ਉਹ ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਦੀਦਾਰ ਸਿੰਘ ਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। “ਸਤਿ ਸ੍ਰੀ ਅਕਾਲ, ਸਿੰਘ ਸਾਹਿਬ” ਮੈਂ ਬੁਲਾਇਆ।
ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ ਆਏ ਤੇ ਗਲਵਕੜੀ ਪਾ ਲਈ।
“ਬਹੁਤ ਦਿਨਾਂ ਬਾਅਦ ਨਜ਼ਰ ਆਏ, ਸਭ ਠੀਕ ਤਾਂ ਹੈ?” ਮੈਂ ਪੁੱਛ ਲਿਆ।
“ਸਭ ਵਾਹਿਗੁਰੂ ਦੀ ਕਿਰਪਾ ਹੈ, ਭਾਈ!” ਉਨ੍ਹਾਂ ਨੇ ਮੇਰੇ ਹੱਥ ਵਿਚ ਫੜੀ ਹੋਈ ਖੁੰਡੀ ਨੂੰ ਧਿਆਨ ਨਾਲ ਦੇਖਦੇ ਹੋਏ ਕਿਹਾ “ਤੁਸੀਂ ਲੋਕਾਂ ਨੇ ਹੀ ਦੂਜਾ ਰਸਤਾ ਪਕੜ ਲਿਆ ਹੈ, ਮੁਲਾਕਾਤ ਹੋਵੇ ਤਾਂ ਕਿਵੇਂ?”
ਪਹਿਲਾਂ ਅਸੀਂ ਸਾਰੇ ਜਾਟ ਰੈਜੀਮੈਂਟ ਵੱਲ ਜਾਣ ਵਾਲੀ ਸੜਕ ‘ਤੇ ਸੈਰ ਲਈ ਜਾਂਦੇ ਸੀ। ਹੌਲੀ-ਹੌਲੀ ਉਸ ਸੜਕ ‘ਤੇ ਅਵਾਰਾ ਕੁੱਤੇ ਅਤੇ ਬਾਂਦਰਾਂ ਦਾ ਖੋਫ ਵੱਧ ਗਿਆ ਸੀ ਤੇ ਬਚਾਅ ਲਈ ਹੱਥ ਵਿਚ ਛੜੀ, ਖੁੰਡੀ ਜਾਂ ਗੁਲੇਲ ਲੈ ਕੇ ਚੱਲਣਾ ਪੈਂਦਾ ਸੀ। ਦੀਦਾਰ ਸਿੰਘ ਵੀ ਸਾਡੇ ਨਾਲ ਹੁੰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਛੜੀ ਜਾਂ ਗੁਲੇਲ ਨਹੀਂ ਫੜੀ। ਉਹ ਨਿਰਭੈ ਹੋ ਕੇ ਸਾਡੇ ਅੱਗੇ-ਅੱਗੇ ਚਲਦੇ ਸਨ ਤੇ ਸਾਨੂੰ ਵੀ ਛੜੀ ਦੀ ਵਰਤੋਂ ਕਰਨ ਲਈ ਮਨ੍ਹਾ ਕਰਦੇ ਸਨ। ਬਾਂਦਰਾਂ ਦੇ ਰਸਤੇ ਚਲਦੇ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੱਧ ਰਹੀਆਂ ਸਨ। ਅੰਤ ਵਿਚ ਅਸੀਂ ‘ਮਾਰਨਿੰਗ ਵਾਕ’ ਲਈ ਜਾਟ ਰੈਜੀਮੈਂਟ ਵਾਲੀ ਸੜਕ ਨੂੰ ਛੱਡ ਕੇ ਕੰਪਨੀ ਬਾਗ ਵੱਲ ਜਾਣ ਲਈ ਫੈਸਲਾ ਕੀਤਾ ਸੀ। ਉਦੋਂ ਤੋਂ ਹੀ ਸਾਡਾ ਤੇ ਦੀਦਾਰ ਸਿੰਘ ਦਾ ਸਾਥ ਛੁਟ ਗਿਆ ਸੀ।
“ਅੱਜ-ਕੱਲ ਤੁਸੀਂ ਕਿਸ ਪਾਸੇ ਘੁੰਮਣ ਲਈ ਜਾਂਦੇ ਹੋ?” ਮੈਂ ਉਨ੍ਹਾਂ ਤੋਂ ਪੁੱਛ ਲਿਆ।
“ਉਹੀ…. ਅਪਣੀ ਪੁਰਾਣੀ ਜਾਟ ਰੈਜੀਮੈਂਟ ਵਾਲੀ ਸੜਕ ‘ਤੇ।”
“ਕੀ?” ਮੈਂ ਹੈਰਾਨੀ ਨਾਲ ਪੁੱਛਿਆ, “ਉਸ ਸੜਕ ‘ਤੇ ਮੱਕਾਰੀ ਕੁੱਤਿਆਂ ਤੇ ਖੂੰਖਾਰ ਬਾਂਦਰਾਂ ਦੇ ਕਾਰਨ ਕੋਈ ਨਹੀਂ ਜਾਂਦਾ। ਉਹ ਕੁਝ ਨਹੀਂ ਕਰਦੇ?”
“ਵੀਹ ਸਾਲ ਹੋ ਗਏ, ਹੁਣ ਤੱਕ ਤੇ ਕੋਈ ਕੁੱਤਾ ਜਾਂ ਬਾਂਦਰ ਪਿੱਛੇ ਨਹੀਂ ਪਿਆ। ਅੱਗੇ ਰੱਬ ਰਾਖਾ ਹੈ।” ਉਨ੍ਹਾਂ ਨੇ ਮੁਸਕਰਾਉੰਦੇ ਹੋਏ ਕਿਹਾ। ਮੈਂ ਧਿਆਨ ਕੀਤਾ, ਅੱਜ ਵੀ ਉਨ੍ਹਾਂ ਦੇ ਹੱਥ ਵਿਚ ਕੁੱਤਿਆਂ ਤੇ ਬਾਂਦਰਾਂ ਤੋਂ ਬਚਾਅ ਲਈ ਕੋਈ ਛੜੀ ਨਹੀਂ ਸੀ।
“ਕਮਾਲ ਹੈ!” ਮੇਰੇ ਮੂੰਹੋਂ ਨਿਕਲਿਆ, “ਸਾਨੂੰ ਤਾਂ ਹੁਣ ਕੰਪਨੀ ਬਾਗ ਵਾਲੀ ਸੜਕ ‘ਤੇ ਜਾਂਦੇ ਡਰ ਲੱਗਦਾ ਹੈ। ਬਾਂਦਰਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਸੜਕ ਘੇਰੇ ਬੈਠੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਵੱਸ ਚੱਲੇ ਤਾਂ ਸਾਨੂੰ ਚਬਾ ਜਾਣ। ਅਸੀਂ ਸਭ ਤਾਂ ਹੁਣ ਤੀਜੀ ਸ਼ਾਂਤ ਸੜਕ ਦੀ ਭਾਲ ਵਿਚ ਹਾਂ।” ਸੁਣਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਫਿੱਕੀ ਜਿਹੀ ਹਾਸੀ ਦਿਖਾਈ ਦਿੱਤੀ। “ਸਿੰਘ ਸਾਹਿਬ, ਇੱਕ ਗੱਲ ਦੱਸੋ…. ਇਹ ਅਵਾਰਾ ਕੁੱਤੇ ਤੇ ਖੂੰਖਾਰ ਬਾਂਦਰ ਤੁਹਾਨੂੰ ਕੁਝ ਨਹੀਂ ਕਹਿੰਦੇ ਜਦਕਿ ਤੁਸੀਂ ਛੜੀ ਵੀ ਅਪਣੇ ਨਾਲ ਨਹੀਂ ਰੱਖਦੇ।”
ਉਹ ਜੋਰ ਨਾਲ ਹੱਸ ਪਏ ਅਤੇ ਬੋਲੇ, “ਇਹ ਸਵਾਲ ਤੇ ਉਨ੍ਹਾਂ ਬਾਂਦਰਾਂ ਅਤੇ ਕੁੱਤਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।”
ਅਗਲੇ ਹੀ ਪਲ ਬਹੁਤ ਗੰਭੀਰ ਅਵਾਜ਼ ਵਿਚ ਬੋਲੇ, “ਇਹ ਬਾਂਦਰ ਤੇ ਕੁੱਤੇ ਤਾਂ ਅਪਣਾ ਸਥਾਨ ਬਦਲਦੇ ਰਹਿੰਦੇ ਹਨ। ਇਸ ਬਾਰੇ ਵਿਚ ਕੁਝ ਜਾਣਨਾ ਹੈ ਤੇ ਸਦੀਆਂ ਤੋਂ ਸਾਡੀ ਹਰ ਸਰਗਰਮੀ ਦੇ ਮੂਕ ਦਰਸ਼ਕ ਇਨ ਰਸਤਿਆਂ ਤੋਂ ਪੁੱਛੋ।” ਕਹਿ ਕੇ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਅਪਣੀ ਜਾਣੀ-ਪਹਿਚਾਣੀ ਜਾਟ ਰੈਜੀਮੈਂਟ ਵਾਲੀ ਸੜਕ ਤੇ ਚਲੇ ਗਏ।
ਮੈਂ ਦੇਰ ਤੱਕ ਉਨ੍ਹਾਂ ਨੂੰ ਦੇਖਦਾ ਰਿਹਾ। ਇਵੇਂ ਲੱਗ ਰਿਹਾ ਸੀ ਕੋਈ ਛੋਟਾ ਬੱਚਾ ਬਹੁਕੀਮਤੀ ਅਤੇ ਮੁਲਾਇਮ ਕਾਰਪੇਟ ਤੇ ਨੰਗੇ ਪੈਰ ਚੱਲਦਾ ਹੋਵੇ। ਘਨੇ ਰੁੱਖਾਂ ਨਾਲ ਢੱਕੀ ਹੋਈ ਸੜਕ ਤੇ ਹੌਲੀ-ਹੌਲੀ ਗੁੰਮ ਹੁੰਦਾ ਉਨ੍ਹਾਂ ਦਾ ਸਰੀਰ ਕੁਦਰਤ ਦਾ ਹਿੱਸਾ ਲੱਗ ਰਿਹਾ ਸੀ।
ਮੂਲ ਭਾਸ਼ਾ- ਹਿੰਦੀ
ਮੂਲ ਲੇਖਕ- ਸੁਕੇਸ਼ ਸਾਹਨੀ
ਅਨੁਵਾਦਕ- ਅਮਨਜੋਤ ਸਿੰਘ ਸਢੌਰਾ
ਗਲੀ ਨੰਬਰ 4 , ਅਜਾਦ ਨਗਰ,
ਨੀਅਰ ਸਵੇਰਾ ਆਇਸਕਰੀਮਸ ,
ਯਮੁਨਾ ਨਗਰ-135001
Amanjot Singh Sadhaura
Amanjot Singh Sadhaura
I am a new writer whose mother and father both are writer. I am born in1September 2006. I'm motivated by my mother. I lived in Yamuna Nagar.
ਗੁਰੂ ਗ੍ਰੰਥ ਸਾਹਿਬ ‘ਚ ਸ਼ਹੀਦਾਂ ਦੀ ਬਾਣੀ
ਬਾਣੀ ਕੇ ਬੋਹਿਥ, ਸਰਵਰ – ਏ – ਕਾਇਨਾਤ, ਨਾਮ ਕੇ ਜਹਾਜ਼, ਚਵਰ – ਤਖ਼ਤ ਦੇ ਮਾਲਕ, ਹਾਜ਼ਰਾ – ਹਜੂਰ, ਧੰਨ – ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਵਰਤਮਾਨ ਤੇ ਸ਼ਬਦ ਗੁਰੂ ਹਨ। ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੇ ਗੁਰੂ ਹਨ। ਗੁਰੂ ਗ੍ਰੰਥ ਸਾਹਿਬ ਜੀ ਇੱਕੋ-ਇੱਕ ਸਦੀਵੀ ਸ਼ਬਦ ਗੁਰੂ ਹਨ ਜਿਸ ਵਿਚ ਗੁਰੂ ਸਹਿਬਾਨ ਅਤੇ ਹੋਰ ਸੰਤਾਂ – ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਹਨ।
ਸੰਨ 1604 ਈ. ‘ਚ ਪੰਜਵੇਂ ਪਾਤਸ਼ਾਹ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ ਪੰਜ ਗੁਰੂ ਸਹਿਬਾਨ, ਭਾਰਤ ਦੇ ਵਖ – ਵਖ ਸੂਬਿਆਂ ਦੇ ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਤੇ ਤਿੰਨ ਗੁਰਸਿੱਖਾਂ ਦੀ ਬਾਣੀ ਸੰਕਲਿਤ ਕਰਕੇ ਇਕ ਗ੍ਰੰਥ ਤਿਆਰ ਕਰਵਾਇਆ ਜਿਸ ਨੂੰ ਅਸੀਂ ‘ਆਦਿ ਗ੍ਰੰਥ’ ਦੇ ਨਾਂ ਨਾਲ ਸੰਬੋਧਿਤ ਕਰਦੇ ਹਾਂ। ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ‘ਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਸ਼ਾਮਲ ਕੇ ਇਕ ਸੰਪੂਰਨ ਗ੍ਰੰਥ ਤਿਆਰ ਕਰਵਾਇਆ ਤੇ ਸੰਨ 1708 ਈ. ‘ਚ ਨੰਦੇੜ (ਮਹਾਰਾਸ਼ਟਰ) ਆਦਿ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਹੁਕਮ ਦਿੱਤਾ- “ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।”
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਪੈਂਤੀ ਮਹਾਂਪੁਰਸ਼ਾਂ ਦੀ ਬਾਣੀ ਇਕੱਤੀ ਰਾਗਾਂ ਵਿਚ ਦਰਜ ਹੈ। ਜਿਨ੍ਹਾਂ ‘ਚੋਂ ਚਾਰ ਮਹਾਂਪੁਰਸ਼ ਸ਼ਹੀਦ ਹੋਏ ਹਨ :-
1) ਗੁਰੂ ਅਰਜਨ ਸਾਹਿਬ ਜੀ
2) ਭੱਟ ਮਥੁਰਾ ਜੀ
3) ਭੱਟ ਕੀਰਤ ਜੀ
4) ਗੁਰੂ ਤੇਗ਼ ਬਹਾਦਰ ਜੀ
(1) ਸ੍ਰੀ ਗੁਰੂ ਅਰਜਨ ਸਾਹਿਬ ਜੀ :- ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਧੀਰਜ ਅਤੇ ਉਪਕਾਰ ਦੀ ਮੂਰਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ 15 ਅਪ੍ਰੈਲ 1563 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਜੀ ਦੇ ਘਰ ਹੋਇਆ। ਆਪ ਜੀ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਸੀ, “ਦੋਹਿਤਾ ਬਾਣੀ ਕਾ ਬੋਹਿਥਾ”। ਆਪ ਜੀ ਦਾ ਵਿਆਹ 17 ਸਾਲ ਦੀ ਉਮਰ ‘ਚ ਪਿੰਡ ਮਾਉ ਤਹਿਸੀਲ ਫਿਲੌਰ (ਜਲੰਧਰ) ਦੇ ਵਸਨੀਕ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। 2 ਸਿਤੰਬਰ 1581 ਈ. ਨੂੰ ਆਪ ਜੀ ਗੁਰੂ ਨਾਨਕ ਜੀ ਦੀ ਗੱਦੀ ਦੇ ਵਾਰਸ ਬਣੇ। ਆਪ ਜੀ ਨੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਉਨ੍ਹਾਂ ਦੇ ਅਰੰਭੇ ਕਾਰਜਾਂ ਨੂੰ ਸੰਪੂਰਨ ਕਰਾਇਆ।
ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ‘ਚ ਸ਼ਾਮਿਲ ਇਕੱਤੀ ਰਾਗਾਂ ਵਿਚੋਂ ਜੈਜੈਵੰਤੀ ਰਾਗ ਨੂੰ ਛੱਡ ਕੇ ਬਾਕੀ 30 ਰਾਗਾਂ ‘ਚ ਬਾਣੀ ਉਚਾਰਣ ਕੀਤੀ। ਆਪ ਜੀ ਨੇ 2218 ਸ਼ਬਦ ਉਚਾਰਣ ਕੀਤੇ। ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ ਗਉੜੀ ਸੁਖਮਨੀ, ਬਾਰਹ ਮਾਹਾ (ਮਾਝ ਰਾਗ), ਬਾਵਨ ਅਖਰੀ, ਬਿਰਹੜੇ, ਗੁਣਵੰਤੀ, ਅੰਜੁਲੀ, ਪਹਿਰੇ, ਦਿਨ ਰੈਣ, ਆਦਿ ਰਾਗ ਬੱਧ ਬਾਣੀਆਂ ਹਨ। ਸਲੋਕ ਵਾਰਾਂ ਦੇ ਵਧੀਕ, ਗਾਥਾ, ਫੁਨਹੇ, ਚਉਬੋਲੇ, ਸਲੋਕ ਸਹਸਕ੍ਰਿਤੀ, ਮੁੰਦਾਵਨੀ ਮਹਲਾ ਪ ਆਦਿ ਰਾਗ ਮੁਕਤ ਬਾਣੀਆਂ ਹਨ।
ਸਿੱਖੀ ਦਾ ਪ੍ਰਚਾਰ – ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਅਸਲ ‘ਚ ਗੁਰੂ ਅਰਜਨ ਸਾਹਿਬ ਜੀ ਸਹਾਦਤ ਦੇ ਮੁੱਖ ਦੋ ਕਾਰਣ ਸਨ। ਗੁਰੂ ਜੀ ਨੇ ਮਈ 1606 ਈ. ਨੂੰ ਆਪ ਜੀ ਨੇ ਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਬਖਸ਼ ਦਿੱਤੀ। 30 ਮਈ 1606 ਈ. ਨੂੰ ਯਾਸਾ – ਬਾਬਾ – ਸਿਆਸਤ ਕਾਨੂੰਨ ਅਨੁਸਾਰ ਗੁਰੂ ਸਾਹਿਬ ਨੂੰ ਪਹਿਲਾਂ ਦੇਗ ‘ਚ ਉਬਾਲ ਕੇ ਫਿਰ ਤੱਤੀ ਤਵੀ ‘ਤੇ ਬੈਠਾ ਕੇ ਸਿਰ ‘ਤੇ ਰੇਤ ਪਾ ਕੇ ਸ਼ਹੀਦ ਕੀਤਾ ਗਿਆ।
(2 ਤੇ 3) ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ :- ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੀ 21ਵੀਂ ਪਉੜੀ ਵਿਚ ਭੱਟ ਭਿੱਖਾ ਜੀ ਨੂੰ ਸੁਲਤਾਨਪੁਰ(ਲੋਧੀ) ਜਿਲ੍ਹਾ ਕਪੂਰਥਲਾ ਦੇ ਵਾਸੀ ਦੱਸਿਆ ਹੈ –
ਭਿਖਾ ਟੋਡਾ ਭਟ ਦੁਇ ਧਾਰੂ ਸੂਦ ਮਹਲ ਤਿਸੁ ਭਾਰਾ।
……………………………
ਸੁਲਤਾਨ ਪੁਰਿ ਭਗਤਿ ਭੰਡਾਰਾ ।।
ਭੱਟ ਭਿੱਖਾ ਤੇ ਭੱਟ ਟੋਡਾ, ਭੱਟ ਭਗੀਰਥ ਦੀ ਵੰਸ਼ ਵਿਚੋਂ ਭੱਟ ਰਈਏ ਦੇ ਛੇ ਪੁੱਤਰਾਂ ਵਿਚੋਂ ਸਨ। ਭੱਟ ਕੀਰਤ ਜੀ, ਭੱਟ ਜਾਲਪ ਜੀ ਤੇ ਭੱਟ ਮਥੁਰਾ ਜੀ – ਭੱਟ ਭਿੱਖਾ ਜੀ ਦੇ ਪੁੱਤਰ ਸਨ। ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਨ੍ਹਾਂ ਗਿਆਰਾਂ ਭੱਟਾਂ ਦੀ ਬਾਣੀ ਦਰਜ ਹੈ, ਉਹ ਸਾਰੇ ਆਪਸ ‘ਚ ਰਿਸ਼ਤੇਦਾਰ ਸਨ।
ਭੱਟ ਕੀਰਤ ਜੀ ਦੇ ਅੱਠ ਸਵੱਯੇ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ ਹਨ ਜਿਨ੍ਹਾਂ ਵਿਚੋਂ ਚਾਰ ਸਵੱਯੇ ਸ੍ਰੀ ਗੁਰੂ ਅਮਰਦਾਸ ਜੀ ਤੇ ਚਾਰ ਸਵੱਯੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ‘ਚ ਰਚੇ। ਭੱਟ ਮਥੁਰਾ ਜੀ ਦੇ 14 ਸਵੱੱਯੇ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹਨ ਜਿਨ੍ਹਾਂ ਵਿਚੋਂ ਸੱਤ ਸਵੱਯੇ ਸ੍ਰੀ ਗੁਰੂ ਰਾਮਦਾਸ ਜੀ ਤੇ ਸੱਤ ਸਵੱਯੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਪਮਾ ‘ਚ ਰਚੇ।
ਆਪ ਦੋਵੇਂ ਭਰਾਵਾਂ (ਭੱਟ ਕੀਰਤ ਜੀ ਤੇ ਭੱਟ ਮਥੁਰਾ ਜੀ) ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਭੱਟ ਕੀਰਤ ਜੀ ਚੱਕ ਰਾਮਦਾਸ (ਅੰਮ੍ਰਿਤਸਰ) ਦੀ ਜੰਗ ‘ਚ ਸੈਨਾਪਤੀ ਮੁਖ਼ਲਿਸਖਾਨ ਤੇ ਉਸਦੀ ਸੱਤ ਹਜ਼ਾਰ ਤੋਂ ਵੀ ਵੱਧ ਫੌਜ ਦਾ ਮੁਕਾਬਲਾ ਕਰਦੇ ਹੋਏ 14 ਅਪ੍ਰੈਲ 1634 ਈ. ਨੂੰ ਸ਼ਹੀਦ ਹੋ ਗਏ। ਭੱਟ ਮਥੁਰਾ ਜੀ ਹਰਿਗੋਬਿੰਦਪੁਰ ਦੀ ਜੰਗ ‘ਚ ਮੁਗਲ ਜਰਨੈਲ ਬੈਰਮ ਖਾਂ ਤੇ ਇਮਾਮ ਬਖ਼ਸ਼ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਏ ਸਨ।
(4) ਗੁਰੂ ਤੇਗ਼ ਬਹਾਦਰ ਜੀ :- ਸ੍ਰਿਸ਼ਟੀ ਦੀ ਚਾਦਰ, ਮਨੁੱਖੀ ਹੱਕਾਂ ਦੇ ਰਖਵਾਲੇ, ਮਨੁੱਖਤਾ ਦੀ ਢਾਲ, ਨੌਵੇਂ ਨਾਨਕ, ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈ. ਨੂੰ ‘ਗੁਰੂ ਕੇ ਮਹਿਲ’ ਅਮ੍ਰਿਤਸਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ। ਆਪ ਤੇਗ ਚਲਾਉਣ ‘ਚ ਮਾਹਿਰ ਸਨ। ਜੁਲਾਈ 1934 ਈ. ਨੂੰ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਜੌਹਰ ਦਿਖਾਉਣ ਕਾਰਣ ਆਪਦੇ ਪਿਤਾ ਜੀ ਨੇ ਆਪਦਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ।
ਗੁਰੂ ਤੇਗ਼ ਬਹਾਦਰ ਸਾਹਿਬ ਦਾ ਵਿਆਹ 3 ਫਰਵਰੀ 1633 ਈ. ਨੂੰ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ। ਗੁਰੂ ਜੀ 20 ਮਾਰਚ 1665 ਈ. ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ।
ਗੁਰੂ ਤੇਗ਼ ਬਹਾਦਰ ਜੀ ਨੇ ਕਹਿਲੂਰ ਦੇ ਰਾਜਾ ਦੀਪ ਚੰਦ ਪਾਸੋਂ ਪਿੰਡ ਮਾਖੋਵਾਲ, ਮਟੌਰ ਤੇ ਲੋਧੀਪੁਰ ਦੀ ਜਮੀਨ 2200 ਰੁਪਏ ਵਿਚ ਖਰੀਦ ਕੇ ਇਕ ਸ਼ਹਿਰ ‘ਚੱਕ ਨਾਨਕੀ’ ਵਸਾਇਆ। ਆਪ ਜੀ ਨੇ 15 ਰਾਗਾਂ ‘ਚ 59 ਸ਼ਬਦ ਤੇ ਸ਼ਲੋਕ ਉਚਾਰੇ ਜੋ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ ਹਨ।
ਇਕ ਵਾਰ ਗੁਰੂ ਤੇਗ਼ ਬਹਾਦਰ ਜੀ ਕੋਲ, ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਕੁੱਝ ਕਸ਼ਮੀਰੀ ਪੰਡਤ ਮਦਦ ਲੈਣ ਆਏ ਸਨ। ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਕਿ ਔਰੰਗਜ਼ੇਬ ਜਬਰਦਸਤੀ ਉਨ੍ਹਾਂ ਦਾ ਧਰਮ, ਇਸਲਾਮ ਵਿੱਚ ਬਦਲਵਾ ਰਿਹਾ ਹੈ ਤੇ ਗੁਰੂ ਜੀ ਨੇ ਕਿਹਾ ਕਿ ਇਸ ਅਤਿਆਚਾਰ ਨੂੰ ਰੋਕਣ ਲੲੀ ਲੋੜ ਹੈ। ਬਾਲ ਗੋਬਿੰਦ ਰਾਏ (ਸਿੰਘ) ਜੀ ਨੇ ਕਿਹਾ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਬਾਲ ਗੋਬਿੰਦ ਰਾਏ (ਸਿੰਘ) ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਸ਼ਹਾਦਤ ਦੇਣ ਦਾ ਨਿਰਣਾ ਕੀਤਾ।
ਅੰਤ ‘ਚ ਹਿੰਦੂ ਧਰਮ ਤੇ ਦੇਸ਼ ਦੀ ਸੁਰੱਖਿਆ ਲਈ 11 ਨਵੰਬਰ 1675 ਈ. ਨੂੰ ਚਾਂਦਨੀ ਚੌਂਕ, ਦਿੱਲੀ ਵਿਖੇ ਸ਼ਹੀਦੀ ਪ੍ਰਾਪਤ ਕੀਤੀ।
ਅਮਨਜੋਤ ਸਿੰਘ ਸਢੌਰਾ