ਮੇਰੀ ਵਾਰੀ ਆਈ ਤਾਂ ਉਹ ਮੈਨੂੰ ਕੁਰਸੀ ਤੇ ਬਿਠਾਉਂਦਿਆਂ ਸਾਰ ਹੀ ਪੁੱਛਣ ਲੱਗੇ..”ਹਾਂ ਦੱਸ ਪੁੱਤਰਾ ਕੀ ਪ੍ਰੋਬਲਮ ਏ?
“ਡਾਕਟਰ ਸਾਬ ਕੁਝ ਦਿਨਾਂ ਤੋਂ ਅੱਖਾਂ ਵਿਚ ਜਲਨ..ਖੁਸ਼ਕੀ ਅਤੇ ਰੁੱਖਾਪਣ ਜਿਹਾ ਮਹਿਸੂਸ ਹੋਈ ਜਾ ਰਿਹਾ ਏ..ਪਤਾ ਨੀ ਕਿਓਂ?
ਓਹਨਾ ਨੇੜੇ ਹੋ ਕੇ ਮੇਰੀਆਂ ਅੱਖੀਆਂ ਚੈਕ ਕੀਤੀਆਂ ਤੇ ਫੇਰ ਸਹਿ ਸੁਭਾ ਹੀ ਪੁੱਛ ਲਿਆ “ਆਖਰੀ ਵਾਰ ਕਦੋਂ ਰੋਇਆ ਸੈਂ ਪੁੱਤਰ”?
ਮੈਂ ਇੱਕ ਤਜੁਰਬੇਕਾਰ ਡਾਕਟਰ ਵੱਲੋਂ ਪੁੱਛਿਆ ਗਿਆ ਇਹ ਅਜੀਬ ਜਿਹਾ ਸੁਆਲ ਸੁਣ ਹੈਰਾਨ ਹੋ ਕੇ ਰਹਿ ਗਿਆ ਤੇ ਝੱਟਪੱਟ ਹੀ ਅੱਗੋਂ ਆਖ ਦਿੱਤਾ ਕੇ “ਰੋਣਾ ਕੋਈ ਚੰਗੀ ਗੱਲ ਥੋੜਾ ਏ ਅੰਕਲ ਜੀ..ਉਹ ਵੀ ਮਰਦਾਂ ਵਾਸਤੇ ”
“ਜੀ ਹਾਂ ਪੁੱਤਰ ਜੀ ਰੋਣਾ ਬੜੀ ਚੰਗੀ ਗੱਲ ਹੈ..ਜੋ ਲੋਕ ਰੋਂਦੇ ਨਹੀਂ ਓਹਨਾ ਦੀਆਂ ਅੱਖੀਆਂ ਤੇ ਦਿਲ ਦੋਨੋਂ ਹੀ ਪੱਥਰ ਹੋ ਜਾਂਦੇ ਨੇ..ਤੇ ਦਿਮਾਗ ਪੂਰੀ ਤਰਾਂ ਸੁੰਨ…ਸੋ ਕਦੀ ਕਦੀ ਕਾਰਨ ਅਕਾਰਨ ਹੀ ਅੱਖੀਆਂ ਚੋਂ ਨੀਰ ਵਹਾ ਲੈਣਾ ਤੇ ਦਿਲ ਹੌਲਾ ਕਰ ਲੈਣਾ ਕੋਈ ਮਾੜੀ ਗੱਲ ਨਹੀਂ….ਸੋ ਰੋ ਲਿਆ ਕਰ ਕਦੀ ਕਦੀ”
“ਪਰ ਕਿੱਦਾਂ ਕਦੋਂ ਤੇ ਕਿਹੜੇ ਬਹਾਨੇ ਨਾਲ ਰੋਇਆ ਕਰਾਂ”?
“ਇਕਾਂਤ ਵਿਚ ਰੱਬ ਦੀ ਬੰਦਗੀ ਕਰਦੇ ਆਪਣੇ ਵੱਲੋਂ ਹੋਏ ਕੀਤੇ ਹੋਏ “ਪਾਪਾਂ” ਨੂੰ ਯਾਦ ਕਰ ਕੇ”
ਮੁਸਕੁਰਾਉਂਦੇ ਹੋਏ ਲੰਮੇ ਦਾਹੜੇ ਵਾਲੇ ਉਹ ਸਰਦਾਰ ਜੀ ਅੱਜ ਮੈਨੂੰ ਡਾਕਟਰ ਘੱਟ ਪਰ ਨਿੱਕੇ ਹੁੰਦਿਆਂ ਨਿੱਤਨੇਮ ਲਈ ਪ੍ਰੇਰਦੇ ਹੋਏ ਮੇਰੇ ਦਾਦਾ ਜੀ ਜਿਆਦਾ ਲੱਗ ਰਹੇ ਸਨ”
ਹਰਪ੍ਰੀਤ ਸਿੰਘ ਜਵੰਦਾ