ਆਰੀ-ਆਰੀ-ਆਰੀ,
ਮੈਨੂੰ ਕਹਿੰਦਾ ਦੁੱਧ ਲਾਹ ਦੇ,
ਮੈਂ ਲਾਹ ਤੀ ਕਾੜ੍ਹਨੀ ਸਾਰੀ।
ਮੈਨੂੰ ਕਹਿੰਦਾ ਖੰਡ ਪਾ ਦੇ,
ਮੈਂ ਲੱਪ ਮਿਸਰੀ ਦੀ ਮਾਰੀ।
ਨਣਦੇ ਕੀ ਪੁੱਛਦੀ,
ਤੇਰੇ ਵੀਰ ਨੇ ਮਾਰੀ।
Nanaan Bharjayi
ਆ ਨੀ
ਆ ਨੀ ਭਾਬੀਏ ਹੱਸੀਏ ਖੇਡੀਏ,
ਚੱਲੀਏ ਬਾਹਰਲੇ ਘਰ ਨੀ।
ਤੂੰ ਤਾਂ ਪਕਾ ਲਈਂ ਮਿੱਠੀਆਂ ਰੋਟੀਆਂ,
ਮੇਰਾ ਡੰਕਿਆ ਹਲ ਨੀ।
ਉਹਨਾਂ ਗੱਲਾਂ ਨੂੰ,
ਯਾਦ ਭਾਬੀਏ ਕਰ ਨੀ।
ਊਠਾਂ ਵਾਲਿਓ ਵੇ
ਊਠ ਲੱਦੇ ਨੇ ਥਲੀ ਨੂੰ
ਲੈਗੇ ਕੱਢ ਕੇ
ਵੇ ਨਣਦ ਪਰੀ ਨੂੰ।
ਮਾਂਵਾਂ ਦੇ ਪੁੱਤ ਸਾਧੂ ਹੋ ਗਏ
ਸਿਰ ਤੇ ਜਟਾਂ ਰਖਾਈਆਂ
ਬਗਲੀ ਫੜ ਕੇ ਮੰਗਣ ਤੁਰ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਮੂੰਹੋਂ ਨਾ ਬੋਲਦੀਆਂ
ਨਣਦਾਂ ਨਾਲ ਭਰਜਾਈਆਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰਿਆਲਾ।
ਗਾਜਰ ਵਰਗੀ ਏਸ ਕੁੜੀ ਦੇ,
ਗੱਲ਼ ਤੇ ਟਿਮਕਣਾ ਕਾਲਾ।
ਗੋਰੇ ਰੰਗ ਦੀ ਸਿਫਤ ਕਰਾਂ ਕੀ,
ਚੰਨ ਛੁਪਦਾ ਸ਼ਰਮ ਦਾ ਮਾਰਾ।
ਭਾਬੀ ਤੇਰਾ ਕੀ ਲੱਗਦਾ…….. ?
ਕਾਲੇ ਚਾਦਰੇ ਵਾਲਾ ?
ਚਿੱਟੇ ਦੰਦ ਮਨਜੀਤ ਦੇ
ਫਿਰ ਮੋਤੀਆਂ ਦੀ ਜੜਤ ਜੜੇ
ਸਹੇਲੀਆ ਸਲੋਚਨਾ ਦੀ
ਫੇਰ ਤੀਰ ਕਮਾਨ ਬਣਾਏ
ਜੰਪਰ ਬੰਤੋ ਦਾ
ਫਿਰ ਘੱਗਰੇ ਦੀ ਛਹਿਬਰ ਲਾਏ
ਰਾਣੀ ਇਉਂ ਤੁਰਦੀ
ਜਿਵੇਂ ਪਾਣੀ ‘ਚ ਤੁਰੇ ਮੁਰਗਾਈ
ਪਾਣੀ ਲੈਣ ਦੋ ਤੁਰੀਆਂ
ਮੂਹਰੇ ਨਣਦ ਮਗਰ ਭਰਜਾਈ
ਲੜ ਗਈ ਭਰਿੰਡ ਬਣਕੇ .
ਮੌਤ ਛੜਿਆਂ ਦੀ ਆਈ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਰਾਈਆਂ।
ਨਣਦ ਵਛੇਰੀ ਨੇ,
ਲੂਤੀਆਂ ਮਾਹੀ ਨੂੰ ਲਾਈਆਂ।
ਚਪੇੜਾਂ ਮਾਰ ਗਿਆ………,
ਮੁੰਹ ਤੇ ਪੈ-ਗੀਆ ਛਾਈਆਂ।
ਕੈ ਦਿਨ ਹੋ ਗੇ ਨੇ…….,
ਜੋੜ ਮੰਜੀਆਂ ਨਾ ਡਾਹੀਆਂ।
ਛੋਲੇ! ਛੋਲੇ! ਛੋਲੇ!
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਓਹਲੇ।
ਦਿਲ ਦਾ ਮਹਿਰਮ ਉਹ,
ਜੋ ਭੇਦ ਨਾ ਕਿਸੇ ਕੋਲ ਖੋਲ੍ਹੇ।
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ।
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜਰਾਂ ਦੇ ਫੋਲੇ।
ਨਣਦ ਕੁਆਰੀ ਦਾ
ਦਿਲ ਖਾਵੇ ਹਿਚਕੋਲੇ।
ਧਾਈਆਂ! ਧਾਈਆਂ! ਧਾਈਆਂ!
ਨਣਦ ਵਛੇਰੀ ਨੇ,
ਮੇਰੇ ਮਾਹੀ ਨੂੰ ਲੂਤੀਆਂ ਲਾਈਆਂ।
ਚੁਪੇੜਾਂ ਮਾਰ ਗਿਆ,
ਮੇਰੇ ਮੂੰਹ ਤੇ ਪੈ ਗਈਆਂ ਛਾਈਆਂ।
ਸੱਸ ਮੇਰੀ ਗੁੱਤ ਪੱਟ ਗਈ,
ਸਾਰੇ ਪਿੰਡ ਨੇ ਲਾਹਨਤਾਂ ਪਾਈਆਂ।
ਚੋਵਾਂ ਨਾ, ਮੈਂ ਦੁੱਧ ਰਿੜਕਾਂ,
ਭਾਵੇਂ ਕਿੱਲਿਉਂ ਖੋਲ੍ਹ ਦਏ ਗਾਈਆਂ।
ਮਹੀਨਾ ਹੋ ਗਿਆ ਵੇ,
ਜੋੜ ਮੰਜੀਆਂ ਨਾ ਡਾਹੀਆਂ।
ਧਾਵੇ! ਧਾਵੇ! ਧਾਵੇ!
ਲੁਧਿਆਣੇ ਟੇਸ਼ਨ ਤੇ,
ਚਿੜਾ ਚਿੜੀ ਨੂੰ ਵਿਆਹੀ ਜਾਵੇ।
ਚੂਹੀ ਦਾ ਵਿਆਹ ਧਰਿਆ,
ਕਿਰਲਾ ਬੋਲੀਆਂ ਪਾਵੇ।
ਕਾਟੋ ਦੇ ਮੁੰਡਾ ਜੰਮਿਆ,
ਉਹਨੂੰ ਦੁੱਧ ਚੁੰਘਣਾ ਨਾ ਆਵੇ।
ਨਣਦ ਵਛੇਰੀ ਨੂੰ,
ਹਾਣ ਦਾ ਮੁੰਡਾ ਨਾ ਥਿਆਵੇ।
ਛੋਲੇ! ਛੋਲੇ! ਛੋਲੇ!
ਨਣਦੇ ਪੁਆੜੇ ਹੱਥੀਏ,
ਜਾ ਕੇ ਭੇਦ ਸਹੁਰੇ ਕੋਲ ਖੋਲ੍ਹੇ।
ਕੱਚਾ ਰੰਗ ਪੀਲਾ ਪੈ ਗਿਆ,
ਦਿਲ ਧੜਕੇ ਕਾਲਜਾ ਡੋਲੇ।
ਦਿਲ ਦੀਆਂ ਸੱਧਰਾਂ ਨੂੰ,
ਕਦੇ ਬੈਠ ਨਾ ਕਿਸੇ ਕੋਲ ਖੋਲ੍ਹੇ।
ਮਾਹੀ ਜੀਹਦਾ ਲਾਮ ਨੂੰ ਗਿਆ,
ਓਹੋ ਬੈਠ ਕੇ ਦੁੱਖਾਂ ਨੂੰ ਫੋਲੇ।
ਧਾਵੇ-ਧਾਵੇ-ਧਾਵੇ
ਗੱਡੀ ਮੈਂ ਉਹ ਚੜ੍ਹਨਾ
ਜਿਹੜੀ ਬੀਕਾਨੇਰ ਨੂੰ ਜਾਵੇ
ਉੱਥੇ ਕੀ ਵਿਕਦਾ
ਉੱਥੇ ਵਿਕਦੇ ਅੰਬਰ ਦੇ ਤਾਰੇ
ਇੱਕ ਮੇਰੀ ਸੱਸ ਵਿਕਦੀ
ਫੇਰ ਨਣਦ ਵਿਕਣ ਨਾ ਜਾਵੇ
ਨਣਦੇ ਵਿਕ ਲੈ ਨੀ
ਤੇਰੇ ਕੰਨਾਂ ਨੂੰ ਕਰਾ ਦੂੰ ਬਾਲੇ
ਭਾਬੋ ਦੀ ਕੁੜਤੀ ਤੇ
ਤੋਤਾ ਚਾਂਗਰਾਂ ਮਾਰੇ