ਵਿਹੜੇ ਦੇ ਵਿੱਚ ਪਈ ਆਂ ਭਾਬੀਏ,
ਹਰਾ ਮੂੰਗੀਆ ਤਾਣੀ।
ਵੀਰ ਤਾਂ ਮੇਰਾ ਨੌਕਰ ਉਠ ਗਿਆ,
ਆਪਾਂ ਹਾਣੋ ਹਾਣੀ।
ਮੁੜਕਾ ਲਿਆ ਹੂੰਗਾ,
ਛੋਟਾ ਦਿਉਰ ਨਾ ਜਾਣੀ।
Deor Bharjayii
ਵਿਹੜੇ ਦੇ ਵਿਚ ਪਈ ਆਂ ਭਾਬੀਏ,
ਹਰਾ ਮੂੰਗੀਆ ਤਾਣੀ।
ਵੀਰ ਤਾਂ ਮੇਰਾ ਨੌਕਰ ਉੱਠ ਗਿਆ,
ਆਪਾਂ ਹਾਣੋ ਹਾਣੀ।
ਮੱਚ ਗਿਆ ਤੇਰੇ ਤੇ,
ਛਿੜਕ ਭਾਬੀਏ ਪਾਣੀ।
ਲੈ ਦਿਉਰਾ ਤੈਨੂੰ ਅੱਡ ਕਰ ਦਿੰਨੀ ਆਂ
ਦੇ ਕੇ ਸੇਰ ਪੰਜੀਰੀ
ਤੂੰ ਅੱਡ ਹੋ ਗਿਆ ਵੇ
ਮੇਰੇ ਦੁੱਖਾਂ ਦਾ ਸੀਰੀ।
ਵਿਹੜੇ ਦੇ ਵਿਚ ਪਈ ਆਂ ਭਾਬੀਏ,
ਹਰਾ ਮੂੰਗੀਆ ਤਾਣੀ।
ਵੀਰ ਤਾਂ ਮੇਰਾ ਨੌਕਰ ਉੱਠ ਗਿਆ,
ਆਪਾਂ ਹਾਣੋ ਹਾਣੀ।
ਉੱਠ ਕੇ ਨੀ ਭਾਬੋ,
ਭਰ ਦੇ ਦਿਉਰ ਦਾ ਪਾਣੀ।
ਸਾਉਣ ਮਹੀਨੇ ਮੀਂਹ ਨਹੀਂ ਪੈਂਦਾ,
ਲੋਕੀ ਘੜਨ ਸਕੀਮਾਂ।
ਮੌਲੇ ਤਾਂ ਹੁਣ ਹਲ ਵਾਹੁਣੋ ਹਟਗੇ,
ਗੱਭਰੂ ਲੱਗ ਗੇ ਫੀਮਾਂ।
ਗੱਭਣਾਂ ਤੀਮੀਆਂ ਨੱਚਣੋਂ ਰਹਿ ਗਈਆਂ,
ਢਿੱਡ ਹੋ ਜਾਂਦੇ ਬੀਨਾਂ।
ਲਹਿੰਗਾ ਭਾਬੋ ਦਾ,
ਚੱਕ ਲਿਆ ਦਿਉਰ ਸ਼ੌਕੀਨਾਂ।
ਲੱਭਦਾ ਫਿਰਾਂ ਨੀ ਭਾਬੀ,
ਰੂਪ ਦੀਆਂ ਮੰਡੀਆਂ ‘ਚੋਂ,
ਰੰਗ ਤੇਰੇ ਰੰਗ ਵਰਗਾ।
ਲੱਕ ਪਤਲਾ ਸਰੀਰ ਹੌਲਾ,
ਵੰਗ ਵਰਗਾ।
ਉੱਚੇ ਟਿੱਬੇ ਮੁੰਡਾ ਕਾਰ ਚਲਾਉਂਦਾ
ਸਾਬ ਨਾ ਉਹਨੂੰ ਚਾਬੀ ਦਾ
ਲੜ ਛੱਡ ਦੇ ।
ਬੇਸ਼ਰਮਾਂ ਭਾਬੀ ਦਾ।
ਆ ਦਿਓਰਾ ਆਪਾਂ ਚੱਲੀਏ ਖੇਤ ਨੂੰ
ਉਥੇ ਕਰਾਂਗੇ ਹੋਲਾਂ
ਖੇਸ ਵਿਛਾ ਲੀਂ ਵੇ
ਲਾਹ ਲੀਂ ਮਨ ਦੀਆਂ ਭੋਲਾਂ।
ਆ ਦਿਓਰਾ ਆਪਾਂ ਹਾੜ੍ਹੀ ਵੱਢੀਏ
ਲਾ ਪਾਸੇ ਨਾਲ ਪਾਸਾ
ਝਿੜਕਿਆ ਭਾਬੋ ਦਾ
ਫਿਰਦਾ ਦਿਓਰ ਨਿਰਾਸਾ।
ਲੈ ਦਿਉਰਾ ਆਪਾਂ ਖੁਰਲੀ ਬਣਾਈਏ
ਕੋਲ ਬਣਾਈਏ ਚਰਨਾ
ਇੱਕ ਚਿੱਤ ਕਰਦਾ ਦਿਉਰ ਮੇਰੇ ਦਾ
ਗੱਡ ਦਿਆਂ ਖੇਤ ਵਿੱਚ ਡਰਨਾ
ਦਾਰੂ ਪੀਵਾਂਗੇ
ਕੌਲ ਬਾਂਝ ਨਹੀਂ ਸਰਨਾ ।
ਪਾਈਏ-ਪਾਈਏ-ਪਾਈਏ
ਪੁੱਛਦੇ ਦਿਉਰ ਖੜ੍ਹੇ
ਤੇਰਾ ਕੀ ਦੁਖਦਾ ਭਰਜਾਈਏ,
ਪੱਲਾ ਚੱਕ ਉਤਲੇ ਦਾ
ਤੇਰੇ ਕੋਕੇ ਦਾ ਦਰਸ਼ਨ ਪਾਈਏ
ਸੋਹਣਾ ਮੁੱਖਣ ਦੇਹ
ਨਹੀਂ ਹੋਰ ਦੁਆਰੇ ਜਾਈਏ
ਮਿੱਤਰਾਂ ਨੂੰ ਕੀ ਘਾਟਾ
ਜੇਬ ਖੜਕਦੀ ਚਾਹੀਏ।
ਨੀ ਤੜਕੇ ਦਾ ਭਾਬੀ ਸੂੜ ਮਾਰਦਾ
ਨਾ ਨੀ ਘੱਲਿਆ ਟੁੱਕ ਟੇਰਾ
ਜੇ ਤਾਂ ਭਾਬੀ ਹੁੰਦੀ ਔਰਤ
ਸੌ-ਸੌ ਮਾਰਦੀ ਗੇੜਾ
ਛੱਪੜੀਆਂ ਦਾ ਪਾਣੀ ਪੀਤਾ
ਢਿੱਡ ਵਿੱਚ ਰੁੱਝੇ ਬਥੇਰਾ
ਭਾਬੀ ਅੱਡ ਹੋ ਜਾ
ਬਹੁਤ ਖੁਸ਼ੀ ਮਨ ਮੇਰਾ।