ਛੰਨਾਂ ਦਾ ਦਰਬਾਰਾ ਮਾਰੇ ਡਾਕੇ
ਚੜ੍ਹ ਗਿਆ ਪੰਨੀ ਤੇ
ਜਾ ਮਾਰਿਆ ਲਲਕਾਰਾ
ਜੱਟ ਜੱਟਾਂ ਦੇ ਭਾਈ ਲੱਗਦੇ
ਬਾਣੀਆਂ ਕੀ ਲੱਗਦਾ ਸਾਲਾ।
ਚਰ੍ਹੀਏ ਲੈ ਵੜਿਆ
ਬੰਤੋ ਨੂੰ ਦਰਬਾਰਾ।
Bhangra Boliyan
ਸੁਣ ਨੀ ਕੁੜੀਏ ਨੱਚਣ ਵਾਲੀਏ,
ਨੱਚਣਾ ਕੀਹਨੇ ਸਿਖਾਇਆ।
ਜਦ ਗਿੱਧੇ ਵਿੱਚ ਨੱਚੇਂ ਕੁੜੀਏ,
ਚੜ੍ਹਦਾ ਰੂਪ ਸਵਾਇਆ।
ਨੱਚ ਲੈ ਮੋਰਨੀਏ,
ਢੋਲ ਤੇਰਾ ਘਰ ਆਇਆ।
ਤੇਲ ਬਾਝ ਨਾ ਪੱਕਣ ਗੁਲਗੁਲੇ,
ਦੇਖ ਰਹੀ ਪਰਤਿਆ ਕੇ।
ਥੜਿਆਂ ਬਾਝ ਨਾ ਸੋਹਣੇ ਪਿੱਪਲ,
ਦੇਖ ਸੱਥਾਂ ਵਿੱਚ ਜਾ ਕੇ।
ਭੱਜ ਕੇ ਰਕਾਨੇ ਚੜ ਗੀ ਪੀਂਘ ਤੇ,
ਡਿੱਗ ਪੀ ਹੁਲਾਰਾ ਖਾ ਕੇ।
ਹਾਣ ਦਾ ਗੁਮਾਨ ਕਰ ਗੀ..
ਵਿੱਚ ਕੁੜੀਆਂ ਦੇ ਜਾ ਕੇ ।
ਪੜ੍ਹਨ ਵਾਲੀਏ ਕੁੜੀਏ ਸੁਣ ਲੈ,
ਪੜ੍ਹ ਪੜ੍ਹ ਸਿੱਖਣ ਜਾਈਏ।
ਬਿਨਾਂ ਕ੍ਰਿਤ ਨਾ ਕੋਈ ਸਿੱਖਿਆ,
ਹੱਥੀਂ ਕ੍ਰਿਤ ਕਮਾਈਏ।
ਬਿਨਾਂ ਅਮਲ ਤੋਂ ਵਿਦਿਆ ਕੋਰੀ,
ਸਭਨਾਂ ਨੂੰ ਸਮਝਾਈਏ।
ਸਿੱਖਿਆ ਸਫਲੀ ਹੈ..
ਹੱਥੀਂ ਕੰਮ ਕਰਾਈਏ।
ਕਾਨਾ-ਕਾਨਾ-ਕਾਨਾ
ਨਦੀਓਂ ਪਾਰ ਖੜ੍ਹੇ
ਗੁਰੂ ਨਾਨਕ ਤੇ ਮਰਦਾਨਾ
ਥੋੜ੍ਹੀ-ਥੋੜ੍ਹੀ ਮੈਂ ਭਿੱਜ ਗਈ
ਨਾਲੇ ਭਿੱਜ ਗਿਆ ਯਾਰ ਬਿਗਾਨਾ
ਸੋਹਣੀ ਪੁੱਤ ਮੰਗਦੀ
ਦੇਹ ਉਤਲਿਆ ਭਗਵਾਨਾ।
ਅੱਧੀ ਰਾਤੋਂ ਚੜ੍ਹਦਾ ਮਹਿਰਿਆ
ਪਾਣੀ ਭਰਨ ਮੁਟਿਆਰਾਂ
ਵੇ ਸੋਹਣੀ ਦੇਖ ਕੇ ਬਾਂਹ ਫੜ ਲੈਂਦਾ
ਕੱਸ ਕੇ ਮਾਰਦਾ ਕਾਨਾ
ਕੱਚੀਆਂ ਕੈਲਾਂ ਦਾ
ਕੌਣ ਭਰੂ ਹਰਜਾਨਾ |
ਖੋਜ ਤਰਕ ਦੋਨੋਂ ਭਾਈ,
ਦੋਵੇਂ ਨਾਉਂ ਧਰਵਾਈ।
ਪਾਣੀ ਵਿੱਚੋਂ ਕੱਢਲੀ ਬਿਜਲੀ,
ਐਸੀ ਕਲਾ ਚਲਾਈ।
ਲੰਬੀ ਰੇਲ ਦੇ ਭਰ ਭਰ ਡੱਬੇ,
ਭਾਫ ਦੇ ਨਾਲ ਚਲਾਈ।
ਖੋਜੀ ਖੋਜਾਂ ਦਾ……..,
ਅੰਤ ਨਾ ਪਾਇਆ ਜਾਈ।
ਆ ਨੀ ਕੁੜੀਏ, ਪੜ੍ਹਨ ਵਾਲੀਏ,
ਬਸਤੇ ਚੁੱਕ ਕੇ ਜਾਈਏ।
ਦਾਖਲ ਨਾਮ ਕਰ ਕੇ ਆਪਣੇ,
ਰੇਵੜੀਆਂ ਵਰਤਾਈਏ।
ਪੈਂਤੀ ਅੱਖਰੀ ਸਿਖ ਕੇ ਪਹਿਲਾਂ,
ਦੂਜੀ ਭਾਸ਼ਾ ਲਾਈਏ।
ਸਹਿਜੇ ਸਿੱਖ ਸਿੱਖ ਕੇ……..,
ਜੀਵਨ ਸਫ਼ਲ ਬਣਾਈਏ।
ਗਿੱਧਾ ਪਾਈਂ ਨੱਚ ਨੱਚ ਮੁੰਡਿਆ,
ਛੱਡੀਂ ਨਾ ਕੋਈ ਖਾਮੀਂ।
ਨੱਚਣਾ ਕੁੱਦਣਾ ਮਨ ਕਾ ਚਾਓ,
ਗੁਰੂਆਂ ਦੀ ਹੈ ਹਾਮੀ।
ਜੇ ਮੇਲਣੇ, ਆਈ ਗਿੱਧੇ ਵਿੱਚ,
ਤਾਂ ਕੀ ਐ ਬਦਨਾਮੀ ?
ਗਿੱਧਾ ਤਾਂ ਸਜਦਾ……
ਜੇ ਨੱਚੇ ਮੁੰਡੇ ਦੀ ਮਾਮੀ।
ਆਰੀ! ਆਰੀ! ਆਗੇ!
ਪਹਿਲੀ ਚਾਂਗ ਦਾਦੀ ਨੇ ਮਾਰੀ।
ਆਉਣਾ ਇਸ ਜੱਗ ਤੇ,
ਜੰਮਣਾ ਵਾਰੋ ਵਾਰੀ।
ਫੇਰ ਚਾਂਗ ਮਾਂ ਨੇ ਮਾਰੀ,
ਮਾਂ ਹੈ ਬੜੀ ਪਿਆਰੀ।
ਲਾਵਾਂ ਕੂੜ ਦੀਆਂ…..
ਤੂੰ ਜਿੱਤਿਆ, ਮੈਂ ਹਾਰੀ।
ਸੁਣ ਵੇ ਮੁੰਡਿਆ ਬਾਗ ਲਵਾਈਏ
ਚਾਰੇ ਬਾਰ ਰਖਾਈਏ
ਬਾਗਾਂ ਦੇ ਵਿੱਚ ਮੋਰ ਬੋਲਦੇ
ਲਾਲ ਢਾਠੀਆਂ ਵਾਲੇ
ਨਾ ਤਾਂ ਖਾਂਦੇ ਕੁੱਟੀਆਂ ਚੂਰੀਆਂ
ਨਾ ਖਾਂਦੇ ਜੱਗ ਮੇਵਾ
ਨਾਰ ਬਿਗਾਨੀ ਦੀ
ਮੂਰਖ ਕਰਦੇ ਸੇਵਾ।
ਨੀਵੀਂ ਢਾਲ ਚੁਬਾਰਾ ਪਾਇਆ,
ਕਿਸੇ ਵੈਲੀ ਨੇ ਰੋੜ ਚਲਾਇਆ।
ਪਿੰਡ ਵਿੱਚ ਇਕ ਵੈਲੀ,
ਫੇਰ ਪਿੰਡ ਬਦਮਾਸ਼ ਲਿਖਾਇਆ।
ਧਨੀਏ ਬਦਾਮ ਰੰਗੀਏ,
ਮੇਰੀ ਪੱਗ ਨੂੰ ਦਾਗ ਕਿਉਂ ਲਾਇਆ।
ਚੁਗਦੇ ਹੰਸਾਂ ਦਾ,
ਰੱਬ ਨੇ ਵਿਛੋੜਾ ਪਾਇਆ।