ਪੇਟੀ ਹੋਵੇ ਲੱਕੜ ਦੀ
ਅਲਮਾਰੀ ਹੋਵੇ ਜੀਨ ਦੀ
ਮੁੰਡਾ ਹੋਵੇ ਪੜ੍ਹਿਆ
ਸਾਨੂੰ ਲੋੜ ਨਾ ਜ਼ਮੀਨ ਦੀ।
Giddha Boliyan
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਚੱਠੇ।
ਚੱਠੇ ਦੇ ਵਿਚ ਨੌਂ ਦਰਵਾਜ਼ੇ,
ਨੌ ਦਰਵਾਜ਼ੇ ਕੱਠੇ।
ਇਕ ਦਰਵਾਜ਼ੇ ਚੰਦੋ ਬਾਹਮਣੀ,
ਲੱਪ ਲੱਪ ਸੁਰਮਾ ਰੱਖੇ।
ਗੱਭਰੂਆਂ ਨੂੰ ਭੱਜ ਗਲ ਲਾਉਂਦੀ,
ਬੁੜ੍ਹਿਆਂ ਨੂੰ ਦਿੰਦੀ ਧੱਕੇ।
ਇਕ ਬੁੜ੍ਹੇ ਦੇ ਉੱਠੀ ਕਚੀਚੀ,
ਖੜ੍ਹਾ ਢਾਬ ਤੇ ਨੱਚੇ।
ਏਸ ਢਾਬ ਦਾ ਗਾਰਾ ਕੱਢਾ ਦਿਓ,
ਬਲਦ ਜੜਾ ਕੇ ਚੱਪੇ।
ਜੁਆਨੀ ਕੋਈ ਦਿਨ ਦੀ,
ਫੇਰ ਮਿਲਣਗੇ ਧੱਕੇ।
ਜਾਂ
ਝੂਠ ਨਾ ਬੋਲੀਂ ਨੀਂ,
ਸੂਰਜ ਲੱਗਦਾ ਮੱਥੇ।
ਵੇ ਪੀ ਕੇ ਪਊਆ ਆ ਗਿਆ ਗਿੱਧੇ ਵਿਚ,
ਦਿੰਦਾ ਫਿਰਦੈਂ ਗੇੜੇ।
ਪਾਸੇ ਹੋ ਕੇ ਸੁਣ ਲੈ ਬੋਲੀਆਂ,
ਹੁਣ ਨਾ ਹੋਈਂ ਨੇੜੇ।
ਵਿਚ ਗਿੱਧੇ ਦੇ ਹੱਥ ਜੇ ਲੱਗ ਗਿਆ,
ਵੀਰ ਦੇਖਦੇ ਮੇਰੇ।
ਚੱਕ ਕੇ ਸੋਟੀਆਂ ਫੜ ਕੇ ਬਾਹਾਂ,
ਟੁਕੜੇ ਕਰਨਗੇ ਤੇਰੇ।
ਮੈਂ ਤਾਂ ਮੁੰਡਿਓ ਸੁਣ ਕੇ ਸੱਚੀਆਂ,
ਜਾ ਬੈਠਾ ਸੀ ਡੇਰੇ।
ਘਰ ਦੀ ਨਾਰ ਬਿਨਾਂ,
ਕੋਈ ਨਾ ਲਾਉਂਦੀ ਨੇੜੇ।
ਆਇਆ ਸਾਉਣ ਮਹੀਨਾ ਪਿਆਰਾ,
ਘਟਾ ਕਾਲੀਆਂ ਛਾਈਆਂ।
ਰਲ ਮਿਲ ਸਈਆਂ ਪਾਵਣ ਗਿੱਧੇ,
ਪੀਘਾਂ ਪਿੱਪਲੀਂ ਪਾਈਆਂ।
ਮੋਰ ਪਪੀਹੇ ਕੋਇਲਾਂ ਕੂਕਣ,
ਯਾਦਾਂ ਤੇਰੀਆਂ ਆਈਆਂ।
ਤੂੰ ਟਕਿਆਂ ਦਾ ਲੋਭੀ ਹੋ ਗਿਆ,
ਕਦਰਾਂ ਸਭ ਭੁਲਾਈਆਂ।
ਸਾਉਣ ਮਹੀਨਾ ਚੜ੍ਹ ਗਿਆ ਸਖੀਓ,
ਰੁੱਤ ਤੀਆਂ ਦੀ ਆਈ।
ਗੱਡੀ ਜੋੜ ਕੇ ਲੈਣ ਜੋ ਜਾਂਦੇ,
ਭੈਣਾਂ ਨੂੰ ਜੋ ਭਾਈ।
ਨੱਚਣ ਕੁੱਦਣ ਮਾਰਨ ਤਾੜੀ,
ਰੰਗਲੀ ਮਹਿੰਦੀ ਲਾਈ।
ਬਿਜਲੀ ਵਾਂਗੂੰ ਦੂਰੋਂ ਚਮਕੇ,
ਨੱਥ ਵਿਚ ਮਛਲੀ ਪਾਈ।
ਆਉਂਦੇ ਜਾਂਦੇ ਮੋਹ ਲਏ ਰਾਹੀ,
ਰਚਨਾ ਖੂਬ ਰਚਾਈ।
ਤੀਆਂ ਦੇਖਣ ਨੂੰ,
ਸਹੁਰੀਂ ਜਾਣ ਜੁਆਈ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਸੈਹਣਾ।
ਸੈਹਣੇ ਪਿੰਡ ਵਿੱਚ ਪੈਂਦਾ ਗਿੱਧਾ,
ਕੀ ਗਿੱਧੇ ਦਾ ਕਹਿਣਾ।
ਕੱਲ੍ਹ ਨੂੰ ਆਪਾਂ ਵਿਛੜ ਜਾਵਾਂਗੇ,
ਫੇਰ ਕਦ ਰਲ ਕੇ ਬਹਿਣਾ।
ਭੁੱਲ ਜਾ ਲੱਗੀਆਂ ਨੂੰ,
ਮੰਨ ਲੈ ਭੌਰ ਦਾ ਕਹਿਣਾ।
ਸੌਣ ਮਹੀਨਾ ਆਇਆ ਬੱਦਲ,
ਰਿਮਝਿਮ ਬਰਸੇ ਪਾਣੀ।
ਬਣ ਕੇ ਪਟੋਲੇ ਆਈ ਗਿੱਧੇ ਵਿੱਚ,
ਕੁੜੀਆਂ ਦੀ ਇਕ ਢਾਣੀ।
ਲੰਬੜਦਾਰਾਂ ਦੀ ਬਚਨੀ ਕੁੜੀਓ,
ਹੈ ਗਿੱਧਿਆਂ ਦੀ ਰਾਣੀ।
ਹੱਸ ਕੇ ਮਾਣ ਲਵੋ, ਦੋ ਦਿਨ ਦੀ ਜ਼ਿੰਦਗਾਨੀ।
ਰਾਤਾਂ ਨੂੰ ਤਾਂ ਉੱਲੂ ਝਾਕਦੇ
ਨਾਲੇ ਬੋਲੇ ਟਟੀਹਰੀ
ਬਾਗਾਂ ਦੇ ਵਿੱਚ ਕੋਇਲ ਬੋਲਦੀ
ਕਰਦੀ ਤੀਰੀ……ਰੀ ..ਰੀ
ਭੁੱਲਿਆ ਵੇ ਕੰਤਾ
ਨਾਰਾਂ ਬਾਝ ਫਕੀਰੀ।
ਸਾਉਣ ਦਾ ਮਹੀਨਾ,
ਪੈਂਦੀ ਤੀਆਂ ’ਚ ਧਮਾਲ ਵੇ।
ਗਿੱਧੇ ਵਿੱਚ ਜਦੋਂ ਨੱਚੂੰ,
ਕਰਦੂੰ ਕਮਾਲ ਵੇ।
ਮੁੜ ਜਾ ਸ਼ੌਕੀਨਾ,
ਮੈਂ ਨੀ ਜਾਣਾ ਤੇਰੇ ਨਾਲ ਵੇ।
ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਗਿੱਧੇ ਵਿੱਚ ਆਵਾਂ।
ਮੇਰੀ ਨੱਚਦੀ ਦੀ,
ਝਾਂਜਰ ਛਣਕੇ ਨੀ।
ਨੀ ਮੈਂ ਨੱਚ ਲਾਂ,
ਨੱਚ ਲਾਂ ਪਟੋਲਾ ਬਣਕੇ ਨੀ।
ਬਗਲੇ ਦੇ ਖੰਭ ਚਿੱਟੇ ਸੁਣੀਂਦੇ
ਕੋਇਲ ਸੁਣੀਂਦੀ ਕਾਲੀ
ਬਗਲਾ ਤਾਂ ਆਪਣੇ ਨਾਲ ਹੀ ਰਲ ਗਿਆ
ਰਹਿ ਗਈ ਕੋਇਲ ਬਿਚਾਰੀ
ਹਾਕਾਂ ਘਰ ਵੱਜੀਆਂ
ਛੱਡ ਮਿੱਤਰਾ ਫੁਲਕਾਰੀ।
ਤਿੰਨ ਦਿਨਾਂ ਦੀ ਤਿੰਨ ਪਾ ਮੱਖਣੀ
ਖਾ ਗਿਆ ਟੁੱਕ ਤੇ ਧਰਕੇ
ਮੈਨੂੰ ਆਂਹਦਾ ਘਿਉ ਨੀ ਜੋੜਦੀ
ਖਾਲੀ ਪੀਪੀ ਖੜਕੇ
ਐਡੇ ਸੋਹਣੇ ਨੂੰ
ਲੈ ਗਿਆ ਦਰੋਗਾ ਫੜ ਕੇ