ਆ ਵੇ ਯਾਰਾ, ਬਹਿ ਵੇ ਯਾਰਾ,
ਦਿਲ ਦੀ ਆਖ ਸੁਣਾਵਾਂ।
ਜਾਕਟ ਲਿਆ ਮਿੱਤਰਾ,
ਜਿਹੜੀ ਕੁੜਤੀ ਹੇਠਾਂ ਦੀ ਪਾਵਾਂ।
ਕੁੜਤੀ ਦੀ ਵਿਉਂਤ ਬੁਰੀ,
ਫੇਰ ਹਿੱਕ ਦੇ ਹੇਠ ਗਲਾਵਾਂ।
ਕੁੰਜੀਆਂ ਇਸ਼ਕ ਦੀਆਂ,
ਕਿਸ ਜਿੰਦਰੇ ਨੂੰ ਲਾਵਾਂ।
Giddha Boliyan
ਸਾਉਣ ਦੇ ਮਹੀਨੇ
ਜੀਅ ਨਾ ਕਰਦਾ ਕੱਪੜੇ ਪਾਉਣ ਨੂੰ
ਮੁੰਡਾ ਫਿਰੇ ਨੀ ਕਾਲੀ
ਸੂਫ ਸਵਾਉਣ ਨੂੰ।
ਸਾਉਣ ਦੇ ਮਹੀਨੇ
ਮੰਜੇ ਡਾਹੀਏ ਨਾ ਵੇ ਜੋੜ ਕੇ
ਚੱਲਣਗੇ ਪਰਨਾਲੇ
ਪਾਣੀ ਲੈਜੂਗਾ ਵੇ ਰੋੜ੍ਹ ਕੇ।
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਧੋਤੀ ਚੁੱਕ ਲੈ ਵੇ
ਪਤਲੀ ਨਾਰ ਦਿਆ ਯਾਰਾ।
ਊਠਾਂ ਵਾਲਿਓ ਵੇ
ਊਠ ਲੱਦੇ ਨੇ ਲਹੌਰ ਨੂੰ
ਕੱਲੀ ਕੱਤਾਂ ਵੇ
ਘਰ ਘੱਲਿਓ ਮੇਰੇ ਭੌਰ ਨੂੰ।
ਉਠਾਂ ਵਾਲਿਓ ਵੇ
ਊਠ ਲੱਦੇ ਨੇ ਥੱਲੀ ਨੂੰ
ਆਪ ਚੜ੍ਹ ਗਿਆ ਰੇਲ
ਮੈਨੂੰ ਛੱਡ ਗਿਆ ਕੱਲੀ ਨੂੰ।
ਊਠਾਂ ਵਾਲਿਓ ਵੇ
ਊਠ ਲੱਦੇ ਨੇ ਗੰਗਾ ਨੂੰ
ਜੱਟ ਬੇਈਮਾਨ
ਪੈਸੇ ਦੇਂਦਾ ਨਾ ਵੰਗਾਂ ਨੂੰ।
ਊਠਾਂ ਵਾਲਿਓ ਵੇ
ਸੋਡੀ ਕੀ ਵੇ ਨੇਕਰੀ
ਪੰਜ ਵੇ ਰੁਪਈਏ
ਇੱਕ ਭੌਂ ਦੀ ਟੋਕਰੀ।
ਕਿੱਕਰ ਵੱਢੀ ਤਾਂ ਕੁਛ ਨਾ ਬਣਾਇਆ
ਤੂਤ ਵੱਢੇ ਤੋਂ ਲਹਿੰਗਾ
ਲਾ ਕੇ ਦੋਸਤੀਆਂ
ਸੱਥ ਵਿਚਾਲੇ ਬਹਿੰਦਾ।
ਚੱਕ ਲਿਆ ਟੋਕਰਾ ਚਲ ਪਈ ਖੇਤ ਨੂੰ,
ਮੈਂ ਵੀ ਮਗਰੇ ਆਇਆ।
ਵੱਟਾਂ ਡੋਲੇ ਸਾਰੇ ਫਿਰ ਗਿਆ,
ਤੇਰਾ ਮਨ੍ਹਾਂ ਨਾ ਥਿਆਇਆ।
ਪਾਣੀ ਪਿਆ ਪਤਲੋ,
ਮਰ ਗਿਆ ਯਾਰ ਤਿਹਾਇਆ।
ਮਲਕਾ ਜਾਂਦੀ ਨੇ ਰਾਜ ਕਰ ਲਿਆ,
ਪਹਿਨੇ ਪੱਟ ਮਰੀਨਾਂ।
ਲੋਹੇ ਦੇ ਝੋਟੇ ਤੇਲ ਮੂਤਦੇ,
ਜੋੜੇ ਸਿਊਣ ਮਸ਼ੀਨਾਂ।
ਤੂੜੀ ਖਾਂਦੇ ਬੈਲ ਹਾਰ ਗਏ,
ਗੱਭਰੂ ਗਿੱਝ ਗਏ ਫੀਮਾਂ।
ਲਹਿੰਗਾ ਹਰ ਕੁਰ ਦਾ,
ਲਿਆ ਵੇ ਯਾਰ ਸ਼ੌਕੀਨਾ।
ਕਾਲਿਆ ਹਰਨਾ ਬਾਗੀ ਚਰਨਾਂ,
ਤੇਰਿਆਂ ਸਿੰਗਾਂ ਤੇ ਕੀ ਕੁਝ ਲਿਖਿਆ।
ਤਿੱਤਰ ਤੇ ਮੁਰਗਾਈਆਂ,
ਅੱਗੇ ਤਾਂ ਟੱਪਦਾ ਨੌਂ ਨੌਂ ਕੋਠੇ,
ਹੁਣ ਨਾ ਟੱਪਦੀਆਂ ਖਾਈਆਂ।
ਖਾਈ ਟੱਪਦੇ ਦੇ ਲੱਗਿਆ ਕੰਡਾ,
ਦਿੰਦਾ ਏ ਰਾਮ ਦੁਹਾਈਆਂ।
ਮਾਸ ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰਲਾਈਆਂ।
ਚੁਗ ਚੁਗ ਹੱਡੀਆਂ ਪਿੰਜਰ ਬਣਾਏ,
ਸਈਆਂ ਵੇਖਣ ਆਈਆਂ।
ਇਹਨਾਂ ਸਈਆਂ ਦੇ ਚੱਕਮੇਂ ਲਹਿੰਗੇ,
ਪਿੱਪਲੀ ਪੀਘਾਂ ਪਾਈਆਂ।
ਹਾਲੇ ਕਿਆਂ ਦਾ ਠਾਣਾ ਆਇਆ,
ਉਹਨੇ ਆਣ ਲੁਹਾਈਆਂ।
ਬਿਸ਼ਨੋ ਦੇ ਚਰਖੇ ਤੇ,
ਗਿਣ ਗਿਣ ਮੇਖਾਂ ਲਾਈਆਂ।