ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ ਤਲਵਾਰਾਂ, ਇੱਕ ਛੋਟੀ ਤੇ ਇੱਕ ਵੱਡੀ। ਪਿੱਠ ਪਿੱਛੇ ਲੋਹੇ ਦੀ ਢਾਲ ਪਿੰਜਣੀਆਂ ਉਪਰ ਪਟੇ ਚਾੜ੍ਹ ਰੱਖੇ ਸਨ। ਇੱਕ ਹੱਥ ਪਾਣੀ ਪੀਣ ਲਈ ਲੋਹੇ ਦਾ ਗਢਵਾ, ਗਲ ਵਿਚ ਲੋਹੇ ਦੇ ਮਣਕਿਆਂ ਵਾਲੀਆਂ ਅਨੇਕਾਂ ਮਾਲਾਵਾਂ, ਅੱਖਾਂ ਉਪਰ ਕਾਲੀਆਂ ਐਨਕਾਂ, ਫੌਜੀਆਂ ਵਾਂਗ ਪਰੇਡ ਕਰਦਾ ਉਹ ਜਾ ਰਿਹਾ ਸੀ।
ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਸਵਾਲੀਆ ਲਹਿਜੇ ਵਿੱਚ ਪੁੱਛਿਆ, “ਇਸ ਵਿਅਕਤੀ ਸਬੰਧੀ ਤੁਹਾਡੀ ਕੀ ਰਾਏ ਹੈ?
ਇਹ ਤਾਂ ਧਾਰਮਿਕ ਵਿਅਕਤੀ ਹੈ। ਆਪਣੇ ਇਸ਼ਟ ਵਿੱਚ ਪੱਕਾ, ਰੱਬ ਦਾ ਪੁਜਾਰੀ, ਦਿੜ ਸੰਕਲਪੀ. ਸਾਧ ਬਿਰਤੀ ਵਾਲਾ, ਫੱਕਰ, ਨਿਰਪੱਖ, ਨਿਰਲੇਪ, ਸਾਦਾ ਗਰੀਬ, ਆਪਣੀ ਧੁਨ ਵਿਚ ਪੱਕਾ ਮਹਾਂ ਯਾਤਰੀ। ਇੱਕ ਨੋਜਵਾਨ ਦਾ ਉੱਤਰ ਸੀ।
ਪਰ ਪਰ ਮੇਰਾ ਖ਼ਿਆਲ ਹੈ ਦੂਜਾ ਨੌਜਵਾਨ ਬੋਲਿਆ, ਅਜਿਹੇ ਵਿਅਕਤੀ ਕੰਮ-ਚੋਰ, ਵਿਹਲੇ ਰਹਿਕੇ ਖਾਣ ਵਾਲੇ ਪਲਾਇਣਵਾਦੀ ਹੁੰਦੇ ਹਨ। ਰੱਬ ਦੀਆਂ ਦਿੱਤੀਆਂ ਖਾਣ ਵਾਲੇ, ਵਿਹਲੀ, ਭਰਮੀ, ਨਸ਼ੀਲੇ ਪਦਾਰਥਾਂ ਦੇ ਸ਼ੌਕੀਣ, ਜਿਹੜੇ ਧਾਰਮਿਕ ਪਹਿਰਾਵੇ ਸਦਕੇ ਆਪਣਾ ਹਲਵਾ ਮੰਡਾ ਚਲਾਉਂਦੇ ਹਨ। ਅਜਿਹੇ ਵਿਅਕਤੀ, ਧਰਤੀ ਤੇ ਭਾਰ ਹਨ। ਜਿੰਨ੍ਹਾਂ ਨੇ ਕਦੇ ਨਾ ਸਮਾਜ ਦਾ ਨਾ ਦੇਸ਼ ਕੌਮ ਦਾ ਭਲਾ ਕੀਤਾ ਹੁੰਦਾ ਹੈ।?
ਤੀਜਾ ਵਿਅਕਤੀ ਜੋ ਅਜੇ ਤੱਕ ਚੁੱਪ ਸੀ, ਮੁਸਕਰਾ ਕੇ ਕਹਿਣ ਲੱਗਾ, ਦੋਸਤੋ ਮੈਨੂੰ ਤਾਂ ਇੰਝ ਲੱਗਦੈ, ਅਜਿਹੇ ਬੰਦਿਆਂ ਨੂੰ ਧਰਮ ਰਾਜ ਨੇ ਸਜ਼ਾ ਦਿੱਤੀ ਹੋਈ ਹੈ। ਜਿੰਨ੍ਹਾਂ ਨੇ ਆਪਣੇ ਪਿਛਲੇ ਜਨਮ ਵਿਚ, ਭਰੂਣ ਹੱਤਿਆ ਕਰਵਾਈ ਸੀ ਖੇਤਾਂ ਵਿੱਚੋਂ ਹਰੇ ਦਰਖਤ ਕਟਵਾਏ ਸਨ, ਪਿੰਡਾਂ ਦੇ ਟੋਭੇ ਬੰਦ ਕਰਵਾਏ, ਉਨ੍ਹਾਂ ਨੂੰ ਇਸ ਜਨਮ ਵਿਚ ਹਰ ਸਮੇਂ ਪੰਜ ਕਿੱਲੋ ਸਿਰ ਤੇ , ਦਸ ਕਿੱਲੋ ਪਿੱਠ ਤੇ ਸੱਤ ਕਿੱਲੋ ਹੱਥਾਂ ਵਿਚ ਅਤੇ ਲੱਕ ਦੁਆਲੇ ਚਾਰ ਕਿੱਲੋ ਭਾਰ ਉਠਾਈ ਰੱਖਣਗੇ। ਇਹੋ ਸਜ਼ਾ ਦਾ ਇਹ ਹੁਣ ਭੁਗਤਾਣ ਕਰ ਰਹੇ ਹਨ।
ਤਿੰਨਾਂ ਵਿੱਚੋਂ ਕੌਣ ਸਹੀ ਸੀ। ਸਮਝਣਾ ਮੁਸ਼ਕਲ ਸੀ। ਇਹ ਇੰਨ੍ਹਾਂ ਦੀ ਆਪਣੀ ਆਪਣੀ ਰਾਏ ਸੀ।
Moments
ਸਾਂਝ
ਵਿਦੇਸ਼ ਤੋਂ ਕਈ ਸਾਲਾਂ ਬਾਅਦ ਕਮਾਈ ਕਰਕੇ ਮੁੜੇ ਸੁੱਚਾ ਸਿੰਘ ਨੂੰ ਪਿੰਡ ਨਾਲੋਂ ਜਿਆਦਾ ਆਪਣੇ ਆਪ ਵਿਚ ਆਈ ਤਬਦੀਲੀ ਦਾ ਅਹਿਸਾਸ ਹੋ ਰਿਹਾ ਸੀ। ਏਨਾ ਅਰਸਾ ਮਾਂਬਾਪ ਤੇ ਸਕੇ ਸੰਬੰਧੀਆਂ ਤੋਂ ਦੂਰ ਰਹਿਣ ਨਾਲ ਉਸ ਦਾ ਉਨ੍ਹਾਂ ਪ੍ਰਤੀ ਮੋਹ ਕਈ ਗੁਣਾ ਵਧ ਗਿਆ ਸੀ। ਸੀਰੀ ਰੱਖੇ ਭੱਈਏ ਜਿਸ ਨੂੰ ਹਰ ਗੱਲ ‘ਤੇ ਝਿੜਕ ਦਿਆ ਕਰਦਾ ਸੀ ਅਤੇ ਥੋੜ੍ਹਾ ਬਹੁਤਾ ਵੀ ਗਲਤ ਕੰਮ ਕਰਨ ਤੇ ਚਾਰ ਲਾ ਵੀ ਦਿੰਦਾ ਸੀ, ਨਾਲ ਵਿਸ਼ੇਸ਼ ਤੌਰ ਤੇ ਮੋਹ ਜਾਗ ਪਿਆ ਸੀ।
ਕੱਲ ਦੇਸੀ ਘਿਉ ਨਾਲ ਭਰੀ ਪੀਪੀ ਠੇਡਾ ਵੱਜਣ ਨਾਲ ਭੱਈਏ ਹੱਥੋਂ ਛੁੱਟ ਕੇ ਦੂਰ ਜਾ ਡਿੱਗੀ ਸੀ ਅਤੇ ਸਾਰਾ ਘਿਉ ਜਮੀਨ ਤੇ ਢੇਰੀ ਹੋ ਗਿਆ ਸੀ। ਕੋਲ ਹੀ ਫਿਰਦੇ ਸੁੱਚਾ ਸਿੰਘਦੇ ਭਰਾ ਨੇ ਪੀਪੀ ਵਿਚਲਾ ਘਿਉ ਧਰਤੀ ਤੇ ਡੁੱਲਿਆ ਵੇਖ ਕੇ ਗਾਲਾਂ ਦੀ ਝੜੀ ਲਾ ਦਿੱਤੀ ਤੇ ਕੋਲ ਹੀ ਪਏ ਡੰਡੇ ਨੂੰ ਚੁੱਕ ਕੇ ਗੁੱਸੇ ਨਾਲ ਲਾਲ ਹੋਇਆ ਭਈਏ ਨੂੰ ਕੁੱਟਣ ਆਇਆ ਤਾਂ ਵਰਾਂਡੇ ਵਿਚ ਪੱਖੇ ਥੱਲੇ ਬੈਠੇ ਸੁੱਚਾ ਸਿੰਘ ਨੇ ਭਰਾ ਨੂੰ ਵਰਜਿਆ ਤੇ ਭੱਜ ਕੇ ਆ ਕੇ ਭੱਈਏ ਨੂੰ ਜੱਫੀ ਵਿਚ ਲੈ ਲਿਆ।
ਕਮਲਿਆ! ਤੂੰ ਕੀ ਜਾਣੇ ਇਹਦੇ ਦੁੱਖਾਂ ਨੂੰ? ਮੈਨੂੰ ਪੁੱਛ ਕੇ ਵੇਖ ਦੇਸ਼ਾਂ ਵਿਚ ਕਿਵੇ ‘ਦਿਨ ਕਟੀਆਂ ਕਰੀਦੀਆਂ ਨੇ। ਕਹਿ ਕੇ ਉਸ ਨੇ ਧਾਹ ਹੀ ਤਾਂ ਮਾਰ ਦਿੱਤੀ ਸੀ।
ਸ਼ਾਮ ਦੀ ਰੋਟੀ ਸਾਰਾ ਪਰਿਵਾਰ ਰਸੋਈ ਦੇ ਸਾਹਮਣੇ ਵੱਡੇ ਕਮਰੇ ਵਿਚ ਬੈਠ ਕੇ ਖਾਂਦਾ ਹੈ ਜਿੱਥੇ ਟੀ.ਵੀ. ਰੱਖਿਆ ਹੋਇਆ ਹੈ। ਨੂੰਹ ਤੇ ਪੁੱਤ ਆਪੋ ਆਪਣੇ ਦਫਤਰ ਤੋਂ ਆ ਕੇ ਅਰਾਮ ਕਰਨ ਲੱਗ ਜਾਂਦੇ ਹਨ। ਮਾਂ ਉਨ੍ਹਾਂ ਦੀ ਲੋੜ ਮੁਤਾਬਕ ਪਾਣੀ, ਚਾਹ ਕਦੇ ਦੁੱਧ ਗਰਮ ਕਰਦੀ ਹੈ। ਕਦੇ ਪੋਤਾ-ਪੋਤੀ ਆਪਣੀ ਪਸੰਦ ਦੀਆਂ ਚੀਜ਼ਾਂ ਬਣਵਾਉਂਦੇ ਹਨ। ਮਾਂ ਦਾ ਕੰਮ ਸਾਰਾ ਦਿਨ ਨਹੀਂ ਮੁੱਕਦਾ। ਨੌਕਰ ਰੱਖਣ ਦਾ ਰਿਵਾਜ ਇਸ ਘਰ ਵਿੱਚ ਸ਼ੁਰੂ ਤੋਂ ਹੀ ਨਹੀਂ ਹੈ।
ਸ਼ਨੀਵਾਰ ਨੂੰ ਸਾਰੇ ਜਾਣੇ ਦੇਰ ਰਾਤ ਤੱਕ ਟੀ.ਵੀ. ਤੇ ਚੱਲਦੀ ਫਿਲਮ ਦੇਖਦੇ ਰਹੇ ਇੱਕ ਮਾਂ ਤੋਂ ਸਿਵਾਏ। ਨੂੰਹ, ਰਸੋਈ ਚ ਗੇੜਾ ਜਿਹਾ ਮਾਰਦੀ ਫਿਰ ਟੀ.ਵੀ. ਅੱਗੇ ਆ ਬਹਿੰਦੀ।
ਮਾਂ ਨੇ ਇਕੱਲੀ ਨੇ ਹੀ ਰੋਟੀ ਬਣਾ ਕੇ ਸਭ ਨੂੰ ਖਵਾਈ। ਗਿਆਰਾਂ ਕੁ ਵਜੇ ਫਿਲਮ ਖਤਮ ਹੋਈ।
ਪਾਪਾ ਸੌਣ ਵਾਲੇ ਕਮਰੇ ਵੱਲ ਜਾਂਦਿਆਂ ਆਖਣ ਲੱਗੇ, “ਮੈਨੂੰ ਸਵੇਰੇ ਅੱਠ ਵਜੇ ਤੱਕ ਨਾ ਜਗਾਉਣਾ, ਐਤਵਾਰ ਦੀ ਛੁੱਟੀ ਹੈ, ਰੱਜ ਕੇ ਨੀਂਦ ਲਾਹਵਾਂਗੇ।”
ਨੂੰਹ ਤੇ ਪੁੱਤ ਵੀ ਛੁੱਟੀ ਵਾਲੇ ਦਿਨ ਲੇਟ ਉੱਠਣ ਦੀ ਗੱਲ ਕਰਕੇ ਸੌਣ ਚਲੇ ਗਏ। ਪੋਤਾ ਤੇ ਪੋਤੀ ਬੋਲੇ, “ਸਾਨੂੰ ਵੀ ਛੇਤੀ ਨਾ ਜਗਾਇਓ, ਅਸੀਂ ਕਿਹੜਾ ਕੱਲ ਸਕੂਲ ਜਾਣਾ? ?
ਸਭ ਦੀਆਂ ਗੱਲਾਂ ਸੁਣਦੀ ਮਾਂ ਅਜੇ ਵੀ ਕੰਮ ਵਿੱਚ ਮਸ਼ਰੂਫ ਸੀ ਰਸੋਈ ਵਿਚ ਭਾਂਡਿਆਂ ਦਾ ਢੇਰ ਪਿਆ ਸੀ। ਸੌਣ ਲਈ ਉਸਨੂੰ ਘੰਟਾ ਲੱਗ ਜਾਣਾ ਸੀ। ਤੜਕੇ ਵੀ ਸਾਰਿਆਂ ਤੋਂ ਪਹਿਲਾਂ ਉੱਠਕੇ ਉਸਨੇ ਹੀ ਚਾਹ ਬਨਾਉਣੀ ਸੀ। ਕੰਮ ਕਰਦੀ ਮਾਂ ਨੂੰ ਅਚਾਨਕ ਖਿਆਲ ਆਇਆ ਭਲਾ ਮੈਨੂੰ ਛੁੱਟੀ ਕਿਹੜੇ ਦਿਨ ਹੋਵੇਗੀ?
ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਲਾਲਾ ਦੇਵਕੀ ਨੰਦਨ, ਆਪਣੇ ਸਰਕਾਰੀ ਰਾਸ਼ਨ ਦੇ ਡੀਪੂ ਅੱਗੇ ਪੁੰਨਦਾਨ ਕਰ ਰਿਹਾ ਸੀ। ਸਬਜ਼ੀਆਂ ਤੇ ਹਲਵਾ ਤਿਆਰ ਹੋ ਚੁੱਕਾ ਸੀ, ਪੂਰੀਆਂ ਪੱਕ ਰਹੀਆਂ ਸਨ। ਗੁਰੀਬ ਬੱਚੇ ਬੁੱਢੇ ਨੌਜਵਾਨ ਨਰ ਅਤੇ ਨਾਰੀ, ਪਵਿੱਤਰ-ਭੋਜਨ’ ਦਾ ਆਨੰਦ ਮਾਣਕੇ ਲਾਲਾ ਜੀ ਨੂੰ ਅਸੀਸਾਂ ਦੇ ਰਹੇ ਸਨ।
ਐਨੇ ਨੂੰ ਦੁਰਗਾ ਹਲਵਾਈ ਆਇਆ। ਉਹ ਜ਼ਰਾ ਕੁ ਮੁਸਕਾ ਕੇ ਮਿੱਠਾ ਜਿਹਾ ਬਣ ਕਹਿਣ ਲੱਗਾ, ਲਾਲਾ ਜੀ। ਨਮਸਕਾਰ। ਤੁਸੀਂ ਤਾਂ ਧੰਨ ਹੋ। ਕਮਾਲ ਈ ਕਰ’ਤੀ। ਅਹਿ ਅੱਜ ਦੇ ਪਵਿੱਤਰ ਦਿਨ, ਪੁੰਨਦਾਨ ਕਰਨ ਦਾ ਕੰਮ ਤਾਂ ਬਹੁਤ ਵਧੀਆ ਐ ਜੀ।
ਸਭ ਪ੍ਰਭੂ ਦੀ ਕਿਰਪਾ ਹੈ। ਲਾਲਾ ਜੀ ਨੇ ਹੱਥ ਜੋੜਦਿਆਂ ਭਗਤ ਬਣਦਿਆਂ ਕਿਹਾ।
ਮੇਰੇ ਲਾਇਕ ਕੋਈ ਸੇਵਾ? ਦੁਰਗਾ ਹਲਵਾਈ ਫੇਰ ਅਧੀਨਗੀ ਨਾਲ ਬੋਲਿਆ, ਬੰਦਾ ਹਾਜ਼ਰ ਐ ਜੀ।
“ਬੱਸ ਮਿਹਰਬਾਨੀ ਹਾਂ ਸੱਚ ਲਾਲਾ ਦੇਵਕੀ ਨੰਦਨ ਨੇ ਝਿਜਕਦਿਆ ਝਿਜਕਦਿਆਂ ਆਲਾ ਦੁਆਲਾ ਵੇਖਕੇ ਕਿਹਾ, “ਮੇਰੇ ਕੋਲ ਆ ਕੰਨ ਕਰ ਇਕ ਗੱਲ ਕਰਨੀ ਐ….।”
ਦੁਰਗਾ ਹਲਵਾਈ ਜਦ ਲਾਲਾ ਦੇਵਕੀ ਨੰਦਨ ਦੇ ਨੇੜੇ ਹੋਇਆ ਤਾਂ ਲਾਲਾ ਜੀ ਨੇ ਗੰਭੀਰ ਪਰ ਮਚਲਾ ਜਿਹਾ ਬਣ ਕਿਹਾ “ਮੇਰੇ ਕੋਲ ਚਾਰ ਬੋਰੀਆਂ ਖੰਡ ਤੇ ਚਾਰ ਪੀਪੇ ਘਿਓ ਦੇ ਪਏ ਨੇ.ਜੇ ਲੋੜ ਹੋਵੇ ਤਾਂ ਦੱਸ ਦੇਵੀਂ ਰੇਟ ਤੈਨੂੰ ਪਿਛਲੇ ਮਹੀਨੇ ਵਾਲਾ ਹੀ ਲਾ ਦਿਆਂਗੇ।”
“ਕੋਈ ਨੀਂ ਜੀ ਠੀਕ ਹੈ। ਠੀਕ ਹੈ ਆਪਣੀ ਘਰ ਦੀ ਗੱਲ ਹੈ। ਅੱਜ ਹੁਣੇ ਹੀ ਮਾਲ ਚੁਕਵਾ ਲਵਾਂਗਾ। ਕਹਿੰਦਿਆਂ, ਦੁਰਗਾ ਹਲਵਾਈ ਲਾਲਾ ਜੀ ਨੂੰ ਨਮਸਕਾਰ ਕਰ ਚਲਾ ਗਿਆ।
ਮਲਕ ਭਾਗੋ ਦੇ ਸ਼ਰਧਾਲੂ ਸਰਕਾਰੀ ਰਾਸ਼ਨ ਡੀਪੂ ਅੱਗੇ ਗਰੀਬ ਬੱਚੇ ਬੁੱਢੇ ਨੌਜਵਾਨ ਨਰ ਅਤੇ ਨਾਰੀ ਇਸ ਪਵਿੱਤਰ ਭੋਜਨ ਦਾ ਆਨੰਦ ਮਾਣ ਕੇ ਲਾਲਾ ਜੀ ਨੂੰ ਅਸੀਸਾਂ ਦੇ ਰਹੇ ਹਨ।
ਉਹਨਾਂ ਵਿਚ ਭਾਈ ਲਾਲੋ ਦੀ ਪਹਿਚਾਣ ਕਰਨ ਵਾਲਾ ਗੁਰੂ ਨਾਨਕ ਜੀ ਵਰਗਾ ਕੋਈ ਨਹੀਂ ਸੀ।
ਥੋੜੇ ਚਿਰ ਪਿੱਛੋਂ ਦੂਜੇ ਪਾਸੇ ਦੁਰਗਾ ਹਲਵਾਈ ਰੇਹੜੇ ਤੇ ਮਾਲ ਲਦਵਾ ਰਿਹਾ ਸੀ।
ਪਾਰੋ ਸਿਰ ਉਤਲਾ ਘੜਾ ਥੱਲੇ ਰੱਖਦੀ ਹੋਈ ਪਤੀ ਦੇਵ ਵੱਲ ਵਧੀ। ਬਾਂਹ ਪਕੜੀ। ਨਬਜ਼ ਬਹੁਤ ਤੇਜ਼ ਚੱਲ ਰਹੀ ਸੀ। ਹੁਣ ਤਾਂ ਡਾਕਟਰ ਦੀ ਦਿੱਤੀ ਹੋਈ ਦਵਾਈ ਵੀ ਖਤਮ ਹੋ ਚੁੱਕੀ ਸੀ। ਉਸਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਧੁੰਦਲਾ ਧੁੰਦਲਾ ਵਿਖਾਈ ਦੇਣ ਲੱਗਾ ਕਿਉਂਕਿ ਰੋਜ਼ੀ ਕਮਾਉਣ ਦਾ ਇੱਕੋ ਇੱਕ ਸਾਧਨ ਉਸ ਦਾ ਪਤੀ ਹੀ ਸੀ ਜੋ ਕਿ ਮੰਜੇ ਤੇ ਪਿਆ ਮੌਤ ਨਾਲ ਸੰਘਰਸ਼ ਕਰ ਰਿਹਾ ਸੀ। ਜੋ ਚਾਰ ਪੈਸੇ ਜੋੜੇ ਹੋਏ ਸਨ, ਸਭ ਡਾਕਟਰ ਦੇ ਘਰ ਜਾ ਚੁਕੇ ਸਨ ਤੇ ਹੁਣ ਦਵਾਈ ਜੋਗੇ ਵੀ ਪੈਸੇ ਨਹੀਂ ਸਨ। ਉਸਦੀ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਉਸਦੇ ਪਤੀ ਨੂੰ ਜ਼ੋਰਾਂ ਦੀ ਉਲਟੀ ਆਈ ਤੇ ਨਾਲ ਹੀ ਖੂਨ ਵੀ। ਏਨੇ ਚਿਰ ਨੂੰ ਵੱਡਾ ਮੁੰਡਾ ਬੀਰਾ ਬਾਹਰੋਂ ਖੇਡਦਾ ਘਰ ਆਇਆ। ਪਿਉ ਦੀ ਇਹ ਹਾਲਤ ਵੇਖ ਕੇ ਉਸਨੇ ਮਾਂ ਨੂੰ ਪੁੱਛਿਆ ਮਾਂ! ਭਾਪਾ ਜੀ ਅਜੇ ਠੀਕ ਨਹੀਂ ਹੋਏ? ਡਾਕਟਰ ਤਾਂ ਕਹਿੰਦਾ ਸੀ ਪਈ ਤੇਰੇ ਭਾਪਾ ਜੀ ਨੂੰ ਹੋਰ ਦਵਾਈ ਦੇਣ ਨਾਲ ਆਰਾਮ ਆ ਜਾਵੇਗਾ। ਮਾਂ! ਕੀ ਤੂੰ ਹੋਰ ਦਵਾਈ ਨਹੀਂ ਲਿਆਈ? ਮਾਂ ਤੂੰ ਬੋਲਦੀ ਕਿਉਂ ਨਹੀਂ? ਬੱਚੇ ਦੀ ਇਸ ਤਰਸਯੋਗ ਹਾਲਤ ਨੂੰ ਵੇਖਕੇ ਮਾਂ ਦੀਆਂ ਆਂਦਰਾਂ ਦਾ ਰੁੱਗ ਭਰ ਆਇਆ। ਉਸਨੇ ਬੱਚੇ ਨੂੰ ਛਾਤੀ ਨਾਲ ਲਾਉਂਦਿਆਂ ਭਰੇ ਗਲੇ ਨਾਲ ਕਿਹਾ ‘ਤੇ ਰੇ ਭਾਪਾ ਜੀ ਛੇਤੀ ਹੀ ਠੀਕ ਹੋ ਜਾਣਗੇ। ਮੈਂ ਹੁਣੇ ਹੋਰ ਦਵਾਈ ਲਿਆਉਂਦੀ ਹਾਂ। ਕਹਿਣ ਨੂੰ ਤਾਂ ਪਾਰੋ ਕਹਿ ਗਈ ਪਰ ਹੁਣ ਦਵਾਈ ਲਈ ਪੈਸੇ ਕਿੱਥੋਂ ਲਿਆਵੇ? ਪਰ ਹੁਣ ਉਸਦੇ ਪੈਰ ਉਸ ਰਾਹ ਜਾ ਰਹੇ ਸਨ ਜੋ ਕਿ ਟਹਿਲੇ ਨੰਬਰਦਾਰ ਦੇ ਖੇਤ ਵਿਚ ਬਣੇ ਹੋਏ ਕੋਠੇ ਵੱਲ ਜਾਂਦਾ ਸੀ।
ਨਖਲਿਸਤਾਨ ਦੀ ਸੰਸਦ ਦਾ ਸਮਾਗਮ ਚਲ ਰਿਹਾ ਸੀ। ਅੱਜ ਦੇਸ਼ ਦੇ ਚਾਚਾ ਦੇ ਜਨਮ ਦਿਨ ਵੀ ਸਮਾਗਮ ਬਲਾਉਣਾ ਪਿਆ ਸੀ। ਕਾਨੂੰਨ ਬਹੁਤ ਸਾਰੇ ਵਿਚਾਰ ਅਧੀਨ ਪਏ ਸਨ। ਵਕਤ ਬੜਾ ਘੱਟ ਸੀ।
ਵਕਤ ਨਾ ਮਿਲਣ ਕਰਕੇ ਦੋ ਵਿਰੋਧੀ ਪਾਰਟੀਆਂ ਦੇ ਵਿਧਾਇਕ ਸਦਨ ਵਿੱਚੋਂ ਵਾਕ ਆਊਟ ਕਰ ਗਏ ਸਨ।
ਬਕਵਾਸ?
ਆਨਰੇਬਲ ਮੈਂਬਰਜ਼, ਰਾਜ ਮੰਤਰੀ ਨੇ ਬਕਵਾਸ ਦਾ ਸ਼ਬਦ ਵਰਤਿਆ ਏ।
ਹੈ, ਬਕਵਾਸ ਦਾ ਸ਼ਬਦ ਵਰਤਿਆ ਏ?
ਸਾਨੂੰ ਬਕਵਾਸ ਕਿਹਾ ਏ?
ਕੀ ਆਪੋਜੀਸ਼ਨ ਬਕਵਾਸ ਏ?
ਬਕਵਾਸ ਨਹੀਂ, ਤੁਸੀਂ ਮਹਾਂ ਬਕਵਾਸ ਹੋ।
ਇਹ ਹਰਾਮਖੋਰ ਸਾਨੂੰ ਬਕਵਾਸ ਕਹਿੰਦੇ ਨੇ।
ਇਹ ਸਦਨ ਦੀ ਤੌਹੀਨ ਏ।
ਇਹ ਅਪਮਾਨ ਏ।
ਰਾਜ ਮੰਤਰੀ ਇਹ ਸ਼ਬਦ ਵਾਪਸ ਲਵੇ।
ਸਪੀਕਰ ਇਹ ਸ਼ਬਦ ਸਦਨ ਦੀ ਕਾਰਵਾਈ ਰਿਕਾਰਡ ਵਿੱਚੋਂ ਬਾਹਰ ਕੱਢੇ।
ਤੁਸੀਂ ਜਿੰਨਾਂ ਮਰਜ਼ੀ ਭੌਕੀ ਜਾਵੋ ਇਹ ਸ਼ਬਦ ਵਾਪਸ ਨਹੀਂ ਹੋਵੇਗਾ।
ਅਸੀਂ ਮੁੱਕੇ ਮਾਰ-ਮਾਰ ਕੇ ਕੁਰਸੀਆਂ ਤੋੜ ਦਿਆਂਗੇ।
ਟੋਪੀਆਂ ਉਛਾਲ ਦਿਆਂਗੇ।
ਪੇਪਰ ਪਾੜ ਦਿਆਂਗੇ।
ਤੇ ਫਿਰ ਇੱਕ ਘੰਟਾ ਵੀਹ ਮਿੰਟ ਰੌਲਾ ਪੈਂਦਾ ਰਿਹਾ- ਤੂੰ-ਤੂੰ, ਮੈਂ-ਮੈਂ ਹੁੰਦੀ ਰਹੀ- ਇੱਕ ਦੂਜੇ ਨੂੰ ਚੋਣਵੇਂ ਸ਼ਬਦਾਂ ਵਿਚ ਗਾਲਾਂ ਕੱਢੀਆਂ ਜਾਂਦੀਆਂ ਰਹੀਆਂ। ਸਦਨ ਦੀ ਕਾਰਵਾਈ ਰੁਕੀ ਰਹੀ।
ਸਪੀਕਰ ਨੇ ਸਦਨ ਦਾ ਸਮਾਗਮ ਇਕ ਘੰਟੇ ਲਈ ਉਠਾ ਦਿੱਤਾ। ਆਪਣੇ ਚੈਂਬਰ ਵਿਚ ਵਿਰੋਧੀ ਆਗੂਆਂ ਨੂੰ ਬੁਲਾਇਆ।
ਘੰਟੇ ਬਾਅਦ ਕਾਰਵਾਈ ਫੇਰ ਸ਼ੁਰੂ ਹੋਈ ਆਰਡੀਨੈਂਸ ਉਤੇ ਵਿਚਾਰ ਕਰਨ ਤੋਂ ਪਹਿਲਾਂ ਰਾਜ ਮੰਤਰੀ ਨੇ ਆਪਣਾ ਸਪਸ਼ਟੀਕਰਣ ਦਿੱਤਾ।
ਬਕਵਾਸ ਸ਼ਬਦ ਮੈਂ ਸਦਨ ਦੇ ਕਿਸੇ ਆਨਰੇਬਲ ਮੈਂਬਰ ਬਾਰੇ ਨਹੀਂ ਸੀ ਵਰਤਿਆ। ਇਹ ਕਈ ਪ੍ਰਾਂਤਾਂ ਵਿਚ ਚਲ ਰਹੇ ਕਿਸਾਨ ਅੰਦੋਲਨ ਬਾਰੇ….।
ਸਾਡੇ ਕਿਸਾਨ ਆਗੂਆਂ ਨੂੰ ਬਕਵਾਸ ਕਿਹਾ।
ਖੰਡ ਦਾ ਮੁੱਲ 20 ਰੁਪਏ ਕਿਲੋ ਅਤੇ ਗੰਨੇ ਦਾ ਮੁੱਲ 20 ਰੁਪਏ ਕੁਇੰਟਲ।
ਸ਼ੇਮ!ਸ਼ੇਮ!
ਭੁੱਖੇ ਮਰਦੇ ਕਿਸਾਨ ਜੇ ਹੜਤਾਲ ਕਰਦੇ ਹਨ, ਤਾਂ ਤੁਸੀਂ ਬਕਵਾਸ ਕਹਿੰਦੇ ਹੋ। ‘
ਕਾਥੋਂ ਪਰ ਸੰਗੀਨ ਕੰਦਾਲੇ, ਹੋਠਾਂ ਪਰ ਬੇਬਾਕ ਤਰਾਨੇ।
ਦਹਿਕਾਨੋਂ ਕੇ ਦਲ ਨਿਕਲੇ ਹੋਂ ਆਪਨੀ ਬਿਗੜੀ ਆਪ ਬਨਾਨੇ।
– ਬੰਦ ਕਰ ਬਕਵਾਸ ਏਨੀ ਗੰਭੀਰ ਸਮੱਸਿਆ ਏ ਤੇ ਤੈਨੂੰ ਸ਼ੇਅਰ ਸੁਝਦੇ ਨੇ।
– ਸਪੀਕਰ, ਬਕਵਾਸ ਵਰਗਾ ਗੰਦਾ ਤੇ ਬਾਸਟਰਡ ਸ਼ਬਦ ਸਦਨ ਦੀ ਕਾਰਵਾਈ ਵਿੱਚੋਂ ਬਾਹਰ ਨਹੀਂ ਕੱਢ ਰਿਹਾ- ਸਾਰਾ ਦਲ ਵਾਕ ਆਊਟ ਕਰਦਾ ਹੈ।
– ਜਾਉ, ਤੁਸੀਂ ਚਲੇ ਜਾਉ।
– ਕਿਉਂ ਅਸੀਂ ਕਿਉਂ ਜਾਈਏ? ਤੇਰੇ ਪਿਉ ਦੇ ਘਰ ਬੈਠੇ ਹਾਂ?
– ਆਰਡਰ-ਅਰਡਰ। ਆਨਰੇਬਲ ਮੈਂਬਰਜ਼
ਰਾਜ ਮੰਤਰੀ ਨੇ ਸਦਨ ਦੇ ਪਵਿੱਤਰ ਨੇਮਾਂ ਦਾ ਸਤਿਕਾਰ ਕਰਦਿਆਂ ਹੋਇਆ ਆਪਣੇ ਮੂੰਹੋਂ ਨਿਕਲੇ ਬਕਵਾਸ ਸ਼ਬਦ ਨੂੰ ਵਾਪਸ ਲੈ ਲਿਆ।
ਇਹ ਸ਼ਬਦ ਉਨ੍ਹਾਂ ਜਾਣ ਬੁਝ ਕੇ ਨਹੀਂ ਸੀ ਵਰਤਿਆ- ਇਹ ਤਾਂ ਸਲਿਪ ਆਫ਼ ਦੀ ਟੰਗ ਹੀ ਸੀ। (ਤਾੜੀਆਂ)
ਕੀ ਨਾਨਸੈਂਸ ਹੈ?
(ਤਾੜੀਆਂ ਵੱਜੀ ਜਾ ਰਹੀਆਂ ਹਨ)
ਕਣਕ ਵੱਲ ਦੇਖ ਸਾਰਾ ਪਰਿਵਾਰ ਵੀ ਖੁਸ਼ ਸੀ। ਰੂਹ ਖੁਸ਼ ਹੋ ਜਾਂਦੀ ਸੀ ਝੂਮਦੀ ਹੋਈ ਫਸਲ ਵਲ ਦੇਖ। ਇਸ ਫ਼ਸਲ ‘ਤੇ ਉਸਨੇ ਘਰ ਦੇ ਸਾਰੇ ਜੀਆਂ ਨੂੰ ਉਹਨਾਂ ਦੀ ਮਨ-ਮਰਜ਼ੀ ਦੇ ਕੱਪੜੇ ਲੈ ਦੇਣ ਦਾ ਲਾਰਾ ਲਾਇਆ ਹੋਇਆ ਸੀ। ਸਾਰੇ ਪਰਿਵਾਰ ਨੇ ਚਾਈਂ ਚਾਈਂ ਵਾਢੀ ਕੀਤੀ, ਗਹਾਈ ਕੀਤੀ ਤੇ ਦਾਣੇ ਕੱਢੇ। ਪਰ ਖਾਦ ਤੇ ਦੁਆਈਆਂ ਦੇ ਦਾਣੇ ਕੱਟ ਕਟਾ, ਹੱਟੀਆਂ ਦੇ ਉਧਾਰ ਦਾ ਹਿਸਾਬ ਲਾ ਕੇ ਜਦੋਂ ਦੇਖਿਆ ਤਾਂ ਮਸਾਂ ਖਾਣ ਜੋਗੇ ਦਾਣੇ ਹੀ ਬਚਦੇ ਲੱਗੇ।
ਤੇ ਇਸ ਵਾਰ ਫਿਰ ਉਹ ਜਦੋਂ ਦੁਕਾਨ ‘ਤੇ ਗਿਆ ਤਾਂ ਉਸ ਸਾਰੇ ਜੀਆਂ ਲਈ ਸਸਤੇ ਕਪੜੇ ਪੜਵਾ ਲਏ। ਮਨ ਮਰਜ਼ੀ ਦੇ ਕੱਪੜੇ ਲੈਕੇ ਦੇਣ ਦਾ ਲਾਰਾ ਮੁੜ ਅਗਲੀ ਫਸਲ ‘ਤੇ ਜਾ ਪਿਆ ਸੀ।
ਸਖਤ ਪਹਿਰੇ ਹੇਠ ਰਹਿ-ਰਹਿ ਕੇ ਉਹ ਅੱਕ ਗਿਆ ਸੀ, ਉਹ ਦੁਖੀ ਹੋ ਕੇ ਕਹਿ ਉੱਠਦਾ-
ਹੇ! ਸੱਚੇ ਪਾਤਸ਼ਾਹਾ ਕਿਸੇ ਨੂੰ ਪੁਲੀਸ ਅਫਸਰ ਦੀ ਉਲਾਦ ਨਾ ਬਣਾਈਂ, ਗਰੀਬ-ਗੁਰਬੇ ਦੀ ਭਵੇਂ ਬਣਾ ਦਈਂ।
ਦੂਰ ਪਰੇ ਕੱਚੇ ਕੋਠੇ ਵਿਚ ਟੁੱਟੀ ਮੰਜੀ ਉਤੇ ਬੈਠਾ ਬਜ਼ੁਰਗ ਅਰਦਾਸ ਕਰਦਾ
ਹੇ! ਸੱਚੇ ਪਾਹਾ ਕਿਸੇ ਨੂੰ ਐਹੋ ਜਹੀ ਨਰਕ ਵਾਲੀ ਜ਼ਿੰਦਗੀ ਨਾ ਦਈਂ।
ਪੱਖੀ- ਤੁਸੀਂ ਮੈਨੂੰ ਕਿਉਂ ਵੱਢ ਰਹੇ ਹੋ? ਮੈਂ ਭਾਵੇਂ ਸੁੱਕ ਗਿਆ ਹਾਂ ਪਰ ਬਸੰਤ ’ਚ ਫੇ ਰ ਹਰਾ ਹੋ ਸਕਦਾ ਹਾਂ
ਪ੍ਰਤੀ-ਪੱਖੀ-ਸੁੱਕੀ ਹੋਈ ਚੀਜ਼ ਕਦੀ ਹਰੀ ਹੁੰਦੀ ਐ- ਨਹੀਂ, ਕਦੇ ਨਹੀਂ
ਪੱਖੀ- ਜੇ ਕਰ ਉਸ ਨੂੰ ਕੁੱਝ ਦੇਰ ਉਸ ਦੀ ਖੁਰਾਕ ਦਿੱਤੀ ਜਾਵੇ।
ਪ੍ਰਤੀ-ਪੱਖੀ- ਇਸ ਵਿਅਕਤੀ ਵਾਦੀ ਯੁੱਗ ’ਚ ਦੂਜੇ ਨੂੰ ਖੁਰਾਕ ਦੇਣਾ ਮਨਾਂ ਹੈ।
ਪੱਖੀ- ਮੈਂ ਆਪਣੇ ਆਪ ਹਰਾ ਹੋ ਜਾਵਾਗਾ ਪਰ ਤੁਸੀਂ ਮੇਰੀਆਂ ਬਾਹਾਂ ਤਾਂ ਨਾ ਵਢੋ।
ਪ੍ਰਤੀ-ਪੱਖੀ ਇਹ ਦੁਨੀਆਂ ਦਾ ਸੂਲ ਐ ਕਿ ਜੋ ਚੀਜ਼ ਸੁੱਕ ਗਈ ਉਸ ਨੂੰ ਸੁਕਦੇ ਈ ਵੱਢ ਦਿਓ।
ਪੱਖੀ- ਨਹੀਂ ਮੈਂ ਇਸ `ਸੂਲ ਨੂੰ ਪੰਗ ਕਰਾਂਗਾ-| ਲਓ- ਭਾਵੇਂ ਮੈਂ ਸੁੱਕਾਂ ਹਾਂ ਪਰ ਤੁਸੀਂ ਮੈਨੂੰ ਵੱਢ ਕੇ ਵਿਖਾਓ
ਪ੍ਰਤੀ ਪੱਖੀ- ਤੂੰ ਕੱਲਾ ਕੁੱਝ ਨੀ ਕਰ ਸਕਦਾ- ਵੇਖ ਤੇਰੇ ਨਾਲ ਦੇ ਵੀ ਤਾਂ ਕਿਵੇਂ ਚੁੱਪ ਖੜੇ ਨੇ।
ਲਕੜਹਾਰੇ ਨੇ ਕਹਿੰਦੇ ਕੁਹਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਟਹਿਣੀਆਂ ਇਕ ਇਕ ਕਰਕੇ ਥੱਡੇ ਡਿਗਣ ਲੱਗੀਆਂ। ਵੇਖਕੇ ਵੇਖਦੇ ਉਹ ਦਰਖ਼ਤ ਉਥੋਂ ਪੁੱਟ ਦਿੱਤਾ ਗਿਆ।
ਸ਼ਾਮ ਤੱਕ ਜੰਗਲ ਰੜਾ ਮੈਦਾਨ ਬਣ ਚੁੱਕਾ ਸੀ।
ਅੱਧੀ ਰਾਤ ਨਾਲ ਜਦੋਂ ਕੁਕੜ ਨੇ ਬਾਂਗ ਦਿੱਤੀ, ਤਾਂ ਉਸ ਦੇ ਕੋਲ ਬੈਠੀ ਕੁਕੜੀ, ਜਿਸ ਨੂੰ ਮਾਲਕ ਨੇ ਅਜੇ ਕੱਲ ਹੀ ਖੀਦਿਆ ਸੀ, ਨੇ ਕੁਕੜ ਨੂੰ ਇਸ ਵੇਲੇ ਬਾਂਗ ਦੇਣ ਦਾ ਕਾਰਨ ਪੁੱਛਿਆ।
ਕੁੱਕੜ ਨੇ ਕਿਹਾ, ਦਰਅਸਲ ਰੋਜ਼ ਐਸ ਵੇਲੇ ਇਕ ਬਿੱਲਾ ਉਹਨੂੰ ਖਾਣ ਆਉਂਦਾ ਹੈ। ਪਰ ਇਸ ਨਾਲ ਬਾਂਗ ਦਾ ਕੀ ਸਬੰਧ? ਕੁਕੜੀ ਨੇ ਉਤਸੁਕਤਾ ਨਾਲ ਪੁੱਛਿਆ। ਤਾਂ ਕਿ ਉਸ ਨੂੰ ਪਤਾ ਲੱਗ ਜਾਏ, ਕਿ ਮੈਂ ਜਾਗਦਾ ਹਾਂ।
ਅਨੰਦ ਕਾਰਜ ਦੀ ਰਸਮ ਖਤਮ ਹੁੰਦਿਆਂ ਹੀ ਸੱਜ ਵਿਆਹੀ ਜੋੜੀ ਪਵਿੱਤਰ ਮੈਰਿਜ ਪੈਲਸ ਵਿੱਚ ਪਹੁੰਚ ਗਈ ਸੀ। ਖਚਾ ਖਚ ਭਰੇ ਹਾਲ ਵਿੱਚ ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ।ਧਾਰਮਿਕ ਗੀਤ ਸਮਾਪਤ ਹੋਣ ਤੋਂ ਪਹਿਲਾਂ ਹੀ ਸ਼ਰਾਬ ਨਾਲ ਭਰੇ ਗਲਾਸ ਵੰਡਣੇ ਸ਼ੁਰੂ ਹੋ ਚੁੱਕੇ ਸਨ।
ਉੱਚੀ ਪੱਧਰ ਦੇ ਗੀਤ, ਨੀਵੀਂ ਸੁਰ ਦੇ ਸੰਗੀਤ ਨਾਲ ਦਿਲ ਦਿਮਾਗ ਨੂੰ ਟੁੰਬ ਰਹੇ ਸਨ। ਨੌਜਵਾਨਾਂ ਵਿੱਚ ਜਿਉਂ ਜਿਉਂ ਸ਼ਰਾਬ ਦਾ ਸਰੂਰ ਵਧਦਾ ਜਾ ਰਿਹਾ ਸੀ, ਗੀਤਾਂ ਦੀ ਪੱਧਰ ਘੱਟਦੀ ਜਾ ਰਹੀ ਸੀ। ਘਟੀਆ ਅਤੇ ਚਲਾਊ ਗੀਤਾਂ ਨਾਲ ਡਾਂਸ ਕਰ ਰਹੀਆਂ ਕੁੜੀਆਂ ਉਨ੍ਹਾਂ ਨੂੰ ਕੁਝ ਭੜਕਾਊ ਵੀ ਕਰ ਰਹੀਆਂ ਸਨ। ਉਹ ਹਰ ਗੀਤ ਨਾਲ ਜਿੱਥੇ ਕੱਪੜੇ ਬਦਲਦੀਆਂ ਸਨ ਉੱਥੇ ਕੁਝ ਘਟਾ ਵੀ ਲੈਂਦੀਆਂ ਸਨ। ਗੀਤ ਚਲ ਰਿਹਾ ਸੀ ‘ਦਿਲ ਲੈ ਗੀ ਕੁੜੀ ਗੁਜਰਾਤ ਦੀ’ ਨੱਚ ਰਹੀ ਕੁੜੀ ਦੇ ਕੱਪੜੇ ਨਾ ਮਾਤਰ ਹੀ ਰਹਿ ਗਏ ਸਨ।
ਇਹ ਸਭ ਕੀ ਹੋ ਰਿਹਾ ਏ?? ਕਿਸੇ ਬਜ਼ੁਰਗ ਦਾ ਸਬਰ ਦਹਾੜਿਆ। ‘ਸਵੈ ਚੀਰ-ਹਰਣ। ਕਿਸੇ ਹੋਰ ਨੇ ਸੱਚ ਨੂੰ ਮਖੌਲ ਕੀਤਾ।
ਅਸੀਂ ਰਾਤ ਦੇ ਹਨੇਰੇ ਵਿਚ ਮੰਦਿਰ ਵੱਲ ਨੂੰ ਚੜ੍ਹ ਰਹੇ ਸਾਂ। ਸਾਡੇ ਥੱਲੇ ਵੱਲ ਤੇ ਸਾਡੇ ਉਪਰ ਵੱਲ ‘‘ਜੈ ਮਾਤਾ ਦੀ।’’ ਦੀਆਂ ਆਵਾਜ਼ਾਂ ਪਹਾੜੀਆਂ ਦੇ ਪੱਥਰਾਂ ਨਾਲ ਟਕਰਾ ਕੇ ਗੂੰਜ ਰਹੀਆਂ ਸਨ। ਅਸੀਂ ਗਿਆਰਾਂ ਵਜੇ, ਪਹਾੜੀ ਦੀ ਟੀਸੀ ‘ਤੇ ਵੱਸਦੇ ਸ਼ਹਿਰ ਦੀਆਂ ਗਲੀਆਂ ਵਿਚ ਵੇਸ਼ ਹੋ ਕੇ ਮੰਦਿਰ ਵੱਲ ਨੂੰ ਤੁਰ ਪਏ।
ਚਾਰ ਵਜੇ ਮੰਦਿਰ ਦੇ ਦੁਆਰ ਖੁੱਲੇ-ਧੱਕਾ ਵੱਜਣ ਲੱਗਿਆ। ਕਈ ਵਾਰੀ ਤਾਂ ਕਈ, ਕਈ ਮਿੰਟ ਧਰਤੀ ਉਤੇ ਪੈਰ ਨਾ ਲੱਗਦਾ। ਮੰਦਿਰ ਅੰਦਰ ਸ਼ ਹੋ ਕੇ ਮੈਂ ਅੰਦਰ ਬਣੀ ਮਾਤਾ ਦੀ ਮੂਰਤੀ ਦੇ ਪੈਰਾਂ ਨੂੰ ਛੂਹ ਕੇ, ਅੱਖਾਂ ਬੰਦ ਕਰ ਕੇ ਪ੍ਰਾਰਥਨਾ ਕੀਤੀ “ਹੇ ਮਾਂ! ਸੁੱਖ ਸ਼ਾਂਤੀ ਪ੍ਰਦਾਨ ਕਰੀਂ।” ਕਹਿ ਕੇ ਮੈਂ ਫਿਰ ਮੂਰਤੀ ਦੇ ਪੈਰਾਂ ‘ਤੇ ਹੱਥ ਫੇਰਿਆ, ਏਨੇ ਨੂੰ ਪਿੱਛੋਂ ਅਵਾਜ਼ ਆਈ ਚਲੋ, ਚਲੋ, ਛੇਤੀ ਬਾਹਰ ਨਿਕਲੋ, ਐਨਾ ਵਕਤ! ਪਿਛੇ ਭਗਤਾਂ ਦਾ ਹੜ੍ਹ ਰੌਲੇ ਜਹੇ ਵਿਚ ਹੀ ਧੱਕਾ ਵੱਜਣ ਨਾਲ ਮੈਂ ਬਾਹਰ ਹੋ ਗਿਆ।
ਸੂਰਜ ਇਕ ਵਾਰ ਚਮਕ ਕੇ, ਪਹਾੜੀਆਂ ਦੀਆਂ ਵੱਖੀਆਂ ਓਹਲੇ ਗੁਆਚ ਗਿਆਹਲਕੀ ਜਿਹੀ ਧੁੰਦ ਚਾਰੇ ਪਾਸੇ ਛਾ ਗਈ। ਅਸੀਂ ਹੇਠਾਂ ਉਤਰ ਰਹੇ ਸਾਂ ‘ਜੈ ਮਾਤਾ ਦੀ।’ ਆਵਾਜ਼ਾਂ ਫਿਰ ਹੇਠਾਂ ਉਪਰ ਗੂੰਜਦੀਆਂ ਸੁਣਾਈ ਦਿੰਦੀਆਂ ਸਨ।
ਰਸਤੇ ਦੇ ਦੋਹੀਂ ਪਾਸੀਂ ਭਾਰਤ ਭਰ ਦੇ ਮੰਗਤੇ ਆਪਣੇ, ਆਪਣੇ ਢੰਗ ਨਾਲ ਮੰਗ ਰਹੇ ਸਨ। ਰਾਤ, ਹਨੇਰੇ ਵਿਚ ਉਹ ਰਸਤੇ ਦੇ ਦੁਪਸੀਂ ਪੱਥਰਾਂ ਵਾਂਗ ਪਏ ਨਜ਼ਰੀਂ ਆਉਂਦੇ ਸਨ- ਤੇ ਹੁਣ ਹੱਥ ਫੈਲਾ, ਫੈਲਾ, ਝੋਲੀ ਅੱਡ, ਅੱਡ ਕੇ ਪੈਸਾ ਦੇ ਜਾ ਭਗਤਾ, ਭਗਤਾ ਦੇ ਜਾ ਪੈਸਾ। ਮੰਗ ਰਹੇ ਸਨ।
ਕਈ ਔਰਤਾਂ ਜਿਹਨਾਂ ਦੀ ਉਮਰ ਮੇਰੀ ਮਾਂ ਦੇ ਬਰਾਬਰ ਜਾਪੀ ਰਸਤੇ ਵਿਚ ਜਾਂਦੇ ਲੋਕਾਂ ਦੇ ਪੈਰਾਂ ਨੂੰ ਫੜ ਕੇ ਪੇਸਾ ਮੰਗ ਰਹੀਆਂ ਸਨ। ਕਈ ਔਰਤਾਂ ਮੇਰੇ ਪੈਰਾਂ ਨੂੰ ਵੀ ਛੂਹਣ ਦਾ ਯਤਨ ਕਰਦੀਆਂ ਪਰ ਮੈਂ ਸੋਚਦਾ ਇਕ ਮਾਂ ਦੇ ਪੈਰਾਂ ਨੂੰ ਰਾਤ ਦੀ ਏਨੀ ਦੁਨੀਆਂ ਹੱਥ ਲਾ ਕੇ ਆ ਰਹੀ ਹੈ ਫਿਰ ਏਨੀਆਂ ਮਾਵਾਂ ਸਾਡੇ ਪੈਰਾਂ ਨੂੰ ਹੱਥ ਲਾ ਰਹੀਆਂ ਹਨ। ਉਹ ਮਾਂ ਪੱਥਰ ਦੀ ਇਕ ਮੂਰਤੀ ਇਹ ਮਾਵਾਂ ਹੱਡ-ਮਾਸ ਦੀਆਂ ਪੁਤਲੀਆਂ। ਉਹ ਮਾਂ ਪਹਾੜੀ ਦੀ ਟੀਸੀ ਤੇ ਸੁੰਦਰ ਮੰਦਿਰ ਵਿਚ ਬਰਾਜਮਾਨ, ਇਹ ਮਾਵਾਂ ਰਾਹਾਂ ਦੇ ਪੱਥਰ।
- 1
- 2