ਕਈ ਸਾਲ ਹੋਏ ਪਾਕਿਸਤਾਨੀ ਲੇਖਿਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆ ਗਈ। ‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਿਵਾਣਾ ਦੇ ਘਰ ਚੱਲੀ ਹਾਂ। ਫੇਰ ਮੈਨੂੰ ਕੀਹਨੇ ਰੋਕਣਾ ਸੀ। ਸੁਣਿਐ ਇਧਰਲੇ ਪੰਜਾਬ ਵਿੱਚ ਲੋਕ ਤੇਰੀ ਬੜੀ ਇੱਜ਼ਤ ਕਰਦੇ ਨੇ।’’ ਉਸ ਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ। ਫੇਰ ਅੱਗੋਂ ਆਖਣ ਲੱਗੀ, ‘‘ਜਲੰਧਰ ਕੋਲ ਸਾਡਾ ਪਿੰਡ ਹੈ। ਉੱਥੇ ਹੁਣ ਸਾਡਾ ਕੋਈ ਨਹੀਂ। ਹੱਲਿਆਂ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਵੱਢ ਕੇ ਖੂਹ ’ਚ ਸੁੱਟ ਦਿੱਤਾ ਸੀ। ਉਸ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈ। ਬੜਾ ਜੀਅ ਕਰਦਾ ਸੀ ਕਿ ਆਪਣੇ ਪੇਕਿਆਂ ਦੀ ਧਰਤੀ ਨੂੰ ਦੇਖਣ ਦਾ। ਤੂੰ ਸੁਣਾ, ਤੇਰਾ ਕੀ ਹਾਲ ਐ। ਅੰਮ੍ਰਿਤਾ ਤੈਨੂੰ ਬੜਾ ਯਾਦ ਕਰਦੀ ਸੀ। ਉਸੇ ਨੂੰ ਮੈਂ ਪੁੱਛਿਆ ਸੀ ਕਿ ਹੋਰ ਮੈਂ ਕੀਹਨੂੰ ਮਿਲਣ ਜਾਵਾਂ। ਉਸ ਨੇ ਤੇਰਾ ਨਾਂ ਲਿਆ ਸੀ।’’
‘‘ਚੰਗਾ ਕੀਤਾ। ਹੁਣ ਸਾਡੇ ਕੋਲ ਰਹਿਣਾ ਦੋ ਚਾਰ ਦਿਨ,’’ ਮੈਂ ਕਿਹਾ।
‘‘ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ। ਇੱਕ ਅੱਧ ਦਿਨ ਤਾਂ ਰਹਾਂਗੀ ਨਾ। ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋ ਸੀ?’’ ਉਸ ਨੇ ਪੁੱਛਿਆ। ਫੇਰ ਕਹਿਣ ਲੱਗੀ, ‘‘ਉਂਜ ਮੈਂ ਆਪੇ ਸੋਚ ਲਿਆ ਸੀ ਕਿ ਤੇਰਾ ਘਰਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ ਜਿਹੜਾ ਤੈਨੂੰ ਨਾਰਾਜ਼ ਹੋਵੇ ਬਈ ਇੱਕ ਮੁਸਲਮਾਨ ਔਰਤ ਨੂੰ ਘਰ ਰੱਖ ਲਿਐ। ਤੇਰਾ ਬਸ ਇੱਕੋ ਬੇਟਾ ਐ ਨਾ?’’
‘‘ਹਾਂ। ਬਹੁਤ ਸਾਊ ਹੈ,’’ ਮੈਂ ਕਿਹਾ।
ਉਹ ਹੱਸ ਪਈ ਤੇ ਕਹਿਣ ਲੱਗੀ, ‘‘ਮੇਰਾ ਵੀ ਇੱਕੋ ਬੇਟਾ ਐ। ਬਹੁਤ ਸ਼ਰੀਫ। ਉਸ ਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ, ਪਰ ਵਹੁਟੀ ਲੈ ਕੇ ਅੱਡ ਹੋ ਗਈ। ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ ‘ਨੋਟ ਤੁੜਵਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ।’ ਹੁਣ ਮੁੰਡਾ ਮੇਰਾ ਬੜਾ ਦੁਖੀ ਹੈ। ਵਹੁਟੀ ਉਸ ਦੀ ਨੂੰ ਆਪਣੇ ਆਪ ਤੋਂ ਬਿਨਾਂ ਕਿਸੇ ਦਾ ਖ਼ਿਆਲ ਹੀ ਨਹੀਂ। ਕੁੜੀਆਂ ਵਿਆਹ ਤੋਂ ਪਹਿਲਾਂ ਕੁਝ ਹੋਰ ਹੁੰਦੀਆਂ ਨੇ, ਵਿਆਹ ਤੋਂ ਮਗਰੋਂ ਹੋਰ ਹੋ ਜਾਂਦੀਆਂ ਨੇ। ਹਾਂ ਸੱਚ, ਤੂੰ ਮੇਰਾ ਕੁਝ ਪੜ੍ਹਿਆ ਵੀ ਹੈ ਕਿ ਨਹੀਂ।’’
‘‘ਮੈਂ ਕਹਾਣੀਆਂ ਦੀਆਂ ਤੁਹਾਡੀਆਂ ਤਿੰਨ ਕਿਤਾਬਾਂ ਪੜ੍ਹੀਆਂ ਨੇ,’’ ਮੈਂ ਕਿਹਾ।
‘‘ਮੈਨੂੰ ਪਤਾ ਐ ਮੈਂ ਚੰਗਾ ਲਿਖਦੀ ਹਾਂ। ਉਂਜ ਤਾਂ ਰੱਬ ਦਾ ਦਿੱਤਾ ਸਭ ਕੁਝ ਐ, ਪਰ ਫੇਰ ਵੀ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਐ। ਜੀਅ ਕਰਦੈ ਸਮਾਂ ਪੁੱਠਾ ਗਿੜ ਜਾਵੇ, ਮੁੜ ਕੇ ਉਹੀ ਆਪਣਾ ਗਰਾਂ, ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ। ਇਸ ਵਾਰੀ ਤਾਂ ਨਹੀਂ, ਅਗਲੀ ਵਾਰੀ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਹ ਵੀ ਦੇਖ ਕੇ ਆਵਾਂਗੀ ਜਿਸ ਵਿੱਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟੇ ਸਨ। ਮੈਂ ਦੇਖਣਾ ਚਾਹਾਂਗੀ ਕਿ ਉੱਥੋਂ ਦੇ ਲੋਕ ਕਿਵੇਂ ਜਿਉਂਦੇ ਨੇ। ਸਾਨੂੰ ਯਾਦ ਕਰਦੇ ਨੇ ਕਿ ਨਹੀਂ। ਖਵਰਾ ਅਜੇ ਵੀ ਮੇਰੇ ਘਰਦਿਆਂ ਦੀਆਂ ਹੱਡੀਆਂ ਉਸੇ ਖੂਹ ’ਚ ਪਈਆਂ ਹੋਣ,’’ ਤੌਸੀਫ਼ ਨੇ ਕਿਹਾ।
‘‘ਤੌਸੀਫ਼, ਸੋਚ ਕੇ ਇਹ ਬਹੁਤ ਅਜੀਬ ਲੱਗਦੈ। ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ,’’ ਮੈਂ ਆਖਿਆ।
ਤੌਸੀਫ਼ ਨੇ ਕਿਹਾ, ‘‘ਦਿਨੇ ਤਾਂ ਕੰਮਾਂ-ਧੰਦਿਆਂ ਵਿੱਚ ਭੁੱਲ ਜਾਂਦੈ। ਰਾਤ ਨੂੰ ਜਦੋਂ ਕਦੇ ਅੱਖ ਖੁੱਲ੍ਹ ਜਾਵੇ ਤਾਂ ਮੈਂ ਇਧਰ ਆਪਣੇ ਪਿੰਡ ਤੁਰੀ ਫਿਰਦੀ ਰਹਿੰਦੀ ਹਾਂ। ਕਦੇ ਕਦੇ ਇਹ ਵੀ ਸੋਚੀਦੈ ਉਹ ਤਾਂ ਇੱਕ ਡਰਾਉਣਾ ਸੁਪਨਾ ਸੀ।’’
ਮੇਰੇ ਕੋਲ ਤੌਸੀਫ਼ ਦੀਆਂ ਗੱਲਾਂ ਦਾ ਕੋਈ ਜੁਆਬ ਨਹੀਂ ਸੀ। ਉਹ ਫਿਰ ਪੁੱਛਣ ਲੱਗੀ, ‘‘ਟਿਵਾਣਾ, ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਨੇ ਤਾਂ ਗਾਲ੍ਹਾਂ ਔਰਤਾਂ ਨੂੰ ਕੱਢਦੇ ਨੇ, ਉਨ੍ਹਾਂ ਦਾ ਸਾਰਾ ਵਹਿਸ਼ੀਪਣ ਵੀ ਔਰਤਾਂ ਉਪਰ ਹੀ ਕਿਉਂ ਨਿਕਲਦੈ?”
‘‘ਇਸ ਲਈ ਕਿ ਆਦਮੀਆਂ ਦੇ ਮੁਕਾਬਲੇ ’ਚ ਔਰਤਾਂ ਕਮਜ਼ੋਰ ਹੁੰਦੀਆਂ ਨੇ, ਸੰਕਟ ਦੀ ਘੜੀ ਬਹੁਤ ਡਰ ਜਾਂਦੀਆਂ ਨੇ,’’ ਮੈਂ ਉੱਤਰ ਦਿੱਤਾ।
‘‘ਤੁਹਾਡੇ ਗੁਰੂ ਨੇ ਔਰਤਾਂ ਨੂੰ ਵੀ ਛੋਟੀ ਕਿਰਪਾਨ ਪਾ ਕੇ ਰੱਖਣ ਲਈ ਸ਼ਾਇਦ ਇਸੇ ਲਈ ਆਖਿਆ ਸੀ ਕਿ ਸੰਕਟ ਦੀ ਘੜੀ ਉਹ ਜ਼ਾਲਮ ਦਾ ਟਾਕਰਾ ਕਰ ਸਕਣ,’’ ਤੌਸੀਫ਼ ਬੋਲੀ।
ਉਸ ਰਾਤ ਤੌਸੀਫ਼ ਮੇਰੇ ਨਾਲ ਬੜੀ ਰਾਤ ਤਕ ਇਧਰ-ਓਧਰ ਦੀਆਂ ਗੱਲਾਂ ਕਰਦੀ ਰਹੀ। ਉਸ ਨੇ ਇਹ ਵੀ ਆਖਿਆ ਕਿ ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ਼ ਬਣਾ ਗਏ ਨੇ ਬਈ ਆਪਸ ’ਚ ਲੜੀ ਜਾਓ, ਮਰੀ ਜਾਓ।
ਇਉਂ ਤੌਸੀਫ਼ ਸਾਡੇ ਕੋਲ ਦੋ ਦਿਨ ਰਹੀ। ਜਾਣ ਤੋਂ ਪਹਿਲਾਂ ਉਸ ਨੇ ਆਖਿਆ, ‘‘ਕਿੱਡੀ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ ’ਚ ਤੇ ਤੇਰੇ ਘਰ ਵਿੱਚ। ਤੂੰ ਮੈਨੂੰ ਹਮੇਸ਼ਾਂ ਲਈ ਇੱਥੇ ਰੱਖ ਲੈ,’’ ਉਸ ਨੇ ਜਿਵੇਂ ਤਰਲੇ ਵਾਂਗ ਆਖਿਆ।
‘‘ਮੇਰੇ ਜੇ ਵੱਸ ਹੋਵੇ ਮੈਂ ਪਾਰਟੀਸ਼ਨ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ,’’ ਮੈਂ ਕਿਹਾ।
‘‘ਹੋ ਸਕਦੈ ਸੌ ਦੋ ਸੌ ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ ਵੱਧ ਚੰਗੇ ਲੋਕ ਇਸ ਧਰਤੀ ’ਤੇ ਵਸਦੇ ਹੋਣ। ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫ਼ੀ ਸਮਝ ਪਾਰਟੀਸ਼ਨ ਵਾਲੀ ਲਕੀਰ ਨੂੰ ਮੇਟ ਦੇਣ,’’ ਮੈਂ ਆਖਿਆ।
ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਦੋ ਸਿਲਕ ਦੇ ਸੂਟ, ਇੱਕ ਲੱਡੂਆਂ ਦਾ ਡੱਬਾ ਦਿੱਤਾ।
‘‘ਇਹ ਕੀ?’’ ਉਸ ਨੇ ਪੁੱਛਿਆ।
‘‘ਪਰਲੇ ਪਾਰ ਜੇ ਤੇਰੇ ਸਹੁਰੇ ਨੇ ਤਾਂ ਉਰਲੇ ਪਾਰ ਤੇਰੇ ਪੇਕੇ ਨੇ। ਪੇਕਿਆਂ ਦੇ ਘਰੋਂ ਧੀ ਖਾਲੀ ਨਹੀਂ ਜਾਂਦੀ ਹੁੰਦੀ,’’ ਇਹ ਸੁਣ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ, ‘‘ਤੂੰ ਵੀ ਕਦੇ ਉਧਰ ਮੇਰੇ ਘਰ ਆ।’’
‘‘ਠੀਕ ਹੈ, ਮੈਂ ਵੀ ਆਵਾਂਗੀ,’’ ਮੈਂ ਇਹ ਕਹਿ ਕੇ ਉਸ ਨੂੰ ਆਪਣੀ ਕਾਰ ’ਚ ਦਿੱਲੀ ਭੇਜ ਦਿੱਤਾ ਕਿਉਂਕਿ ਉਸ ਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ।
ਕੁਝ ਸਾਲਾਂ ਮਗਰੋਂ ਮੇਰਾ ਉਧਰ ਪਾਕਿਸਤਾਨ ਜਾਣ ਦਾ ਸਬੱਬ ਬਣ ਗਿਆ। ਆਲਮੀ ਪੰਜਾਬੀ ਕਾਨਫਰੰਸ ਉਦੋਂ ਲਾਹੌਰ ਵਿੱਚ ਹੋਣੀ ਸੀ। ਇਸ ਦਾ ਪ੍ਰਬੰਧ ਫਖ਼ਰ ਜ਼ਮਾਨ ਨੇ ਕੀਤਾ ਸੀ। ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਮੈਨੂੰ ਵੀ ਉਸ ਕਾਨਫਰੰਸ ’ਚ ਸੱਦਿਆ ਗਿਆ ਸੀ। ਅੰਗਰੇਜ਼ਾਂ ਵੇਲੇ ਦੇ ਇੱਕ ਆਲੀਸ਼ਾਨ ਮਹਿੰਗੇ ਹੋਟਲ ਵਿੱਚ ਸਾਨੂੰ ਠਹਿਰਾਇਆ ਗਿਆ। ਉੱਥੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀ, ਸਿਰਫ਼ ਬੈੱਡ ਟੀ ਅਸੀਂ ਪੱਲਿਓਂ ਪੀਣੀ ਸੀ। ਮੈਨੂੰ ਤੇ ਹਰਜਿੰਦਰ ਕੌਰ ਨੂੰ ਇੱਕ ਕਮਰੇ ਵਿੱਚ ਠਹਿਰਾਇਆ ਗਿਆ ਸੀ। ਸਵੇਰੇ ਸਵੇਰੇ ਬੈਰਾ ਦੋ ਕੱਪ ਚਾਹ ਦੇ ਲੈ ਆਇਆ। ਕੱਪ ਲੈਣ ਆਏ ਬੈਰੇ ਦੀ ਟਰੇਅ ਵਿੱਚ ਮੈਂ ਸੌ ਦਾ ਨੋਟ ਰੱਖ ਦਿੱਤਾ ਤੇ ਉਹ ਸਲਾਮ ਕਰਕੇ ਚਲਿਆ ਗਿਆ। ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ। ਮੈਂ ਆਖਿਆ ਕਿ ਪਤਾ ਨਹੀਂ। ਉਸ ਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਬੈੱਡ ਟੀ ਦਾ ਕੱਪ ਕਿੰਨੇ ਦਾ ਹੈ। ਪਤਾ ਲੱਗਣ ’ਤੇ ਉਸ ਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਚਾਹ ਦਾ ਕੱਪ ਚਾਲੀ ਰੁਪਏ ਦਾ ਹੈ। ਮੈਂ ਹੱਸ ਕੇ ਕਿਹਾ ਕਿ ਤਾਂ ਹੀ ਸਵੇਰੇ ਬੈਰਾ ਅੱਸੀ ਰੁਪਏ ਦੇ ਚਾਹ ਦੇ ਦੋ ਕੱਪ ਤੇ ਵੀਹ ਰੁਪਏ ਟਿੱਪ ਦੇ ਸਮਝ ਕੇ ਲੈ ਕੇ ਸਲਾਮ ਕਰਕੇ ਚਲਿਆ ਗਿਆ।
‘‘ਮੈਂ ਤਾਂ ਸੋਚਿਆ ਸੀ ਕਿ ਕੱਲ੍ਹ ਨੂੰ ਬੈੱਡ ਟੀ ਦੇ ਪੈਸੇ ਮੈਂ ਦੇ ਦਿਆਂਗੀ। ਪਰ ਨਾ ਬਾਬਾ ਨਾ ਕੱਲ੍ਹ ਆਪਾਂ ਬੈੱਡ ਟੀ ਮੰਗਵਾਉਣੀ ਹੀ ਨਹੀਂ। ਕਿਹੜਾ ਸੌ ਰੁਪਏ ਵਿੱਚ ਚਾਹ ਦੇ ਦੋ ਕੱਪ ਮੰਗਵਾਏ,’’ ਹਰਜਿੰਦਰ ਕੌਰ ਨੇ ਦਲੀਲ ਦਿੱਤੀ।
‘‘ਇਸ ਹਿਸਾਬ ਨਾਲ ਸਾਡੀ ਰਿਹਾਇਸ਼ ਤੇ ਰੋਟੀ-ਪਾਣੀ ’ਤੇ ਕਿੰਨਾ ਖ਼ਰਚ ਕਰਦੇ ਹੋਣਗੇ ਤੇ ਸੌ ਰੁਪਏ ਬਚਾਉਣ ਲਈ ਬੈੱਡ ਟੀ ਨਾ ਪੀਈਏ, ਇਹ ਚੰਗਾ ਨਹੀਂ ਲੱਗਣਾ,’’ ਮੈਂ ਕਿਹਾ।
ਕਾਨਫਰੰਸ ਦਾ ਪਹਿਲਾ ਸੈਸ਼ਨ ਖ਼ਤਮ ਹੋਣ ਨੂੰ ਸੀ। ਮੈਨੂੰ ਦੱਸਿਆ ਗਿਆ ਕਿ ਅਖ਼ਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਂ ਪੜ੍ਹ ਕੇ ਇਧਰਲੇ ਕੁਝ ਟਿਵਾਣੇ ਤੁਹਾਨੂੰ ਮਿਲਣ ਆਏ ਨੇ।
‘‘ਅਸੀਂ ਤੇ ਬੜੇ ਖੁਸ਼ ਹੋਏ ਜਦ ਪਤਾ ਲੱਗਿਐ ਸਾਡੀ ਆਪਾ ਆਈ ਐ। ਇਸੇ ਲਈ ਮਿਲਣ ਆ ਗਏ ਹਾਂ।’’ ਦਾਨੇ ਸਿਆਣੇ ਤੇ ਕਈ ਨੌਜਵਾਨ ਇੱਕ ਵੱਡਾ ਸਾਰਾ ਗੁਲਾਬ ਦੀਆਂ ਡੋਡੀਆਂ ਦਾ ਗੁਲਦਸਤਾ ਤੇ ਇੱਕ ਵੱਡਾ ਸਾਰਾ ਕੇਕ ਲੈ ਕੇ ਆਏ ਸਨ।
ਇੱਕ ਨੇ ਕਿਹਾ, ‘‘ਕੋਈ ਅਜਿਹਾ ਸਿਲਸਿਲਾ ਬਣਾਓ ਕਿ ਆਪਾਂ ਇਧਰ-ਓਧਰ ਆਉਂਦੇ ਜਾਂਦੇ ਰਹੀਏ ਤੇ ਮਿਲਦੇ ਜੁਲਦੇ ਰਹੀਏ।’’
ਮੈਂ ਦੱਸਿਆ, ‘‘ਉਧਰ ਟਿਵਾਣਾ ਬ੍ਰਦਰਹੁੱਡ ਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ। ਤੁਸੀਂ ਉਸ ਦੇ ਮੈਂਬਰ ਬਣ ਜਾਓ। ਫੇਰ ਆਉਣਾ-ਜਾਣਾ ਸੌਖਾ ਹੋ ਜਾਵੇਗਾ।’’
‘‘ਠੀਕ ਹੈ ਫਾਰਮ ਸਾਨੂੰ ਭਿਜਵਾ ਦਿਓ,’’ ਇੱਕ ਬੋਲਿਆ। ਫੇਰ ਕਾਫ਼ੀ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ।
ਮੈਂ ਕਿਹਾ, ‘‘ਇਹ ਕੇਕ ਹੁਣੇ ਕੱਟ ਲੈਂਦੇ ਹਾਂ। ਮੈਂ ਲੈ ਕੇ ਨਹੀਂ ਜਾ ਸਕਣਾ।’’ ‘‘ਤੁਸੀਂ ਹੇਠਾਂ ਦੇ ਦੇਣਾ। ਉਹ ਸਾਰੇ ਡੈਲੀਗੇਟਸ ਨੂੰ ਦੇ ਦੇਣਗੇ,’’ ਇੱਕ ਬੋਲਿਆ।
ਫੇਰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ‘‘ਆਪਾ, ਕੱਲ੍ਹ ਆਪਾਂ ਸਰਗੋਧੇ ਚਲਦੇ ਹਾਂ ਮੇਰੇ ਪਿੰਡ।’’
‘‘ਮੇਰੇ ਕੋਲ ਤਾਂ ਵੀਜ਼ਾ ਸਿਰਫ਼ ਲਾਹੌਰ ਦਾ ਹੈ,’’ ਮੈਂ ਦੱਸਿਆ। ‘‘ਜਦ ਇਹ ਤੁਹਾਡੇ ਨਾਲ ਹੋਣਗੇ ਵੀਜ਼ਾ ਪੁੱਛਣ ਦੀ ਕਿਸ ਦੀ ਮਜ਼ਾਲ ਐ। ਪੁਲੀਸ ਵਾਲੇ ਤੁਹਾਨੂੰ ਆਪ ਐਸਕੋਰਟ ਕਰਕੇ ਲੈ ਕੇ ਜਾਣਗੇ,” ਉਸ ਨੇ ਕਿਹਾ।
ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ। ਮੈਂ ਆਖਿਆ, ‘‘ਅਗਲੀ ਵਾਰੀ ਆਵਾਂਗੀ ਸਰਗੋਧੇ।’’
ਜਾਣ ਲੱਗਿਆਂ ਉਨ੍ਹਾਂ ਵਿੱਚੋਂ ਇੱਕ ਤਕੜੇ ਜਿਹੇ ਚਾਲੀਆਂ ਤੋਂ ਉਪਰ ਟੱਪੇ ਬੰਦੇ ਵੱਲ ਹੱਥ ਕਰਕੇ ਇੱਕ ਨੇ ਕਿਹਾ, ‘‘ਇਨ੍ਹਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਏਥੇ ਰਹੇਗੀ। ਫੰਕਸ਼ਨ ਤੋਂ ਮਗਰੋਂ ਜਿੱਥੇ ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੇਗੀ।’’
ਮੈਂ ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆਖ ਕੇ ਚਲੇ ਗਏ।
ਅਗਲੇ ਦਿਨ ਦੇ ਸੈਸ਼ਨ ਮਗਰੋਂ ਉਹ ਬੰਦਾ ਵੱਡੀ ਸਾਰੀ ਕਾਰ ਲਈ ਉਸ ਹੋਟਲ ਦੇ ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲਿਆ ਤੇ ਪੁੱਛਿਆ, ‘‘ਆਪਾ, ਕਿੱਥੇ ਜਾਣਾ ਚਾਹੋਗੇ? ਉਂਜ ਮਲਿਕ ਸਾਬ੍ਹ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ ਹੈ। ਪਹਿਲਾਂ ਕੁਝ ਥਾਵਾਂ ਦੇਖ ਲਓ। ਫੇਰ ਉਧਰ ਚਲੇ ਚਲਾਂਗੇ।’’
ਉਸ ਨੇ ਸਾਨੂੰ ਲਾਹੌਰ ਦਾ ਮਿਊਜ਼ੀਅਮ ਦਿਖਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਕੁੜੀਆਂ ਦੇ ਕਾਲਜ ਲੈ ਕੇ ਗਿਆ, ਫੇਰ ਕਿਸੇ ਦੇ ਘਰ ਲੈ ਗਿਆ ਜਿੱਥੇ ਉਸ ਪਰਿਵਾਰ ਨੇ ਕੁਝ ਇਤਿਹਾਸਕ ਚੀਜ਼ਾਂ ਸਾਂਭੀਆਂ ਹੋਈਆਂ ਸਨ। ਇਸ ਮਗਰੋਂ ਉਹ ਮਲਿਕ ਸਾਬ੍ਹ ਦੇ ਘਰ ਲੈ ਗਿਆ। ਘਰ ਕੀ ਸੀ, ਪੂਰਾ ਮਹਿਲ ਸੀ। ਮਹਿਲ ਵਾਂਗ ਹੀ ਪਹਿਰੇਦਾਰ-ਗਾਰਡ, ਮਹਿਲ ਵਰਗੀ ਹੀ ਘਰ ਦੀ ਸਜਾਵਟ ਤੇ ਫਰਨੀਚਰ। ਡਰਾਇੰਗ ਰੂਮ ’ਚ ਤਿੰਨ ਚਾਰ ਬੰਦੇ ਸਨ ਜੋ ਤਪਾਕ ਨਾਲ ਮਿਲੇ- ‘‘ਵੂਈ ਆਰ ਪਰਾਊਡ ਆਫ ਆਪਾ।’’ ਚਾਂਦੀ ਦੇ ਬਰਤਨਾਂ ਵਿੱਚ ਚਾਹ ਆ ਗਈ। ਮੈਂ ਇਧਰ ਓਧਰ ਝਾਕੀ ਤਾਂ ਘਰ ਦਾ ਮਾਲਕ ਸਮਝ ਗਿਆ ਤੇ ਆਖਣ ਲੱਗਿਆ; ‘‘ਆਪਾ, ਭਾਬੀ ਨੂੰ ਜ਼ਨਾਨਖਾਨੇ ਵਿੱਚ ਜਾ ਕੇ ਮਿਲਣਾ ਪਵੇਗਾ।’’ ਚਾਹ ਪੀਣ ਮਗਰੋਂ ਬੈਰਾਨੁਮਾ ਬੰਦਾ ਮੈਨੂੰ ਅੰਦਰ ਲੈ ਗਿਆ। ਅਤਿ ਸੁੰਦਰ ਬੇਗਮ ਨੇ ਸਲਾਮ ਅਰਜ਼ ਕੀਤੀ। ਬੇਗਮ ਨੇ ਛੋਟੇ-ਛੋਟੇ ਦੋ ਬੱਚਿਆਂ ਨੂੰ ਆਖਿਆ, ‘‘ਆਪਕੀ ਬੂਆ ਇੰਡੀਆ ਸੇ ਆਈ ਹੈ।’’ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲ੍ਹੇਆਮ ਨਹੀਂ ਵਿਚਰਦੀਆਂ।
‘‘ਆਪ ਕੁਛ ਦਿਨ ਹਮਾਰੇ ਪਾਸ ਹੀ ਰਹੀਏ,’’ ਉਸ ਨੇ ਮੇਰਾ ਹੱਥ ਫੜਦਿਆਂ ਆਖਿਆ।
‘‘ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤਕ ਦਾ ਹੀ ਹੈ। ਤੁਹਾਡੇ ਕੋਲ ਰਹਿਣ ਲਈ ਫੇਰ ਆਵਾਂਗੀ,’’ ਮੈਂ ਕਿਹਾ।
‘‘ਤੁਸੀਂ ਵੀ ਕਦੇ ਆਓ,’’ ਮੈਂ ਫੇਰ ਕਿਹਾ।
‘‘ਹਮ ਗਏ ਹੈਂ ਦੋ ਬਾਰ। ਮਗਰ ਦੇਹਲੀ ਸੇ ਹੀ ਘੂਮ ਫਿਰ ਕੇ ਵਾਪਸ ਆ ਜਾਤੇ ਹੈਂ। ਹਮਾਰਾ ਉਧਰ ਕੋਈ ਹੈ ਹੀ ਨਹੀਂ। ਹਮ ਤੋ ਸ਼ੁਰੂ ਸੇ ਹੀ ਇਧਰ ਹੈਂ,’’ ਬੇਗਮ ਬੋਲੀ।
ਫੇਰ ਉਸ ਨੇ ਖਾਨਸਾਮੇ ਨੂੰ ਆਖਿਆ ਕਿ ਆਪਾ ਕੋ ਕੁਛ ਖਿਲਾਓ। ਮੂੰਹ ਮੀਠਾ ਕਰਾਓ।
ਖਾਨਸਾਮਾ ਇੱਕ ਪਲੇਟ ਵਿੱਚ ਪਿਸਤੇ ਕਾਜੂ ਦੀ ਵਰਕਾਂ ਵਾਲੀ ਬਰਫੀ ਲੈ ਆਇਆ। ਫਿਰ ਬੇਗਮ ਉੱਠ ਕੇ ਅੰਦਰੋਂ ਮੇਰੇ ਲਈ ਸਿਲਕ ਦਾ ਜ਼ਰੀ ਨਾਲ ਕੱਢਿਆ ਸੂਟ ਲੈ ਆਈ ਤੇ ਕਿਹਾ, ‘‘ਯੇ ਹਮਾਰੀ ਤਰਫ਼ ਸੇ। ਆਪ ਕਾ ਸ਼ੁਕਰੀਆ ਆਪ ਹਮਾਰੇ ਘਰ ਮੇਂ ਆਈ।’’
ਮੈਂ ਉਸ ਔਰਤ ਨੂੰ ਦੇਖਦੀ ਰਹਿ ਗਈ।
ਅਗਲੇ ਦਿਨ ਸੈਸ਼ਨ ਮਗਰੋਂ ਉਹੀ ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗਿਆ, ‘‘ਅੱਜ ਕਿਥੇ ਚਲਨਾ ਜੇ।’’
ਹਰਜਿੰਦਰ ਨੇ ਕਿਹਾ, ‘‘ਕੱਪੜੇ ਦੀਆਂ ਦੁਕਾਨਾਂ ਵੱਲ ਲੈ ਚਲੋ। ਉੱਥੋਂ ਅਸੀਂ ਚਿਕਨ ਦੇ ਸੂਟ ਖ਼ਰੀਦਣੇ ਨੇ।’’
ਸਾਨੂੰ ਉਹ ਕੱਪੜੇ ਦੀਆਂ ਦੁਕਾਨਾਂ ਵੱਲ ਲੈ ਗਿਆ।
ਉਸ ਨੇ ਕਿਹਾ, ‘‘ਅੱਗੇ ਸੜਕ ਭੀੜੀ ਹੈ, ਕਾਰ ਅੱਗੇ ਨਹੀਂ ਜਾ ਸਕਣੀ। ਮੈਂ ਇੱਥੇ ਵੇਟ ਕਰਾਂਗਾ। ਤੁਸੀਂ ਅੱਗੇ ਜਾ ਕੇ ਸੂਟ ਲੈ ਆਓ।’’
ਉਸ ਭੀੜੀ ਸੜਕ ਦੇ ਦੋਵੇਂ ਪਾਸੇ ਕੱਪੜੇ ਦੀਆਂ ਦੁਕਾਨਾਂ ਸਨ। ਅਸੀਂ ਦੋ ਤਿੰਨ ਦੁਕਾਨਾਂ ’ਤੇ ਚਿਕਨ ਦੇਖੀ, ਚੰਗੀ ਸੀ ਪਰ ਮਹਿੰਗੀ ਬਹੁਤ ਸੀ।
ਹਰਜਿੰਦਰ ਨੇ ਆਖਿਆ, ‘‘ਏਡੀ ਮਹਿੰਗੀ ਚਿਕਨ ਕੀ ਕਰਨੀ ਐ।’’ ਅਸੀਂ ਵਾਪਸ ਆ ਗਈਆਂ। ਸਾਨੂੰ ਖਾਲੀ ਮੁੜੀਆਂ ਆਉਂਦੀਆਂ ਨੂੰ ਦੇਖ ਕਾਰ ਵਾਲੇ ਭਾਈ ਨੇ ਆਖਿਆ, ‘‘ਤੁਸੀਂ ਪੰਜ ਮਿੰਟ ਬੈਠੋ। ਮੈਂ ਹੁਣੇ ਆਇਆ।’’
ਸਾਨੂੰ ਉੱਥੇ ਬਿਠਾ ਕੇ ਉਹ ਬਾਜ਼ਾਰ ਵੱਲ ਗਿਆ।
‘‘ਆਪਾਂ ਅੱਜ ਸ਼ਾਮ ਨੂੰ ਤੁਹਾਡੇ ਉਸ ਕਰਨਲ ਟਿਵਾਣੇ ਵੱਲ ਡਿਨਰ ’ਤੇ ਵੀ ਜਾਣਾ, ਭੁੱਲ ਨਾ ਜਾਇਓ,’’ ਹਰਜਿੰਦਰ ਕੌਰ ਨੇ ਮੈਨੂੰ ਆਖਿਆ।
‘‘ਭੁੱਲਣਾ ਕੀ ਐ। ਉਹ ਕਾਰ ਵਾਲੇ ਭਾਈ ਨੂੰ ਪੱਕਾ ਕਰ ਕੇ ਗਿਆ ਕਿ ਸੱਤ ਵਜੇ ਸਾਨੂੰ ਉਸ ਦੇ ਘਰ ਲੈ ਜਾਵੇ।’’
‘‘ਵੈਸੇ ਕਿੰਨਾ ਚੰਗਾ ਹੈ ਇਹ ਭਾਈ,’’ ਮੈਂ ਕਿਹਾ।
‘‘ਇੱਥੋਂ ਦੇ ਲੋਕਾਂ ਦਾ ਮੋਹ-ਪਿਆਰ ਦੇਖ ਕੇ ਇੱਥੇ ਰਹਿਣ ਨੂੰ ਜੀ ਕਰ ਰਿਹਾ ਹੈ,’’ ਹਰਜਿੰਦਰ ਨੇ ਕਿਹਾ।
‘‘ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਐ ਕਿਸੇ ਨਾਲ ਭੱਜ ਹੀ ਨਾ ਜਾਵੇਂ,’’ ਮੈਂ ਹੱਸ ਕੇ ਕਿਹਾ।
ਏਨੇ ਨੂੰ ਕਾਰ ਵਾਲਾ ਭਾਈ ਵਾਪਸ ਆ ਗਿਆ।
ਉਸ ਦੇ ਹੱਥ ਵਿੱਚ ਦੋ ਲਿਫ਼ਾਫ਼ੇ ਸਨ। ਉਸ ਨੇ ਕਾਰ ’ਚ ਬੈਠਣ ਤੋਂ ਪਹਿਲਾਂ ਉਹ ਲਿਫ਼ਾਫ਼ੇ ਮੈਨੂੰ ਫੜਾਉਂਦੇ ਆਖਿਆ ਕਿ ਆਪਾ ਇਹ ਸੂਟ ਤੁਹਾਡੇ ਦੋਵਾਂ ਲਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਸ ਦਾ ਧੰਨਵਾਦ ਕਿਵੇਂ ਕਰਾਂ।
ਹਰਜਿੰਦਰ ਨੇ ਦੋਵੇਂ ਲਿਫ਼ਾਫ਼ੇ ਖੋਲ੍ਹ ਕੇ ਵੇਖੇ। ਉਹ ਵਧੀਆ ਚਿਕਨ ਦੇ ਇੱਕੋ ਜਿਹੇ ਦੋ ਸੂਟ ਸਨ। ਉਦੋਂ ਹੀ ਤੌਸੀਫ਼ ਦਾ ਫੋਨ ਆਇਆ ਕਿ ਤੁਸੀਂ ਕਿੱਥੇ ਹੋ। ਅੱਜ ਤਾਂ ਤੁਸੀਂ ਮੇਰੇ ਵੱਲ ਆਉਣਾ ਸੀ।
‘‘ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ,’’ ਮੈਂ ਕਿਹਾ। ਇਸ ਮਗਰੋਂ ਅਸੀਂ ਤੌਸੀਫ਼ ਦੇ ਘਰ ਗਏ। ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀ ਘਰ। ‘‘ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕੀ ਖਾਤਿਰਦਾਰੀ ਕਰਾਂ। ਮੇਰੇ ਪੇਕਿਆਂ ਤੋਂ ਆਏ ਹੋ,’’ ਉਸ ਨੇ ਕਿਹਾ।
‘‘ਸੂਟ ਸਾਨੂੰ ਮਿਲ ਗਏ ਨੇ। ਤੁਹਾਡਾ ਪਿਆਰ ਹੀ ਬਹੁਤ ਹੈ,’’ ਮੈਂ ਕਿਹਾ। ਉਸ ਨੇ ਪਲਾਸਟਿਕ ਦੇ ਸੱਚੀਮੁੱਚੀ ਦੇ ਦਿਸਦੇ ਫਲਾਂ ਦੀ ਟੋਕਰੀ ਦਿੱਤੀ।
ਸੁਨਹਿਰੀ ਕਢਾਈ ਵਾਲੀਆਂ ਗੱਦੀਆਂ ਦਿੱਤੀਆਂ ਤੇ ਆਪਣੀ ਪਸੰਦ ਦਾ ਅਤਿ ਸੁਆਦ ਖਾਣਾ ਖੁਆਇਆ ਤੇ ਅੱਖਾਂ ਭਰ ਕੇ ਆਖਣ ਲੱਗੀ, ‘‘ਮੇਰਾ ਜੀਅ ਕਰਦਾ, ਮੇਰਾ ਕੀ ਸਭ ਦਾ ਜੀਅ ਕਰਦਾ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਵੰਡ ਦੀ ਲੀਕ ਮਿਟ ਜਾਵੇ। ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਵੇ। ਜਿਹੜੇ ਵੱਢੇ ਟੁੱਕੇ ਤੇ ਮਾਰੇ ਗਏ ਨੇ ਮੁੜ ਕੇ ਜਿਉਂਦੇ ਹੋ ਜਾਣ। ਅਸੀਂ ਉਵੇਂ ਰਲ ਮਿਲ ਕੇ ਰਹੀਏ। ਹੁਣ ਵਾਲਾ ਜਿਉਣਾ ਕੀ ਜਿਉਣਾ ਹੋਇਆ।’’ ‘‘ਤੌਸੀਫ਼ ਇਧਰਲੇ ਲੋਕ ਵੀ ਤੇ ਓਧਰਲੇ ਲੋਕ ਵੀ ਦੁਆ ਕਰਦੇ ਨੇ। ਖਵਰੇ ਰੱਬ ਕਦੇ ਸੁਣ ਹੀ ਲਵੇ,’’ ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ, ਪਰ ਉਸ ਦਾ ਰੋਣਾ ਥੰਮਦਾ ਹੀ ਨਹੀਂ ਸੀ।
ਕਰਨਲ ਟਿਵਾਣੇ ਦੇ ਘਰ ਰਾਤ ਨੂੰ ਜਾਣਾ ਸੀ। ਮੈਨੂੰ ਤੌਸੀਫ਼ ਕੋਲ ਛੱਡ ਹਰਜਿੰਦਰ ਨੇ ਹੋਰ ਕਈ ਥਾਵਾਂ ’ਤੇ ਜਾਣਾ ਸੀ। ਉਹ ਕਾਰ ਵਾਲੇ ਭਾਈ ਨਾਲ ਚਲੀ ਗਈ।
ਆਥਣੇ ਜਦੋਂ ਹਰਜਿੰਦਰ ਮੁੜ ਕੇ ਆਈ ਤਾਂ ਉਸ ਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ। ਜਿੱਥੇ ਵੀ ਗਈ ਲੋਕਾਂ ਨੇ ਮੱਲੋਮੱਲੀ ਤੋਹਫ਼ੇ ਫੜਾ ਦਿੱਤੇ। ਅਗਲੀ ਵਾਰੀ ਆਪਾਂ ਜਦੋਂ ਕਦੇ ਆਏ, ਅਸੀਂ ਇਨ੍ਹਾਂ ਸਾਰਿਆਂ ਲਈ ਕੁਝ ਨਾ ਕੁਝ ਲੈ ਕੇ ਆਵਾਂਗੇ।’’
ਤੌਸੀਫ਼ ਨੂੰ ਨਾਲ ਲਿਜਾ ਕੇ ਅਸੀਂ ਕਰਨਲ ਦੇ ਘਰ ਵੱਲ ਜਾ ਰਹੇ ਸੀ ਤਾਂ ਕਰਨਲ ਦਾ ਫੋਨ ਆਇਆ ਕਿ ਡਿਨਰ ਮੈੱਸ ਵਿੱਚ ਹੈ ਉੱਥੇ ਆ ਜਾਇਓ।
ਮੈਂ ਸੋਚਿਆ ਕਿ ਘਰੇ ਵਹੁਟੀ ਦੀ ਖੇਚਲ ਬਚਾਉਣ ਲਈ ਖਾਣਾ ਮੈੱਸ ਵਿੱਚ ਕਰ ਦਿੱਤਾ ਹੋਣਾ।
ਉੱਥੇ ਪਹੁੰਚ ਕੇ ਪਤਾ ਲੱਗਾ ਕਿ ਕਰਨਲ ਨੇ 100-150 ਲੋਕਾਂ ਨੂੰ ਖਾਣੇ ’ਤੇ ਬੁਲਾਇਆ ਹੋਇਆ ਸੀ। ਬਹੁਤ ਸਾਰੇ ਵਿੱਚੋਂ ਟਿਵਾਣੇ ਹੀ ਸਨ ਤੇ ਮੈਨੂੰ ਮਿਲਣ ਆਏ ਸਨ। ਪਤਾ ਲੱਗਿਆ ਕਿ ਇਧਰ ਪਾਕਿਸਤਾਨ ਵਿੱਚ ਟਿਵਾਣੇ ਬਹੁਤ ਹਨ। ਮੈਂ ਕਰਨਲ ਟਿਵਾਣੇ ਨੂੰ ਆਖਿਆ, ‘‘ਅਸੀਂ ਤਾਂ ਗਰੇਟਫੁੱਲ ਹਾਂ ਏਸ ਟਿਵਾਣੇ ਦੇ ਜਿਹੜਾ ਕੰਮਕਾਰ ਛੱਡ ਕੇ ਸਾਰਾ ਵੇਲਾ ਸਾਡਾ ਡਰਾਈਵਰ ਬਣਿਆ ਰਹਿੰਦਾ ਹੈ।’’ ਉਹ ਮੇਰੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, ‘‘ਆਪਾ ਜਾਣਦੇ ਓ ਉਹ ਕੌਣ ਐ। ਪੰਜਾਬ ਦਾ ਸਭ ਤੋਂ ਅਮੀਰ ਬੰਦਾ। ਅੱਠ ਹਜ਼ਾਰ ਏਕੜ ਭੋਇੰ ਦਾ ’ਕੱਲਾ ਮਾਲਕ। ਸਭ ਤੋਂ ਮਹਿੰਗੀ ਕਾਰ ਪੰਜਾਬ ਵਿੱਚ ਸਭ ਤੋਂ ਪਹਿਲਾਂ ਇਸੇ ਦੇ ਘਰ ਆਉਂਦੀ ਐ। ਆਪਣੇ ਗਾਰਡਾਂ ਤੋਂ ਬਿਨਾਂ ਤੁਹਾਡਾ ਡਰਾਈਵਰ ਬਣਿਆ ਪੁਰਾਣੀ ਕਾਰ ’ਚ ਤੁਹਾਡੇ ਨਾਲ ਇਸ ਕਰਕੇ ਤੁਰਿਆ ਫਿਰਦੈ ਕਿ ਕੋਈ ਇਸ ਨੂੰ ਪਹਿਚਾਣ ਨਾ ਲਵੇ। ਉੱਥੇ ਜਦੋਂ ਅਸੀਂ ਸਾਰੇ ਹੋਟਲ ਵਿੱਚ ਤੁਹਾਨੂੰ ਮਿਲਣ ਗਏ ਸੀ ਤਾਂ ਉਸ ਨੇ ਆਪ ਹੀ ਆਖਿਆ ਸੀ ਆਪਾ ਜਿੰਨੇ ਦਿਨ ਇੱਥੇ ਰਹਿਣਗੇ ਮੈਂ ਇਨ੍ਹਾਂ ਨਾਲ ਰਹਾਂਗਾ।’’
ਡਿਨਰ ਤੋਂ ਮਗਰੋਂ ਤੌਸੀਫ਼ ਸਾਨੂੰ ਫੂਡ ਸਟਰੀਟ ਦਿਖਾਉਣ ਲੈ ਗਈ। ਉੱਥੇ ਸੜਕ ਦੇ ਦੋਵੇਂ ਪਾਸੀਂ ਖਾਣ-ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ। ਦੁਕਾਨਦਾਰ ਵਾਰ-ਵਾਰ ਆਪਣੀਆਂ ਦੁਕਾਨਾਂ ਵੱਲ ਸੱਦ ਰਹੇ ਸਨ ਤੇ ਆਖਦੇ ਸਨ, ‘‘ਤੁਸੀਂ ਜੋ ਮਰਜ਼ੀ ਖਾਓ ਜੋ ਮਰਜ਼ੀ ਪੀਓ ਅਸੀਂ ਪੈਸੇ ਕੋਈ ਨਹੀਂ ਲੈਣੇ, ਤੁਸੀਂ ਸਾਡੇ ਭੈਣ ਭਾਈ ਓਧਰਲੇ ਪੰਜਾਬ ਤੋਂ ਆਏ ਹੋ।’’
ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਅਸੀਂ ਰੁਕਦੇ, ਦੁਕਾਨਦਾਰ ਕਦੇ ਰਸਮਲਾਈ, ਕਦੇ ਗਰਮ-ਗਰਮ ਜਲੇਬੀਆਂ, ਕਿਤੇ ਚਾਟ, ਕਿਤੇ ਪੀਲੇ ਖ਼ੁਸ਼ਬੂਦਾਰ ਚਾਵਲ ਆਦਿ ਚੀਜ਼ਾਂ ਪਲੇਟਾਂ ਵਿੱਚ ਪਾ ਕੇ ਕਾਹਲੀ ਕਾਹਲੀ ਲੈ ਆਉਂਦੇ ਤੇ ਮਿੰਨਤ ਵਾਂਗ ਆਖਦੇ: ਜ਼ਰੂਰ ਕੁਝ ਨਾ ਕੁਝ ਖਾ ਲਓ। ਉਨ੍ਹਾਂ ਨੂੰ ਦੇਖ ਕੇ ਇਉਂ ਲੱਗਦਾ ਸੀ ਜਿਵੇਂ ਅਸੀਂ ਉਨ੍ਹਾਂ ਨੂੰ ਮਸਾਂ ਮਿਲੇ ਸੀ।
ਜਿਸ ਦਿਨ ਅਸੀਂ ਵਾਪਸ ਆਉਣਾ ਸੀ ਗੱਡੀ ਚੜ੍ਹਾਉਣ ਆਏ ਲੋਕਾਂ ਦੀ ਬੇਸ਼ੁਮਾਰ ਭੀੜ ਸੀ। ਫੇਰ ਆਉਣ ਲਈ ਤਾਕੀਦਾਂ ਕਰ ਰਹੇ ਸਨ। ਕਈ ਤਾਂ ਹੌਲੀ ਤੁਰਦੀ ਗੱਡੀ ਦੇ ਨਾਲ ਹੱਥ ਹਿਲਾਉਂਦੇ ਭੱਜੇ ਆ ਰਹੇ ਸਨ।
ਇੱਕ ਨੌਜਵਾਨ, ਜੋ ਹਰਜਿੰਦਰ ਕੋਲ ਬੈਠਾ ਸੀ, ਗੱਡੀ ਚੱਲਣ ਵੇਲੇ ਨਾ ਉੱਠਿਆ, ਨਾ ਗੱਡੀ ਵਿੱਚੋਂ ਉਤਰਿਆ। ਉਹ ਬਹੁਤ ਉਦਾਸ ਸੀ, ‘‘ਉਤਰਨਾ ਨਹੀਂ?” ਹਰਜਿੰਦਰ ਨੇ ਹੱਸ ਕੇ ਪੁੱਛਿਆ।
‘‘ਮੈਂ ਇਸੇ ਗੱਡੀ ਵਿੱਚ ਬੈਠਾ ਇਉਂ ਹੀ ਮੁੜ ਆਵਾਂਗਾ। ਇਉਂ ਮੈਂ ਉਧਰਲੀ ਧਰਤੀ ਨੂੰ ਗੱਡੀ ਵਿੱਚ ਬੈਠਾ ਹੀ ਨੇੜਿਓਂ ਹੀ ਤੱਕ ਲਵਾਂਗਾ,” ਉਸ ਨੇ ਕਿਹਾ।
ਤੌਸੀਫ਼ ਕਈ ਵਰ੍ਹੇ ਹੋਏ ਇਹ ਦੁਨੀਆਂ ਛੱਡ ਕੇ ਜਾ ਚੁੱਕੀ ਹੈ। ਮੈਂ ਹੁਣ ਵੀ ਕਈ ਵਾਰੀ ਦੋਵਾਂ ਪੰਜਾਬਾਂ ਦੇ ਲੋਕਾਂ ਦਾ ਇੱਕ ਦੂਜੇ ਲਈ ਮੋਹ ਦੇਖ ਕੇ ਹੈਰਾਨ ਹੁੰਦੀ ਹਾਂ ਕਿ ਕਿਵੇਂ ਵੰਡ ਵੇਲੇ ਇਹ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਕਈ ਵਰ੍ਹੇ ਲੰਘ ਜਾਣ ਮਗਰੋਂ ਦੋਵਾਂ ਪਾਸਿਆਂ ਦੇ ਸਿਆਸਤਦਾਨਾਂ ਨੇ ਕਸ਼ਮੀਰ ਦਾ ਮੁੱਦਾ ਖੜ੍ਹਾ ਕਰਕੇ ਇੱਕ ਦੂਜੇ ਨੂੰ ਦੁਸ਼ਮਣ ਬਣਾਉਣ ਦਾ ਕਾਰਜ ਆਰੰਭਿਆ ਹੋਇਆ ਹੈ। ਵੰਡ ਵਾਲੀ ਲਕੀਰ ਉੱਪਰ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਹਨ ਤੇ ਫ਼ੌਜ ਦੇ ਪਹਿਰੇ ਲਗਾ ਦਿੱਤੇ ਹਨ। ਫੇਰ ਵੀ ਵੇਲੇ-ਕੁਵੇਲੇ ਪਰਲੇ ਪਾਰ ਦੀ ਕੋਈ ਗੋਲੀ ਇਧਰਲੇ ਕਿਸੇ ਫ਼ੌਜੀ ਨੂੰ ਢੇਰ ਕਰ ਦਿੰਦੀ ਹੈ ਤਾਂ ਰਾਜਸੀ ਪਾਰਟੀਆਂ ਦੇ ਹਮਾਇਤੀ, ਅਖ਼ਬਾਰ ਅਤੇ ਟੀ.ਵੀ. ਚੈਨਲ ਉਸ ਮਰੇ ਬੰਦੇ ਦੇ ਰੋਂਦੇ ਕੁਰਲਾਉਂਦੇ ਪਰਿਵਾਰ, ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਤੇ ਰੋਹ ’ਚ ਆਏ ਲੋਕਾਂ ਦੇ ਪਾਕਿਸਤਾਨ ਵਿਰੁੱਧ ਨਾਅਰੇ ਦਿਖਾ ਕੇ ਪਾਕਿਸਤਾਨ ਵਿਰੁੱਧ ਨਫ਼ਰਤ ਪੈਦਾ ਕਰਦੇ ਹਨ। ਇਸੇ ਤਰ੍ਹਾਂ ਇਧਰਲੀ ਗੋਲੀ ਨਾਲ ਜਦੋਂ ਕੋਈ ਉਧਰਲਾ ਮਰਦਾ ਹੈ ਤਾਂ ਉਹ ਲੋਕ ਵੀ ਭਾਰਤ ਵਿਰੁੱਧ ਨਾਅਰੇ ਲਾਉਂਦੇ ਹਨ ਤੇ ਨਫ਼ਰਤਾਂ ਉਗਲਦੇ ਹਨ।
ਇਹ ਨਫ਼ਰਤਾਂ ਹੌਲੀ-ਹੌਲੀ ਵਧਦੀਆਂ ਜਾ ਰਹੀਆਂ ਹਨ। ਵਿਦੇਸ਼ੀ ਲੋਕ ਜਿਨ੍ਹਾਂ ਨੂੰ ਇਨ੍ਹਾਂ ਨਫ਼ਰਤਾਂ ਵਿੱਚ ਜੰਗ-ਯੁੱਧ ਦੀ ਸੰਭਾਵਨਾ ਦਿਸਦੀ ਹੈ, ਜੰਗ ਯੁੱਧ ਵਿੱਚ ਆਪਣਾ ਫ਼ਾਇਦਾ ਤੇ ਨਫ਼ਾ ਦੇਖ ਕੇ ਕਦੇ ਇੱਕ ਪਾਸੇ ਤੇ ਕਦੇ ਦੂਜੇ ਪਾਸੇ ਦਾ ਪੱਖ ਪੂਰ ਕੇ ਦੋਵਾਂ ਦੇਸ਼ਾਂ ਨੂੰ ਲੜਨ ਲਈ ਹੋਰ ਉਕਸਾਉਂਦੇ ਤੇ ਬੇਵਕੂਫ਼ ਬਣਾਉਂਦੇ ਹਨ।
ਮੈਂ ਇਸ ਗੱਲ ਦੇ ਸਖ਼ਤ ਖ਼ਿਲਾਫ਼ ਹਾਂ ਕਿ ਰੋਟੀ ਰੋਜ਼ੀ ਲਈ ਫ਼ੌਜ ’ਚ ਭਰਤੀ ਹੋਏ ਬੇਲੋੜੀ ਮੌਤ ਮਰੇ ਨੂੰ ਸ਼ਹੀਦ ਆਖ ਕੇ ਹੋਰ ਲੋਕਾਂ ਨੂੰ ਵੀ ਇਸ ਰਾਹ ਉੱਤੇ ਤੁਰਨ ਲਈ ਉਕਸਾਇਆ ਜਾਂਦਾ ਹੈ। ਇਸ ਤਰ੍ਹਾਂ ਪਾਕਿਸਤਾਨ ਵਿੱਚ ਵੀ ਜੰਗਾਂ-ਯੁੱਧਾਂ ਵਿੱਚ ਮਾਰੇ ਗਏ ਲੋਕਾਂ ਨੂੰ ਜੰਨਤ ਦੇ ਲਾਰੇ ਲਾ ਕੇ ਇਸ ਜੀਵਨ ਨੂੰ ਭੁੱਲ ਕੇ ਹਕੂਮਤਾਂ ਦੇ ਮੋਹਰੇ ਬਣ ਕੇ ਜਾਨਾਂ ਗੁਆਉਣ ਲਈ ਪ੍ਰੇਰਿਆ ਜਾਂਦਾ ਹੈ।
ਇਹ ਸਾਰਾ ਕੁਝ ਸਾਡੀਆਂ ਅੱਖਾਂ ਅੱਗੇ ਵਾਪਰ ਰਿਹਾ ਹੈ। ਫਿਰ ਵੀ ਅਸੀਂ ਅਸਲੀਅਤ ਨੂੰ ਨਹੀਂ ਸਮਝਦੇ। ਸ਼ਹੀਦ ਉਹ ਹੁੰਦਾ ਹੈ ਜਿਹੜਾ ਕਿਸੇ ਰੱਬੀ ਕੰਮ ਲਈ ਰੱਬ ਦੇ ਬੰਦਿਆਂ ਦੇ ਹਿੱਤ ਲਈ ਸਭ ਕੁਝ ਜਾਣਦਿਆਂ ਬੁੱਝਦਿਆਂ ਖ਼ਤਰੇ ਵਾਲਾ ਰਾਹ ਚੁਣਦਾ ਹੈ ਤੇ ਫੇਰ ਮਾਰਿਆ ਜਾਂਦਾ ਹੈ। ਫ਼ੌਜ ਅਤੇ ਪੁਲੀਸ ਦਾ ਬੰਦਾ ਕਿਸੇ ਨੂੰ ਮਾਰਦਾ ਹੈ ਜਾਂ ਕਿਸੇ ਤੋਂ ਮਾਰਿਆ ਜਾਂਦਾ ਹੈ, ਇਹ ਉਸੇ ਤਰ੍ਹਾਂ ਹੈ ਜਿਵੇਂ ਦੋ ਭਰਾ ਲੜ ਪੈਣ; ਤੇ ਲੜਾਈ ਦਾ ਕਾਰਨ ਜ਼ਰ, ਜੋਰੂ ਤੇ ਜ਼ਮੀਨ ਕੁਝ ਵੀ ਹੋ ਸਕਦਾ ਹੈ; ਲੜਦਿਆਂ ਜਿਹੜਾ ਮਰ ਜਾਂਦਾ ਹੈ ਉਸ ਨੂੰ ਅਸੀਂ ਸ਼ਹੀਦ ਨਹੀਂ ਆਖ ਸਕਦੇ। ਠੀਕ ਹੈ, ਉਸ ਦੀ ਮੌਤ ਘਰਦਿਆਂ, ਮਿੱਤਰਾਂ, ਦੇਸ਼ ਲਈ ਘਾਟਾ ਜ਼ਰੂਰ ਹੁੰਦਾ ਹੈ, ਪਰ ਉਸ ਨੂੰ ਈਦ ’ਤੇ ਵੱਢੇ ਜਾਂਦੇ ਬੱਕਰੇ ਵਾਂਗ ਅਸੀਂ ਸ਼ਹੀਦ ਹੋਇਆ ਨਹੀਂ ਆਖ ਸਕਦੇ।’’
ਇਹ ਤਾਂ ਚਲਾਕ ਧਿਰਾਂ ਸਾਨੂੰ ਵਡਿਆ ਕੇ ਮਰਨ-ਮਾਰਨ ਲਈ ਤਿਆਰ ਕਰਦੀਆਂ ਹਨ।
ਨਾ ਲੜਾਈ ਪਰਲੇ ਪਾਸੇ ਦੇ ਪੰਜਾਬੀ ਲੋਕ ਚਾਹੁੰਦੇ ਹਨ ਤੇ ਨਾ ਹੀ ਉਰਲੇ ਪਾਸੇ ਦੇ ਪੰਜਾਬੀ ਚਾਹੁੰਦੇ ਹਨ, ਫ਼ੌਜੀ ਸਿਰਫ਼ ਕੁਰਬਾਨੀ ਦੇ ਬੱਕਰੇ ਬਣਦੇ ਹਨ। ਮੇਰੀ ਇਹ ਗੱਲ ਦੇਸ਼ਧਰੋਹ ਦੀ ਗੱਲ ਨਹੀਂ। ਦੇਸ਼ ਨੇ ਕਿਧਰੇ ਚਲਿਆ ਨਹੀਂ ਜਾਣਾ, ਇੱਥੇ ਹੀ ਰਹੇਗਾ। ਇਹ ਉਨ੍ਹਾਂ ਬਾਰੇ ਹੈ ਜਿਹੜੇ ਇਸ ਸਭ ਤੋਂ ਬੇਖ਼ਬਰ ਹੀ ਮਾਰੇ ਜਾਂਦੇ ਹਨ।
(ਤੰਦਾਂ ਮੋਹ ਦੀਆਂ-ਡਾ. ਦਲੀਪ ਕੌਰ ਟਿਵਾਣਾ)
576
previous post