ਸੱਸ ਮੇਰੀ ਦੇ ਮੁੰਡਾ ਹੋਇਆ
ਲੋਕੀਂ ਦੇਣ ਵਧਾਈ
ਨੀ ਸ਼ਰੀਕ ਜੰਮਿਆ
ਜਾਨ ਮੁੱਠੀ ਵਿੱਚ ਆਈ।
Nooh Sass
ਸੱਸ ਮੇਰੀ ਦੇ ਕਾਕਾ ਹੋਇਆ
ਨਾਂ ਧਰਿਆ ਗੁਰਦਿੱਤਾ
ਪੰਜੀਰੀ ਖਾਵਾਂਗੇ
ਵਹਿਗੁਰੂ ਨੇ ਦਿੱਤਾ।
ਧਾਵੇ! ਧਾਵੇ! ਧਾਵੇ!
ਅਸੀਂ ਗੱਡੀ ਉਹ ਚੜਨੀ,
ਜਿਹੜੀ ਬੀਕਾਨੇਰ ਨੂੰ ਜਾਵੇ।
ਉਥੇ ਕੀ ਵਿਕਦਾ ?
ਉਥੇ ਮੇਰੀ ਸੱਸ ਵਿਕਦੀ,
ਮੇਰੀ ਨਣਦ ਵਿਕਣ ਨਾ ਜਾਵੇ।
ਨਣਦ ਵਿਕ ਲੈਣ ਦੇ,
ਤੇਰੇ ਕੰਨਾਂ ਨੂੰ ਕਰਾਦੂ ਵਾਲੇ।
ਭਾਬੀ ਦੀ ਕੁੜਤੀ ਤੇ,
ਤੋਤਾ ਚਾਂਗਰਾਂ ਮਾਰੇ।
ਰਾਈ! ਰਾਈ! ਰਾਈ!
ਬੱਚੇ ਬੁੱਢੇ ਭੁੱਖੇ ਮਰ ਗੇ,
ਏਹ ਕਾਹਨੂੰ ਦੱਦ ਲਾਈ।
ਪੰਜ ਤੇਰੇ ਪੁੱਤ ਮਰ ਜਾਵਣ,
ਛੇਵਾਂ ਮਰੇ ਜਵਾਈ।
ਰਹਿੰਦਾ ਖੂੰਹਦਾ ਬੁੱਢੜਾ ਮਰ ਜੇ,
ਜੀਹਦੇ ਲੜ ਤੂੰ ਲਾਈ।
ਗਾਲ੍ਹ ਭਰਾਵਾਂ ਦੀ,
ਕੀਹਨੇ ਦੇਣ ਸਿਖਾਈ।
ਰਾਈ! ਰਾਈ! ਰਾਈ!
ਪਿੰਡ ਵਿੱਚ ਸਹੁਰਿਆਂ ਦੇ,
ਮੱਕੀ ਗੁੱਡਣ ਲਾਈ।
ਮੱਕੀ ਗੁੱਡਦੀ ਦੇ ਪੈਗੇ ਛਾਲੇ,
ਮੁੜ ਕੇ ਘਰ ਨੂੰ ਆਈ।
ਘਰ ਆਈ ਸੱਸ ਦੇਵੇ ਗਾਲਾਂ,
ਖਾਲੀ ਕਾਹਤੋਂ ਆਈ।
ਦਰ ਘਰ ਸੌਹਰਿਆਂ ਦੇ,
ਕੈਦ ਕੱਟਣ ਨੂੰ ਆਈ।
ਅੱਟੀਆਂ-ਅੱਟੀਆਂ-ਅੱਟੀਆਂ
ਤੇਰਾ ਮੇਰਾ ਇੱਕ ਮਨ ਸੀ
ਤੇਰੀ ਮਾਂ ਨੇ ਦਰਾਤਾਂ ਰੱਖੀਆਂ
ਤੈਨੂੰ ਦੇਵੇ ਦੁੱਧ ਲੱਸੀਆਂ
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ
ਤੇਰੇ ਵਿੱਚੋਂ ਮਾਰੇ ਵਾਸ਼ਨਾ
ਪੱਲੇ ਲੌਂਗ ਲੈਚੀਆਂ ਰੱਖੀਆਂ
ਤੇਰੇ ਫਿਕਰਾਂ `ਚ
ਰੋਜ਼ ਘਟਾਂ ਤਿੰਨ ਰੱਤੀਆਂ।
ਨੂੰਹਾਂ ਗੋਰੀਆਂ ਪੁੱਤਾਂ ਦੇ ਰੰਗ ਕਾਲੇ,
ਸਹੁਰਿਆ ਬਦਾਮ ਰੰਗਿਆ।
ਐਵੇਂ ਨਿੱਕੀ ਨੂੰਹ ਦੀਆਂ ਸਿਫਤਾਂ,
ਘਿਉ ਨੇ ਬਣਾਈਆਂ ਤੋਰੀਆਂ।
ਅਸਾਂ ਸੱਸ ਦਾ ਸੰਦੂਕ ਬਣਾਨਾ,
ਛੇਤੀ ਛੇਤੀ ਵਧ ਕਿੱਕਰੇ ।
ਮੇਰੀ ਸੱਸ ਭਰਮਾਂ ਦੀ ਮਾਰੀ,
ਹੱਸ ਕੇ ਨਾ ਲੰਘ ਵੈਰੀਆ।
ਸੱਸ ਮੇਰੀ ਨੇ ਸੱਗੀ ਕਰਾਈ
ਮੈਨੂੰ ਕਹਿੰਦੀ ਪਾ ਕੁੜੇ .
ਰਾਂਝਾ ਮੇਰਾ ਨੂਣ ਤੇਲ ਵੇਚਦਾ
ਮੈਨੂੰ ਕਾਹਦਾ ਚਾਅ ਕੁੜੇ।
_
ਤਾਵੇ-ਤਾਵੇ-ਤਾਵੇ।
ਸਹੁਰਾ ਬਿਮਾਰ ਹੋ ਗਿਆ।
ਸੱਸ ਕੁੰਜ ਮਾਂਗ ਕੁਰਲਾਵੇ
ਲੱਤਾਂ ਬਾਹਾਂ ਘੱਟਦੀ ਫਿਰੇ
ਮੰਜੇ ਜੋੜ ਕੇ ਚੁਬਾਰੇ ਡਾਹਵੇ
ਦੁੱਧ ‘ਚ ਛੁਹਾਰੇ ਰਿੰਨ੍ਹ ਕੇ .
ਸੱਸ ਭਰ ਕੇ ਗਿਲਾਸ ਪਲਾਵੇ
ਦੋਹਾਂ ਦਾ ਪਿਆਰ ਦੇਖ ਕੇ
ਮੇਰਾ ਮਾਹੀ ਸ਼ਰਮਦਾ ਜਾਵੇ
ਸੱਸ ਦੀ ਦੁਖੱਲੀ ਜੁੱਤੀ ਨੂੰ
ਸਹੁਰਾ ਨਿੱਤ ਪਟਿਆਲੇ ਜਾਵੇ।