Bhangra Boliyan

ਇਸ਼ਕ ਇਸ਼ਕ ਨਾ ਕਰਿਆ ਕਰ ਨੀ,
ਸੁਣ ਲੈ ਇਸ਼ਕ ਦੇ ਕਾਰੇ।
ਏਸ ਇਸ਼ਕ ਨੇ ਸਿਖਰ ਦੁਪਹਿਰੇ,
ਕਈ ਲੁੱਟੇ ਕਈ ਮਾਰੇ।
ਪਹਿਲਾਂ ਏਸ ਨੇ ਦਿੱਲੀ ਲੁੱਟੀ,
ਫੇਰ ਗਈ ਬਲਖ ਬੁਖਾਰੇ।
ਤੇਰੀ ਫੋਟੋ ਤੇ,
ਸ਼ਰਤਾਂ ਲਾਉਣ ਕੁਮਾਰੇ।
ਜਾਂ
ਤੇਰੀ ਫੋਟੋ ਤੇ
ਡਿੱਗ ਡਿੱਗ ਪੈਣ ਕੁਮਾਰੇ।

ਨਾ ਵੇ ਪੂਰਨਾ ਚੋਰੀ ਕਰੀਏ,
ਨਾ ਵੇ ਮਾਰੀਏ ਡਾਕਾ।
ਬਾਰਾਂ ਬਰਸ ਦੀ ਸਜ਼ਾ ਬੋਲ ਜੂ,
ਪੀਹਣਾ ਪੈ ਜੂ ਆਟਾ।
ਨੇੜੇ ਆਈ ਦੀ ਬਾਂਹ ਨਾ ਫੜੀਏ,
ਲੋਕੀਂ ਕਹਿਣਗੇ ਡਾਕਾ।
ਕੋਠੀ ਪੂਰਨ ਦੀ,
ਵਿਚ ਪਰੀਆਂ ਦਾ ਵਾਸਾ।

ਉੱਚਾ ਬੁਰਜ ਬਰਾਬਰ ਮੋਰੀ,
ਦੀਵਾ ਕਿਸ ਬਿਧ ਧਰੀਏ।
ਚਾਰੇ ਨੈਣ ਕਟਾਵੱਢ ਹੋ ਗਏ,
ਹਾਮੀ ਕੀਹਦੀ ਭਰੀਏ।
ਨਾਰ ਬਗਾਨੀ ਦੀ,
ਬਾਂਹ ਨਾ ਮੂਰਖਾ ਫੜੀਏ।

ਮੇਲਣ ਤਾਂ ਮੁੰਡਿਆ ਉਡਣ ਖਟੋਲਾ,
ਵਿੱਚ ਗਿੱਧੇ ਦੇ ਨੱਚਦੀ।
ਜੋੜ ਜੋੜ ਕੇ ਪਾਉਂਦੀ ਬੋਲੀਆਂ,
ਤੋੜਾ ਟੁੱਟੇ ਤੋਂ ਨੱਚਦੀ।
ਪੈਰਾਂ ਦੇ ਵਿਚ ਪਾਈਆਂ ਝਾਂਜਰਾਂ,
ਮੁੱਖ ਚੁੰਨੀ ਨਾਲ ਢਕਦੀ।
ਸੂਟ ਤਾਂ ਇਹਦਾ ਡੀ ਚੈਨਾ ਦਾ,
ਹਿੱਕ ਤੇ ਅੰਗੀਆ ਰੱਖਦੀ।
ਤਿੰਨ ਵਾਰੀ ਮੈਂ ਪਿੰਡ ਪੁੱਛ ਲਿਆ,
ਤੂੰ ਨਾ ਜ਼ੁਬਾਨੋਂ ਦੱਸਦੀ।
ਤੇਰੇ ਮਾਰੇ ਚਾਹ ਮੈਂ ਧਰ ਲਈ,
ਅੰਗ ਚੰਦਰੀ ਨਾ ਮੱਚਦੀ।
ਆਸ਼ਕਾਂ ਦੀ ਨਜ਼ਰ ਬੁਰੀ,
ਤੂੰ ਨੀ ਖਸਮ ਦੇ ਵੱਸਦੀ

ਰੇਤੀ-ਰੇਤੀ-ਰੇਤੀ,
ਬੋਲੀਆਂ ਮੈਂ ਬੀਜੀਆਂ,
ਇਕ ਲੱਖ ਤੇ ਸਵਾ ਸੌ ਤੇਤੀ।
ਤਿੰਨ ਤਾਂ ਉਹਨੂੰ ਪਾਣੀ ਲਾਏ,
ਰੰਬਿਆਂ ਨਾਲ ਗੁਡਾਈਆਂ।
ਦਾਤੀ ਲੈ ਕੇ ਵੱਢਣ ਬਹਿ ਗਏ,
ਖੇਤ ਮੰਡਲੀਆਂ ਲਾਈਆਂ।
ਮਿੰਨੀ-ਮਿੰਨੀ ਵਗੇ ਹਨੇਰੀ,
ਫੜ ਤੰਗਲੀ ਨਾਲ ਉਡਾਈਆਂ।
ਚੰਗੀਆਂ-ਚੰਗੀਆਂ ਮੂਹਰੇ ਲਾਈਆਂ,
ਮੰਦੀਆਂ ਮਗਰ ਹਟਾਈਆਂ।
ਕਿਹੜਾ ਜਿਦ ਲੂਗਾ,
ਬਿਪਤਾ ਨਾਲ ਬਣਾਈਆਂ।