ਹਰਨਾਮੇ ਦੇ ਚਾਰੇ ਮੁੰਡੇ ਸਰਵਿਸ ਕਰਦੇ ਸਨ। ਸਾਰੇ ਆਪਣੇ ਆਪਣੇ ਟੱਬਰਾਂ ਨੂੰ ਲੈ ਕੇ ਖਿੰਡ ਪੁੰਡ ਗਏ। ਹਰਨਾਮੇ ਦੀ ਕਿਸੇ ਵੀ ਮੁੰਡੇ ਨਾਲ ਦਾਲ ਨਾ ਗਲੀ। ਉਹ ਪਿੰਡ ਇਕੱਲਾ ਹੀ ਰਹਿ ਗਿਆ। ਆਖਰ ਉਸਦੀ ਇਕਲੌਤੀ ਧੀ ਉਸਨੂੰ ਆਪਣੇ ਪਾਸ ਲੈ ਗਈ। ਉਹ ਉਥੇ ਰਹਿਣ ਲੱਗ ਪਿਆ। ਉਸਦੀ ਧੀ ਦੇ ਦੂਜੀ ਕੁੜੀ ਨੇ ਜਨਮ ਲਿਆ ਤਾਂ ਹਰਨਾਮਾ ਬੜੀ ਨਮੋਸ਼ੀ ਨਾਲ ਧੀ ਨੂੰ ਦਿਲਾਸਾ ਦੇਣ ਲੱਗਿਆ,
ਧੀਏ ਰੱਬ ਨੇ ਬੜਾ ਮਾੜਾ ਕੀਤਾ, ਜੇ ਚੰਗਾ ਜੀਅ ਦੇ ਦਿੰਦਾ
ਧੀ ਨੇ ਟੋਕਦਿਆਂ ਅੱਗੋਂ ਝੱਟ ਕਿਹਾ, ਬਾਪੂ, ਹੁਣ ਕੀ ਤੂੰ ਆਪਣੇ ਪੁੱਤਾਂ ਕੋਲ ਹੀ ਰਹਿਨੈ?
Short Stories
‘ਜੇਬ ਕਤਰਾ ਓ ਲੋਕੋ ਜੇਬ ਕਤਰਾ ਉਏ ਉਹਨੇ ਆਪਣੀ ਜੇਬ ਕੱਟ ਰਹੇ ਇਕ ਆਦਮੀ ਨੂੰ ਫੜਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੇ ਖੜੇ ਲਗਭਗ ਹਰੇਕ ਆਦਮੀ ਨੇ ਥੱਪੜ ਮਾਰਨੇ, ਵਾਲ ਪੁੱਟਣੇ ਤੇ ਡੁੱਡੇ ਮਾਰਨੇ ਸ਼ੁਰੂ ਕਰ ਦਿੱਤੇ।
ਤੂੰ ਸਮਝ ਕੀ ਰੱਖਿਐ ਭੈਣ ਦੇ ਜੇ ਤੈਨੂੰ ਪੁਲੀਸ ਹਵਾਲੇ ਨਾ ਕੀਤਾ ਤਾਂ ਮੈਨੂੰ ਕੌਣ ਜਾਣੂ? ਉਹ ਜੇਬ ਕਤਰੇ ਨੂੰ ਕੁੱਟਦਾ ਹੋਇਆ ਨੇੜੇ ਹੀ ਠਾਣੇ `ਚ ਲਿਜਾ ਰਿਹਾ ਸੀ।
ਦੇਖੋ ਜਨਾਬ! ਏਸ ਜੇਬ ਕਤਰੇ ਨੇ ਮੇਰੀ ਜੇਬ ਕੱਟੀ ਏ ਏਨਾ ਸ਼ੁਕਰ ਮੈਂ ਪੈਸੇ ਬੋਚ ਲਏ ਨਹੀਂ ਤਾਂ ਉਹ ਠਾਣੇਦਾਰ ਸਾਹਿਬ ਨੂੰ ਕਹਿ ਰਿਹਾ ਸੀ।
ਤੂੰ ਛੱਡਦੇ ਇਹਨੂੰ ਮੈਂ ਹੁਣੇ ਸਿਖਾਉਨਾਂ ਗਰੀਬ ਲੋਕਾਂ ਦੀਆਂ ਜੇਬਾਂ ਕੱਟਣਾ ਇਹ। ਕਹਿੰਦਿਆਂ ਹੀ ਠਾਣੇਦਾਰ ਨੇ ਜੇਬ ਕਤਰੇ ਦੇ ਲੱਕ ਚ ਦਿਖਾਵੇ ਵਜੋਂ ਡੰਡਾ ਮਾਰਿਆ।
ਸਰਦਾਰ ਸਾਹਿਬ ਇਹਦੀ ਐਸੀ ਚਮੜੀ ਉਧੇੜ ਦਿਓ ਜਿਹੜਾ ਦਿਨਾਂ ਤੱਕ ਯਾਦ ਰੱਖੇ।
ਤੂੰ ਹੁਣ ਬੇ-ਫਿਕਰ ਰਹਿ ਤੇ ਜਾਹ ਜੇ ਇਹਨੂੰ ਸਾਲੇ ਨੂੰ ਮਿਰਚਾਂ ਵਾਲੀ ਬੋਰੀ ਵਿਚ ਪਾ ਕੇ ਨਾ ਕੁੱਟਿਆਂ ਤਾਂ ਠਾਣੇਦਾਰ ਨੇ ਉਹਦੇ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਨੇ ਕਿਹਾ। ਉਹ ਹੁਣ ਠਾਣੇ ਚੋਂ ਆ ਗਿਆ ਸੀ।
ਠਾਣੇਦਾਰ ਨੇ ਜੇਬ ਕਤਰੇ ਨੂੰ ਅੰਦਰ ਲਿਜਾਂਦਿਆਂ ਪੁੱਛਿਆ,ਕਿੰਨੇ ਬਣੇ ਨੇ ਤੜਕੇ ਦੇ ਹੁਣ ਤੱਕ?
‘ਜੀ ਸੌ ਕੁ ਰੁਪਈਆ ਬਣਿਐ ਦੋ ਜੇਬਾਂ ਕੱਟੀਆਂ ਸਨ।’
ਲਿਆ ਕੱਢ ਫੇਰ ਠਾਣੇਦਾਰ ਨੇ ਹੁਕਮ ਦਿੱਤਾ। ਸੌ ਰੁਪਏ ਜੇਬ ਕਤਰੇ ਤੋਂ ਫੜ ਲਏ। ਆਹ ਲੈ 25 ਰੁਪਏ ਨਾਲੇ ਮਾੜਾ ਜਾ ਚਲਾਕੀ ਨਾਲ ਕੰਮ ਕਰਿਆ ਕਰ! ਸਮਝਿਆ ਠਾਣੇ ਦਾਰ ਨੇ 75 ਰੁਪਏ ਆਪ ਰੱਖ ਕੇ ਉਹਨੂੰ ਨਸੀਹਤ ਦਿੰਦਿਆਂ ਕਿਹਾ।
ਆਹ ਤਾਂ ਜੀ ਸਾਲੇ ਨੂੰ ਪਤਾ ਨੀਂ ਕਿਵੇਂ ਪਤਾ ਲੱਗ ਗਿਆ ਤੂੰ ਮੈਂ ਤਾਂ ਚਲਾਕੀ ਈ ਵਰਤੀ ਸੀ ਜੇਬ ਕਤਰੇ ਨੇ ਹੱਸਦਿਆਂ ਕਿਹਾ।
ਚੰਗਾ ਆ ਪਿਛਲੀ ਕੰਧ ਟੱਪ ਕੇ ਆਪਣਾ ਸਮਾਨ ਬਦਲ ਆ ਹੁਣ ਦੂਜੇ ਅੱਡੇ ਤੇ ਜਾਈਂ ਕੋਈ ਮੋਟੀ ਜਿਹੀ ਸਾਮੀ ਨੂੰ ਹੱਥ ਪਾਈਂ। ਠਾਣੇਦਾਰ ਨੇ ਹੁਕਮ ਦਿੱਤਾ।
ਕੁਝ ਸਮੇਂ ਪਿੱਛੋਂ ਉਹ ਜੇਬ ਕਤਰਾ ਦੂਜੇ ਬੱਸ ਅੱਡੇ ਤੇ ਸਾਧੂ ਬਣਕੇ ਇਧਰ ਉਧਰ ਚੱਕਰ ਮਾਰਨ ਲੱਗ ਪਿਆ।
ਨੱਥੇ ਨੇ ਲੋਕਾਂ ਦਾ ਆਮ ਚਲਦਾ ਪੰਦਰਾਂ ਫੁਟ ਦਾ ਲੰਮਾ ਰਸਤਾ ਆਪਣੇ ਖੇਤ ਵਿਚ ਮਿਲਾਉਣ ਲਈ ਇੱਟਾਂ ਮੰਗਵਾਈਆਂ ਤੇ ਰਾਜ ਲਗਾ ਦਿੱਤੇ। ਲੋਕਾਂ ਨੇ ਰੌਲਾ ਪਾਇਆ ਕਿ ਰਸਤਾ ਨਾ ਬੰਦ ਕਰੇ। ਤਰਲੇ ਕੀਤੇ। ਪੈਰੀਂ ਪਏ ਲੋਕਾਂ, ਪਰ ਉਸ ਇਕ ਨਾ ਮੰਨੀ। ਨੱਥਾ ਬੜਾ ਮੰਨਿਆ ਹੋਇਆ ਧਾੜਵੀ ਸੀ। ਆਖਰ ਮੈਂ ਅੱਗੇ ਵਧਿਆ ਤੇ ਰਾਜਾਂ ਨੂੰ ਬੇਨਤੀ ਕੀਤੀ,
ਰਾਜ ਭਰਾਵੋ, ਵੀਰੋ ਇਹ ਸਾਡਾ ਰਸਤਾ ਮੱਲ ਰਿਹਾ ਹੈ। ਤੁਸੀਂ ਜਾਣ ਦੇ ਹੋ। ਕੰਮ ਕਰਨਾ ਛੱਡ ਦਿਉ। ਰਾਜ ਕਹਿਣ ਲਗੇ ਅਸਾਂ ਤਾਂ ਭਰਾਓ ਦਿਹਾੜੀ ਲਗਾਣੀ ਹੈ। ਸਾਨੂੰ ਰਸਤੇ ਨਾਲ ਕੋਈ ਵਾਸਤਾ ਨਹੀਂ ਤੇ ਉਹ ਕੰਮ ਕਰਦੇ ਗਏ ਕੰਧ ਉਸਾਰਨ ਦਾ।
ਪਈ ਦਿਹਾੜੀ ਤਾਂ ਉਹਨਾਂ ਰਾਜਾਂ ਵੀ ਲਗਾਈ ਸੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਾਇਆ ਸੀ। ਮੈਂ ਕਿਹਾ। ਰਾਜ ਨਿਰ ਉਤਰ ਮੇਰੇ ਵਲ ਵੇਖਦੇ ਰਹੇ।
ਕਾਫੀ ਦੇਰ ਤੋਂ ਕੋਈ ਬਸ ਨਹੀਂ ਸੀ ਆਈ। ਜਿਹੜੀਆਂ ਇੱਕ ਦੋ ਆਈਆਂ ਵੀ ਉਹ ਇਸ ਅੱਡੇ ‘ਤੇ ਨਹੀਂ ਸਨ ਰੁਕੀਆਂ। ਹਰ ਕੋਈ ਬੜਾ ਬੇਕਰਾਰ ਜਿਹਾ ਸੀ। ਭਾਂਤ-ਭਾਂਤ ਦੀਆਂ ਗੱਲਾਂ ਹੋ ਰਹੀਆਂ ਸਨ। ਰਾਜਨੀਤੀ ਬਾਰੇ, ਸਾਧਾਂ-ਸੰਤਾਂ, ਹਕੀਮਾਂ ਤੇ ਡਾਕਟਰਾਂ ਬਾਰੇ, ਪਾੜਿਆਂ ਤੇ ਪਾੜ੍ਹੀਆਂ ਦੀਆਂ ਖਰਮਸਤੀਆਂ ਬਾਰੇ । ਇਨ੍ਹਾਂ ਗੱਲਾਂ ਵਿੱਚੋਂ ਮੁਸਾਫਰਾਂ ਨੂੰ ਅਨੋਖਾ ਸੁਆਦ ਆ ਰਿਹਾ ਸੀ। ਸੱਜੇ ਪਾਸੇ ਬੈਠੇ ਭਈਏ ਆਪਣੀ ਬੋਲੀ ਵਿਚ ਪਤਾ ਨਹੀਂ ਕੀ ਗੱਲਾਂ ਕਰ ਰਹੇ ਸਨ। ਹਰ ਸਵਾਰੀ ਬੜੀ ਉਤਸੁਕਤਾ ਨਾਲ ਖਾਲੀ ਸੜਕ ਵਲ ਝਾਕ ਰਹੀ ਸੀ।
ਇਕ ਬਸ ਆਉਂਦੀ ਦਿਸੀ। ਸਾਰਿਆਂ ਦੇ ਚਿਹਰਿਆਂ ਉਪਰ ਮਿੱਠੀ ਖੁਸ਼ੀ ਤੇ ਤਸੱਲੀ ਦੀ ਲਹਿਰ ਫੈਲ ਗਈ। ਸਾਰਿਆਂ ਨੇ ਆਪਣਾ ਸਮਾਨ ਚੁੱਕਿਆ ਤੇ ਚੜ੍ਹਨ ਲਈ ਤਿਆਰ ਹੋ ਗਏ | ਸਵਾਰੀਆਂ ਬਸ ਉਪਰ ਟੁੱਟ ਪਈਆਂ, ਭਈਏ ਪਿਛਲੀ ਤਾਕੀ ਵਲ ਅਹੁਲੇ।
ਉਏ ਤੁਸੀਂ ਉਤੇ ਚੜ੍ਹ ਜਾਓ, ਅੰਦਰ ਸਵਾਰੀਆਂ ਚੜਨ ਦਿਓ, ਚਲੋ ਚਲੋ ਉਤੇ, ਵਿਚ ਹੈਨੀ ਥਾਂ। ਕੰਡਕਟਰ ਨੇ ਬਸ ਚੋਂ ਉਤਰਦਿਆਂ ਹੱਥ ਦੇ ਇਸ਼ਾਰੇ ਨਾਲ ਕਿਹਾ। ਗੈਰ ਸਵਾਰੀਆਂ ਉਪਰ ਚੜ੍ਹਨ ਲੱਗੀਆਂ।
ਅਖੀਰ ਇਕ ਦਿਨ ਮੈਂ ਉਨ੍ਹਾਂ ਨੂੰ ਪੁੱਛ ਹੀ ਲਿਆ, ਕੀ ਗੱਲ ਅੱਜ ਕੱਲ ਤੁਸੀਂ ਬੜੀ ਪੀਣ ਲੱਗ ਪਏ ਹੋ?
ਕੀ ਕਰਾਂ?’ ਉਨ੍ਹਾਂ ਨੇ ਆਪਣੀ ਥੱਕੀ ਹੋਈ ਅਵਾਜ਼ ਨੂੰ ਲੜਖੜਾਉਣ ਤੋਂ ਰੋਕਦਿਆਂ ਹੋਇਆਂ ਕਿਹਾ, ਜਦ ਦੀ ਪਾਰਟੀ ਨੇ ਨਸ਼ਾਬੰਦੀ ਅਭਿਯਾਨ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਤਦ ਤੋਂ ਦਿਨ ਰਾਤ ਕੰਮ ਕਰ-ਕਰ ਕੇ ਥੱਕ-ਟੁੱਟ ਜਾਈਦਾ ਐ। ਬਸ ਥਕੌਣ ਮਿਟਾਉਣ ਲਈ ਹੀ ਦੋ ਘੁੱਟ ਲਾ ਲਈਦੀ ਹੈ, ਹੋਰ ਕਿਹੜਾ ਕੋਈ ਸਾਨੂੰ ਸ਼ੌਕ ਥੋੜੇ ਈ ਐ!“ ਤੇ ਉਹ ਖਚਰੀ ਜਿਹੀ ਹੱਸੀ ਹੱਸ ਪਏ।
ਉਹ ਮੰਦਰ ਚ ਉਤਰੇ ਹਰਦੁਆਰ ਵਾਲੇ ਜੋਤਸ਼ੀ ਤੋਂ ਪੁੱਛ ਲੈਣ ਗਈ ਕਿਉਂਕਿ ਕਈ ਦਿਨਾਂ ਤੋਂ ਉਸ ਦੇ ਪਤੀ ਦੇਵ ਨੂੰ ‘ਕੁੱਝ’ ਬਣਿਆ ਨਹੀਂ ਸੀ ਭਾਵ ਦਫਤਰ `ਚ ਕੋਈ ਚੰਗੀ ਅਸਾਮੀ ਨਹੀਂ ਸੀ ਫਸੀ।
ਜੋਤਸ਼ੀ ਨੇ ਪੁੱਛ ਵੀ ਦਿੱਤੀ ਤੇ ਹੱਥ ਵੀ ਦੇਖਿਆ। ਆਦਤ ਅਨੁਸਾਰ ਘਰ ਵੀ ਪੂਰਾ ਕਰ ਦਿੱਤਾ। ਉਸ ’ਚੋਂ ਆਉਂਦੀਆਂ ਅਮੀਰੀ ਲਪਟਾਂ ਸੁੰਘ ਕੇ ਲਟਬੌਰਾ ਹੋਇਆ ਜੋਤਸ਼ੀ ਚਾਹੁੰਦਾ ਹੋਇਆ ਵੀ ਆਪਣੇ ਸਟੈਂਡਰਡ ਰੇਟ ਤੋਂ ਵੱਧ ਦਾਣ-ਦੱਖਣਾ ਨਾ ਮੰਗ ਸਕਿਆ।
ਉਹ ਵਾਪਸ ਪਰਤ ਰਹੀ, ਆਪਣੀ ਸਾਥਣ ਨੂੰ ਕਹਿ ਰਹੀ ਸੀ, ਲੈ ਅਸੀਂ ਐਡੇ ਅਫਸਰ ਹੋ ਕੇ ਸਵਾ ਰੁਪਈਆ ਦਿੰਦੇ ਚੰਗੇ ਲੱਗਦੇ ਸੀ, ਹੁਣ ਕੱਲ ਨੂੰ ਆਵਾਂਗੇ, ਪੰਡਿਤ ਜੀ ਲਈ ਫਲ ਲੈ ਕੇ ਨਾਲੇ ਸਵਾ ਗਿਆਰਾਂ ਦਾਨ ਵਜੋਂ ਦੇਵਾਂਗੇ।
ਸ਼ਹਿਰ ਦੇ ਵੱਡੇ ਸ਼ਾਹੂਕਾਰ ਦੇ ਗੁਪਤ ਗੁਦਾਮਾਂ ਵਿਚ ਚੋਰੀ ਹੋ ਗਈ ਸੀ, ਪਰ ਚੋਰ ਨਹੀਂ ਸੀ ਮਿਲ ਰਿਹਾ।
ਚੋਰੀ ਤੂੰ ਕੀਤੀ ਏ?
ਮਾਈ ਬਾਪ, ਮੇਰਾ ਕੋਈ ਕਸੂਰ ਨਹੀਂ। ਥਾਣੇ ਤੋਂ ਬਾਹਰ ਪਾਟੀ ਕਮੀਜ਼ ਗੁੱਛਾ ਮੁੱਛਾ ਹੋ ਕੇ ਬੈਠਾ ਦਿਹਾੜੀਦਾਰ ਕਾਮਾ ਰੋਣੀ ਆਵਾਜ਼ ਵਿਚ ਸਹਿਕਿਆ।
ਮਾਂਈ ਕੀ ਓਏ, ਗੋਰੇ ਤਾਂ ਚਲੇ ਗਏ। ਅਫਸਰ ਦੀ ਆਕੜੀ ਵਰਦੀ ਗਰਜੀ।
ਤੁਸੀਂ ਸਾਡੇ ਲਈ ਗੋਰੇ ਹੀ ਹੋ, ਮਾਈ ਬਾਪ
ਸਰਦੀਆਂ ਦੇ ਅਰੰਭ ਤੋਂ ਹੀ ਇੱਕ ਨਵੀਂ ਰਜਾਈ ਬਣਾਉਣ ਦਾ ਮਸਲਾ ਘਰ ਵਿੱਚ ਚਲ ਰਿਹਾ ਸੀ। ਗਰੀਬੂ ਦੀ ਦਿਹਾੜੀ ਅਤੇ ਬਚਨੀ ਦੀ ਲੋਕਾਂ ਦੇ ਘਰ ਕੀਤੀ ਮਿਹਨਤ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਦਾ ਸੀ। ਕੁੜੀ ਭਰ ਜਵਾਨ ਹੋ ਗਈ ਸੀ, ਉਸ ਦੇ ਵਿਆਹ ਲਈ ਵੀ ਕੁਝ ਬਚਾਉਣਾ ਜਰੂਰੀ ਸੀ।
ਘਰ ਵਿੱਚ ਕੇਵਲ ਚਾਰ ਹੀ ਰਜਾਈਆਂ ਸਨ। ਸਭ ਤੋਂ ਮਾੜੀਆਂ ਦੋ ਰਜਾਈਆਂ ਮਾਪਿਆਂ ਨੇ ਆਪਣੇ ਲਈ ਰੱਖੀਆਂ ਸਨ। ਪੰਦਰਾਂ ਸਾਲ ਦੇ ਜੌੜੇ ਮੁੰਡੇ ਇੱਕ ਰਜਾਈ ਵਿੱਚ ਪੈਂਦੇ ਸਨ। ਸਭ ਤੋਂ ਛੋਟਾ ਦਸ ਸਾਲ ਦਾ ਕੁਲਦੀਪ ਆਪਣੀ ਅਠਾਰਾਂ ਸਾਲ ਦੀ ਭੈਣ ਸੀਬੋ ਨਾਲ ਪੈਂਦਾ ਸੀ। ਕੁਲਦੀਪ ਹਰ ਰੋਜ ਜਿੱਦ ਕਰਿਆ ਕਰਦਾ ਸੀ ਕਿ ਉਸ ਨੇ ਭੈਣ ਨਾਲ ਨਹੀਂ ਪੈਣਾ, ਉਹ ਔਖਾ ਹੁੰਦਾ ਏ। ਭੈਣ ਨਿੱਤ ਆਪਣੇ ਵੀਰ ਨੂੰ ਪਿਆਰ ਕਰਕੇ ਅਤੇ ਉਸ ਦੇ ਕੰਨ ਵਿੱਚ ਕੁਝ ਕਹਿਕੇ ਨਾਲ ਪਾ ਲਿਆ ਕਰਦੀ ਸੀ।
ਅੱਜ ਦੀਪਾ ਆਪਣੀ ਜਿੱਦ ਉੱਤੇ ਅੜ ਹੀ ਗਿਆ ਸੀ ਕਿ ਉਸ ਨੇ ਭੈਣ ਨਾਲ ਨਹੀਂ ਪੈਣਾ। ਵੱਡੇ ਮੁੰਡੇ ਜਵਾਨ ਸਨ, ਉਨ੍ਹਾਂ ਵਿਚੋਂ ਕਿਸੇ ਨੂੰ ਵੀ ਕੁੜੀ ਨਾਲ ਪਾਉਣਾ ਯੋਗ ਨਹੀਂ ਸੀ। ਬਚਨੀ ਰੋਜ਼ ਰੋਜ਼ ਦੇ ਕਲੇਸ਼ ਤੋਂ ਦੁਖੀ ਹੋ ਗਈ ਸੀ। ਅੱਜ ਉਹ ਦੀਪੇ ਦੇ ਦੋ ਚਾਰ ਲਾ ਦੇਣਾ ਚਾਹੁੰਦੀ ਸੀ।
‘‘ਤੂੰ ਰੋਜ਼ ਔਖਾ ਹੋਣ ਦਾ ਰੌਲਾ ਪਾਉਂਦਾ ਰਹਿੰਣੈ, ਆਸਲ ਗੱਲ ਕੀ ਐ? ਮਾਂ ਨੇ ਦੀਪੇ ਤੋਂ ਪੁੱਛਿਆ।
ਮੁੰਡੇ ਨੇ ਭੈਣ ਵਲ ਵੇਖਿਆ। ਕੁੜੀ ਨੇ ਉਸ ਨੂੰ ਅੱਖਾਂ ਨਾਲ ਘੂਰਿਆ ਅਤੇ ਚੁੱਪ ਰਹਿਣ ਲਈ ਥੱਪੜ ਦਾ ਡਰਾਵਾ ਵੀ ਵਿਖਾਇਆ। “ਬੇਬੇ ਭੈਣ ਮੈਨੂੰ ਦੱਬਕੇ ਨਾਲ ਘੱਟ ਲੈਂਦੀ ਐ, ਕਿਨਾ ਚਿਰ ਫਿਰ ਛੱਡਦੀ ਨੀ, ਮੈਂ ਔਖਾ ਹੋ ਜਾਨਾ।’’ ਕੁੜੀ ਨੇ ਸ਼ਰਮ ਦੇ ਮਾਰੇ ਹੱਥਾਂ ਨਾਲ ਆਪਣੀਆਂ ਅੱਖਾਂ ਢਕ ਲਈਆਂ ਸਨ। ਦੂਜੇ ਦਿਨ ਪੁਰਾਣੀਆਂ ਰਜਾਈਆਂ ਵਰਗੀ ਘਰ ਵਿੱਚ ਇੱਕ ਨਵੀਂ ਰਜਾਈ ਆ ਗਈ ਸੀ।
ਭੀਮ
ਦੀਵਾਲੀ ਦੀ ਰਾਤ ਸੀ। ਦੀਵੇ ਬੁੱਝ ਚੁੱਕੇ ਸਨ। ਸਾਹਿਤਕਾਰ ਦੋਸਤਾਂ ਦੀ ਇੱਕ ਪਾਰਟੀ, ਫਿੱਟ ਛੱਟ ਮੂੰਹ ਲਾਕੇ, ਜੂਏ ਦੀ ਰਸਮ ਪੂਰੀ ਕਰਨ ਵਿੱਚ ਰੁੱਝੀ ਹੋਈ ਸੀ। ਖੇਡ ਪੂਰੇ ਜੋਬਨ ਉੱਤੇ ਸੀ, ਦਾਅ ਉਤੇ ਦਾਅ ਲੱਗ ਰਹੇ ਸਨ। ਹਾਰਾਂ ਜਿੱਤਾਂ ਹੋ ਰਹੀਆਂ ਸਨ। ਇੱਕ ਸਰੇਸ਼ਟ ਬੁੱਧੀਜੀਵੀ ਲਗਾਤਾਰ ਹਾਰ ਰਿਹਾ ਸੀ। ਉਹ ਦੁਖੀ ਹੋਣ ਦੇ ਨਾਲ ਨਾਲ ਉਦਾਸ ਅਤੇ ਚਿੰਤਾਤੁਰ ਵੀ ਸੀ। ਉਹ ਕਰ ਕੁਝ ਨਹੀਂ ਸੀ ਸਕਦਾ। ਸਾਰੇ ਸਾਥੀਆਂ ਦੇ ਮਖੌਲਾਂ ਦਾ ਕੇਂਦਰ ਬਿੰਦੂ ਵੀ ਉਹੀ ਬਣਿਆ ਹੋਇਆ ਸੀ।
ਸਰੇਸ਼ਟ ਬੁੱਧੀਜੀਵੀ ਨੇ ਆਪਣਾ ਘੋਖਵਾਂ ਹੱਥ ਜੇਬ ਵਿੱਚ ਪਾਇਆ ਅਤੇ ਜੋ ਕੁਝ ਵੀ ਜੇਬ ਵਿਚੋਂ ਨਿਕਲਿਆ ਆਖਰੀ ਦਾਅ ਉੱਤੇ ਲਾ ਦਿੱਤਾ। ਤਾਸ਼ ਦੀ ਸੀਰਣੀ ਵੰਡੀ ਗਈ ਅਤੇ ਦਾਅ ਦੀ ਸਾਰੀ ਰਕਮ ਕਿਸੇ ਹੋਰ ਦੀ ਝੋਲੀ ਵਿੱਚ ਜਾ ਡਿੱਗੀ। ਜਿੱਤਣ ਵਾਲਾ ਜਿੱਤ ਦੀ ਖੁਸ਼ੀ ਵਿੱਚ ਕਹਿਣ ਲੱਗਾ, “ਹੁਣ ਦਰੋਪਤੀ ਨੂੰ ਵੀ ਦਾਅ ਉੱਤੇ ਲਾ ਵੇਖ
‘‘ਯੁਧਿਸ਼ਟਰ ਦਾ ਰੋਲ ਤਾਂ ਮੈਂ ਨਹੀਂ ਕਰ ਸਕਦਾ, ਹਾਂ ਭੀਮ ਦਾ ਕਰਕੇ ਵੇਖ ਲੈਂਦਾਂ ਹਾਂ।’ ਇਹ ਕਹਿਕੇ, ਦੂਜਿਆਂ ਦੇ ਰੋਕਦਿਆਂ ਵੀ, ਉਸ ਨੇ ਕਹਿਣ ਵਾਲੇ ਦੇ ਦੋ ਚਾਰ ਜੜ ਦਿੱਤੀਆਂ। ਉਹ ਭੀਮ ਬਣਿਆ ਮਸਤ ਹਾਥੀ ਦੀ ਚਾਲ ਚੱਲਦਾ ਬੂਹਿਓ ਬਾਹਰ ਹੋ ਗਿਆ।
ਇਕ ਮਾਂ ਦੇ ਦੋ ਪੁੱਤਰ ਸਨ। ਵੱਡਾ ਪੁੱਤਰ ਅੱਠ ਸਾਲ ਦਾ ਸੀ ਤੇ ਛੋਟਾ ਛੇ ਸਾਲ ਦਾ। ਦੋਨੋਂ ਹੀ ਚੰਗੇ ਤੇ ਆਗਿਆਕਾਰੀ ਬੱਚੇ ਸਨ। ਇਸ ਲਈ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ।
ਇਕ ਦਿਨ ਛੋਟਾ ਬੇਟਾ ਆਪਣੀ ਮਾਂ ਨੂੰ ਬੋਲਿਆ, “ਮੇਰੀ ਪਿਆਰੀ ਅੰਮਾਂ, ਤੂੰ ਮੈਨੂੰ ਓਨਾ ਪਿਆਰ ਨਹੀਂ ਕਰ ਸਕਦੀ, ਜਿੰਨਾਂ ਮੈਂ ਤੈਨੂੰ ਕਰਦਾ ਹਾਂ।”
“ਤੂੰ ਅਜਿਹਾ ਕਿਉਂ ਸੋਚਦਾ ਹੈਂ, ਮੇਰੇ ਪਿਆਰੇ ਬੱਚੇ?”
“ਇਸ ਲਈ ਕਿ ਤੇਰੇ ਦੇ ਪੁੱਤਰ ਹਨ, ਪਰ ਮੇਰੀ ਕੇਵਲ ਇਕ ਹੀ ਮਾਂ ਹੈ।” ਮੁੰਡਾ ਬੋਲਿਆ।
ਇਕ ਵਾਰ ਭਗਵਾਨ ਬੁੱਧ ਆਪਣੇ ਪੈਰੋਕਾਰਾਂ ਨਾਲ ਇਕ ਪਿੰਡ ਵਿਚ ਪ੍ਰਚਾਰ ਕਰਨ ਜਾ ਰਹੇ ਸਨ। ਉਸ ਪਿੰਡ ਤੋਂ ਪਹਿਲਾਂ ਰਸਤੇ ਵਿਚ, ਉਨ੍ਹਾਂ ਨੂੰ ਕਈ ਥਾਵਾਂ ‘ਤੇ ਬਹੁਤ ਸਾਰੇ ਟੋਏ ਪੁੱਟੇ ਹੋਏ ਮਿਲੇ। ਉਨ੍ਹਾਂ ਟੋਇਆਂ ਨੂੰ ਵੇਖ ਕੇ ਬੁੱਧ ਦੇ ਇੱਕ ਚੇਲੇ ਨੇ ਆਪਣੀ ਉਤਸੁਕਤਾ ਜ਼ਾਹਰ ਕੀਤੀ ਅਤੇ ਪੁੱਛਿਆ ਕਿ ਆਖਿਰ ਇਹਨਾਂ ਟੋਇਆਂ ਦੇ ਇਸ ਤਰਾਂ ਪੱਟਣ ਦਾ ਕੀ ਮਤਲਬ ਹੈ?
ਬੁੱਧ ਨੇ ਕਿਹਾ, ਪਾਣੀ ਦੀ ਭਾਲ ਵਿਚ ਇਕ ਵਿਅਕਤੀ ਨੇ ਬਹੁਤ ਸਾਰੇ ਟੋਏ ਪੁੱਟੇ ਹਨ। ਜੇ ਉਹ ਧੀਰਜ ਨਾਲ ਇਕ ਜਗ੍ਹਾ ਟੋਏ ਪੁੱਟਦਾ, ਤਾਂ ਉਸ ਨੂੰ ਪਾਣੀ ਮਿਲ ਜਾਂਦਾ, ਪਰ ਉਹ ਕੁਝ ਦੇਰ ਲਈ ਟੋਇਆ ਪੁੱਟਦਾ ਅਤੇ ਜੇ ਪਾਣੀ ਨਹੀਂ ਹੁੰਦਾ, ਤਾਂ ਉਹ ਇਕ ਹੋਰ ਟੋਇਆ ਪੁੱਟਣਾ ਸ਼ੁਰੂ ਕਰ ਦਿੰਦਾ। ਇਸ ਤਰਾਂ ਉਸਨੇ ਕਈ ਟੋਏ ਪੁੱਟ ਦਿੱਤੇ ਪਰ ਪਾਣੀ ਇੱਕ ਵਿਚੋਂ ਵੀ ਨਹੀਂ ਮਿਲਿਆ ।
ਸੋ ਸਖਤ ਮਿਹਨਤ ਕਰਨ ਦੇ ਨਾਲ ਨਾਲ , ਵਿਅਕਤੀ ਨੂੰ ਸਬਰ ਵੀ ਕਰਨਾ ਚਾਹੀਦਾ ਹੈ ।
ਜੇਠੂ ਲਾਲ ਮੇਰਾ ਬਾਪੂ ਅੱਜ ਵੀ ਮੈਨੂੰ ਇਸੇ ਨਾਮ ਨਾਲ ਬਲਾਓਦਾ ਏ। ਗਲਤੀਆਂ ਕਰਨ ਤੋ ਸਖ਼ਤਾਈ ਵੀ ਕੀਤੀ ਅਤੇ ਮੌਜ ਵੀ ਬਹੁਤ ਕਰਵਾਈ। ਜਿੰਨਾ ਸਮਿਆਂ ਵਿੱਚ ਕੁਝ ਅਮੀਰ ਰਿਸ਼ਤੇਦਾਰਾਂ ਦੇ ਜਵਾਕਾਂ ਨੇ ਵਧੀਆ ਵਧੀਆ ਕੱਪੜੇ ਪਾ ਕੇ ਵਿਆਹ-ਸ਼ਾਦੀਆ ਜਾ ਹੋਰ ਪ੍ਰੋਗਰਾਮਾਂ ਤੇ ਆਓਣਾ,ਮੈ ਅਤੇ ਮੇਰੇ ਭੈਣ ਭਰਾ ਨੇ ਜੋ ਸੀ ਉਸ ਵਿੱਚ ਹੀ ਖੁਸ਼ੀ ਮਨਾ ਲੈਣੀ, ਸ਼ਾਇਦ ਸਾਡੇ ਬਾਪੂ ਵਾਲਾ ਸਬਰ ਸਾਡੇ ਵਿੱਚ ਵੀ ਸੀ।
ਜ਼ਿਆਦਾ ਪੈਸਾ ਤਾ ਨਹੀ ਸੀ ਸਾਡੇ ਬਾਪੂ ਕੋਲ,ਪਰ ਦਿਲ ਬਹੁਤ ਵੱਡਾ ਸੀ। ਗੁਜ਼ਾਰੇ ਜੋਗੇ ਪੈਸੇ ਹੋਣ ਦੇ ਬਾਵਜੂਦ ਵੀ ਸਾਨੂੰ ਛੁੱਟੀਆਂ ਵਿਚ ਸ਼ਿਮਲਾ ਜਾ ਮਨਾਲੀ ਘਮਾਓਣ ਲੈ ਜਾਦੇ ਸੀ।
ਫਿਰ ਸਾਡੀ ਉਚੇਰੀ ਪੜਾਈ ਲਈ ਲੋਨ ਵੀ ਲਿਆ। ਜਿਸਦੀਆਂ ਕਿਸ਼ਤਾ ਓਹ ਹੁਣ ਤੱਕ ਭਰ ਰਹੇ ਨੇ।
ਮੈਨੂੰ ਵਿਦੇਸ਼ ਭੇਜਣ ਲਈ ਪਤਾ ਨੀ ਕਿਸ ਕਿਸ ਤੋ ਕਿੰਨੇ ਪੈਸੇ ਫੜੇ,ਜਿਸ ਵਿੱਚੋ ਅੱਧੇ ਤਾ ਮੈਨੂੰ ਅੱਜ ਤੱਕ ਵੀ ਪਤਾ ਨਹੀ।
ਬਾਹਲੀ ਗੱਲ ਨੀ ਕਰਦੇ ਸਾਡੇ ਨਾਲ ਫੋਨ ਤੇ,ਪਰ ਦੋ ਤਿੰਨ ਗੱਲਾਂ ਕਰਕੇ ਵੀ ਬਹੁਤ ਗੱਲਾਂ ਕਰ ਲੈਂਦੇ ਨੇ।
ਅੱਜ ਵੀ ਸਾਨੂੰ ਛੋਟੇ ਬੱਚਿਆਂ ਵਾਲੇ ਨਾਵਾਂ ਨਾਲ ਬਲਾਉਂਦੇ ਨੇ।ਜੇ ਮੇਰੀ ਲਖਾਈ ਵੇਖਣਗੇ ਤਾ ਅੱਜ ਵੀ ਆਖਣਗੇ ਕਿ ਲਖਾਈ ਸੁਧਾਰੋ।ਚਾਹੇ ਇਹ ਸਭ ਮੈ ਭਾਵੁਕ ਹੋ ਕੇ ਲਿਖਿਆ,
ਚਾਹੇ ਮੈ ਕਿੰਨੀ ਵੀ ਵੱਡੀ ਕਿਓ ਨਾ ਹੋ ਜਾਵਾਂ,ਪਾਪਾ ਲਈ ਮੈਂ ਹਮੇਸ਼ਾ ਜੇਠੂ ਲਾਲ ਹੀ ਰਹਾਂਗੀ।