰ ਵੀ ਇਹ ਸਮਝ ਪੈ ਜਾਊਗੀ ਕੀ ਮੇਰੀ ਤਾਕਤ ਬੀ.ਡੀ.ਓ ਜ਼ਾ ਵਿਧਾਇਕ ਨਹੀ ਮੇਰੀ ਤਾਕਤ ਤਾ ਮੇਰੇ ਪਿੰਡ ਦੇ ਲੋਕ ਹਨ।
ਇਸ ਵੇਲੇ ਕਨੂੰਨ ਸਿਰਫ਼ ਕਾਗਜ਼ਾਂ ਵਿਚ ਹੀ ਕੰਮ ਕਰ ਰਿਹਾ ਹੈ ਅਤੇ ਨਤੀਜ਼ੇ ਵਜੋ ਵਿਕਾਸ ਵੀ ਫਿਰ ਕਾਗਜ਼ਾਂ ਵਿਚ ਹੀ ਹੋ ਰਿਹਾ ਹੈ,ਸਰਪੰਚ ਨੂੰ ਸਰਕਾਰੀ ਸਕੀਮਾਂ ਸਮਝਾ ਕਿ ਕੰਮ ਕਰਵਾਉਣ ਲਈ ਮਿਲੇਆ ਨੌਕਰ ਸੈਕਟਰੀ ਸਰਪੰਚਾਂ ਲਈ ਇੱਕ ਵੱਡੇ ਅਫ਼ਸਰ ਤੋਂ ਘੱਟ ਨਹੀ,ਉਹ ਹੀ ਸਭ ਗ੍ਰਾਮ ਸਭਾ ਜਾਅਲੀ ਰੂਪ ਵਿਚ ਕਰਕੇ ਪਿੰਡ ਦੇ ਲੋਕਾਂ ਦੇ ਭੱਵਿਖ ਨਾਲ ਖੇਡ ਰਿਹਾ ਹੈ,ਉਸਨੂੰ ਅਤੇ ਬੀ.ਡੀ.ਉ ਨੂੰ ਹੀ ਇਸ ਸਾਰੀ ਧੋਖਾਧੜੀ ਦੀ ਖੇਡ ਦੇ ਮੁੱਖ ਖਿਡਾਰੀ ਕਿਹਾ ਜਾ ਸਕਦਾ ਹੈ।ਕਿਉਕਿ ਅਸੀ ਹਰ ਸਰਪੰਚੀ ਦੀਆ ਵੋਟਾਂ ਮੌਕੇ ਪੁਰਾਣੇ ਸਰਪੰਚ ਨੂੰ ਨਕਾਰਦੇਆ ਨਵੇ ਸਰਪੰਚ ਦੀ ਚੋਣ ਤਾ ਕਰ ਲੈਂਦੇ ਆ ਪਰ ਗਿਆਨ ਵਿਹੂਣਾ ਸਰਪੰਚ ਓਹਨਾਂ ਹੀ ਉਂਗਲਾ ਤੇ ਖੇਡ ਰਿਹਾ ਹੁਂਦਾ ਹੈ ਜਿਨ੍ਹਾ ਤੇ ਪਹਿਲੀ ਕੱਠਪੁਤਲੀ ਸਾਬਕਾ ਸਰਪੰਚ ਆਪਣਾ ਨਾਚ ਪੇਸ਼ ਕਰ ਚੁੱਕੀ ਹੁੰਦੀ ਹੈ।ਇਸ ਲਈ ਹਰ ਪਿੰਡ ਵਾਸੀ ਦਾ ਗ੍ਰਾਮ ਸਭਾ ਬਾਰੇ ਗਿਆਨਵਾਨ ਹੋਣਾ ਅਤਿ ਜ਼ਰੂਰੀ ਹੈ,ਜੇਕਰ ਪੰਚਾਇਤੀ ਐਕਟ,ਗ੍ਰਾਮ ਸਭਾ,ਅਤੇ ਮਨਰੇਗਾ ਵਰਗੀਆ ਸਕੀਮਾਂ ਪ੍ਰਤੀ ਜਾਗਰੂਕ ਹੋ ਜਾਂਦੇ ਹੋ ਤਾ ਆਂਮ ਲੋਕ ਅਤੇ ਅਨਪ੍ਹੜ ਸਰਪੰਚ ਵੀ ਆਪਣੇ ਪਿੰਡ ਅਤੇ ਪਿੰਡ ਦੇ ਲੋਕਾਂ ਦੀ ਤਕਦੀਰ ਬਦਲਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਸਕਦੇ ਹਨ।
ਲੇਖਕ-ਮਨਦੀਪ ਧਰਦਿਉ
ਪੱਤਰਕਾਰ ਜਗ ਬਾਣੀ ਅਖ਼ਬਾਰ(ਮਹਿਤਾ ਚੌਂਕ)