792
ਨਿੱਕੀ ਜਿਹੀ ਨੂੰ ਜਨਮ ਦਿੰਦਿਆਂ ਹੀ ਉਸਦੀ ਮਾਂ ਚੱਲ ਵੱਸੀ
ਨਾਲਦੀ ਦੀ ਮੌਤ ਦੀ ਜੁੰਮੇਵਾਰ ਮੰਨਦਿਆਂ ਉਸਨੇ ਉਸਨੂੰ ਹੱਥ ਤਾਂ ਕੀ ਲਾਉਣਾ ਸੀ..ਇੱਕ ਵਾਰ ਤੱਕਿਆ ਤੱਕ ਨਹੀਂ…ਇਥੋਂ ਤੱਕ ਕੇ ਉਸਦਾ ਕੋਮਲ ਜਿਹਾ ਸਰੀਰ..ਨਾਜ਼ੁਕ ਜਿਹੀਆਂ ਉਂਗਲੀਆਂ…ਜੁਗਨੂੰਆਂ ਵਾਂਙ ਜੱਗਦੀਆਂ ਹੋਈਆਂ ਅੱਖਾਂ ਅਤੇ ਮਾਸੂਮ ਜਿਹਾ ਵਜੂਦ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਘਲਾ ਸਕਿਆ!
ਦੋ ਚਾਰ ਮਹੀਨੇ ਰਿਸ਼ਤੇਦਾਰਾਂ ਨੇ ਸਾਂਭ ਲਿਆ ਪਰ ਫੇਰ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਉਹ ਸਾਰੇ ਉਸਨੂੰ ਵਾਪਿਸ ਉਸਦੀ ਝੋਲੀ ਵਿਚ ਪਾ ਦੁਨੀਆਦਾਰੀ ਦੇ ਸਮੁੰਦਰ ਵਿਚ ਕਿਧਰੇ ਗੁਆਚ ਗਏ!
ਹੁਣ ਚਾਰ ਮਹੀਨੇ ਦੀ ਨਿੱਕੀ ਜਿਹੀ ਦਾ ਭੁੱਖ ਨਾਲ ਰੋ ਰੋ ਬੁਰਾ ਹਾਲ ਸੀ..
ਉਸਦੇ ਰੋਣੇ ਤੋਂ ਤੰਗ ਆਇਆ ਉਹ ਇਕ ਵਾਰ ਤਾਂ ਸੋਚਣ ਲੱਗਾ ਕੇ ਉਹ ਉਸਨੂੰ ਕੱਸ ਕੇ ਚਪੇੜ ਮਾਰ ਚੁੱਪ ਕਰਵਾ ਦੇਵੇ…ਪਰ ਪਤਾ ਨੀ ਫੇਰ ਕੀ ਆਇਆ ਦਿਲ ਵਿਚ..ਰਸੋਈ ਵਿਚੋਂ ਕੋਸੇ ਕੋਸੇ ਦੁੱਧ ਦੀ ਬੋਤਲ ਲਿਆ ਉਸਦੇ ਮੂੰਹ ਨੂੰ ਲਾ ਦਿੱਤੀ ਤੇ ਬੱਚੀ ਚੁੱਪ ਕਰ ਗਈ
ਹੁਣ ਉਹ ਉਸਦੀ ਗੋਦੀ ਵਿਚ ਲੰਮੀ ਪੈ ਇੰਝ ਦੁੱਧ ਪੀ ਰਹੀ ਸੀ ਜਿੱਦਾਂ ਜਨਮ ਜਨਮ ਦੀ ਭੁੱਖੀ ਹੋਵੇ…ਉਸਦੇ ਹੱਥ ਜਦੋਂ ਨਿੱਕੀ ਜਿਹੀ ਦੇ ਕੋਮਲ ਅੰਗਾਂ ਨੂੰ ਲੱਗੇ ਤਾਂ ਉਹ ਤ੍ਰਭਕ ਉਠਿਆ..ਉਸਦੇ ਲੂ-ਕੰਢੇ ਖੜੇ ਹੋ ਗਏ…ਨਾਲ ਹੀ ਬੋਤਲ ਵਿਚੋਂ ਦੁੱਧ ਚੁੰਘਦੀ ਹੋਈ ਇੱਕ ਅਜੀਬ ਤਰਾਂ ਦੀ ਅਵਾਜ ਕੱਢ ਰਹੀ ਸੀ..ਉਸਦਾ ਹਾਸਾ ਨਿੱਕਲ ਗਿਆ
ਉਹ ਤੇਰੀ ਇਹ ਕੇ…ਨਾਲ ਹੀ ਨੈਪਕਿੰਗ ਗਿੱਲਾ ਹੋ ਗਿਆ..ਹੁਣ ਉਸਨੂੰ ਇੱਕ ਵਾਰ ਫੇਰ ਗੁੱਸਾ ਚੜ੍ਹ ਗਿਆ
ਪਰ ਫੇਰ ਪਤਾ ਨੀ ਕੀ ਹੋਇਆ…ਓਸੇ ਵੇਲੇ ਕੱਪੜਾ ਗਿੱਲਾ ਕਰ ਉਸਨੂੰ ਸਾਫ ਜਿਹਾ ਕਰਨ ਲੱਗ ਪਿਆ
ਫੇਰ ਜਦੋਂ ਉਸਨੇ ਨਿੱਕੀ ਜਿਹੀ ਨੂੰ ਤਲੀ ਤੇ ਟਿਕਾ ਕੋਸੇ ਪਾਣੀ ਦੀ ਧਾਰ ਹੇਠ ਕੀਤਾ ਤਾਂ ਉਹ ਸੁੰਗੜ ਜਿਹੀ ਗਈ…ਨਾਲ ਹੀ ਉਸਨੇ ਉਸਦੀ ਉਂਗਲ ਘੁੱਟ ਕੇ ਫੜ ਲਈ…
ਫੇਰ ਜਦੋਂ ਉਸਨੂੰ ਟੱਬ ਦੇ ਪਾਣੀ ਵਿਚ ਰੱਖੇ ਨਿੱਕੀ ਜਿਹੇ ਸਟੈਂਡ ਦੇ ਟਿਕਾਇਆ ਤਾਂ ਉਹ ਦੂਜੇ ਪਾਸੇ ਵੱਲ ਨੂੰ ਲੁੜਕ ਗਈ..ਫੇਰ ਸਿੱਧੀ ਕੀਤਾ ਤਾਂ ਦੂਜੇ ਪਾਸੇ..ਉਸਨੂੰ ਲੱਗਾ ਜਿਦਾਂ ਜਾਣ ਬੁਝ ਕੇ ਸਤਾ ਰਹੀ ਹੋਵੇ….
ਪਰ ਹੁਣ ਉਹ ਰੋ ਨਹੀਂ ਸੀ ਰਹੀ ਸਗੋਂ ਪਵਣੁ ਗੁਰੂ ਪਾਣੀ ਪਿਤਾ ਅਤੇ ਬਾਪ ਦੇ ਹੱਥਾਂ ਦੀ ਛੋਹ..ਦੋਵੇਂ ਉਸਨੂੰ ਕਿਸੇ ਅਨੰਦਮਈ ਅਵਸਥਾ ਵਿਚ ਲੈ ਗਈਆਂ ਸਨ…!
ਫੇਰ ਨਿੱਕੀ ਜਿਹੀ ਨੇ ਨਿੱਕੀਆਂ ਬਾਹਾਂ ਫੈਲਾ ਕੇ ਇੱਕ ਆਕੜ ਲਈ ਤੇ ਨਾਲ ਹੀ ਉਸ ਵੱਲ ਮੂੰਹ ਕਰ ਬੰਦ ਅੱਖਾਂ ਨਾਲ ਇੱਕ ਮਿੱਠੀ ਜਿਹੀ ਮੁਸਕੁਰਾਹਟ ਬਖੇਰ ਦਿੱਤੀ..ਸ਼ਾਇਦ ਕਿਸੇ ਚੀਜ ਦਾ ਧੰਨਵਾਦ ਕਰ ਰਹੀ ਸੀ
ਉਸਨੇ ਉਸਦੀਆਂ ਬੰਦ ਅੱਖਾਂ ਦੁਆਲੇ ਸਾਬਣ ਮਲਿਆ ਅਤੇ ਬਾਕੀ ਸਰੀਰ ਤੇ ਬੜੇ ਹੀ ਧਿਆਨ ਨਾਲ ਸ਼ੈਮਪੂ ਲਗਾ ਉਸਨੂੰ ਫੇਰ ਕੋਸੇ ਪਾਣੀ ਵਿਚ ਡੋਬ ਦਿਤਾ
ਫੇਰ ਉਸਦਾ ਪਿੰਡਾਂ ਪੂੰਝ ਬੜੇ ਹੀ ਧਿਆਨ ਨਾਲ ਨਰਮ ਜਿਹੇ ਤੌਲੀਏ ਵਿਚ ਲਪੇਟ ਸੀਨੇ ਨਾਲ ਲਾਈ ਜਦੋਂ ਉਸਨੂੰ ਸੌਣ ਵਾਲੇ ਕਮਰੇ ਵਿਚ ਲਿਆ ਰਿਹਾ ਸੀ ਤਾਂ ਬੱਚੀ ਨੇ ਉਸ ਵੱਲ ਦੇਖ ਬੜੇ ਹੀ ਪਿਆਰ ਨਾਲ ਇੱਕ ਕਿਲਕਾਰੀ ਜਿਹੀ ਮਾਰੀ..
ਹੁਣ ਤੇ ਬਸ ਉਸਤੋਂ ਨਾ ਹੀ ਰਿਹਾ ਤੇ ਉਹ ਉਸਨੂੰ ਓਸੇ ਤਰਾਂ ਤੌਲੀਏ ਵਿਚ ਲਪੇਟੀ ਹੋਈ ਨੂੰ ਲੈ ਬਾਹਰ ਗਲੀ ਵੱਲ ਨੂੰ ਦੌੜ ਪਿਆ
ਬਾਹਰ ਆਉਦਿਆਂ ਹੀ ਉੱਚੀ ਸਾਰੀ ਹੋਕਾ ਦੇ ਕੇ ਆਖਣ ਲੱਗਾ “ਬੀ ਕੋਈ ਸੁਣਦਾ ਏ..ਆ ਦੇਖੋ ਇਸਨੇ ਹੁਣੇ-ਹੁਣੇ ਮੈਨੂੰ ਪਾਪਾ ਆਖਿਆ”
(ਪੰਜਾਬੀ ਅਨੁਵਾਦ)
ਹਰਪ੍ਰੀਤ ਸਿੰਘ ਜਵੰਦਾ