ਸਪਨਾ ਦਾ ਇਕ ਹੀ ਸੁਪਨਾ ਸੀ। ਡਾਕਟਰ ਬਣਨ ਦਾ। ਉਹ ਆਪਣਾ ਸਪਨਾ ਪੂਰਾ ਕਰਨ ਲਈ ਤਨ-ਮਨ ਨਾਲ ਜੁਟ ਗਈ ਸੀ। ਉਹ ਸਾਰਾ ਦਿਨ ਮਿਹਨਤ ਕਰਦੀ।
ਸਪਨਾ ਦਾ ਰਿਜਲਟ ਆਇਆ ਤਾਂ ਉਸ ਦਾ ਸਲੈਕਸ਼ਨ ਨਾ ਹੋਇਆ ਪਰ ਉਸ ਤੋਂ ਘੱਟ ਨੰਬਰਾਂ ਵਾਲੀ ਐ.ਸੀ ਕੁੜੀ ਦਾ ਸਲੈਕਸ਼ਨ ਹੋ ਗਿਆ । ਉਹ ਬਹੁਤ ਉਦਾਸ ਹੋ ਗਈ ।
ਸਪਨਾ ਦੀ ਮਾਂ ਮਨਜੋਤ ਤੋਂ ਸਪਨਾ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ । “ਸਪਨਾ ਬੇਟਾ , ਕੁੱਝ ਤੇ ਖਾ ਲਵੋ।” ਸਪਨਾ ਨੇ ਨਾ ਵਿਚ ਸਿਰ ਹਿਲਾ ਦਿੱਤਾ।
ਮਨਜੋਤ ਨੇ ਸਪਨਾ ਨਾਲ ਗੱਲ ਕਰਨ ਲਈ ਕਿਹਾ ,” ਸਪਨਾ ਪੁੱਤ , ਤੇਰੇ ਅੰਕਲ ਦੇ ਬੇਟੇ ਦੀ ਆਈ.ਏ.ਐਸ ਅਫ਼ਸਰ ਦੀ ਪੋਸਟ ਤੇ ਹੋ ਗਈ ਹੈ । ” ਸਪਨਾ ਇੱਕ ਦੱਮ ਉਛਲੀ ਤੇ ਖੁਸ਼ ਹੁੰਦੇ ਹੁਣ ਲੱਗੀ ਸੱਚ ਮਾਂ ! ਅੰਕੁਰਜੀਤ ਦਾ ਸਲੈਕਸ਼ਨ ਹੋ ਗਿਆ । ਉਸ ਦਾ ਪਿਛਲੇ ਸਾਲ ਆਈ.ਏ.ਐਸ ਦਾ ਟੈਸਟ ਕਲੀਅਰ ਹੋ ਗਿਆ ਸੀ ਪਰ ਐਸ.ਸੀ ਕੁੜੀ ਦੇ ਘੱਟ ਨੰਬਰ ਹੋਣ ਤੇ ਉਸ ਕੁੜੀ ਦਾ ਸਲੈਕਸ਼ਨ ਹੋ ਗਿਆ ਸੀ।
ਮਾਂ ਨੇ ਕਿਹਾ, “ਉਹ ਵੀ ਤੇਰੇ ਵਾਂਗ ਉਦਾਸ ਹੋ ਗਿਆ ਸੀ। ਉਹ ਜਲਦੀ ਸੰਭਲ ਗਿਆ। ਉਸਨੇ ਪਹਿਲਾਂ ਤੋਂ ਵੀ ਖੂਬ ਮਹਿਨਤ ਕੀਤੀ ਸੀ।
“ਮੰਮੀ ਜੀ, ਉਸਨੂੰ ਤਾਂ ਅੰਨਦਰਾਤਾ ਹੈ। ਸ਼ਾਮ ਤੋਂ ਬਾਅਦ ਘੱਟ ਦਿਖਾਈ ਦਿੰਦਾ ਹੈ। ਫੇਰ ਵੀ ਕਮਾਲ ਹੈ । ਘੱਟ ਸਮੇਂ ਵਿੱਚ ਵੀ ਉਸਨੇ ਆਪਣੀ ਅਰੋਗਤਾ ਨੂੰ ਆੜੇ ਨਹੀਂ ਆਣ ਦਿੱਤਾ।”
ਸਪਨਾ ਨੇ ਕਿਹਾ ,” ਮੈਂ ਵੀ ਸਭ ਕੁਝ ਸਮਝ ਗਈ ਹਾਂ ।” ਉਸ ਨੇ ਦੁਬਾਰਾ ਅੰਕੁਰਜੀਤ ਵਾਂਗ ਮਿਹਨਤ ਕਰ ਕੇ ਡਾਕਟਰ ਬਨਣ ਲਈ ਕਮਰ ਕਸ ਲਈ।
Manpreet Singh
“ਆਤਮ ਹੱਤਿਆ ਹੀ ਠੀਕ ਹੈ। ਇਸ ਜੀਵਨ ਦਾ ਅੰਤ। ਨਾ ਹੋਵੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਮੈਨੂੰ ਗੱਡੀ ਦੇ ਹੇਠਾਂ ਹੀ ਆ ਜਾਣਾ ਚਾਹੀਦਾ ਹੈ।” ਪੂਜਾ ਦੁਖੀ ਹੋਈ ਆਪਣੇ ਮਨ ਵਿੱਚ ਬੋਲਦੀ ਤੁਰੀ ਜਾ ਰਹੀ ਸੀ।
ਗੁਰਦੁਆਰੇ ਦੇ ਬੂਹੇ ਅੱਗੇ ਪੈਰ ਅਟੱਕ ਗਏ। ਉਸਨੂੰ ਆਪਣਾ ਆਪ ਸੁੰਨ ਜਿਹਾ ਜਪਿਆ। ਜਿਵੇ ਉਹ ਬਹੁਤ ਵੱਡਾ ਗੁਨਾਹ ਕਰਨ ਜਾ ਰਹੀ ਹੋਵੇ।
“ਹੈ! ਏਨੀ ਵੱਡੀ ਕੁਰਬਾਨੀ !” ਅਚਨਚੇਤ ਹੀ ਉਹਦੇ ਮੂੰਹ ਵਿਚੋ ਨਿਕਲਿਆ । ਉਹ ਗੁਰਦੁਆਰੇ ਦੇ ਅੰਦਰ ਚਲੀ ਗਈ । ਭਾਈ ਸਾਹਿਬ ਗੁਰਦੁਆਰੇ ਵਿੱਚ ਕਥਾ ਕਰ ਰਹੇ ਸਨ। ਗੁਰੂ ਗੋਬਿੰਦ ਸਿੰਘ ਮੱਖਮਲੀ ਵਿਛੌਣਿਆ ਦੀ ਥਾਂ ਮਾਛੀਵਾੜੇ ਵਿਚ ਕੰਢਿਆ ਤੇ ਸਤੇ ਹੋਏ ਸਨ । ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣਵਾ ਦਿੱਤੇ। ਪਰ ਉਨ੍ਹਾਂ ਸੀ ਤਕ ਨਾ ਕੀਤੀ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ । ਪਰ ਗੁਰੂ ਜੀ ਨੇ ਇਹ ਹੀ ਕਿਹਾ ਸੀ “ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ।”
ਇਹ ਸ਼ਬਦ ਸੁਣਕੇ ਪੂਜਾ ਦਾ ਆਪਾ ਹਲੂਣਿਆ ਗਿਆ। ਮੈਂ ਛੋਟੇ-ਛੋਟੇ ਦੁਖਾਂ ਤੋ ਤੰਗ ਆ ਕੇ ਆਤਮਹੱਤਿਆ ਲੲੀ ਜਾ ਰਹੀ ਸੀ। ਉਹ ਕਿੰਨੇ ਮਹਾਨ ਹਨ ਜਿਨ੍ਹਾਂ ਦੇਸ਼-ਧਰਮ ਖਾਤਰ ਕੁਰਬਾਨੀ ਦਿੱਤੀ । ਮੈਂ ਇਕ ਅੋਰਤ ਹਾਂ, ਮੈਂ ਵੀ ਆਪਣੇ ਹੱਕਾਂ ਖਾਤਰ ਜ਼ਰੂਰ ਲੜਾਂਗੀ।
ਪੂਜਾ ਹੁਣ ਆਪਣੇ ਘਰ ਦੇ ਰਸਤੇ ਮੂੰਹ ਤੇ ਅਨੋਖੀ ਚਮਕ ਲਈ ਤੇਜ਼ ਕਦਮ ਚਲ ਰਹੀ ਸੀ।
ਮੇਰੀ ਬੇਟੀ ਦੀ ਸ਼ਾਦੀ ਹੈ। ਸਾਰੇ ਰਿਸ਼ਤੇਦਾਰ ਪਹੁੰਚ ਗਏ ਹਨ। ਸਾਰੇ ਰਿਸ਼ਤੇਦਾਰਾਂ ਦੇ ਮੂੰਹ ‘ਤੇ ਇਕ ਹੀ ਗੱਲ ਹੈ। ਕੁੜੀ ਦਾ “ਚਾਚਾ ਕਿਉਂ ਨਹੀਂ ਆਇਆ ?” ਜੀ ਰੁਸਿਆ ਹੋਇਆ ਹੈ। “ਮੈਂ ਕਹਿੰਦੀ ਹਾਂ। ਰੁਸਿਆ ਤਾਂ ਰੁਸਿਆ ਹੀ ਰਹਿਣ ਦਿਉ । ਧੀ ਧਿਆਣੀ ਦਾ ਵਿਆਹ ਹੈ ਫੇਰ ਆਕੜ ਕਿਉਂ ? ਆਪੇ ਹੀ ਆ ਜਾਣਾ ਚਾਹੀਦਾ ਸੀ। ਸਾਰੇ ਰਿਸ਼ਤੇਦਾਰ ਕਹਿਣ ਲੱਗੇ ।
ਉਸੇ ਵਕਤ ਮੈਨੂੰ ਮੁੱਦਤਾ ਪਹਿਲਾ ਦੀ ਗੱਲ ਯਾਦ ਆ ਗਈ । ਮੈਂ ਦੁਲਹਨ ਬਣਨ ਜਾ ਰਹੀ ਸੀ। ਮੇਰੇ ਮਾਮਾ ਜੀ ਲਾਗਲੇ ਪਿੰਡ ਰਹਿੰਦੇ ਸੀ , ਵਿਆਹ ਵਿੱਚ ਨਾ ਆਇਆ । ਮੇਰੀ ਮਾਂ ਨੇ ਕਿਹਾ “ਭਰਾ ਹੋਰੀ ਗੁਸੇ ਹਨ ।” ਅਸੀਂ ਹੁਣੇ ਮਨਾ ਕੇ ਲਿਆਉਦੇ ਹਾਂ। 5-6 ਰਿਸ਼ਤੇਦਾਰ ਮਾਮੇ ਦੇ ਪਿੰਡ ਚਲੇ ਗਏ ।
“ਤੂੰ ਤੇ ਆਇਆ ਨਹੀਂ ਵਿਆਹ ਤੇ । ਅਸੀਂ ਤੈਨੂੰ ਲੈਣ ਆਏ ਹਾਂ ਤੇਰੇ ਬਿਨਾਂ ਵਿਆਹ ਨਹੀਂ ਹੋਣਾ । ਚਲ-ਚਲ ਜਲਦੀ ਸਾਡੇ ਨਾਲ ।” ਬਦੋ-ਬਦੀ ਉਸਨੂੰ ਗਲੇ ਲਗਾਉਦੇ ਨਾਲ ਲੈਆਏ ,ਰੁਸੇ ਮਨ ਗਏ ।
ਮੇਰੀ ਬੇਟੀ ਦੀ ਸ਼ਾਦੀ ਹੋ ਗਈ । ਉਹ ਆਪਣੇ ਘਰੀਂ ਚਲੀ ਗਈ ਪਰ ਮੇਰੀ ਬੇਟੀ ਨੂੰ ਹਮੇਸ਼ਾਂ ਅਫਸੋਸ ਰਿਹਾ ਚਾਚਾ ਜੀ ਮੇਰੇ ਵਿਆਹ ਤੇ ਨਹੀਂ ਆਏ ।
ਅਸੀਂ ਕੁਰਸ਼ੇਤਰ ਜਾ ਰਹੇ ਸੀ। ਤਪਦੀ ਗਰਮੀ ਸੀ। ਮੈਂ ਆਪਣੇ ਪਤੀ ਨੂੰ ਸੰਬੋਧਿਤ ਕਰਕੇ ਕਿਹਾ “ਜਰਾ ਬਾਈਕ ਰੋਕਣਾ।” ਤੁਸੀਂ ਦੇਖਣਾ ਸਾਹਮਣੇ ਨਹਿਰ ਦੇ ਪਾਣੀ ਨਾਲ ਮੂੰਹ ਹੱਥ ਧੋ ਲਵਾਂਗੇ ।” ਅਸੀਂ ਇਸ ਤਪਦੀ ਧੁੱਪ ਤੋਂ ਕੁਝ ਸਮੇਂ ਲਈ ਰਾਹਤ ਪਾ ਲਵਾਂਗੇ ।
ਅਸੀਂ ਛਾਂ ਦਾਰ ਰੁੱਖ ਦੇ ਨੇੜੇ ਹੀ ਗਏ ਤਾਂ ਸਾਨੂੰ ਰੋਣ ਦੀ ਆਵਾਜ਼ ਆਈ । ਮੈਂ ਅੰਦਰ ਤਕ ਕੰਬ ਗਈ । ਇਥੇ ਜਰੂਰ ਕੋਈ ਅਣਹੋਣੀ ਹੋਈ ਹੈ। ਅਸੀਂ ਚਾਰੇ-ਪਾਸੇ ਦੇਖਿਅਾ ਮੇਰੀ ਨਜ਼ਰ ਇਕ ਕੰਡਿਆਲੀ ਵਿਚ ਫਸੇ ਗੱਤੇ ਦੇ ਡੱਬੇ ‘ਤੇ ਪਈ । ਮੈਂ ਉਸ ਨੂੰ ਚੁੱਕਣ ਲੱਗੀ ਪਰ ਮੇਰਾ ਹੱਥ ਉਸ ਵੱਡੇ ਸਾਰੇ ਗੱਤੇ ਦੇ ਡੱਬੇ ਤੱਕ ਨਾ ਅਪੜਿਆ । ਮੇਰੇ ਕੰਡੇ ਲੱਗ ਗਏ ਤੇ ਕਈ ਜਗ੍ਹਾ ਤੋਂ ਖੂਨ ਨਿਕਲਣ ਲੱਗਾ। ਮੇਰੇ ਪਤੀ ਨੇ ਬੜੀ ਕੋਸ਼ਿਸ਼ ਨਾਲ ਕੰਡਿਆਲੀ ਵਿਚੋਂ ਡੱਬਾ ਕੱਡਿਆ।
ਮੈਂ ਡੱਬਾ ਦੇਖਕੇ ਹੈਰਾਨ ਹੋ ਗਈ । ਇਕ ਪਿਆਰੀ ਜਿਹੀ ਬੱਚੀ ੨-੩ ਦਿਨ ਦੀ ਲੱਗਦੀ ਸੀ। ਕਿਸੇ ਨੇ ਸਮਾਜ ਦੇ ਡਰ ਤੋ ਜਾਂ ਪਰਿਵਾਰ ਵਿੱਚ ਬੱਚੀ ਹੋਣ ਦੇ ਡਰ ਤੋਂ ਸ਼ਾਇਦ ਲੜਕੇ ਦੀ ਚਾਹਤ ਵਿੱਚ ਜਾਂਦਾਜ ਦੇ ਡਰ ਤੋ ਬੜੀ ਬੇਰਹਿਮੀ ਨਾਲ ਮਮਤਾਹੀਣ ਹੋ ਕੇ ਬੱਚੀ ਨੂੰ ਇਥੇ ਸੁੱਟ ਦਿੱਤਾ ਸੀ।
“ਕਿਵੇਂ ਕਰਨਾ ਹੈ ? “ਮੇਰੇ ਪਤੀ ਨੇ ਬੜੀ ਬੇਰੁੱਖੀ ਵਿੱਚ ਪੁਛਿਆ।”
“ਇਸਨੂੰ ਹਸਪਤਾਲ ਲੈ ਜਾਂਦੇ ਹਾਂ । ਇਲਾਜ ਤੋ ਬਾਅਦ ਅੱਗੇ ਸੋਚਾਗੇ। “ਮੈਂ ਕਿਹਾ ।
ਅਸੀਂ ਬੱਚੀ ਨੂੰ ਹਸਪਤਾਲ ਲਿਜਾ ਕੇ ਸਾਰੀ ਗੱਲ ਦੱਸ ਦਿੱਤੀ। ਡਾਕਟਰਣੀ ਦਾ ਮੂੰਹ ਗੁਲਾਬ ਦੇ ਫੁੱਲ ਦੀ ਤਰ੍ਹਾਂ ਖਿਲ ਗਿਆ। ਉਸ ਨੇ ਕਿਹਾ “ਮੇਰੇ ਕੋਈ ਬੱਚਾ ਨਹੀਂ। ਬੜਾ ਇਲਾਜ ਕਰਵਾਇਆ । ਮੈਂ ਪੰਦਰਾਂ ਸਾਲਾਂ ਤੋ ਬੱਚੇ ਲਾਈ ਤਰਸ ਰਹੀ ਹਾਂ ਜੇ ਤੁਹਾਨੂੰ ਕੋਈ ਇਤਰਾਜ ਨਹੀਂ ਤਾਂ ਮੈਂ ਇਸਨੂੰ ਗੋਦ ਲੈਂ ਲੈਂਦੀ ਹਾਂ ।
“ਇਹ ਬੱਚੀ ਹੈ ,ਬੱਚਾ ਨਹੀਂ ।” ਮੈਂ ਮੁਸਕਰਾਉਦੇ ਹੋਏ ਕਿਹਾ ।
ਡਾਕਟਰਣੀ ਹੱਸਣ ਲੱਗੀ ਇਸਨੂੰ ਮਾਂ ਤੇ ਪਿਉ ਦੋਨਾਂ ਦਾ ਪਿਆਰ ਤੇ ਨਾਮ ਮਿਲੇਗਾ । ਹਸਪਤਾਲ ਵਿੱਚ ਖੁਸ਼ੀ ਦਾ ਮਹੌਲ ਬਣ ਗਿਆ । ਡਾਕਟਰਣੀ ਨੇ ਲਡੂਆਂ ਨਾਲ ਸਭ ਦਾ ਮੂੰਹ ਮਿੱਠਾ ਕਰਵਾਇਆ।
ਭੈਣਰੂਪਾਂ ਨੂੰ ਕਈ ਦਿਨਾਂ ਤੋਂ ਬੁਖਾਰ ਹੈ। ਉਸਦਾ ਬੁਖਾਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਪਿੰਡ ਦੇ ਡਾਕਟਰ ਤੋਂ ਦਵਾਈ ਖਾਂਦੀ ਪਰ ਅਰਾਮ ਨਹੀਂ ਆ ਰਿਹਾ । ਰੂਪਾਂ ਦੀ ਮਾਂ ਵੀ ਚਿੰਤਾ ਤੁਰ ਹੋ ਗਈ ਹੈ। ਹਾਏ ! ਹਾਏ! ! ਮੇਰੀ ਧੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ । ਇਸਦਾ ਬੁਖਾਰ ਹੀ ਨਹੀਂ ਉਤਰ ਰਿਹਾ ।ਕਿੰਨੀ ਕਮਜ਼ੋਰ ਹੋ ਗਈ ਹੈ ਰੂਪਾਂ।
ਮਾਂ—— ਮਾਂ ਮੈ ਰੂਪਾਂ ਨੂੰ ਸ਼ਹਿਰ ਡਾਕਟਰ ਕੋਲ ਦਿਖਾ ਆਉਦਾ ਹਾਂ। ਮੇਰਾ ਦੋਸਤ ਵੀ ਬਹੁਤ ਬਿਮਾਰ ਸੀ। ਸ਼ਹਿਰ ਤੋਂ ਦਵਾਈ ਲਿਆ ਕੇ ਦੋ -ਚਾਰ ਦਿਨਾਂ ਵਿਚ. ਠੀਕ ਹੋ ਗਿਆ । ਰੂਪਾਂ ਦੇ ਭਰਾ ਵਿੱਕੀ ਨੇ ਕਿਹਾ। ਵਿੱਕੀ ਰੂਪਾਂ ਨੂੰ ਮੋਟਰ-ਸਾਇਕਲ ਤੇ ਬਿਠਾ ਕੇ ਸ਼ਹਿਰ ਵੱਲ ਚੱਲ ਪਿਆ”
ਵੀਰੇ! ਵੀਰੇ! ਮੋਟਰ ਸਾਇਕਲ ਹੋਲੀ ਚਲਾ, ਮੇਰੇ ਤੋਂ ਬੈਠਿਆ ਨਹੀਂ ਜਾ ਰਿਹਾ । ਮੈਂ ਕਿਤੇ ਡਿੱਗ ਹੀ ਨਾ ਜਾਵਾ। ” ਧੀਮੀ ਆਵਾਜ਼ ਵਿਚ ਬੋਲਦਿਆਂ ਰੂਪਾਂ ਨੇ ਕਿਹਾ ਰੂਪਾਂ ਮੇਰੇ ਨਾਲ ਲੱਗ ਕੇ ਬੈਠ ਜਾ।
ਮੋਟਰ ਸਾਇਕਲ ਸ਼ਹਿਰ ਵਿਚ ਪਹੁੰਚਦਿਆਂ ਕਈ ਕਾਲਜੀਏਟ ਉਹਨਾਂ ਤੇ ਹੱਸਣ ਲੱਗੇ। ਇੱਕ ਲੜਕੇ ਨੇ ਉੱਚੀ ਅਵਾਜ਼ ਵਿਚ ਕਿਹਾ ” ਤੇਰੀ ਮਹਿਬੂਬ ਤਾਂ ਬੜੀ ਸੋਹਣੀ ਹੈ ਪਰ ਆਸ਼ਕੀ ਸੜਕਾਂ ਤੇ———-।
ਉਹ ਕੁਝ ਹੋਰ ਬੋਲਦਾ। ਵਿੱਕੀ ਨੇ ਮੋਟਰਸਾਈਕਲ ਰੋਕ ਕੇ ਕਿਹਾ ” ਇਹ ਮੇਰੀ ਭੈਣ ਹੈ। ਉਹ ਲੜਕਾ ਸਿਰ ਨੀਵਾ ਕਰਕੇ ਆਗਾਹ ਨੂੰ ਤੁਰ ਗਿਆ।
“ਤੂੰ ਕਿਵੇਂ ਹੈ ਸੁਨੇਹਾ? ਤੂੰ ਬੜੇ ਦਿਨਾਂ ਬਾਅਦ ਮਿਲੀ ਹੈ। “ਪਿੰਕੀ ਨੇ ਸੁਨੇਹਾ ਨੂੰ ਕਿਹਾ। ਪਿੰਕੀ ਤੇ ਸੁਨੇਹਾ ਦੋਨੋ ਬਚਪਨ ਦੀਆਂ ਸਹੇਲੀਆਂ ਹਨ। ਪੇਕੇ ਦੋਵਾਂ ਦਾ ਮੇਲ ਹੁੰਦਾ ਹੈ । ਪਿੰਕੀ ਨੇ ਸੁਨੇਹਾ ਨੂੰ ਕਿਹਾ “ਬਹੁਤ ਪਤਲੀ ਹੋ ਗਈ ਹੈ ਯਾਰ ਮੈਨੂੰ ਵੀ ਪਤਲੇ ਹੋਣ ਦਾ ਰਾਜ ਦੱਸ। “ਹਸਦੇ ਹੋਏ ਪਿੰਕੀ ਕਹਿੰਦੀ ਹੈ। “ਬੱਸ ਪੁੱਛ ਨਾ ” ਸੁਨੇਹਾ ਪਿੰਕੀ ਨੂੰ ਟਾਲਦੀ ਹੈ।” ਦੱਸ, ਜਲਦੀ ਨਾਲ ਪਿੰਕੀ ਦੇ ਜਿਆਦਾ ਜੋਰ ਦੇਣ ਤੇ ਸੁਨੇਹਾ ਦੱਸਦੀ ਹੈ।
ਤੈਨੂੰ ਪਤਾ ਹੈ ਮੈਨੂੰ ਬਚਪਨ ਤੋਂ ਹੀ ਟੀਕਾ ਲਗਵਾਉਣ ਤੇ ਅਪਰੇਸ਼ਨ ਕਰਵਾਉਣ ਤੋਂ ਬਹੁਤ ਡਰ ਲੱਗਦਾ ਸੀ । ਮੇਰੇ ਪਿੱਤੇ ਵਿੱਚ ਪਥਰੀ ਹੈ। ਮੈਂ ਸੋਚਿਆ ਰੇਖਾਵਾਂ ਦੇਖਣ ਵਾਲੇ ਪੰਡਤ ਨੂੰ ਹੀ ਪੁੱਛ ਦੇਖਾ। ਸ਼ਾਇਦ ਅਪਰੇਸ਼ਨ ਨਾ ਕਰਵਾਉਣ ਪਵੇ।
ਮੈਂ ਪੰਡਤ ਨੂੰ ਪੁਛਿਆ ਉਸਨੇ ਕਿਹਾ “ਇਹ ਵੀ ਕੋਈ ਵੱਡੀ ਗੱਲ ਹੈ। ਪਾਠ ਪੂਜਾ ਕਰਕੇ ਉਪਾਅ ਹੋ ਜਾਵੇਗਾ।”
ਪਾਠ ਪੂਜਾ ਦੇ ਕਿੰਨੇ ਰੁਪਏ ਲੱਗਣਗੇ”ਮੈ ਪੁਛਿਆ ਤੁਸੀਂ ਚਿੰਤਾ ਨਾ ਕਰੋ ਜਿਆਦਾ ਨਹੀਂ ਲੱਗਣਗੇ। ਤਾਂ ਵੀ ਦਸੋ ਤੁਸੀਂ । “ਮੈਂ ਫਿਰ ਪੁਛਿਆ ‘ਤਿੰਨ ਹਜ਼ਾਰ ”
ਮੈਂ ਉਸਨੂੰ ਪਾਠ ਪੂਜਾ ਲਈ ਪੈਸੇ ਦੇ ਦਿੱਤੇ । ਪੰਡਤ ਨੇ ਕਿਹਾ ” “ਹੁਣ ਤੁਸੀ ਠੀਕ ਹੋ ਜਾਵੋਗੇ ।”
ਕੁਝ ਦਿਨਾਂ ਬਾਦ ਮੈਂ ਆਪਣੇ ਸਹੁਰੇ ਚਲੀ ਗਈ ।ਸਵੇਰ ਦਾ ਸਮਾਂ ਸੀ।ਮੈਨੂੰ ਬਹੁਤ ਜੋਰ ਦੀ ਦਰਦ ਹੋਣ ਲੱਗਾ। ਜੋ ਬਹੁਤ ਅਸਹਿ ਸੀ। ਮੈਂ ਚੀਕ ਰਹੀ ਸੀ। ਮੇਰੇ ਪਤੀ ਮੈਨੂੰ ਹਸਪਤਾਲ ਲੈ ਗਏ ।
ਡਾਕਟਰ ਨੇ ਕਿਹਾ “ਅਪਰੇਸ਼ਨ ਤੋਂ ਬਿਨਾਂ ਠੀਕ ਨਹੀਂ ਹੋ ਸਕਦੇ । ਅਪਰੇਸ਼ਨ ਜਰੂਰੀ ਹੈ।” ਸੁਨੇਹਾ ਮੁਸਕਰਾਣ ਲੱਗੀ। ਉਸਦੀ ਮੁਸਕਰਾਹਟ ਬੜੀ ਦਰਦਭਰੀ ਸੀ। ਮੇਰਾ ਅਪਰੇਸ਼ਨ ਹੋ ਗਿਆ। ਸੁਨੇਹਾ ਨੇ ਕਿਹਾ ਮੈਂ ਤੈਨੂੰ ਬਾਦ ਵਿੱਚ ਆ ਕੇ ਮਿਲਦੀ ਹਾਂ। ਪਹਿਲਾਂ ਉਸ ਪੰਡਤ ਦੀ ਖਬਰ ਲੈਂ ਆਵਾ।
ਰਮਾ ਦੀ ਬਰਾਤ ਆਈ ਤਾਂ, ਸਜੀ ਹੋਈ ਕੋਠੀ ਵਾਜਿਆਂ ਦੀ ਅਵਾਜ਼ ਨਾਲ ਹੋਰ ਵੀ ਰੁਸ਼ਨਾ ਗਈ। ਸਾਰਿਆਂ ਦੇ ਮੁਖੜਿਅਆਂ ਤੇ ਖੁਸ਼ੀ ਝੂਮ ਰਹੀ ਸੀ । ਕੁੜੀਆਂ ਰਮਾ ਨੂੰ ਜੈ ਮਾਲਾ ਲਈ ਲੈਂ ਕੇ ਜਾਣ ਲਈ ਕਾਹਲੀਆਂ ਪੈ ਰਹੀਆਂ ਸੀ। ਉਸਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮੰਮੀ ਤੇ ਮਾਸੀ ਲੱਭ-ਲੱਭ ਕੇ ਥੱਕ ਗਈਆਂ ਸੀ। ਰਮਾ ਦੀ ਭੂਆ ਨੇ ਸਲਾਹ ਦਿੱਤੀ ,ਦੂਜਾ ਸੈੱਟ ਪਾ ਦਿਉ ,ਬਾਅਦ ਵਿੱਚ ਲੱਭ ਲੈਣਾ।
ਰਮਾ ਦਾ ਵਿਆਹ ਖੁਸ਼ੀ-ਖੁਸ਼ੀ ਸਪੰਨ ਹੋ ਗਿਆ। ਰਮਾ ਵਿਆਹ ਤੋਂ ਬਾਅਦ ਫੇਰਾਪਾਉਣ ਪੇਕੇ ਆਈ । ਸਾਰੇ ਰਮਾ ਦੇ ਵਿਆਹ ਦੀ ਵੀਡੀਓ ਕੈਸਿਟ ਦੇਖ ਰਹੇ ਸੀ। ਸਾਰਿਆਂ ਨੂੰ ਵਿਆਹ ਦੇ ਸੀਨ ਦੁਬਾਰਾ ਤਾਜ਼ੇ ਹੋ ਗਏ । ਇਕ ਸੀਨ ਤੇ ਰਮਾ ਦੀਆਂ ਅੱਖਾਂ ਟਿਕ ਗਈਆਂ। ਉਸਨੇ ਮੂਵੀ ਉੱਥੇ ਰੋਕ ਦਿੱਤੀ ਉਸਨੇ ਮੂਵੀ ਦੁਬਾਰਾ ਚਲਾਈ। ਨੌਕਰਾਣੀ ਦੇ ਹੱਥ ਵਿੱਚ ਆਪਣਾ ਹਾਰ ਦੇਖ ਕੇ ਉਹ ਹੈਰਾਨ ਸੀ। ਉਸਤੋਂ ਬਾਅਦ ਨੌਕਰਾਣੀ ਮੂਵੀ ਵਿਚੋ ਗਾਇਬ ਹੀ ਸੀ ।
ਨੌਕਰਾਣੀ ਨੇ ਪਹਿਲਾ ਤਾਂ ਸਾਫ ਇਨਕਾਰ ਕਰ ਦਿੱਤਾ । ਜਦ ਉਸਨੂੰ ਡਰਾਵਾ ਦਿੱਤਾ ਤਾਂ ਉਸਨੇ ਮੂੰਹ ਖੋਲ੍ਹਿਆ । “ਮੇਰੀ ਧੀ ਸੀਤੋ ਦੀ ਮੰਗਣੀ ਹੋਈ । ਮੇਰੇ ਕੁੜਮ ਨੇ ਪੰਜਾਹ ਹਜ਼ਾਰ ਦੀ ਮੰਗ ਕੀਤੀ । ਉਸਨੇ ਕਿਹਾ ਜੇ ਵਿਆਹ ਤੋਂ ਇਕ ਦਿਨ ਪਹਿਲਾ ਨਾ ਦਿੱਤੇ ਤਾਂ ਬਰਾਤ ਨਹੀਂ ਆਵੇਗੀ
ਰਮਾ ਦੇ ਵਿਆਹ ਵਿੱਚ ਹਾਰ ਦੇਖ ਕੇ ਮੈਨੂੰ ਸੀਤੋ ਯਾਦ ਆਣ ਲੱਗੀ। ਮੈਂ ਸੋਨੇ ਦਾ ਸੈੱਟ ਚੋਰੀ ਕਰ ਲਿਆ ।ਮੈਂ ਸੋਚਿਆ ਸੀ ਵੇਚ ਕੇ ਧੀ ਨੂੰ ਵਿਆਹ ਦੇਵਾਂਗੀ। ਇਹ ਅੱਗ ਲੱਗਣੀ ਮੂਵੀ ਨੇ ਸਾਰਾ ਭੇਦ ਖੋਲ੍ਹ ਦਿੱਤਾ । ਮੇਰੀ ਮਜ਼ਬੂਰੀ ਮੂਵੀ ਨੇ ਸ਼ਰੇਆਮ ਨੰਗੀ ਕਰਤੀ । ਉਹ ਰੋਣ ਲੱਗ ਗਈ ।
ਜਨਮ-ਮਸ਼ਟਮੀ ਦਾ ਦਿਨ ਸੀ । ਅਸੀਂ ਸਾਰੇ ਪਰਿਵਾਰ ਨੇ ਤਿਲੋਕਪੁਰ ਜਾਣ ਦਾ ਮਨ ਬਣਾਇਆ । ਸਾਰੇ ਖੁਸ਼ ਸਨ। ਅਸੀਂ ਮੰਦਰ ਵਿੱਚ ਮੱਥਾ ਟੇਕ ਕੇ ਬਾਹਰ ਆਏ । ਬੱਚੇ ਮਨਸਾ ਦੇਵੀ ਮੰਦਰ ਵੱਲ ਜਾਣ ਲੱਗੇ। ਬੱਚਿਆਂ ਨਾਲ ਵੱਡੇ ਵੀ ਜਾਣ ਲੱਗੇ। ਮੈਨੂੰ ਵੀ ਸਾਰੇ ਬੁਲਾਣ ਲੱਗੇ ਆਜਾ-ਆਜਾ ਮਨਸਾ ਦੇਵੀ ਮੰਦਰ ਵੀ ਮੱਥਾ ਟੇਕ ਕੇ ਆਉਂਦੇ ਹਾਂ। ਮੈਂ ਆਪਣੇ ਮੋਟਾਪੇ ਵੱਲ ਕਦੇ ਮਨਸਾ ਦੇਵੀ ਮੰਦਰ ਦੀ ਚੜਾਈ ਵੱਲ ਦੇਖ ਰਹੀ ਸੀ।
ਉਸੇ ਸਮੇਂ 14 -15 ਸਾਲ ਦਾ ਲੜਕਾ ਮੇਰੇ ਕੋਲ ਪਹੁੰਚਿਆ ।ਉਹ ਚੜਾਈ ਵੱਲ ਜਾਣ ਲੱਗਾ। ਮੈਂ ਉਸਨੂੰ ਦੇਖ ਕੇ ਹੈਰਾਨ ਸੀ । “ਆ ਜਾਉ ਆਂਟੀ ਜੀ ਤੁਹਾਨੂੰ ਵੀ ਲੈਂ ਜਾਂਦਾ ਹਾਂ। ਉਸਦੀ ਜਿੰਦਾਦਿੱਲੀ ਦੇਖ ਕੇ ਮੈਨੂੰ ਹੋਰ ਵੀ ਹੈਰਾਨੀ ਹੋਈ । ਉਸਨੇ ਕਿਹਾ “ਆਂਟੀ ਤੁਹਾਨੂੰ ਤਾਂ ਭਗਵਾਨ ਨੇ ਤੰਦਰੁਸਤ ਬਣਾਇਆ, ਮੇਰੀਆਂ ਤਾਂ ਲੱਤਾਂ ਕਮਜੋਰ ਹਨ। ਮੈਂ ਤਾਂ ਚਲ ਨਹੀਂ ਸਕਦਾ ।”ਮੈਂ ਦੇਖਿਆ ਲੜਕਾ ਬੈਠਾ -ਬੈਠਾ ਘਿਸੜਦਾ-ਘਿਸੜਦਾ ਅੱਗੇ ਦੀ ਅੱਗੇ ਪਹੁੰਚ ਗਿਆ ਪਰ ਮੇਰੇ ਲਈ ਇਕ ਹਨੇਰਾ ਛੱਡ ਗਿਆ ਸੀ ।
ਉਸਦੀ ਦਲੇਰੀ, ਹਿੰਮਤ, ਸਹਿਣਸ਼ੀਲਤਾ ਤੇ ਆਤਮਵਿਸ਼ਵਾਸ਼ ਦੇਖਕੇ ਮੇਰੇ ਪੈਰ ਵੀ ਉਸਦੇ ਪਿੱਛੇ -ਪਿੱਛੇ ਚਲ ਪਏ ।ਮੈਨੂੰ ਪਤਾ ਵੀ ਨਾ ਲੱਗਿਆ ਮੈਂ ਮਾਤਾ ਦੇ ਦਰਸ਼ਨ ਕਰਕੇ ਆ ਗਈ ।
ਦੀਪਕ ਰੁਜ਼ਗਾਰ ਲਈ ਦਫਤਰਾਂ ਦੇ ਚਕਰ ਲਗਾ ਰਿਹਾ ਹੈ । ਉਹ ਅਜੇ ਤੱਕ ਬੇਰੁਜਗਾਰ ਹੈ। ਅੱਜ ਨੌਕਰੀ ਲਈ ਅਰਜ਼ੀ ਦੇਣ ਲਈ ਜਾ ਰਿਹਾ ਹੈ। ਉਸਨੂੰ ਉਸਦਾ ਸਕੂਲ ਸਮੇਂ ਦਾ ਦੋਸਤ ਅਮਿਤ ਮਿਲ ਗਿਆ । ਅਮਿਤ ਉਸਨੂੰ ਮਿਲਕੇ ਬਹੁਤ ਖੁਸ਼ ਹੋਇਆ । ਦੀਪਕ ਨੇ ਸਕੂਲ ਤੋਂ ਬਾਅਦ । ਕਾਲਜ ਦਾਖਲਾ ਲੈਂ ਲਿਆ । ਅਮਿਤ ਗਰੀਬ ਹੋਣ ਕਰਕੇ ਬਿਜਲੀ ਦੀ ਦੁਕਾਨ ਤੇ ਕੰਮ ਸਿਖਣ ਲੱਗ ਗਿਆ ।
ਅਮਿਤ ਨੇ ਬਹੁਤ ਵਧੀਆ ਕਪੜੇ ਪਾਏ ਹੋਏ ਹਨ ਤੇ ਮੋਟਰ ਸਾਇਕਲ ਤੇ ਸੀ। ਦੀਪਕ ਨੇ ਕਿਹਾ,” ਤੇਰੀ ਬੜੀ ਠਾਠ ਹੈ। “ਕੀ ਰਾਜ ਹੈ । ਅਮਿਤ ਹੱਸਣ ਲੱਗਾ। ਦੀਪਕ ਨੇ ਕਿਹਾ ,”ਯਾਰ, ਮੈਂ ਕੁਛ ਗਲਤ ਪੁੱਛ ਲਿਆ । “ਨਹੀਂ ਯਾਰਾਂ ।”ਅਮਿਤ ਨੇ ਕਿਹਾ । “ਹੱਥ ਦਾ ਹੁਨਰ ਹੈ। ” ਮੈਂ ਤਿੰਨ ਸਾਲ ਬਿਜਲੀ ਦੀ ਦੁਕਾਨ ਤੋਂ ਕੰਮ ਸਿੱਖਿਆ ਕਾਬਲ ਹੋ ਕੇ ਦੁਕਾਨ ਕਿਰਾਏ ‘ਤੇ ਲੈਂ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ । ਕੰਮ ਚਲ ਪਿਆ । ਕੋਠੀ ਦਾ ਠੇਕਾ ਮਿਲਣ ਲੱਗਾ। ਮੈਂ ਕੋਈ ਲੜਕਿਆਂ ਨੂੰ ਬਿਜਲੀ ਦੇ ਕੰਮ ਤੇ ਲੱਗਾ ਲਿਆ। ਮੈਂ ਤਾਂ ਬਸ ਠੇਕਾ ਲੈਂਦਾ ਹਾਂ। ਉਨਾਂ ਲੜਕਿਆਂ ਦਾ ਕੰਮ ਚੈਕ ਕਰਦਾ ਹਾਂ।
ਦੀਪਕ ਸੁਣ ਕੇ ਖੁਸ਼ ਹੋ ਗਿਆ । ਯਾਰ ਤੇਰੀ ਤਾਂ ਸੱਚੀ ਦੀ ਠਾਠ ਉਹ ਫਿਰ ਉਦਾਸ ਹੋ ਗਿਆ । ਦੀਪਕ ਜਿਵੇਂ ਕਹਿਣਾ ਚਾਹੁੰਦਾ ਹੋਵੇ ਮੈਨੂੰ ਕੰਮ ਤੇ ਰੱਖ ਲੈਂ। ਸ਼ਾਇਦ ਐਮ. ਏ .,ਬੀ .ਐਡ ਹੋਣ ਕਰਕੇ ਉਸਦੇ ਮੂੰਹੋਂ ਕੁੱਝ ਨਾ ਨਿਕਲਿਆ।
ਅੱਛਾ ਯਾਰ ਫੇਰ ਮਿਲਾਂਗੇ ਕਹਿ ਕੇ ਦੀਪਕ ਨੌਕਰੀ ਦੀ ਦਰਖਾਸਤ ਦੇਣ ਤੁਰ ਪਿਆ ।
ਸ਼ੋਸ਼ਲ ਮੀਡੀਆ ‘ਤੇ ਸਾਡੇ ਨਾਲ ਵਿਚਰ ਰਹੇ ਮਿੱਤਰ ਦਾ ਹੱਡੀਂ ਹੰਢਾਇਆ ਸੱਚ:
ਮੈਂ ਨਸ਼ਾ ਕਰਨਾ 10 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹ ਨਸ਼ਾ ਸੀ ਦਾਰੂ ‘ਤੇ ਸਿਗਰਟ ਕਈ ਲੋਕ ਸਿਗਰਟ ਨੂੰ ਨਸ਼ਾ ਨਹੀਂ ਮੰਨਦੇ ਜਾਂ ਆਮ ਨਸ਼ਾ ਹੀ ਮੰਨਦੇ ਹਨ ਪਰ ਮੈ ਹੀ ਜਾਣਦਾ ਹਾਂ ਕਿ ਨਸ਼ਾ ਕੋਈ ਵੀ ਹੋਵੇ ਤੁਹਾਡੇ ਉਪਰ ਕਿਸ ਹੱਦ ਤੱਕ ਅਸਰ ਕਰਦਾ ਹੈ। ਨਸ਼ੇ ਦਾ ਸੱਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕੇ ਉਹ ਤੁਹਾਨੂੰ ਆਪਣਾ ਗੁਲਾਮ ਬਣਾਉਂਦਾ ਹੈ। ਮੇਰੀ ਸਵੇਰ ਦੀ ਸ਼ੁਰੂਆਤ “ਸਿਗਰਟ” ਤੋਂ ਹੋਣੀਂ ਕਈ ਵਾਰ ਬਾਬੇ ਨੇ ਤੜਕੇ ਪਾਠ ਸ਼ੁਰੂ ਕਰਨਾ ਉਧਰ ਮੈਂ ਸਿਗਰਟ ਦੇ ਕਸ਼ ਲਾ ਰਿਹਾ ਹੋਣਾਂ। ਰਾਤ ਨੂੰ ਚੰਡੀਗੜ੍ਹ ਦੀਆਂ ਸੜਕਾਂ ‘ਤੇ ਦੇਰ ਰਾਤ ਨੂੰ ਭਟਕਣਾਂ। ਇੱਕ ਸਮਾਂ ਇਹ ਆ ਗਿਆ ਜਦੋਂ ਹਰ ਪੰਦਰਾਂ ਮਿੰਟ ਬਾਅਦ ਮੈਨੂੰ ਸਿਗਰਟ ਚਾਹੀਦੀ ਹੀ ਸੀ ਤੇ ਮੈਂਨੂੰ ਯਕੀਨ ਹੋ ਗਿਆ ਸੀ ਕਿ ਹੁਣ ਸਿਗਰਟ ਤੋਂ ਬਗੈਰ ਮੇਰਾ ਗੁਜ਼ਾਰਾ ਨਹੀਂ ਇਹ ਮੇਰੇ ਨਾਲ ਹੀ ਜਾਵੇਗੀ। ਦਾਰੂ ਤੋਂ ਬਾਅਦ ਤਾਂ ਡੱਬੀਆਂ ਦੀਆਂ ਡੱਬੀਆਂ ਖਾਲੀ ਹੋ ਜਾਣੀਆਂ।
ਮੈਂ ਕਈ ਵਾਰੀ ਇਸ ਨੂੰ ਛੱਡਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਮੈਂ ਨਿਰਾਸ਼ ਹੋਕੇ ਫੈਸਲਾ ਕੀਤਾ ਕੇ ਹੁਣ ਕੋਈ ਫਾਇਦਾ ਨਹੀਂ। ਪਰ ਚਮਤਕਾਰ ਹੀ ਹੋਇਆ ਮੈਂ ਸਿੱਖੀ , ਸਿੱਖ ਇਤਿਹਾਸ ਬਾਰੇ ਪੜਨਾ ਸ਼ੁਰੂ ਕੀਤਾ , ਆਪਣੇ ਯੋਧਿਆਂ , ਗੁਰੂਆਂ ਬਾਰੇ ਪੜ੍ਹ ਆਪਣੇ ਆਪ ਤੇ ਗੁੱਸਾ ਵੀ ਆਇਆ ‘ਤੇ ਸ਼ਰਮਿੰਦਗੀ ਵੀ ਮਹਿਸੂਸ ਹੋਈ। ਮੈਂ ਫੈਸਲਾ ਕੀਤਾ ਕੇ ਸਿੰਘ ਸਜਾਂਗਾ ਯਕੀਨ ਮਨੋਂ ਮੈਂ ਇਹ ਸੋਚਿਆ ਹੀ ਨਹੀਂ ਕੇ ਸਿਗਰਟ ਬਿਨਾਂ ਕਿਵੇਂ ਜੀਵਾਂਗਾ? ਮੈਂ ਗੁਰੂਦੁਆਰਾ ਸਾਹਿਬ ਗਿਆ ਅੰਮ੍ਰਿਤ ਛਕਿਆ ਤੇ ਗੁਰੂ ਪਿਆਰਿਆਂ ਦੀ ਸੰਗਤ ਕਰਨ ਲੱਗਾ। ਨਾ ਸਿਗਰਟ ਯਾਦ ਰਹੀ ਨਾ ਸ਼ਰਾਬ ਜਿਸ ਨੂੰ ਛੱਡਣ ਲਈ ਮੈਂ ਅਣਗਿਣਤ ਕੋਸ਼ਿਸ਼ਾਂ ਕੀਤੀਆਂ ਦਵਾਈਆਂ ਵੀ ਖ਼ਾਦੀਆਂ ਉਹ ਆਖਿਰ ਛੁੱਟ ਗਈ। ਨਸ਼ਾ ਛੱਡਣ ਲਈ ਤੁਹਾਡਾ ਇਰਾਦਾ ਕੰਮ ਕਰਦਾ ਹੈ ਕੋਈ ਵੀ ਨਸ਼ਾ ਐਸਾ ਨਹੀਂ ਜੋ ਨਾ ਛਡਿਆ ਜਾ ਸਕੇ। ਸੋ ਆਓ ਇਸ ਨਸ਼ੇ ਦਾ ਕੋਹੜ ਵੱਢ ਗੁਰੂਆਂ ਦੇ ਪਾਏ ਪੂਰਨਿਆਂ ਤੇ ਚਲੀਏ🙏
ਪੰਜਾਬ ਵਸਦਾ ਗੁਰਾਂ ਦੇ ਨਾਂ ‘ਤੇ
ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ । ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। ਰਸਤਾ ਸੁੰਨਸਾਨ ਸੀ ।
ਮਨਦੀਪ ਨੂੰ ਇਵੇ ਮਹਿਸੂਸ ਹੋਇਆ ਕਿ ਉਸਦਾ ਪਿੱਛਾ ਕੋਈ ਕਰ ਰਿਹਾ ਹੈ। ਉਸਨੇ ਪਿਛੇ ਮੁੜ ਕੇ ਦੇਖਿਆ। ਦੋ ਲੜਕੇ ਗੰਦਾ ਜਿਹਾ ਗਾਣਾ ਗਾਉਂਦੇ ਆ ਰਹੇ ਸਨ। ਉਨਾਂ ਦੀਆਂ ਹਰਕਤਾਂ ਦੇਖ ਕੇ ਮਨਦੀਪ ਨੇ ਜਲਦੀ ਨਾਲ ਖਾਲੀ ਮੈਸਜ਼ ਕਰ ਦਿੱਤਾ ਤੇ ਬੈਲ ਦੇ ਦਿੱਤੀ।
ਉਹ ਮੁੰਡੇ ਉਸ ਨਾਲ ਛੇੜਖਾਨੀ ਕਰਨ ਲੱਗੇ। ਉਸਨੇ ਇੱਕ-ਇੱਕ ਲਫੜ ਦੋਨਾਂ ਦੇ ਮਾਰਿਆ। ਮਨਦੀਪ ਨੇ ਪੈਰਾਂ ਤੇ ਹੱਥਾਂ ਨਾਲ ਮਾਰ-ਮਾਰ ਕੇ ਉਨ੍ਹਾਂ ਮੁੰਡਿਆਂ ਦਾ ਬੁਰਾ ਹਾਲ ਕਰ ਦਿੱਤਾ ।
ਉਸ ਸਮੇਂ ਤਕ ਪੁਲਿਸ ਦੀ ਜੀਪ ਪਹੁੰਚ ਗਈ। ਦੋਨੋ ਭੱਜਣ ਲੱਗੇ । ਮਨਦੀਪ ਨੇ ਇੱਕ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ। ਉਸੇ ਸਮੇਂ ਥਾਣੇਦਾਰ ਨੇ ਕਿਹਾ “ਸ਼ਾਬਾਸ਼ ਇਵੇਂ ਦੀਆਂ ਬਹਾਦਰ ਬੇਟੀਆਂ ਹੋਣੀਆਂ ਚਾਹੀਦੀਆਂ ਹਨ। ਵਾਹ ! ਵਾਹ ! ਕਮਾਲ ਕਰ ਦਿੱਤੀ !”
ਅੰਕਲ ਜੀ ! ਮੇਰੀ ਦਾਦੀ ਨੇ ਮੈਨੂੰ ਲੜ੍ਹਕਿਆਂ ਦੀ ਤਰ੍ਹਾਂ ਪਾਲਿਆ। ਉਨ੍ਹਾਂ ਮੈਨੂੰ ਦੁੱਧ ਮਖੱਣ ਨਾਲ ਪਿਆਰ ਨਾਲ ਪਾਲਿਆ ਹੈ। ਮੈਨੂੰ ਕਰਾਟਿਆਂ ਦੀ ਟਰੇਨਿੰਗ ਦਵਾਈ। ਮੈਂ ਕਾਲਜ ਦਾਖਲਾ ਲੈਣਾ ਸੀ। ਦਾਦੀ ਕਹਿਣ ਲੱਗੇ ਜ਼ਮਾਨਾ ਬਹੁਤ ਖਰਾਬ ਹੈ। ਉਨ੍ਹਾਂ ਨੇ ਸਾਰੀਆਂ ਗੱਲਾਂ ਸਮਝਾਈਆ । ਉਨ੍ਹਾ ਕਿਹਾ “ਜੇ ਕੋਈ ਤੈਨੂੰ ਬੇਵਜ੍ਹਾ ਤੰਗ ਕਰੇ ਤਾਂ ਉਸਨੂੰ ਸੋਧ ਦੇਵੀ।”
ਪੁਲਿਸ ਵਾਲੇ ਨੇ ਦੋਨੋ ਮੁੰਡਿਆ ਨੂੰ ਹੱਥਘੜੀ ਲਗਾ ਦਿੱਤੀ । ਪੁਲਿਸ ਵਾਲੇ ਨੇ ਕਿਹਾ “ਤੇਰੇ ਜੈਸੀਆਂ ਬਹਾਦਰ ਲੜਕੀਆਂ ਸਵੈ ਰੱਖਿਆ ਕਰ ਸਕਣ ਤਾਂ ਪੱਤ ਲੁੱਟਣ ਦੀਆਂ ਘਟਨਾਵਾਂ ਬਹੁਤ ਘੱਟ ਜਾਣ।
*ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ?*
ਸਾਨੂੰ ਬਾਬਾ ਨਾਨਕ ਨੇ ਗੁਰਬਾਣੀ ਵਿੱਚ ਮੰਤਰ ਰਟਨ ਤੋਂ ਵਰਜਿਤ ਕੀਤਾ ਹੈ। ਪਰ ਅਫਸੋਸ ਜਿਨ੍ਹਾਂ ਗਲਾਂ ਤੋਂ ਸਾਨੂੰ ਬਾਬਾ ਨਾਨਕ ਨੇ ਕੱਢਿਆ, ਅਸੀਂ ਫਿਰ ਉਨ੍ਹਾਂ ਵਿੱਚ ਹੀ ਗਲਤਾਨ ਹੋ ਰਹੇ ਹਾਂ। ਪਰ ਅੱਜ ਇਹ ਅਖੌਤੀ ਪ੍ਰਥਾ ਚਲ ਪਈ ਹੈ ਕਿ ਵਾਹਿਗੁਰੂ-ਵਾਹਿਗੁਰੂ ਵਾਰ-ਵਾਰ ਕਹਿਣਾ ਹੀ ਸਿਮਰਨ ਹੈ ਜਾਂ ਨਾਮ ਜੱਪਣਾ ਹੈ।
ਜਦਕਿ ‘ਵਾਹਿਗੁਰੂ’ ਅਖਰ ਗੁਰਮੰਤ੍ਰ ਨਹੀਂ ਹੈ। ਪ੍ਰਮਾਤਮਾ ਦਾ ਨਾਮ (ਸੱਚ ਦਾ ਗਿਆਨ) ਹੀ ਗੁਰਮੰਤ੍ਰ ਹੈ, ਜਿਸ ਨੂੰ ਸਮਝ ਵਿਚਾਰ ਕੇ, ਉਸ ਦੁਆਰਾ ਜੀਵਨ ਜਿਉਣਾ ਹੀ ਨਾਮ ਜੱਪਣਾ ਹੈ, ਨਾ ਕਿ ਇੱਕ ਅੱਖਰ ਨੂੰ ਵਾਰ ਵਾਰ ਰਟਨਾ ਨਾਮ ਜਪਣਾ ਹੈ। ਇਹ ਨਿਰੋਲ ਬ੍ਰਾਹਮਣਵਾਦੀ ਵਿਚਾਰਧਾਰਾ ਹੈ, ਨਾ ਕਿ ਗੁਰਮਤਿ।
ਪਰ ਸਿੱਖ ਕੌਮ ਵਿੱਚ ਇੱਕ ਤੁੱਕ ਦੇ ਅਖਰੀ ਅਰਥ ਕਰ ਕੇ ਬ੍ਰਾਹਮਣੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵਾਹਿਗੁਰੂ ਹੀ ਗੁਰੂ ਦਾ ਮੰਤ੍ਰ ਹੈ ਜਿਸ ਨੂੰ ਵਾਰ ਵਾਰ ਰਸਨਾ ਨਾਲ ਜਪਿ ਕੇ ਹੀ ਹਉਮੈ ਦੂਰ ਹੂੰਦੀ ਹੈ।
ਇਹ ਤੁੱਕ ਹੈ:- “ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਉਮੈ ਖੋਈ॥”
ਇਹ ‘ਤੁੱਕ’ ਭਾਈ ਗੁਰਦਾਸ ਜੀ ਦੀ 13ਵੀਂ ਵਾਰ ਦੀ ਦੁਸਰੀ ਪਉੜੀ ਵਿੱਚੋਂ ਹੈ। ਇਸ ‘ਤੁੱਕ’ ਦੇ “ਭਾਵ ਅਰਥ ਇਸ ਪ੍ਰਕਾਰ ਬਣਦੇ ਹਨ ਕਿ:-
ਪ੍ਰਮਾਤਮਾ (ਵਾਹਿਗੁਰੂ) ਦੇ ‘ਸੱਚ ਦੇ ਗਿਆਨ’ (ਗੁਰਮੰਤ੍ਰ) ਨਾਲ ਜੁੜ (ਜਪੁ) ਕੇ ਹਉਮੈ ਦੂਰ ਹੁੰਦੀ ਹੈ।”
ਰੱਬ ਨੂੰ ਹਰ ਥਾਂ ਹਾਜ਼ਰ ਨਾਜ਼ਰ ਜਾਣ ਕੇ ਉਸ ਦੇ ਪਵਿੱਤਰ ਅਤੇ ਨਿਰਮਲ ਭਉ (ਪਵਿੱਤਰ ਡਰ) ਵਿੱਚ ਹੀ ਭਾਓ (ਪਿਆਰ) ਪੈਦਾ ਹੁੰਦਾ ਹੈ, ਉਸ ਨਿਰਮਲ ਭਉ ਵਿੱਚ ਰਹਿ ਕੇ ਨਿਰਮਲ ਗੁਣ ਧਾਰਨ ਕਰਨੇ ਹੀ ‘ਅਸਲ ਭਗਤੀ’ ਕਹਿਲਾਉਂਦੀ ਹੈ। ਬਾਬਾ ਨਾਨਕ ਨੇ ਮਨੁੱਖ ਨੂੰ ਦੁਨੀਆਂ ਤੋਂ ਨਹੀਂ ਬਲਕਿ ਮਾਇਆ (ਕੂੜ) ਤੋਂ ਦਿਲਗੀਰ (ਨਿਰਲੇਪ) ਹੋਣ ਦੀ ਜਾਚ ਦੱਸੀ ਹੈ। ‘ਨਾਮ’ ਬਾਰੇ ਗੁਰਬਾਣੀ ਵਿੱਚ ਸਪੱਸ਼ਟ ਲਿਖਿਆ ਹੈ ਕਿ
*“ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੁ ਦਿਆ ਬੁਝਾਇ ਜੀਉ”* ਭਾਵ ਪ੍ਰਮਾਤਮਾ ਦਾ ਹੁਕਮ (ਨਿਯਮ, ਕਾੰਨੂਨ) ਹੀ ਉਸ ਦਾ ਨਾਮ ਹੈ, ਹੇ ਨਾਨਕ, ਮੈਨੂੰ ਇਹ ਸਮਝ ਸਤਿਗੁਰੂ (ਸੱਚ ਦੇ ਗਿਆਨ) ਨੇ ਬਖਸ਼ੀ ਹੈ। ਉਸ ਸੱਚ ਦੇ ਗਿਆਨ, ਭਾਵ ਗੁਰਬਾਣੀ ਨੂੰ ਸਮਝ ਵਿਚਾਰ ਕੇ ਪ੍ਰਮਾਤਮਾ ਦੇ ਬਣਾਏ ਨਿਯਮ, ਕਾੰਨੂਨ ਵਿੱਚ ਵਿੱਚਰਣ ਨੂੰ ਹੀ ਨਾਮ ਜੱਪਣਾ ਕਹਿੰਦੇ ਹਨ।
ਵੈਸੇ ਗੁਰਬਾਣੀ ਵਿੱਚ ਪ੍ਰਮਾਤਮਾ ਦੇ ਅਖਰੀ ਨਾਵਾਂ ਦੀ ਬਹੁਤ ਵਰਤੋਂ ਕੀਤੀ ਗਈ ਹੈ ਜਿਵੇਂ ਕਿ: ਰਾਮ, ਰਹੀਮ, ਅੱਲ੍ਹਾ, ਖ਼ੁਦਾ, ਹਰੀ, ਬੀਠਲ, ਭਗਵਾਨ, ਭਗਵੰਤ ਮਾਧੋ ਆਦਿ: ਹੋਰ ਬਹੁਤ ਨਾਮ ਹਨ, ਫਿਰ ਕਿਹੜਾ ਨਾਮ ਜੱਪਿਆ ਜਾਵੇ। ਇਸ ਬਾਬਤ ਗੁਰਬਾਣੀ ਵਿੱਚ ਬਹੁਤ ਪ੍ਰਮਾਣ ਹਨ।
*ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥*
*ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ ਪਾਇਆ॥ (ਪੰਨਾ 565)*
*ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ (ਪੰਨਾ 555)*
ਇਸ ਲਈ ਕੋਈ ਖ਼ਾਸ ਲਫ਼ਜ਼ ਜਾਂ ਸ਼ਬਦ ਪ੍ਰਮਾਤਮਾ ਦਾ ਨਾਮ ਨਹੀਂ ਹੈ। ਸਗੋਂ ਉਸ ਦੀ ਭਗਤੀ ਨੂੰ ਗੁਣਾਂ ਨਾਲ ਜੋੜਿਆ ਗਿਆ ਹੈ।
*ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥ (ਪੰਨਾ 286)*
*ਊਠਤ ਬੈਠਤ ਸਪਵਤ ਧਿਆਇਐ॥ ਮਾਰਗਿ ਚਲਤ ਹਰੇ ਹਰਿ ਗਾਇਐ॥ (ਪੰਨਾ 386)*
*ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮ ਭਾਗਾ॥ (ਪੰਨਾ 614)*
ਆਦਿ ਕਿਨ੍ਹੇ ਹੀ ਗੁਰੂ ਪ੍ਰਮਾਣ ਹਨ, ਜਿਨ੍ਹਾਂ ਵਿੱਚ ਨਾਮ ਜੱਪਣ ਦਾ ਇਸ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ। ਇਹ ਨਾਮ ਜੋ ਕਦੇ ਵੀ ਨਾ ਵੀਸਰੇ, ਕਿਵੇਂ ਜਪਿਆ ਜਾ ਸਕਦਾ ਹੈ, ਸੱਪਸ਼ਟ ਹੈ ਕਿ *“ਵਿਣ ਗੁਣ ਕੀਤੇ ਭਗਤਿ ਨ ਹੋਇ”*। ਗੁਣਾਂ ਵਾਲਾ ਸਚਿਆਰ ਜੀਵਨ ਜੀਣਾ ਹੀ ਅਸਲ ਭਗਤੀ ਹੈ ਅਤੇ ਅਜਿਹਾ ਜੀਵਨ ਬਣਾਉਣ ਹਿੱਤ ਮੁਸ਼ੱਕਤ ਕਰਨੀ ਹੀ ਸਿਮਰਨ ਹੈ, ਤੱਪ ਹੈ। ਰੱਬ ਦਾ ਸਰੂਪ, ਭਗਤੀ, ਨਾਮ, ਸਿਮਰਨ, ਜਪ, ਤਪ ਆਦਿ ਵਿਸ਼ੇ ਇੱਕਠੇ ਹੀ ਹਨ, ਜਿਨ੍ਹਾਂ ਦਾ ਸੱਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਗੁਰੁ ਸਾਹਿਬ ਜੀ ਨੇ ਭਗਤੀ ਅਤੇ ਨਾਮ ਨੂੰ ਮਨੁੱਖ ਦੇ ਸਚਿਆਰ ਵਾਲੇ ਵਿਵਹਾਰ ਪੱਖ ਨਾਲ ਜੋੜ ਕੇ ਬਿਆਨ ਕੀਤਾ ਹੈ।
*ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥*
*ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਜਪੁ ਜੀ)*
ਇਸ ਤਰ੍ਹਾਂ ਗੁਣ ਸੰਗ੍ਰਹਿ ਕਰਨ ਵਾਲੀ ਭਗਤੀ ਹੀ ਸਚਿਆਰਾਪਨ ਪੈਦਾ ਕਰਦੀ ਹੈ। ਇਸ ਸਚਿਆਰੇਪਨ ਵਿੱਚ ਹੀ ਧਰਮੀ ਹੋਣ ਦਾ ਆਨੰਦ ਹੈ। ਜਿਸ ਨੂੰ ਗੁਰਬਾਣੀ ਵਿੱਚ ਵਾਰ-ਵਾਰ ਬਿਆਨ ਕੀਤਾ ਗਿਆ ਹੈ।
ਅਸਲ ਵਿੱਚ ਬਾਬਾ ਨਾਨਕ ਦੇ ਨਿਰਮਲ ਸਿਧਾਂਤਾਂ ਨਾਲ ਜੁੱੜ (ਸਮਝ) ਕੇ ਜੋ ਭਰਮ ਭੁਲੇਖੇ ਦੂਰ ਹੋਣ ਤੋਂ ਬਾਅਦ ਜੋ ਆਨੰਦ ਮਿਲਦਾ ਹੈ ਉਹ ਅਖੌਤੀ ਸਿਮਰਨ ਨਾਲ ਨਹੀਂ ਮਿਲ ਸਕਦਾ। ਅਸੀਂ ਤਾਂ ਆਪਣਾ ਮਨੂੱਖਾ ਜੀਵਨ ਭਰਮ ਭੁਲੇਖਿਆਂ ਵਿੱਚ ਅਜਾਈਂ ਗਵਾ ਰਹੇ ਹਾਂ।
*ਗਿਆਨੁ ਅੰਜਨੁ ਗੁਰ ਦੀਆ, ਅਗਿਆਨ ਅੰਧੇਰ ਬਿਨਾਸ॥ (ਪੰਨਾ 293)*
*ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ॥*
*ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ॥ (ਪੰਨਾ 696)*
ਵਾਕਿਆ ਹੀ ਗੁਰਬਾਣੀ ਸੱਚ ਹੈ।
ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ
*ਸੁਣਿ ਵਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥ (ਪੰਨਾ 9)*
ਸੱਚ ਹੈ ਕਿ ਇੱਕ ਦੂਜੇ ਤੋਂ ਸਿਰਫ ਸੁਣਨ ਮਾਤਰ ਨਾਲ ਹੀ ਪ੍ਰਮਾਤਮਾ ਦੇ ਵੱਡੇ ਹੋਣ ਦਾ ਪਤਾ ਨਹੀਂ ਲੱਗ ਸਕਦਾ। ਵੱਡਾ ਤਾਂ ਵੇਖਣ (ਮਹਿਸੂਸ ਕਰਨ) ਨਾਲ ਹੀ ਪਤਾ ਚਲਦਾ ਹੈ। ਖ਼ੈਰ ਮੈਂ ਜ਼ਿਆਦਾ ਕੁੱਝ ਨਾ ਕਹਾਂ।
ਕੁੱਝ ਅਜਿਹਾ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਮੈਂ ਖਿਮਾ ਦੀ ਜਾਚਕ ਹਾਂ। ਮੇਰਾ ਮਕਸੱਦ ਕੇਵਲ ਬਾਬਾ ਨਾਨਕ ਦੇ ਨਿਰਮਲ ਸਿਧਾਂਤਾਂ ਦੀਆਂ ਵਿਚਾਰਾਂ ਕਰਨ ਤੋਂ ਹੈ, ਜਿਨ੍ਹਾਂ ਤੋਂ ਅਸੀਂ ਭਟਕੇ ਹੋਏ ਹਾਂ। ਬਾਬਾ ਨਾਨਕ ਦਾ ਫੁਰਮਾਨ ਹੈ ਕਿ:
*“ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ (ਪੰਨਾ 290)*
ਭਾਵ: ਆਪ ਸੱਚ ਦੇ ਗਿਆਨ (ਨਾਮ) ਨਾਲ ਜੁੜੋ (ਜਪਹੁ) ਅਤੇ ਹੋਰਾਂ ਨੂੰ ਵੀ ਜੋੜੋ (ਜਪਾਵਹੁ)।