ਸਮਾਨ

by admin

ਕਿਸੇ ਸਮੇਂ ਜੰਟੀ ਪਿੰਡ ਦਾ ਿੲੱਕ ਸਧਾਰਨ ਜਿਹਾ ਬੰਦਾ ਹੁੰਦਾ ਸੀ। ੳੁਸ ਦਾ ਨਾਂ ਤਾਂ ਗੁਰਜੰਟ ਸਿੰਘ ਸੀ ਪਰ ਪਿੰਡ ਵਾਲੇ ੳੁਸ ਨੂੰ ਜੰਟੀ ਕਹਿੰਦੇ ਸਨ। ਉਸ ਦੀ ਨਾਲ਼ਦੇ ਸ਼ਹਿਰ ਵਿੱਚ ਫ਼ਲਾਂ ਦੀ ਦੁਕਾਨ ਸੀ। ਉਹਨਾਂ ਦਾ ਸੋਹਣਾ ਰੋਟੀ-ਪਾਣੀ ਚੱਲਦਾ ਸੀ। ਇੱਕ ਦਿਨ ਉਸ ਦੀ ਦੁਕਾਨ ‘ਚ ਦੋ ਬੰਦੇ ਆਏ, ਜੂਸ ਪੀਣ ਦੇ ਬਹਾਨੇ ਉਥੇ ਬੈਠ ਗਏ। ਉਹਨਾਂ ਕੋਲ ਕੱਪੜੇ ਦਾ ਬਣਿਆ ਹੋਇਆ ਇੱਕ ਮੈਲਾ ਜਿਹਾ ਝੋਲਾ ਸੀ। ਉਹ ਕੁੱਝ ਦੇਰ ਉੱਥੇ ਬੈਠੇ ਤੇ ਫਿਰ ਉਹਨਾਂ ਦਾ ਸੈੱਲ ਫੋਨ ਵਜਦਾ ਹੈ। ਫੋਨ ਤੇ ਗੱਲ ਕਰਕੇ, ਉਹ ਗੁਰਜੰਟ ਸਿੰਘ ਕੋਲ ਆਏ, ਕਹਿੰਦੇ, “ਅਸੀਂ ਕਿਸੇ ਰਿਸ਼ਤੇਦਾਰ ਦਾ ਇੰਤਜ਼ਾਰ ਕਰ ਰਹੇ ਸੀ’ ਉਸਨੂੰ ਥੋੜੀ ਦੇਰੀ ਹੋ ਗਈ ਪਰ ਸਾਡੀ ਬਸ ਦਾ ਸਮਾਂ ਹੋ ਗਿਆ ਹੈ, ਕਿਤੇ ਲੰਗ ਹੀ ਨਾ ਜਾਵੇ। ਸਾਨੂੰ ਜਾਣਾ ਪਵੇਗਾ ਪਰ ਜੇ ਤੂੰ ਇਹ ਝੋਲਾ ਕੁਝ ਦੇਰ ਅਪਣੇ ਕੋਲ ਰੱਖ ਲਵੇਂ ਤਾਂ ਬਹੁਤ ਮਿਹਰਬਾਨੀ ਹੋਵੇਗੀ। ਉਹ ਹੁਣੇ ਛੇਤੀ ਆ ਕੇ ਤੇਰੇ ਕੋਲੋਂ ਲੈ ਲਵੇਗਾ।” ਗੁਰਜੰਟ ਸਿੰਘ ਕਹਿੰਦਾ, “ਕੋਈ ਨਾ, ਇਸ ਵਿੱਚ ਮੈਨੂੰ ਕੋਈ ਦਿੱਕਤ ਨਹੀਂ। ਤੁਸੀਂ ਇਥੇ ਰੱਖਦੋ।” ਬੱਸ ਅੱਡੇ ਚ’ ਦੁਕਾਨ ਹੋਣ ਕਰਕੇ ਅਕਸਰ ਕਈ ਲੋਕ ਅਪਣਾ ਬਜ਼ਾਰੋਂ ਖ਼ਰੀਦਿਆ ਸਮਾਨ ਉਸ ਕੋਲ ਰੱਖ ਜਾਂਦੇ ਸਨ।ਉਹਨਾਂ ਗੁਰਜੰਟ ਨੂੰ ਜੂਸ ਦੇ ਬਣਦੇ ਪੈਸਿਆਂ ਤੋਂ ਕੁਝ ਵੱਧ ਪੈਸੇ ਦਿੱਤੇ ਤੇ ਝੋਲ਼ਾ ਫੜਾ ਕੇ ਉਹ ਦੋਵੇਂ ਦੁਕਾਨ ਚੋਂ ਬਾਹਰ ਚਲੇ ਗਏ ਤੇ ਨਾਲ਼ ਹੀ ਫੋਨ ਤੇ ਗੱਲ ਕਰਦੇ ਹੋਏ ਦੁਕਾਨ ਤੋਂ ਥੋੜਾ ਇੱਕ ਪਾਸੇ ਜਾ ਕੇ ਖੜਗੇ। ਪਰ ਉਹਨਾਂ ਦੀ ਅੱਖ ਉਧਰ ਹੀ ਸੀ। ਐਨੇ ਨੂੰ ਇੱਕ ਹੋਰ ਬੰਦਾ ਆਇਆ ਤੇ ਉਹ ਝੋਲ਼ਾ ਲੈ ਗਿਆ।
ਕੁਝ ਦਿਨਾਂ ਬਾਅਦ ਫਿਰ ਉਹ ਦੋਨੋਂ ਅਜ਼ਨਬੀ ਗੁਰਜੰਟ ਦੀ ਦੁਕਾਨ ਤੇ ਆਏ ਤੇ ਜੂਸ ਪੀ ਕੇ ਉਸ ਨੂੰ ਇੱਕ ਬੈਗ ਰੱਖਣ ਲਈ ਪੁੱਛਣ ਲੱਗੇ। ਗੁਰਜੰਟ ਨੂੰ ਉਹਨਾਂ ਦੁਅਰਾ ਜੂਸ ਦੇ ਵੱਧ ਦਿੱਤੇ ਪੈਸਿਆਂ ਦੇ ਲ਼ਿਹਾਜ ਨਾਲ਼ ਫਿਰ ਉਹਨਾਂ ਦਾ ਬੈਗ ਫੜ ਲਿਆ। ਉਹ ਜਾਂਦੇ ਹੋਇਆਂ ਨੂੰ ਪਿਛੋਂ ਦੇਖ ਰਿਹਾ ਸੀ ਜਿਵੇਂ ਹੀ ਉਹ ਅੱਖੋਂ ਉਹਲੇ ਹੋਏ ਗੁਰਜੰਟ ਨੇ ਬੈਗ ਵੱਲ ਮੂੰਹ ਘੁੰਮਾਇਆ ਤਾਂ ਇੱਕ ਹੋਰ ਨੋਜਵਾਨ ਖੜਾ, ਬੈਗ ਲੈਣ ਲਈ ਤੇ ਉਹ ਬੈਗ ਲੈ ਗਿਆ। ਪਰ ਇਸ ਵਾਰ ਗੁਰਜੰਟ ਦਾ ਮੱਥਾ ਠਣਕ ਰਿਹਾ ਸੀ ਕਿ ਕੋਈ ਤਾਂ ਗੱਲ ਹੈ। ਦੋ ਕੁ ਦਿਨਾਂ ਬਾਅਦ ਫਿਰ ਉਹਨਾਂ ਚੋਂ ਇੱਕ ਬੰਦਾ ਗੁਰਜੰਟ ਦੀ ਦੁਕਾਨ ਤੇ ਆਇਆ, ਜੂਸ ਪਿਆ ਤੇ ਜੂਸ ਦੇ ਕੁਝ ਵੱਧ ਪੈਸੇ ਦਿੱਤੇ। ਉਸ ਦੇ ਕੁਝ ਬੋਲਣ ਤੋਂ ਪਹਿਲਾਂ ਗੁਰਜੰਟ ਨੇ ਆਪ ਹੀ ਉਸ ਨੂੰ ਪੁੱਛ ਲਿਆ, ” ਕੀ ਗੱਲ ਜੀ, ਅੱਜ ਫਿਰ ਤੁਹਡਾ ਬੰਦਾ ਲੇਟ ਹੋ ਗਿਆ? ਉਹ ਨੇੜੇ ਜੇ ਹੋਕੇ ਕਹਿੰਦਾ,”ਹਾਂ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ।” “ਨਾ ਜੀ ਨਾ ਮੈਨੂੰ ਕਾਹਦਾ ਇਤਰਾਜ਼ । ਮੈਂ ਤਾਂ ਕਹਿੰਦਾ ਕਿ ਤੁਹਾਡਾ ਬੰਦਾ ਹਰ ਰੋਜ਼ ਲੇਟ ਹੋਵੇ”, ਗੁਰਜੰਟ ਮੁਸ਼ਕਰਾਉਂਦਾ ਹੋਇਆ ਉਸ ਨੂੰ ਕਹਿੰਦਾ ਹੈ।
“ਕੀ ਮਤਲ਼ਬ ਤੇਰਾ?” ਗਾਹਕ ਨੇ ਪੁੱਛਿਆ।
“ਮਤਲ਼ਬ ਇਹੋ ਜੀ ਕਿ ਤੁਸੀਂ ਮੇਰੀ ਦੁਕਾਨ ਤੇ ਆਉਂਦੇ ਰਹੋਂ, ਜੂਸ ਪੀਂਦੇ ਰਹੋਂ। ਇਸ ਤਰ੍ਹਾਂ ਮੇਰਾ ਮੁਨਾਫ਼ਾ ਹੋਵੇਗਾ,” ਗੁਰਜੰਟ ਨੇ ਗੱਲ ਟਾਲ਼ਦਿਆਂ ਕਿਹਾ।
“ਮੁਨਾਫ਼ਾ ਤਾਂ ਤੇਰਾ ਹੋਰ ਵੀ ਕਰਾਂ ਸਕਦੇਆਂ ਜੇ ਤੂੰ ਕਹੇਂ”, ਗਾਹਕ ਨੇ ਉਸਨੂੰ ਲਾਲਚ ਦੇਣਾ ਚਾਹਿਆ।
“ਉਹ ਕਿਵੇਂ?” ਗੁਰਜੰਟ ਨੇ ਕਾਹਲ਼ੀ ਨਾਲ਼ ਪੁੱਛਿਆ।
“ਬਸ ਐਵੇਂ ਹੀ, ਤੂੰ ਸਾਨੂੰ ਜੂਸ ਪਿਲਾਉਂਦਾ ਰਹਿ ਤੇ ਅਸੀਂ ਤੇਰੇ ਪੱਕੇ ਗਾਹਕ ਬਣੇ ਰਹਾਂਗੇ”, ਗਾਹਕ ਗੁਰਜੰਟ ਨੂੰ ਅਜਮਾਉਂਣਾ ਚਾਹੁੰਦਾ ਸੀ।
“ਆਹ ਜੀ! ਕੀ ਗੱਲ ਕਰਦੇ ਹੋ? ਤੂਸੀਂ ਅਪਣੀ ਹੀ ਦੁਕਾਨ ਸਮਝੋ, ਜਦੋਂ ਮਰਜੀ ਆਓ।” ਗੁਰਜੰਟ ਨੂੰ ਦਾਲ਼ ਚ’ ਕੁੱਝ ਕਾਲ਼ਾ ਲੱਗ ਰਿਹਾ ਸੀ ਪਰ ਉਸ ਦਾ ਲਾਲਚ ਜਾਗ ਰਿਹਾ ਸੀ ਉਹਨਾਂ ਨੂੰ ਨਾਹ ਨਾ ਕਰ ਸਕਿਆ।
ਇਸ ਤਰ੍ਹਾਂ ਉਹਨਾਂ ਦਾ ਦੁਕਾਨ ਤੇ ਆਉਣਾ ਜਾਣਾ ਆਮ ਹੋ ਗਿਆ।
ਹੁਣ ਨਾ ਗੁਰਜੰਟ ਉਹਨਾਂ ਤੋਂ ਪੇਸੈ ਮੰਗਦਾ ਸੀ ਤੇ ਨਾਹ ਹੀ ਉਹ ਗੁਰਜੰਟ ਨੂੰ ਪੁੱਛਦੇ ਕਿ ਕਿੰਨੇ ਪੇਸੈ ਹੋ ਗਏ , ਉਹ ਕਈ ਦਿਨਾਂ ਬਾਅਦ ਗੁਰਜੰਟ ਨੂੰ ਚੋਖੇ ਪੇਸੈ ਦੇ ਜਾਂਦੇ। ਉਹਨਾਂ ਨੇ ਗੁਰਜੰਟ ਨੂੰ ਪੁਰੀ ਤਰ੍ਹਾਂ ਭਰੋਸੇ ਚ’ ਲੈ ਲਿਆ। ਹੁਣ ਕਈ ਵਾਰ ਗੁਰਜੰਟ ਉਹਨਾਂ ਦਾ ਸਮਾਨ ਅੱਗੇ ਜਾ ਕੇ ਆਪ ਵੀ ਦੇ ਕੇ ਆਉਣ ਲੱਗਿਆ।
ਸਮਾਨ ਫੜ੍ਹਾਉਣ ਦੇ ਵੀ ਉਸ ਨੂੰ ਕਾਫੀ ਪੈਸੇ ਮਿਲ ਜਾਂਦੇ। ਹੋਲੀ ਹੋਲੀ ਉਸਦਾ ਦੁਕਾਨ ਵੱਲ ਧਿਆਨ ਘੱਟਣ ਲੱਗਿਆ। ਹੁਣ ਫਲਾਂ ਦੀ ਦੁਕਾਨ ਘੱਟ ਤੇ ਡਰੱਗ ਸਪਲਾਈ ਦਾ ਅੱਡਾ ਜਿਆਦਾ ਸੀ।
ਗੁਰਜੰਟ ਸੋਖੇ ਪੇਸੈ ਬਣਾਉਣ ਦੇ ਲਾਲਚ ਵੱਸ ਆਕੇ ਡਰੱਗ ਸਪਲਾਈ ਦੇ ਧੰਦੇ ਚ’ ਪੂਰੀ ਤਰ੍ਹਾਂ ਫੱਸ ਚੁੱਕਾ ਸੀ। ਉਹ ਇਨਸਾਨੀਅਤ ਭੁੱਲ ਚੁੱਕਾ ਸੀ। ਉਸ ਨੇ ਇਲਾਕੇ ਵਿੱਚ ਨਸ਼ੇ ਦਾ ਹੜ੍ਹ ਲਿਆਤਾ, ਪਰ ਇਸ ਵਿੱਚ ਰੁੜ੍ਹਦੀ ਹੋਈ ਜਵਾਨੀ ਕਦੇ ਵੀ ਦਿਖਾਈ ਨਾ ਦਿੱਤੀ ਉਸ ਨੂੰ ਤਾਂ ਸਿਰਫ ਹੜ੍ਹ ਵਾਂਗ ਆਉਦਾ ਪੈਸਾ ਹੀ ਪੈਸਾ ਦਿੱਖਦਾ ਸੀ।
ਹੁਣ ੳੁਹ ‘ਸਰਦਾਰ ਗੁਰਜੰਟ ਸਿੰਘ’ ਨਾਂ ਨਾਲ ਪੂਰੇ ਿੲਲਾਕੇ ਵਿੱਚ ਮਸ਼ਹੂਰ ਸੀ। ਪਿੰਡ ਵਾਲਾ ਛੋਟਾ ਜਿਹਾ ਘਰ ਛੱਡ ਕੇ ਖੇਤਾਂ ਵਿੱਚ ਬਹੁਤ ਵੱਡੀ ਕੋਠੀ ਤਾਂ ਬਣਾ ਲੲੀ ਸੀ ਪਰ ਉਸ ਦੇ ਪਰਿਵਰ ਦੀਆਂ ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਰਹਿ ਗਈਆਂ ਸਨ। ੳੁਸ ਨੇ ਅਪਣੀ ਧੀ ਰੂਬੀ ਨੂੰ ਸ਼ੁਰੂ ਤੋਂ ਹੀ ਹੋਸਟਲ ਪਾ ਦਿੱਤਾ ਸੀ ਤਾਂ ਜੋ ੳੁਸ ਤੇ ਉਸਦੇ ਕਾਲ਼ੇ ਧੰਦੇ ਦਾ ਪਰਛਾਵਾਂ ਨਾ ਪੈ ਸਕੇ।

ਇਸ ਵਾਰ ਜਦੋਂ ਰੂਬੀ ਹੋਸਟਲ ਤੋਂ ਛੁੱਟੀਆਂ ਆਈ ਸੀ, ਉਸ ਦੀ ਮਾਂ ਦਾ ਰੋ-ਰੋ ਕੇ ਬੂਰਾ ਹਾਲ ਸੀ। ੳੁਸ ਤੋਂ ਅਪਣੀ ਮਾਂ ਦਾ ਹਾਲ ਦੇਖਿਅਾ ਨਹੀ ਗਿਆ। “ਪੁੱਤ! ਮੈਂ ਤੇਰੇ ਪਾਪਾ ਨੂੰ ਸਮਝਾ ਕੇ ਥੱਕ ਚੁੱਕੀ ਹਾਂ, ਹੁਣ ਹੋਰ ਬਰਦਾਸਤ ਨਹੀਂ ਹੁੰਦਾ ਮੇਥੋਂ।”, ਿੲੱਕ ਵੇਬਸ ਮਾਂ ਧੀ ਕੋਲ਼ ਫਰਿਅਾਦ ਲਾ ਰਹੀ ਸੀ। ਰੂਬੀ ਮਾਂ ਨੂੰ ਗ਼ਲ ਲਾਕੇ, ” ਮਾਂ! ਤੂੰ ਰੋ ਨਾ, ਤੈਨੂੰ ਤਾਂ ਪਤਾ ਤੇਰੇ ਬਿਨ੍ਹਾ ਮੇਰਾ ਕੋੲੀ ਨੀ, ਪਾਪਾ ਤਾਂ ਅਪਣੀ ਹੋਰ ਦੁਨੀਆਂ ਚ’ ਰਹਿੰਦੇ ਨੇ। ੳੁਸ ਨੂੰ ਤਾਂ ਅਪਣੀ ਕੋੲੀ ਫਿਕਰ ਨੀ। ਮੂੰਹ ਮੰਗੇ ਪੈਸੇ ਤਾਂ ਭਾਵੇਂ ਦਿੰਦੇ ਨੇ ਪਰ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਮਾਂ! ਘਬਰਾ ਨਾ , ਹੁਣ ਮੈਂ ਗੱਲ ਕਰਾਂਗੀ ਪਾਪਾ ਨਾਲ਼।
ਿੲੱਕ ਦਿਨ ਸਰਦਾਰ ਗੁਰਜੰਟ ਸਿੰਘ ਦੇ ਖ਼ਾਸ ਬੰਦਾ ਟੋਨੀ ਫੋਨ ਕਰਕੇ ਪੁੱਛਦਾ ਹੈ,”ਸਰਦਾਰ ਜੀ! ਸਮਾਨ ਚਾਹੀਦਾ।”
ਸਰਦਾਰ ਮਜ਼ਾਕੀੲੇ ਲਹਿਜੇ ਚ’ ਟੋਨੀ ਨੂੰ ਪੁੱਛਦਾ,” ਕਿਹੜਾ ਸਮਾਨ? ਚਿੱਟਾ ਸਮਾਨ ਜਾਂ ਕਾਲ਼ਾ?
” ਮਾਲਕੋ! ਚਿੱਟਾ।”,ਟੋਨੀ ਦਬਵੀਂ ਜੀ ਅਵਾਜ਼ ਚ’ ਬੋਲਦਾ।
“ਕੰਜਰਾ! ਚਿੱਟਾ ਕਹਿ ਫਿਰ, ਡਰਦਾ ਕਿਉਂ ਅਾ ? ਪੂਰੇ ੲੇਰੀੲੇ ਚ ਨਾਂ ਚਲਦਾ ਤੇਰੇ ਸਰਦਾਰ ਦਾ।” ਗੁਰਜੰਟ ਸਿੰਘ ਮੁੱਛ ਚਾੜਦਾ ਹੋਇਆ ਬੋਲਦਾ।
“ਸਰਦਾਰ ਜੀ! ਹੁਣੇ ਚਾਹੀਦਾ।”
“ਹੁਣ ਤਾਂ ਅੈਨਾ ਹੈਨੀ ਕੋਲ, ਕੱਲ ਲੈਜੀਂ ਜਿੰਨਾ ਮਰਜੀ।”
ਟੋਨੀ ਕਹਿੰਦਾ, ” ਸਰਦਾਰ ਜੀ ਕੋੲੀ ਕੁੜੀ ਅਾ, ੳੁਸ ਨੂੰ ਅੱਜ ਹੀ ਚਾਹੀਦਾ ਬਲਕਿ ਹੁਣੇ ਚਾਹੀਦਾ।”
“ਅੱਛਾ, ਕੁੜੀ ਅਾ? ਫਿਰ ਤਾਂ ਲੈਜਾ। ਕੰਜਰਾ! ਨਵੇਂ ਨਵੇਂ ਸ਼ਿਕਾਰ ਫ਼ਸਾੲੀ ਜਾਨਾ। ਹਾਹਾਹਾ” ਗੁਰਜੰਟ ਹੱਸਦਾ ਹੋਇਆ ਫੋਨ ਕੱਟ ਦਿੰਦਾ ਤੇ ਫਿਰ ਕੱਲਾ ਹੀ ਬੋਲਦਾ ਹੈ,” ਲੈ ਦੇਖੋ, ਪੜ੍ਹਾੲੀ-ਲਿਖਾੲੀ ਚ’ ਤਾਂ ਸੁਣਦੇ ਸੀ ਕਿ ਕੁੜੀਆਂ ਘੱਟ ਨੀਂ ਮੁੰਡਿਅਾ ਤੋਂ , ਅੱਜਕਲ ਤਾਂ ਇਥੇ ਵੀ ਘੱਟ ਨੀਂ ਬੲੀ।” ੳੁਸ ਨੂੰ ਬਿਲਕੁਲ ਯਾਦ ਚੇਤੇ ਨਹੀਂ ਸੀ ਕਿ ੳੁਹ ਵੀ ਇੱਕ ਧੀ ਦਾ ਬਾਪ ਹੈ। ਬਸ ੳੁਸ ਨੂੰ ਤਾਂ ਸਿਰਫ ਮੋਟੀ ਕਮਾਈ ਦਿਖਦੀ ਸੀ , ਚਾਹੇ ਕਿਸੇ ਦਾ ਪੁੱਤ ਨਸ਼ਾ ਖਾਵੇ ਚਾਹੇ ਕਿਸੇ ਦੀ ਧੀ ਖਾਵੇ। ਇਸੇ ਤਰਾਂ ੳੁਸ ਨੂੰ ਫੋਨ ਆੳੁਂਦੇ ਰਹਿੰਦੇ ਤੇ ੳੁਸ ਦਾ ਸਮਾਨ ਵਿਕਦਾ ਰਹਿੰਦਾ।ਪਤਾ ਨਹੀਂ ੳੁਸਨੇ ਕਿੰਨੇ ਹੀ ਨੌਜਵਾਨ ਨਸ਼ੇ ਤੇ ਲਾਕੇ ੳੁਹਨਾਂ ਦੀਆਂ ਜਿੰਦਗੀਅਾਂ ਬਰਬਾਦ ਕੀਤੀਅਾਂ। ਪਹਿਲਾਂ ਪਹਿਲਾਂ ਤਾਂ ਇਹ ਕਹਿ ਕੇ ੳੁਹ ਅਗਲੇ ਨੂੰ ਮੁਫਤ ਵਿੱਚ ਵੀ ਦੇ ਦਿੰਦਾਂ ਸੀ ਕਿ ਇਹ ਤਾਂ ਇਨਵੈਸਟਮੈਂਟ ਹੈ।
ਫਿਰ ੳੁਸ ਕੁੜੀ ਦਾ ਟੋਨੀ ਨੂੰ ਕੲੀ ਵਾਰ ਫੋਨ ਆਇਆ ਤੇ ਗੁਰਜੰਟ ਸਿੰਘ ਖੁਸ਼ੀ ਖੁਸ਼ੀ ਨਸ਼ਾ ਭੇਜ ਦਿਅਾ ਕਰੇ। ਇੱਕ ਦਿਨ ਹੈਰਾਨ ਹੋ ਕੇ ਟੋਨੀ ਨੂੰ ਪੁਛਿਆ,”ਕੌਣ ਆ ਇਹ ਕੁੜੀ? ਜੋ ਇਨ੍ਹਾਂ ਸਮਾਨ ਲੈਂਦੀ ਆ। ਇਸ ਨੇ ਤਾਂ ਅਪਣਾ ਧੰਦਾ ਹੋਰ ਵਧਾ ਤਾ।”
ਟੋਨੀ ਕਹਿੰਦਾ,” ਸਰਦਾਰ ਜੀ! ਮੈਂ ਤਾਂ ੳੁਸ ਕਦੇ ਦੇਖਿਆ ਨੀ, ੳੁਸ ਨੇ ਅਪਣਾ ਮੂੰਹ ਚੁੰਨੀ ਨਾਲ਼ ਲਕੋਇਆ ਹੁੰਦਾ, ਸ਼ਾਇਦ ਕੁੜੀ ਹੋਣ ਕਰਕੇ ਸਾਹਮਣੇ ਨੀ ਆੳੁਣਾ ਚਾਹੁੰਦੀ। ਮੈਂ ਵੀ ੳੁਸ ਨੂੰ ਕਦੇ ਪੁਛਿਆ ਨੀ। ਆਪਾਂ ਨੂੰ ਕੀ?”
ਹਾਹੋ, ਆਪਾਂ ਨੂੰ ਕੀ, ਜੋ ਮਰਜੀ ਹੋਵੇ ਅਪਣਾ ਤਾਂ ਮਾਲ ਸਪਲਾੲੀ ਹੋਣਾ ਚਾਹੀਦਾ। ਚਲ ਅੈਂ ਕਰੀਂ ਜਦੋਂ ੳੁਸ ਦਾ ਫਿਰ ਫੋਨ ਅਾੳੁ ਤਾਂ ਮੇਰੀ ਗੱਲ ਕਰਾੲੀ । ਚਿਹਰਾ ਨਹੀਂ ਤਾਂ ਅਵਾਜ ਹੀ ਸੁਣ ਲੲੀੲੇ ੳੁਸਦੀ।”,ਗੁਰਜੰਟ ਸਿੰਘ ਮੁਸਕਰਾੳੁਂਦੇ ਹੋਏ ਬੋਲਿਆ ।
ੳੁਹਨਾਂ ਦੇ ਗਲ ਕਰਦੇ ਕਰਦੇ ਹੀ ੳੁਸ ਦਾ ਫੋਨ ਆਗਿਆ।
“ਲਓ ਜੀ ਆਗਿਆ ਫੋਨ, ਤੁਸੀਂ ਹੀ ਚੁਕੋ।”, ਟੋਨੀ ਨੇ ਅਪਣਾ ਮੋਬਾਈਲ ਫ਼ੋਨ ਗੁਰਜੰਟ ਸਿੰਘ ਨੂੰ ਫੜ੍ਹਾੳੁਂਦੇ ਹੋੲੇ ਕਿਹਾ।
ਹੈਲੋ! ਗੁਰਜੰਟ ਨੇ ਫੋਨ ਤੇ ਕਿਹਾ।
ਅਗੋਂ ਥੋੜੀ ਰੁਕ ਕੇ ੳੁਦਾਸ ਜਿਹੀ ਅਵਾਜ਼ ਆੲੀ,” ਹੈਲੋ!
ਗੁਰਜੰਟ ਸਿੰਘ ਇੱਕ ਪਲ ਲਈ ਰੁਕ ਕੇ ਅਵਾਜ ਨੂੰ ਪਛਾਣਨ ਦੀ ਕੋਸ਼ਿਸ ਕਰਦਾ ਤੇ ਪੁੱਛਦਾ, “ਹਾਂਜੀ !ਕੌਣ?
ਅੱਗੋਂ ਅਵਾਜ਼ ਆਉਂਦੀ ਹੈ, “ਜੀ ਮੈਂ ਰੂਬੀ, ਮੈਨੂੰ ਸਮਾਨ ਚਾਹੀਦਾ।
ਪਹਿਲਾਂ ਹੈਲੋ ਸੁਣਕੇ ਤਾਂ ਉਹ ਸਹਿਮ ਜੇ ਗਿਆ ਸੀ ਪਰ ਹੁਣ ਨਾਮ ਸੁਣ ਕੇ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲਗੀ। ਉਹ ਐਨਾ ਘਬਰਾ ਗਿਆ ਕਿ ਉਹ ਅੱਗੇ ਕੁੱਝ ਬੋਲ ਹੀ ਨਾ ਸਕਿਆ ਤੇ ਫੋਨ ਕਟਦਾ ਹੈ।
ਟੋਨੀ ਮਸ਼ਕਰੀ ਕਰਦਾ ਹੈ,”ਕਿਵੇਂ ਲੱਗੀ ਅਵਾਜ਼? ਸਰਦਾਰ ਜੀ!,”
ਗੁਰਜੰਟ ਸਿੰਘ ਟੋਨੀ ਦੇ ਮੂੰਹ ਤੇ ਇੱਕ ਜੋਰ ਦੀ ਥੱਪੜ ਮਾਰਦਾ ਤੇ ਗੁੱਸੇ ‘ਚ ਅੱਗ ਬਬੂਲਾ ਹੋ ਜਾਂਦਾ ਹੈ। ਬਹੁਤ ਕਾਹਲ਼ੀ ਕਾਹਲ਼ੀ ਕੋਠੀ ‘ਚ ਆਉਂਦਾ ਹੈ ਤੇ “ਰੂਬੀ… ਰੂਬੀ…” ਪੁਕਾਰਦਾ। ਰੂਬੀ ਦੀ ਮਾਂ ਨੇ ਪੁੱਛਿਆ, “ ਕੀ ਹੋਇਆ? ਸਰਦਾਰ ਜੀ ! ਤੂਸੀਂ ਐਨਾ ਕਿਉਂ ਘਬਰਾਏ ਹੋਏ ਓ ?” ਉਹ ਕੋਈ ਜਵਾਬ ਨਹੀਂ ਦਿੰਦਾ ਸਿੱਧਾ ਰੂਬੀ ਦੇ ਕਮਰੇ ‘ਚ ਜਾਂਦਾ। ਉੱਥੇ ਰੂਬੀ ਨੂੰ ਦੇਖਕੇ ਉਸਦੇ ਸਾਂਹ ਚ’ ਸਾਂਹ ਆਉਂਦਾ ਹੈ, ਉਹ ਲੰਬਾ ਸਾਂਹ ਲੈਂਦਾ ਹੈ ਤੇ ਮੁਸ਼ਕਰਾਉੰਦਾ ਹੈ। ਕਹਿੰਦਾ, “ ਸ਼ੁਕਰ ਹੈ ਮੇਰੀ ਧੀ ਇੱਥੇ ਹੈ।”
ਰੂਬੀ ਪਹਿਲਾਂ ਕੁਝ ਪਲ ਚੁੱਪ-ਚਾਪ ਦੇਖਦੀ ਰਹੀ ਫਿਰ ਉਸ ਨੇ ਚੁੱਪ ਤੋੜੀ, “ਪਾਪਾ! ਕੀ ਗੱਲ? ਉਹ ਰੂਬੀ ਨਹੀਂ ਕਿਸੇ ਦੀ ਧੀ?”
ਗੁਰਜੰਟ ਸਿੰਘ ਫਿਰ ਘਬਰਾਹ ਜਾਂਦਾ ਹੈ। ਕਹਿੰਦਾ, “ਰੂਬੀ?
“ਹਾਂ ਪਾਪਾ ਉਹ ਫ਼ੋਨ ਮੈਂ ਹੀ ਕੀਤਾ ਸੀ।” ਰੂਬੀ ਨੇ ਸਪਸ਼ਟ ਕੀਤਾ।
ਗੁਰਜੰਟ ਦੀ ਹਾਲਤ ਹੁਣ ਤਰਸਯੋਗ ਸੀ। ਉਹ ਸ਼ਰਮਸਾਰ ਹੁੰਦਾ ਹੈ ਤੇ ਪਛਤਾਉਂਦਾ ਹੈ। ਰੋਂਦਾਂ ਹੋਇਆ ਪੁੱਛਦਾ, “ ਰੂਬੀ ਧੀਏ? ਤੂੰ ਇਹ ਕੀ ਕੀਤਾ?
ਪਾਪਾ! ਇਹ ਤਾਂ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਇਹ ਤੂਸੀਂ ਕੀ ਕਰ ਰਹੇ ਓ?
ਗੁਰਜੰਟ ਦੀ ਹਾਲਤ ਪਾਗਲਾਂ ਵਰਗੀ ਹੋ ਜਾਂਦੀ ਹੈ, “ ਨਹੀਂ, ਰੂਬੀ! ਤੂੰ ਇਹ ਨਹੀਂ ਕਰ ਸਕਦੀ। ਨਹੀਂ, ਮੇਰੀ ਧੀ ਕੋਈ ਨਸ਼ਾ ਨਹੀੰ ਕਰ ਸਕਦੀ।
ਪਾਪਾ! ਜੇ ਤੁਹਾਡੀ ਧੀ ਨਸ਼ਾ ਨਹੀਂ ਕਰ ਸਕਦੀ ਤਾਂ ਕਿਸੇ ਹੋਰ ਦੇ ਧੀ ਪੁੱਤ ਕਿਉਂ ਕਰਨ?
ਗੁਰਜੰਟ ਅਪਣੇ ਆਪ ਨੂੰ ਪਿੱਟ ਰਿਹਾ ਸੀ। “ਧੀਏ! ਮੈਂ ਤੇਰਾ ਕਸੂਰਵਾਰ ਹਾਂ, ਮੈਂਨੂੰ ਜਿਉਂਣ ਦਾ ਕੋਈ ਹੱਕ ਨਹੀਂ।”
ਇਸ ਤੋਂ ਪਹਿਲਾਂ ਕਿ ਉਹ ਅਪਣੇ ਆਪ ਨੂੰ ਕੁੱਝ ਕਰਦਾ, ਰੂਬੀ ਨੇ ਅਲਮਾਰੀ ਚੋਂ ਇੱਕ ਬੈਗ ਕੱਢਿਆ ਤੇ ਗੁਰਜੰਟ ਦੇ ਅੱਗੇ ਰੱਖ ਦਿੱਤਾ। ਉਹ ਕਾਹਲ਼ੀ ਨਾਲ਼ ਬੈਗ ਖੋਲਦਾ। ਉਸ ਦੀਆਂ ਅੱਖਾਂ ਅੱਡੀਆਂ ਰਹਿ ਜਾੰਦੀਆਂ ਉਹ ਦੇਖਦਾ ਕਿ ਬੈਗ ਚ’ ਕਿੰਨੇ ਹੀ ਚਿੱਟੇ ਦੇ ਪੈੱਕਟ ਹਨ।
ਰੂਬੀ ਨੇ ਕਿਹਾ, “ ਪਾਪਾ! ਚੰਗੀ ਤਰ੍ਹਾਂ ਗਿਣ ਲਓ ਕਿ ਪੂਰੇ ਨੇ।”
ਗੁਰਜੰਟ ਹੈਰਾਨੀ ਨਾਲ਼ ਰੂਬੀ ਵੱਲ ਦੇਖਦਾ ਹੈ। ਉਸਦੀ ਹਾਲਤ ਹਜੇ ਵੀ ਖ਼ਰਾਬ ਸੀ।
ਰੂਬੀ ਉਸ ਨੂੰ ਦੱਸਦੀ ਹੈ, “ ਹਾਂ, ਪਾਪਾ! ਇਹ ਜੋ ਨਸ਼ਾ ਤੂਸੀਂ ਖ਼ੁਦ ਸਪਲਾਈ ਕਰ ਰਹੇ ਸੀ, ਉਹ ਤੁਹਾਡੇ ਹੀ ਘਰ ਆ ਰਿਹਾ ਸੀ। ਪਰ ਪਾਪਾ! ਸੰਭਲ਼ ਜਾਓ। ਇਹ ਸਾਰਾ ਪੂਰਾ ਹੈ ਜੋ ਤੂਹਡੇ ਤੋਂ ਖ਼ਰੀਦਿਆ ਸੀ, ਕਿਉਂਕਿ ਇਹ ਮੈਂ ਨਸ਼ਾ ਕਰਨ ਵਾਸਤੇ ਨਹੀਂ ਖ਼ਰੀਦਿਆ ਸੀ ਬਲਕਿ ਮੈਂ ਤਾਂ ਤੁਹਾਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੀ ਸੀ ਕਿ ਹਰ ਮਾਂ- ਬਾਪ ਨੂੰ ਕਿੰਨਾ ਦੁੱਖ ਹੁੰਦਾ, ਜਿੰਨ੍ਹਾ ਦੀ ਔਲ਼ਾਦ ਨਸ਼ੇ ਵਿੱਚ ਡੁੱਬ ਜਾਂਦੀ ਆ। ਤੁਹਾਡੀ ਤਰ੍ਹਾਂ ਕੋਈ ਵੀ ਮਾਂ -ਬਾਪ ਇਹ ਨਹੀਂ ਚਾਹੁੰਦਾ ਕਿ ਉਹਨਾਂ ਦੀ ਔਲ਼ਾਦ ਨਸ਼ੇ ਵਿੱਚ ਬਰਬਾਦ ਹੋਵੇ।”
ਗੁਰਜੰਟ ਦੋਵੇਂ ਹੱਥ ਜੋੜਕੇ ਮਿੰਨਤ ਕਰਦਾ, “ ਬੱਸ, ਧੀਏ! ਬੱਸ, ਮੈਂਨੂੰ ਹੋਰ ਸ਼ਰਮਿੰਦਾ ਨਾ ਕਰ । ਤੂੰ ਤਾਂ ਮੈਂਨੂੰ ਝੰਜੋੜ ਕੇ ਰੱਖ ਦਿੱਤਾ। ਮੈਂ ਦੋਲਤ ਦੇ ਵੱਸ ਵਿੱਚ ਆਕੇ ਪਤਾ ਨਹੀਂ ਕਿੰਨੇ ਹੀ ਨੌਜਾਵਾਨਾਂ ਨੂੰ ਬਰਬਾਦ ਕਰ ਦਿੱਤਾ। ਮੈਂਨੂੰ ਮਾਫ਼ ਕਰਦੇ, ਰੂਬੀ ਪੁੱਤ! ਮੈਂਨੂੰ ਅਹਿਸਾਸ ਹੋਗਿਆ ਹੈ ਅਪਣੇ ਪਾਪਾਂ ਦਾ। ਮੈਂ ਵਾਅਦਾ ਕਰਦਾ, ਹੁਣ ਮੈਂ ਨਸ਼ੇ ਚ’ ਰੁੜ੍ਹ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ।”

🖋ਗੁਰਜੀਤ ਕੌਰ।

You may also like