ਖਾਣ ਨਾ ਜਾਣਦੀ ਪੀਣ ਨਾ ਜਾਣਦੀ
ਖਾਣ ਜਾਣਦੀ ਮੇਵੇ
ਬਈ ਜੱਟੀ ਫੁੱਟਬਾਲ ਵਰਗੀ
ਸੁੱਤੀ ਪਈ ਵੀ ਟਿਕਣ ਨਾ ਦੇਵੇ।
Funny Punjabi Boliyan
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਛੱਤੀ।
ਛੱਤੀ ਦੇ ਵਿਚ ਲੜਣ ਸ਼ਰੀਕਣਾਂ,
ਆਖਣ ਕੁੱਤੀ ਕੁੱਤੀ।
ਇਕ ਹਟਾਈ ਹਟ ਕੇ ਬਹਿ ਗੀ,
ਦੂਜੀ ਨੇ ਲਾਹ ਲੀ ਜੁੱਤੀ।
ਉਹ ਤੇਰਾ ਕੀ ਲੱਗਦਾ,
ਜੀਹਦੇ ਨਾਲ ਤੂੰ ਸੁੱਤੀ।
ਚਿੱਟਾ ਕੁੜਤਾ ਪੈਂਟ ਬਦਾਮੀ ,ਰੱਖਦਾ ਬੋਦੀਆਂ ਵਾਹ ਕੇ
ਕੁੜੀਆਂ ਤੋਂ ਪੱਟਿਆ ਤੁਰਦਾ ਹੁਲਾਰਾ ਖਾ ਕੇ
ਖੇਤ ਗਏ ਨੂੰ ਬਾਪੂ ਘੂਰਦਾ
ਘਰੇ ਆਏ ਨੂੰ ਤਾਇਆ
ਵੇ ਰਾਤੀਂ ਰੋਂਦਾ ਸੀ
ਮਿੰਨਤਾਂ ਨਾਲ ਮਨਾਇਆ।
ਭੀੜੀ ਗਲੀ ਵਿੱਚ ਹੋ ਗਏ ਟਾਕਰੇ
ਦੇਖ ਕੇ ਪੈਂਦਾ ਹੱਸ ਵੇ
ਤੇਰੇ ਦੰਦਾਂ ਨੂੰ ਮੋਹ ਲਈ
ਦੰਦਾਂ ਦੀ ਦਾਰੂ ਦੱਸ ਵੇ।
ਲੈ ਨੀ ਮੇਲਣੇ ਪੀੜ੍ਹੀ ਬੁਣ ਦਿਆਂ
ਪੱਟ ਦੀ ਪਾ ਕੇ ਦੌਣ
ਮੇਲਣੇ ਸੱਚ ਦੱਸ ਨੀ
ਤੇਰੀ ਨਿਗਾ ਵਿੱਚ ਕੌਣ।
ਪੇਕਿਆਂ ਦੇ ਘਰ ਮੱਝਾਂ ਲਵੇਰੀਆਂ
ਸਹੁਰਿਆਂ ਦੇ ਘਰ ਢਾਂਡੀ
ਮਾੜੀ ਹੋ ਗੀ ਵੇ
ਸੁੱਥਣ ਢਿਲਕਦੀ ਜਾਂਦੀ।
ਸਹੁਰੇ ਮੇਰੇ ਨੇ ਜੁੱਤੀ ਭੇਜੀ
ਉਹ ਵੀ ਮੇਰੇ ਤੰਗ
ਨੀ ਮੈਂ ਕਰਾਂ ਵਡਿਆਈਆਂ
ਸਹੁਰੇ ਮੇਰੇ ਨੰਗ।
ਯਾਰੀ-ਯਾਰੀ ਕੀ ਲਾਈ ਆ ਮੁੰਡਿਆ,
ਕੀ ਯਾਰੀ ਤੋਂ ਲੈਣਾ।
ਪਹਿਲਾਂ ਯਾਰੀ ਲੱਡੂ ਮੰਗੇ,
ਫੇਰ ਮੰਗੂ ਦੁੱਧ ਪੇੜੇ।
ਆਸ਼ਕ ਲੋਕਾਂ ਦੇ,
ਮੂੰਹ ਤੇ ਪੈਣ ਚਪੇੜੇ
ਊਠਾਂ ਵਾਲਿਓ ਵੇ
ਊਠ ਲੱਦੇ ਨੇ ਜਲੰਧਰ ਨੂੰ
ਨਿੱਤ ਦਾਰੂ ਪੀਵੇ
ਮੱਤ ਦਿਓ ਵੇ ਕੰਜਰ ਨੂੰ।
ਹੋਰਾਂ ਦੇ ਮਾਹੀ ਲੰਮੇ ਸੁਣੀਂਦੇ
ਮੇਰਾ ਮਾਹੀਆ ਮੇਚ ਦਾ ਨੀ
ਜੀ. ਟੀ. ਰੋਡ ਤੇ
ਪਕੌੜੇ ਵੇਚਦਾ ਨੀ।
ਠਾਰਾਂ ਚੱਕ ਦੇ ਚੋਬਰ ਸੁਣੀਂਦੇ
ਜਿਉਂ ਮਾਹਾਂ ਦੀ ਬੋਰੀ
ਦੁੱਧ ਮਲਾਈਆਂ ਖਾ ਕੇ ਪਲ ਗਏ
ਰੰਨ ਭਾਲਦੇ ਗੋਰੀ
ਗਿੱਟਿਓਂ ਮੋਟੀ ਪਿੰਜਣੀ ਪਤਲੀ
ਜਿਉਂ ਗੰਨੇ ਦੀ ਪੋਰੀ
ਕਾਲੀ ਨਾਲ ਵਿਆਹ ਨਾ ਕਰਾਉਂਦੇ
ਰੰਨ ਭਾਲਦੇ ਗੋਰੀ
ਰੋਂਦੀ ਚੁੱਪ ਨਾ ਕਰ
ਸਿਖਰ ਦੁਪਹਿਰੇ ਤੋਰੀ।