ਆਰੀ-ਆਰੀ-ਆਰੀ
ਮੈਨੂੰ ਕਹਿੰਦਾ ਦੁੱਧ ਕੱਢਦੇ
ਮੈਂ ਕੱਢਤੀ ਕਾੜਨੀ ਸਾਰੀ
ਮੈਨੂੰ ਕਹਿੰਦਾ ਖੰਡ ਪਾ ਦੇ
ਮੈਂ ਲੱਪ ਮਿਸਰੀ ਦੀ ਮਾਰੀ
ਡਲੀਆਂ ਨਾ ਖੁਰੀਆਂ
ਉਤੋਂ ਆ ਗੀ ਨਣਦ ਕੁਮਾਰੀ
ਮਿੰਨਤਾਂ ਕਰਦੇ ਦੀ
ਰਾਤ ਗੁਜਰ ਗਈ ਸਾਰੀ।
Nanaan Bharjayi
ਧਾਵੇ
ਧਾਵੇ ਧਾਵੇ
ਲੁਧਿਆਣੇ ਮੰਡੀ ਲੱਗਣੀ
ਮੁੰਡਾ ਛਾਂਟ ਲਓ
ਜਿਹਨੂੰ ਨਾ ਵਰ ਥਿਆਵੇ
ਨਣਦ ਵਛੇਰੀ ਨੂੰ
ਹਾਣ ਦਾ ਮੁੰਡਾ ਨਾ ਥਿਆਵੇ।
ਸਾਡਾ ਜੋਬਨ ਡੁੱਲ਼ ਨੀ ਗਿਆ
ਕਦ ਆਊ ਤੇਰਾ ਭਾਈ
ਬੋਲੀ ਮਾਰ ਗਈ।
ਨਣਦ ਨੂੰ ਭਰਜਾਈ।
ਧਾਵੇ-ਧਾਵੇ-ਧਾਵੇ
ਅਸਾਂ ਗੱਡੀ ਨਹੀਂ ਚੜ੍ਹਨਾ,
ਜਿਹੜੀ ਬੀਕਾਨੇਰ ਨੂੰ ਜਾਵੇ
ਉਥੇ ਕੀ ਵਿਕਦਾ
ਉਥੇ ਮੇਰੀ ਸੱਸ ਵਿਕਦੀ .
ਮੇਰੀ ਨਣਦ ਵਿਕਣ ਨਾ ਦੇਵੇ
ਨਣਦੇ ਵਿਕ ਲੈਣ ਦੇ
ਤੇਰੇ ਕੰਨਾਂ ਨੂੰ ਕਰਾ ਦੇਊਂ ਵਾਲੇ
ਭਾਬੋ ਦੀ ਕੁੜਤੀ ਤੇ
ਤੋਤਾ ਬੋਲੀਆਂ ਮਾਰੇ।
ਕੋਰੇ ਕੋਰੇ ਸੋਨੇ ਦੀ ਸੱਗੀ ਮੈਂ ਘੜਾਉਣੀਆਂ
ਉੱਤੇ ਲਗਾਉਣੀਆਂ ਚੀਰ ਨਣਦੇ
ਮੈਨੂੰ ਰਤਾ ਨਾ ਪਸੰਦ ਤੇਰਾ ਵੀਰ ਨਣਦੇ
ਭਾਬੀ ਮੇਰੀ ਆਈ ਮੁਕਲਾਵੇ
ਆਈ ਸਰੋਂ ਦਾ ਫੁੱਲ ਬਣ ਕੇ
ਗਲ ਦੇ ਵਿੱਚ ਕੈਂਠੀ ਸੋਹੇ
ਵਿੱਚ ਸੋਨੇ ਦੇ ਮਣਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਨੱਚ ਲੈ ਮੋਰਨੀ ਬਣਕੇ
ਛੋਲੇ! ਛੋਲੇ! ਛੋਲੇ!
ਨਣਦੇ ਪੁਆੜੇ ਹੱਥੀਏ,
ਜਾ ਕੇ ਭੇਦ ਸਹੁਰੇ ਕੋਲ ਖੋਲ੍ਹੇ।
ਕੱਚਾ ਰੰਗ ਪੀਲਾ ਪੈ ਗਿਆ,
ਦਿਲ ਧੜਕੇ ਕਾਲਜਾ ਡੋਲੇ।
ਦਿਲ ਦੀਆਂ ਸੱਧਰਾਂ ਨੂੰ,
ਕਦੇ ਬੈਠ ਨਾ ਕਿਸੇ ਕੋਲ ਖੋਲ੍ਹੇ।
ਮਾਹੀ ਜੀਹਦਾ ਲਾਮ ਨੂੰ ਗਿਆ,
ਓਹੋ ਬੈਠ ਕੇ ਦੁੱਖਾਂ ਨੂੰ ਫੋਲੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਲੱਲੀਆ।
ਲੱਲੀਆਂ ਦੇ ਦੋ ਬਲਦ ਸੁਣੀਂਦੇ,
ਗਲ ਜਿੰਨ੍ਹਾਂ ਦੇ ਟੱਲੀਆਂ।
ਭੱਜ-ਭੱਜ ਉਹ ਲਾਉਂਦੇ ਗੇੜੇ,
ਹੱਥ ਹੱਥ ਲਗਦੀਆਂ ਛੱਲੀਆਂ।
ਮੇਲੇ ਮੁਖਸਰ ਦੇ,
ਸਕੀਆਂ ਨਨਾਣਾ ਚੱਲੀਆਂ।
ਜਾ ਕੇ ਸੁਨਿਆਰੇ ਕੋਲੋ ਟਿੱਕਾ ਮੈ ਘੜਾਓਦੀ ਆਂ,
ਲਾਉਦੀ ਆ ਮੈ ਸਿਰ ਵਿਚਲੇ ਚੀਰ ਬੀਬੀ ਨਣਦੇ,
ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣਦੇ,
ਸਾਡੇ ਨਾ ………,
ਘਰ ਨੇ ਜਿੰਨਾ ਦੇ ਨੇੜੇ ਨੇੜੇ,
ਖੇਤ ਜਿੰਨਾ ਦੇ ਨਿਆਈਆਂ,
ਗਿੱਧਾ ਪਾ ਚੱਲੀਆਂ,
ਨਣਦਾਂ ਤੇ ਭਰਜਾਈਆਂ,
ਗਿੱਧਾ………,
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ,
ਨੀ ਜਦ ……,