ਸੱਸੜੀਏ ਸਮਝਾ ਲੈ ਪੁੱਤ ਨੂੰ,
ਘਰ ਨਾ ਰਾਤ ਨੂੰ ਆਵੇ।
ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਵੇ।
ਘਰ ਦੀ ਨਾਰ ਪਟੋਲੇ ਵਰਗੀ,
ਨਿੱਤ ਝਿਊਰੀ ਦੇ ਜਾਵੇ।
ਵਰਜ ਨਮੋਹੇ ਨੂੰ,
ਸ਼ਰਮ ਰਤਾ ਨਾ ਆਵੇ।
Nooh Sass
ਜਿੱਥੇ ਕੁੜੀਓ ਆਪਾਂ ਖੜ੍ਹੀਆਂ
ਉਥੇ ਹੋਰ ਕੋਈ ਨਾ
ਜਿੱਥੇ ਸੱਸ ਮੁਟਿਆਰ
ਨੂੰਹ ਦੀ ਲੋੜ ਕੋਈ ਨਾ।
ਲੰਮੀ ਲੰਮੀ ਕਿੱਕਰ ਕੁੜੀਓ
ਵਿੱਚ ਵੱਜ ਕੋਈ ਨਾ
ਜਿੱਥੇ ਸਹੁਰਾ ਸ਼ਰਾਬੀ
ਨੂੰਹ ਦਾ ਹੱਜ ਕੋਈ ਨਾ।
ਇੱਕ ਕੋਟਰਾ ਦੇ ਕਟੋਰੇ
ਤੀਜਾ ਕਟੋਰਾ ਦਾਲ ਦਾ
ਰੰਨਾਂ ਦਾ ਖਹਿੜਾ ਛੱਡ ਦੇ
ਕੱਲ੍ਹ ਕੁੱਟਿਆ ਤੇਰੇ ਨਾਲ ਦਾ।
ਅੱਟੀਆਂ-ਅੱਟੀਆਂ-ਅੱਟੀਆਂ,
ਤੇਰਾ ਮੇਰਾ ਇਕ ਮਨ ਸੀ,
ਤੇਰੀ ਮਾਂ ਨੇ ਦਰਾਤਾਂ ਰੱਖੀਆਂ।
ਤੈਨੂੰ ਦੇਵੇ ਦੁੱਧ ਲੱਸੀਆਂ,
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ।
ਤੇਰੇ ਵਿਚੋਂ ਮਾਰੇ ਵਾਸ਼ਨਾ,
ਪੱਲੇ ਲੌਂਗ ਲੈਚੀਆਂ ਰੱਖੀਆਂ।
ਤੇਰੇ ਫਿਕਰਾਂ ‘ਚ,
ਰੋਜ਼ ਘਟਾਂ ਤਿੰਨ ਰੱਤੀਆਂ।
ਸੱਸਾਂ-ਸੱਸਾਂ ਹਰ ਕੋਈ ਕਹਿੰਦਾ
ਰੀਸ ਨਾ ਹੁੰਦੀ ਮਾਵਾਂ ਦੀ
ਮੈਂ ਮਛਲੀ
ਮੈਂ ਮਛਲੀ ਦਰਿਆਵਾਂ ਦੀ।
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਨਿੱਤ ਜਾ ਬਹਿੰਦਾ ਠੇਕੇ।
ਬੋਤਲ ਪੀ ਕੇ ਧੀਆ ਦੱਸਦਾ,
ਰੁਕੇ ਨਾ ਕਿਸੇ ਦਾ ਰੋਕੇ।
ਜੇ ਸੱਸੀਏ ਤੂੰ ਦੇਵੇਂ ਸੁਨੇਹਾ,
ਮੈਂ ਨਾ ਆਵਾਂ ਏਥੇ।
ਘਰ ਦੀ ਅੱਗ ਮੱਚਦੀ,
ਚੁੱਲ੍ਹੇ ਬਗਾਨੇ ਸੇਕੇ।
ਤਾਵੇ-ਤਾਵੇ-ਤਾਵੇ
ਸੱਸ ਦੀ ਦੁਖੱਲੀ ਜੁੱਤੀ ਲਈ
ਸਹੁਰਾ ਨਿੱਤ ਪਟਿਆਲੇ ਜਾਵੇ
ਸਹੁਰਾ ਬੀਮਾਰ ਹੋ ਗਿਆ
ਸੱਸ ਕੂੰਜ ਵਾਂਗ ਕੁਰਲਾਵੇ
ਦੁੱਧ ‘ਚ ਛੁਹਾਰੇ ਰਿੰਨ੍ਹ ਕੇ
ਸੱਸ ਲੋਰੀਆਂ ਨਾਲ ਪਿਆਵੇ
ਦੋਹਾਂ ਦਾ ਪਿਆਰ ਵੇਖ ਕੇ
ਮਾਰੀ ਸ਼ਰਮ ਨਾਲ ਜਾਵੇ ।
ਸੱਸ ਕਲਮੂੰਹੀ ਨੀ
ਸਾਡੀ ਜੋੜੀ ਵਿੱਚ ਭੰਗਣਾ ਪਾਵੇ।
ਇੱਕ ਦਿਨ ਬੁੜ੍ਹਾ ਦਲੀਲਾਂ ਕਰਦਾ
ਟੱਬਰਾਂ ਬਾਝ ਨਾ ਸਰਦਾ
ਆਪੇ ਪੀਂਹਦਾ ਆਪੇ ਪਕਾਉਂਦਾ
ਆਪੇ ਪਾਣੀ ਭਰਦਾ
ਵਿਆਹ ਕਰਵਾਉਣ ਦੀਆਂ
ਬੁੜਾ ਦਲੀਲਾਂ ਕਰਦਾ।
ਸੱਸੇ ਨੀ ਸਮਝਾ ਲੈ ਪੁੱਤ ਤੂੰ
ਨਿੱਤ ਤੇਲਣ ਦੇ ਜਾਂਦਾ
ਘਰ ਦੀ ਨਾਰ ਨਾਲ ਗੱਲ ਨਾ ਕਰਦਾ
ਉਹਦਾ ਪਿਆਰ ਹੰਢਾਂਦਾ
ਸੁੰਨੀਆਂ ਸੇਜਾਂ ਤੇ
ਜਾਨ ਹੀਲ ਕੇ ਜਾਂਦਾ
ਜਾਂ
ਖਾਤਰ ਤੇਲਣ ਦੇ
ਨਦੀਆਂ ਚੀਰ ਕੇ ਜਾਂਦਾ।
ਸੱਸੇ ਨੀ ਸੋਮਝਾ ਲੈ ਪੁੱਤ ਨੂੰ
ਨਿੱਤ ਜਾ ਬਹਿੰਦਾ ਠੇਕੇ
ਬੋਤਲ ਪੀ ਕੇ ਅਧੀਆ ਦੱਸਦਾ
ਰੁਕੇ ਨਾ ਕਿਸੇ ਦੇ ਰੋਕੇ
ਜੇ ਸੱਸੀਏ ਤੂੰ ਦੇਵੇਂ ਸੁਨੇਹਾ
ਮੈਂ ਨਾ ਆਵਾਂ ਏਥੇ
ਘਰ ਦੀ ਅੱਗ ਮੱਚਦੀ
ਚੁੱਲ੍ਹੇ ਬਗਾਨੇ ਸੇਕੇ
ਇੱਕ ਲੱਡੂਆ ਕੋਈ ਦੋ ਲੱਡੂਆ
ਲੱਡੂਆਂ ਦੀ ਝੋਲੀ ਭਰ ਗਿਆ
ਸੱਸੇ ਨੀ ਤੇਰਾ ਲਾਡਲਾ
ਕੁਛ ਕਹਿ ਕੇ ਅੰਦਰ ਵੜ ਗਿਆ
ਜਾਂ
ਮੈਂ ਨਾ ਅੰਗਰੇਜ਼ੀ ਜਾਣਦੀ
ਮੰਡਾ ਹੈਲੋ-ਹੈਲੋ ਕਰ ਗਿਆ।