ਸੁਣ ਵੇ ਦਿਉਰਾ ਫੌਰਨ ਵਾਲਿਆ
ਲੱਗੇਂ ਜਾਨ ਤੋਂ ਮਹਿੰਗਾ
ਵੇ ਲੈ ਜਾ ਮੇਰਾ ਲੱਕ ਮਿਣਕੇ
ਮੇਲੇ ਗਿਆ ਤਾਂ ਲਿਆ ਦੇਈਂ ਲਹਿੰਗਾ !
Deor Bharjayii
ਦਿਉਰ ਮੇਰੇ ਦਾ ਪਵੇ ਚੁਬਾਰਾ,
ਤਿੰਨ ਭਾਂਤ ਦੀ ਇੱਟ ਲੱਗ ਜਾਂਦੀ।
ਚਹੁੰ ਭਾਂਤ ਦਾ ਗਾਰਾ,
ਅੰਦਰੋਂ ਡਰ ਲੱਗਦਾ,
ਬੁਰਛਾ ਦਿਉਰ ਕੁਮਾਰਾ।
ਡੁੱਬੜੀ ਦੇ ਨੈਣ ਤਿੱਖੇ,
ਕਰਕੇ ਛੱਡਣ ਸ਼ੁਦਾਈ।
ਭਾਬੀ ਦਿਉਰ ਨੂੰ ਆਖਣ ਲੱਗੀ,
ਮਗਰੇ ਨਾ ਤੁਰ ਜਾਈਂ।
ਤੇਰੇ ਵਰਤਣ ਨੂੰ,
ਫੁੱਲ ਵਰਗੀ ਭਰਜਾਈ।
ਲੰਮੀ ਧੌਣ ਤੇ ਸਜੇ ਤਵੀਤੀ,
ਮਧਰੀ ਧੌਣ ਤੇ ਵਾਲੇ।
ਰੋਟੀ ਲੈ ਕੇ ਚੱਲ ਪਈ ਖੇਤ ਨੂੰ,
ਦਿਉਰ ਮੱਝੀਆਂ ਚਾਰੇ।
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ,
ਜਾਂਦੀ ਨੂੰ ਅੱਖੀਆਂ ਮਾਰੇ।
ਟੁੱਟ ਪੈਣਾ ਵਿਗੜ ਗਿਆ,
ਬਿਨ ਮੁਕਲਾਈਆਂ ਭਾਲੇ।
ਵਿਹੜੇ ਦੇ ਵਿਚ ਖੜ੍ਹੀ ਭਾਬੀਏ,
ਮੈਂ ਤਾਂ ਨਿਗਾਹ ਟਿਕਾਈ।
ਤੂੰ ਤਾਂ ਸਾਨੂੰ ਯਾਦ ਨੀ ਕਰਦੀ,
ਮੈਂ ਨੀ ਦਿਲੋਂ ਭੁਲਾਈ।
ਤੇਰੇ ਨਖਰੇ ਨੇ,
ਅੰਗ ਕਾਲਜੇ ਲਾਈ।
ਜੇ ਭਾਬੀ ਮੇਰਾ ਖੂਹ ਨੀ ਜਾਣਦੀ,
ਖੁਹ ਨੀ ਤੂਤਾਂ ਵਾਲਾ।
ਜੇ ਭਾਬੀ ਮੇਰਾ ਨਾਂ ਨੀ ਜਾਣਦੀ,
ਨਾਂ ਮੇਰਾ ਕਰਤਾਰਾ।
ਬੋਤਲ ਪੀਂਦੇ ਦਾ,
ਸੁਣ ਭਾਬੀ ਲਲਕਾਰਾ।
ਲੱਭਦਾ ਫਿਰੇਂ ਕੀ ਦਿਉਰਾ,
ਰੁਪ ਦੀਆਂ ਮੰਡੀਆਂ ‘ਚੋਂ,
ਬੰਨ੍ਹ ਕੇ ਤੂੰ ਪੱਗ ਵੇ ਨਵਾਬ ਵਰਗੀ।
ਤੇਰੇ ਜੱਟੀ ਨਾ ਪਸੰਦ ਵੇ,
ਸ਼ਰਾਬ ਵਰਗੀ।
ਬਾਰੀਂ ਬਰਸੀਂ ਖੱਟਣ ਗਿਆ ਸੀ,
ਕੀ ਖੱਟ ਲਿਆਇਆ ?
ਖੱਟ ਕੇ ਲਿਆਂਦੀ ਦਾਤੀ।
ਪਿੰਡਾ ਮੇਰਾ ਰੇਸ਼ਮ ਦਾ,
ਮੇਰੇ ਦਿਉਰ ਦੀ ਮਖਮਲੀ ਛਾਤੀ।
ਨਹੀਂ ਤਾਂ ਦਿਉਰਾ ਅੱਡ ਤੂੰ ਹੋ ਜਾ,
ਨਹੀਂ ਕਢਾ ਲੈ ਕੰਧ ਵੇ।
ਮੈਂ ਬੁਰੀ ਕਰੂੰਗੀ,
ਆਕੜ ਕੇ ਨਾ ਲੰਘ ਵੇ।
ਅੱਜ ਤੋਂ ਭਾਬੀ ਨੇਮ ਚੁਕਾ ਲੈ,
ਜੇ ਘਰ ਵੜ ਗਿਆ ਤੇਰੇ।
ਨੀ ਪਾਣੀ ਦੀ ਤੂੰ ਚੂਲੀ ਭਰਾ ਲੈ,
ਹੱਥ ਵਿਚ ਗੜਬੀ ਮੇਰੇ।
ਜੇ ਮੈਂ ਮਰ ਗਿਆ ਨੀ,
ਵਿੱਚ ਬੋਊਗਾ ਤੇਰੇ।
ਝੂਟਾ-ਝੂਟਾ-ਝੂਟਾ !
ਜਿੱਥੇ ਦਿਉਰ ਪੱਬ ਧਰਦਾ,
ਉੱਥੇ ਉੱਗਦਾ ਸਰੂ ਦਾ ਬੂਟਾ।
ਬੂਟਾ ਲਾ ਨੀ ਲਿਆ,
ਫੁੱਲ ਖਿੜ ਨੀ ਗਿਆ।
ਸੋਹਣੀ ਭਾਬੋ ਮਿਲ ਗਈ,
ਦਿਉਰ ਤਿੜ ਨੀ ਗਿਆ।
ਘਰ ਨੇ ਜਿੰਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਕੋਲੋ ਕੋਲੀ ਮਨ੍ਹੇ ਗਡਾ ਲਏ,
ਗੱਲਾਂ ਕਰਨ ਪਰਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ।
ਭਾਬੀ, ਭਾਬੀ ਕੀ ਲਾਈ ਆ ਦਿਉਰਾ,
ਕੀ ਭਾਬੀ ਤੋਂ ਲੈਣਾ।
ਬੂਰੀ ਮਹਿ ਨੂੰ ਪੱਠੇ ਪਾ ਦੇ,
ਨਾਲੇ ਘੜਾ ਦੇ ਗਹਿਣਾ।
ਭਾਬੀ ਦਾ ਝਿੜਕਿਆ ਵੇ,
ਕੁਛ ਨੀ ਬੇਸ਼ਰਮਾ ਰਹਿਣਾ।