ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪੈ ਜਾਣ ਪਿੱਛੋਂ, ਮਨਮੋਹਕ ਕੀਰਤਨ ਹੋ ਰਿਹਾ ਸੀ। ਸਾਰੀ ਸੰਗਤ ਅਨੰਦ ਵਿੱਚ ਝੂਮ ਰਹੀ ਸੀ। ਘਰ ਵਾਲਾ ਪ੍ਰੇਮੀ ਉਸ ਦਾਤੇ ਦਾ ਲੱਖ ਲੱਖ ਸ਼ੁਕਰ ਕਰ ਰਿਹਾ ਸੀ, ਜਿਸ ਨੇ ਪੁੱਤਰ ਦੀ ਦਾਤ ਬਖਸ਼ ਕੇ ਅੱਜ ਸੰਗਤ ਦੇ ਜੋੜੇ ਝਾੜਣ ਦਾ ਮੌਕਾ ਦਿੱਤਾ ਸੀ।
ਰਸ ਭਿੰਨਾ ਕੀਰਤਨ ਚਲ ਰਿਹਾ ਸੀ। ਸ਼ਬਦ ਦੀ ਧਾਰਨਾ ਪਕੇ ਰਾਗੀ ਸਿੰਘ ਦਸ ਰਿਹਾ ਸੀ ਕਿ ਅੰਮ੍ਰਿਤਦਾਤ ਛਕਕੇ ਸਭ ਦੁੱਖਾਂ, ਕਲੇਸ਼ਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੁਰੂ ਵਾਲੇ ਹੋਕੇ ਸਭ ਦਾਤਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਕਾਮ, ਕਰੋਧ, ਲੋਭ, ਮੋਹ, ਹੰਕਾਰ ਜਿਹੇ ਵੈਰੀਆਂ ਨੂੰ ਮੁੱਠੀ ਵਿੱਚ ਬੰਦ ਕੀਤਾ ਜਾ ਸਕਦਾ ਹੈ।
ਕੀਰਤਨ ਸਮਾਪਤ ਕਰਦਿਆਂ ਹੀ ਰਾਗੀਆਂ ਨੇ ਨੋਟਾਂ ਸਮੇਤ ਬਾਜੇ ਬੰਨ ਲਏ ਸਨ। ਅਰਦਾਸ ਅਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਦੇ ਲੜ ਲਾਉਣ ਵਾਲੇ ਗੁਰੂ ਤੋਂ ਪੱਲਾ ਝਾੜਕੇ ਕਾਰ ਵਿੱਚ ਜਾ ਬੈਠੇ ਸਨ।
Sikh History
ਅੱਜ ਦੇ ਦਿਨ 10 ਮਾਰਚ 1957 ਨੂੰ ਮਹਾਰਾਜ ਦਲੀਪ ਸਿੰਘ ਦੀ ਵੱਡੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਅਕਾਲ ਚਲਾਣਾ ਕਰ ਗਈ ਸੀ। ਉਹ ਉਸ ਸਮੇੰ ਮਹਾਰਾਜਾ ਦਲੀਪ ਦੇ ਪਰਿਵਾਰ ਦਾ ਆਖ਼ਰੀ ਜੀਅ ਸੀ; ਉਸ ਤੋੰ ਪਹਿਲਾਂ ਉਸ ਦੇ ਸਾਰੇ ਭੈਣ-ਭਰਾ ਇਸ ਦੁਨੀਆਂ ਤੋਂ ਕੂਚ ਕਰ ਚੁੱਕੇ ਸਨ। ਸ਼ਹਿਜ਼ਾਦੀ ਬੰਬਾ ਦੀ ਜ਼ਿੰਦਗੀ ਵੀ ਆਪਣੇ ਪਿਤਾ ਮਹਾਰਾਜ ਦਲੀਪ ਸਿੰਘ ਵਾਂਗ ਬਹੁਤ ਹੀ ਸੰਘਰਸ਼ੀਲ, ਦੁੱਖਭਰੀ ਅਤੇ ਆਪਣੇ ਆਪ’ਚ ਬਹੁਤ ਦਿਲਚਸਪ ਹੈ।
ਸ਼ਹਿਜ਼ਾਦੀ ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਡਨ’ਚ ਹੋਇਆ। ਉਸ ਤੋੰ ਪਹਿਲਾ ਮਹਾਰਾਜਾ ਦਲੀਪ ਸਿੰਘ ਦੇ ਘਰ ਵਿਕਟਰ ਦਲੀਪ ਸਿੰਘ ਅਤੇ ਫੈਡਰਿੱਕ ਦਲੀਪ ਸਿੰਘ ਦਾ ਜਨਮ ਹੋ ਚੁੱਕਿਆ ਸੀ। ਸ਼ਹਿਜ਼ਾਦੀ ਦਾ ਪੂਰਾ ਨਾਮ “ਬੰਬਾ ਸੋਫੀਆ ਜਿੰਦਾ ਦਲੀਪ ਸਿੰਘ” ਰੱਖਿਆ ਗਿਆ ਜਿਹੜਾ ਕਿ ਉਸ ਦੀ ਮਾਂ,ਨਾਨੀ ਅਤੇ ਦਾਦੀ ਦੇ ਨਾਮ ਨੂੰ ਮਿਲਾ ਕੇ ਰੱਖਿਆ ਗਿਆ ਸੀ। ਸ਼ਹਿਜ਼ਾਦੀ ਬੰਬਾ ਦੀ ਛੋਟੀ ਭੈਣ ਸ਼ਹਿਜ਼ਾਦੀ ਸੋਫੀਆ ਵਲੈਤ’ਚ ਔਰਤਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ਲਈ ਜਾਣੀ ਜਾਂਦੀ ਹੈ।
ਆਪਣੇ ਪਿਤਾ ਮਹਾਰਾਜ ਦਲੀਪ ਸਿੰਘ ਵਾਂਗ ੳੁਹਨਾਂ ਦੀ ਮੌਤ ਤੋੰ ਬਾਅਦ ਵੀ ਸ਼ਹਿਜ਼ਾਦੀ ਬੰਬਾ ਦੇ ਮਨ’ਚ ਆਪਣੇ ਖੁੱਸੇ ਹੋੲੇ ਰਾਜ-ਭਾਗ ਅਤੇ ਆਪਣੇ ਸੋਹਣੇ ਦੇਸ ਪੰਜਾਬ ਪ੍ਰਤੀ ਖਿੱਚ ਬਣੀ ਰਹੀ। ਉਸ ਨੇ ਆਪਣੀ ਧਰਤੀ’ਤੇ ਆਉਣ ਦਾ ਫੈਸਲਾ ਕੀਤਾ ਅਤੇ ਅਾਪਣੀ ਿੲੱਕ ਹੰਗਰੀ ਮੂਲ ਦੀ ਸਾਥਣ ਮੈਰੀ ਐਨਟੋਨਿਨਟੇਅ ਨਾਲ ਪੰਜਾਬ ਆ ਗਈ। ਕੁਝ ਚਿਰ ਪਿੱਛੋਂ ਸ਼ਹਿਜ਼ਾਦੀ ਦੀ ਦੋਸਤ ਮੈਰੀ ਨੇ ਇੱਕ ਸਿੱਖ ਉਮਰਾਓ ਸਿੰਘ ਸ਼ੇਰਗਿੱਲ ਨਾਲ ਵਿਆਹ ਕਰਾ ਲਿਆ ਅਤੇ ਉਹ ਵਾਪਸ ਹੰਗਰੀ ਚਲੇ ਗਏ।
ਪਰ ਸ਼ਹਿਜ਼ਾਦੀ ਬੰਬਾ ਨੇ ਆਪਣੇ ਦਾਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ’ਚ ਵਸਣ ਦਾ ਫੈਸਲਾ ਕਰ ਲਿਆ। ਉਸ ਨੇ ਮਾਡਨ ਟਾਊਨ ਲਾਹੌਰ’ਚ ਆਪਣੀ ਿਰਹਾਇਸ਼ ਲਈ ਇੱਕ ਬੰਗਲਾ ਖ਼ਰੀਦਿਆ। ਉਸ ਬੰਗਲੇ ਦਾ ਨਾਮ ਉਸ ਨੇ “ਗੁਲਜ਼ਾਰ” ਰੱਖਿਆ ਅਤੇ ਉਥੇ ਇੱਕ ਕਨਾਲ’ਚ ਗੁਲਾਬਾਂ ਦਾ ਬਾਗ਼ ਲਗਵਾਇਆ। ਲਾਹੌਰ’ਚ ਰਹਿੰਦੇ ਹੋਏ 1915’ਚ ਸ਼ਹਿਜ਼ਾਦੀ ਬੰਬਾ ਦਾ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿਸੀਪਲ ਡਾ: ਡੈਵਿਡ ਵਾਟਰਜ਼ ਸਦਰਲੈਂਡ ਨਾਲ ਵਿਆਹ ਹੋ ਗਿਆ।
ਮਹਾਰਾਣੀ ਜਿੰਦਾ ਦੀ ਜਿਹੜੀ ਇੱਛਾ ਮਹਾਰਾਜਾ ਦਲੀਪ ਸਿੰਘ ਨਹੀਂ ਪੂਰੀ ਕਰ ਸਕੇ ਸਨ ਉਹ ਉਹਨਾਂ ਦੀ ਪੁੱਤਰੀ ਸ਼ਹਿਜ਼ਾਦੀ ਬੰਬਾ ਨੇ ਪੂਰੀ ਕੀਤੀ। ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਪੰਜਾਬ ਆਉਣ ਦੀ ਆਗਿਆ ਨਾ ਦਿੱਤੀ ਤਾਂ ਉਹ ਬੰਬੇ’ਚ ਨਾਸਿਕ ਨਾਮ ਦੇ ਅਸਥਾਨ ਤੇ ਮਹਾਰਾਣੀ ਜਿੰਦਾ ਦੀਆਂ ਅਸਥੀਆਂ ਪਾ ਕੇ ਵਾਪਸ ਚਲੇ ਗਏ ਅਤੇ ਉੱਥੇ ਮਹਾਰਾਣੀ ਜਿੰਦਾ ਦੀ ਯਾਦ’ਚ ਇੱਕ ਸਮਾਧ ਵੀ ਬਣਾਈ ਗਈ। ਪਰ ਸ਼ਹਿਜ਼ਾਦੀ ਬੰਬਾ ਨੇ ਨਾਸਿਕ ਜਾ ਕੇ ਮਹਾਰਾਣੀ ਜਿੰਦਾ ਦੀ ਸਮਾਧ ਪੱਟੀ ਅਤੇ ਉੱਥੋੰ ਉਹਨਾਂ ਦੀਆਂ ਅਸਥੀਆਂ ਲਿਆ ਕੇ ਲਾਹੌਰ’ਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ’ਚ ਉਹਨਾਂ ਦੇ ਨਾਲ ਦਫ਼ਨਾ ਦਿੱਤੀਆਂ।
ਸ਼ਹਿਜ਼ਾਦੀ ਬੰਬਾ ਆਪਣੇ ਆਖ਼ਰੀ ਸਾਹ ਤੱਕ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ’ਚ ਰਹਿੰਦੀ ਰਹੀ। ਉਹ ਲਾਹੌਰ ਦੀਆਂ ਗਲੀਆਂ’ਚ ਘੁੰਮਦੀ ਹੋਈ ਸੌ ਸਾਲ ਪਿੱਛੇ ਜਾ ਕੇ ਆਪਣੇ ਦਾਦੇ ਸ਼ੇਰੇ ਪੰਜਾਬ ਦੇ ਰਾਜ ਸਮੇੰ ਦੀਆਂ ਹਵਾਵਾਂ ਨੂੰ ਮਹਿਸੂਸ ਕਰਦੀ। ਉਹ ਉਸ ਕਿਲੇ ਨੂੰ ਦੇਖਦੀ ਜਿੱਥੇ ਪੰਜ ਦਰਿਆਵਾਂ ਦਾ ਮਹਾਰਾਜਾ ਆਪਣਾ ਦਰਬਾਰ ਸਜਾਉਂਦਾ ਸੀ। ਉਸ ਨੂੰ ਬਾਦਸ਼ਾਹੀ ਮਸੀਤ’ਚ ਖਾਲਸਾ ਰਾਜ ਸਮੇੰ ਦੀ ਚਹਿਲ ਪਹਿਲ ਦਿਖਦੀ। ਫਿਰ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੱਲ ਦੇਖ ਅੱਖਾਂ ਭਰ ਲੈੰਦੀ।
ਸ਼ਹਿਜ਼ਾਦੀ ਦੇ ਪਤੀ ਡਾ: ਸਦਰਲੈਂਡ ਦੀ ਮੌਤ 1939’ਚ ਹੋ ਗਈ ਸੀ ਪਰ ਉਸ ਤੋਂ ਬਾਅਦ ਵੀ ਉਹ ਇੱਕਲੀ ਹੀ ਲਾਹੌਰ’ਚ ਇੱਕ ਗੁੰਮਨਾਮ ਵਾਂਗ ਰਹਿੰਦੀ ਰਹੀ। ਉਸ ਸ਼ਹਿਰ’ਚ ਜਿੱਥੇ ਹਲੇ ਕੁਝ ਦਿਹਾਕੇ ਪਹਿਲਾਂ ਉਸ ਦੇ ਪਰਿਵਾਰ ਦੀ ਬਾਦਸ਼ਾਹਤ ਕਾਇਮ ਸੀ। ਅੰਤ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਵਾਂਗ ਆਪਣੇ ਲੁੱਟੇ ਹੋਏ ਦੇਸ ਪੰਜਾਬ ਨੂੰ ਆਜ਼ਾਦ ਦੇਖਣ ਦੀ ਤਾਂਘ’ਚ 10 ਮਾਰਚ 1957 ਨੂੰ ਸ਼ਹਿਜਾਦੀ ਬੰਬਾ ਨੇ ਲਾਹੌਰ’ਚ ਸਰੀਰ ਛੱਡ ਦਿੱਤਾ। ਉਸ ਸਮੇਂ ਇਸ ਖਿੱਤੇ’ਚ ਭਾਰਤ-ਪਾਕਿਸਤਾਨ ਨਾਮ ਦੇ ਦੋ ਮੁਲਕ ਨਵੇਂ ਬਣਨ ਕਰਨ ਕਾਫ਼ੀ ਤਣਾਅ ਦਾ ਮਾਹੌਲ ਸੀ। ਸਿੱਖ ਲਾਹੌਰ ਛੱਡ ਕੇ ਚੜਦੇ ਪਾਸੇ ਆ ਚੁੱਕੇ ਸਨ। ਅਫਸੋਸ ਦੀ ਗੱਲ ਕਿ ਦੋ ਮੁਲਕਾਂ ਦੇ ਕਲੇਸ ਕਾਰਨ ਸ਼ਹਿਜ਼ਾਦੀ ਦੇ ਅੰਤਿਮ ਸੰਸਕਾਰ’ਚ ਇੱਕ ਵੀ ਸਿੱਖ ਸ਼ਾਮਲ ਨਹੀਂ ਹੋ ਸਕਿਆ। ਸ਼ਹਿਜ਼ਾਦੀ ਬੰਬਾ ਦਾ ਸੰਸਕਾਰ ਵਲੈਤ ਦੀ ਅੰਬੈਸੀ ਵੱਲੋੰ ਲਾਹੌਰ’ਚ ਗੋਰਾ ਕਬਰਸਥਾਨ’ਚ ਕੀਤਾ ਗਿਆ ਜਿਥੇ ਉਸ ਦੀ ਯਾਦਗਾਰ ਮੌਜ਼ੂਦ ਹੈ।
ਭਾਵੇਂ ਸ਼ਹਿਜ਼ਾਦੀ ਬੰਬਾ ਦੇ ਕੋਈ ਸੰਨਤਾਨ ਤਾਂ ਨਹੀੰ ਸੀ ਪਰ ਉਹ ਆਪਣੇ ਪਿੱਛੇ ਸ਼ਾਹੀ ਪਰਿਵਾਰ ਨਾਲ ਸਬੰਧਤ ਕੀਮਤੀ ਵਿਰਾਸਤ ਛੱਡ ਗਈ ਜਿਨ੍ਹਾਂ 18 ਲਾਹੌਰ ਦਰਬਾਰ ਨਾਲ ਸਬੰਧਤ ਤੇਲ ਨਾਲ ਬਣਾਏ ਚਿੱਤਰ, 14 ਪਾਣੀ ਵਾਲੇ ਰੰਗਾਂ ਨਾਲ, 12 ਆਈਵੋਰੀ ਚਿੱਤਰ, 17 ਮਹਾਰਾਜੇ ਦੇ ਪਰਿਵਾਰ ਨਾਲ ਸਬੰਧਤ ਤਸਵੀਰਾਂ, 10 ਧਾਂਤ ਦੀਆਂ ਬਣੀਆਂ ਕੀਮਤੀ ਵਸਤਾਂ ਅਤੇ 7 ਹੋਰ ਸ਼ਾਹੀ ਪਰਿਵਾਰ ਨਾਲ ਸਬੰਧਤ ਚੀਜ਼ਾਂ ਸ਼ਾਮਲ ਹਨ। ਇਸ ਵਿਰਾਸਤ ਨੂੰ ਸ਼ਹਿਜ਼ਾਦੀ ਆਪਣੇ ਇੱਕ ਭਰੋਸੇਮੰਦ ਪੀਰ ਕਰੀਮ ਬਖ਼ਸ਼ ਸੁਪਰਾ ਕੋਲ ਰੱਖ ਗਈ। ਬਾਅਦ’ਚ ਕਰੀਮ ਬਖ਼ਸ਼ ਤੋਂ ਪਾਕਿਸਤਾਨ ਸਰਕਾਰ ਨੇ ਇਹ ਸਭ ਚੀਜ਼ਾਂ ਖ਼ਰੀਦ ਕੇ ਸਾਂਭ ਸੰਭਾਲ ਸਹਿਤ ਸਿੱਖ ਰਾਜ ਨਾਲ ਸਬੰਧਤ ਅਜਾਇਬ ਘਰਾਂ’ਚ ਰੱਖ ਦਿੱਤੀਆਂ।
ਭਾਵੇੰ ਕੋਈ ਸਿੱਖ ਇਸ ਸ਼ਹਿਜ਼ਾਦੀ ਦੇ ਅੰਤਿਮ ਸੰਸਕਾਰ’ਚ ਸ਼ਾਮਲ ਨਾ ਹੋ ਸਕਿਆ ਹੋਵੇ ਪਰ ਅੱਜ 10 ਮਾਰਚ ਦੇ ਦਿਨ ਆਪਣੇ ਖੁੱਸੇ ਰਾਜ ਦੀ ਚਾਹਤ ਰੱਖਣ ਵਾਲੀ ਇਸ ਗੁੰਮਨਾਮ ਸ਼ਹਿਜ਼ਾਦੀ ਨੂੰ ਅਸੀੰ ਪ੍ਰਣਾਮ ਕਰਦੇ ਹਾਂ, ਧੁਰ ਅੰਦਰੋੰ ਸਤਿਕਾਰ ਸਹਿਤ ਯਾਦ ਕਰਦੇ ਹਾਂ।
– ਸਤਵੰਤ ਸਿੰਘ ਗਰੇਵਾਲ
ਮੋਰਾਂ ਦਾ ਮਹਾਰਾਜਾ ਪੜਨ ਤੋਂ ਪਹਿਲਾਂ ਕਈ ਤਰਾਂ ਦੇ ਖਿਆਲ ਦਿਲ ਵਿੱਚ ਆਉਂਦੇ ਰਹਿੰਦੇ ਸਨ ਕਿ ਕਿਹੋ ਜਿਹੀ ਕਿਤਾਬ ਹੋਊ ਯਾਰ । ਅਕਸਰ ਏਦਾਂ ਹੁੰਦਾ ਏ ਕਿ ਜਿਸ ਕਿਤਾਬ ਦੀ ਸਿਫਾਰਿਸ਼ ਜਿਆਦਾ ਹੁੰਦੀ ਏ ਉਹਨੂੰ ਪੜ੍ਹਕੇ ਐਨਾ ਸੁਆਦ ਨਹੀੰ ਆਉੰਦਾ ਹੁੰਦਾ ਕਿਉਂਕਿ ਗੱਲਾਂ ਸੁਣ ਸੁਣ ਕੇ ਅਸੀੰ ਉਸ ਬਾਰੇ ਕਿਆਸ ਬਹੁਤ ਲਾ ਲੈੰਦੇ ਹਾਂ ਪਰ ਅਸਲ ‘ਚ ਉਹ ਐਨੇ ਜੋਗੀ ਹੁੰਦੀ ਨਹੀੰ । ਪਰ ਮੋਰਾਂ ਦਾ ਮਹਾਰਾਜਾ ਪੜਨ ਤੋੰ ਬਾਅਦ ਉਹ ਭੁਲੇਖਾ ਬਿਲਕੁਲ ਹੀ ਦੂਰ ਹੋ ਗਿਆ । ਪੜ੍ਹਕੇ ਜਿੰਨਾ ਆਨੰਦ ਆਇਆ ਉਸਨੂੰ ਮੈਂ ਬਿਆਨ ਨਹੀੰ ਕਰ ਸਕਦਾ । ਕਿਤਾਬ ਵਿੱਚ ਕਈ ਤੱਥਾਂ ਨੂੰ ਉਘਾੜਿਆ ਗਿਆ ਹੈ ਜਿੰਨਾਂ ਬਾਰੇ ਜਾਂ ਤਾਂ ਇਤਿਹਾਸਕਾਰਾਂ ਨੂੰ ਗਿਆਨ ਨਹੀੰ ਸੀ ਜਾਂ ਫਿਰ ਉਹ ਉਸਨੂੰ ਸਾਹਮਣੇ ਲਿਆਉਣ ਤੋਂ ਆਨਾ ਕਾਨੀ ਕਰਦੇ ਰਹੇ । ਜਿੰਨਾਂ ਵਿੱਚੋਂ ਇੱਕ ਘਟਨਾ ਅਕਾਲੀ ਫੂਲਾ ਸਿੰਘ ਵੱਲੋੰ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਤੇ ਬੁਲਾਕੇ ਤਨਖਾਹੀਆ ਕਰਾਰ ਦੇਣਾ ਅਤੇ ਸੌ ਕੋੜਿਆਂ ਦੀ ਸਜਾ ਦੇਣਾ ਸੀ ।
ਮੋਰਾਂ ਅਤੇ ਮਹਾਰਾਜੇ ਦੇ ਇਸ਼ਕੀਆ ਸੰਬੰਧ ਅਤੇ ਗੁਲ ਬੇਗਮ ਦੇ ਆਉਣ ਤੋਂ ਬਾਅਦ ਮੋਰਾਂ ਨਾਲੋੰ ਤੋੜ ਵਿਛੋੜਾ ਅਤੇ ਗੁਲ ਬੇਗਮ ਨਾਲ ਇਸ਼ਕ ਦੀਆਂ ਪੀਘਾਂ ਨੂੰ ਬਹੁਤ ਹੀ ਬਾਖੂਬੀ ਤਰੀਕੇ ਨਾਲ ਬਿਆਨ ਕੀਤਾ ਹੈ ਲੇਖਕ ਨੇ । ਇਸ ਕਿਤਾਬ ਵਿਚਲੀਆਂ ਘਟਨਾਵਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਏ ਕਿ ਮਹਾਰਾਜੇ ਦੀ ਸ਼ਖਸ਼ੀਅਤ ਇੱਕ ਹਾਕਮ ਅਤੇ ਇੱਕ ਇਨਸਾਨ ਦੇ ਰੂਪ ਵਿੱਚ ਵੱਖੋ ਵੱਖਰੀ ਸੀ । ਇਸ ਕਿਤਾਬ ਵਿਚਲੀਆਂ ਦੋ ਕਹਾਣੀਆਂ ‘ਲੇਡੀ ਗੌਡੀਵਾ ਦਾ ਨੰਗਾ ਸੱਚ’ ਅਤੇ ‘ਬੇਲਿਬਾਸ ਮੁਹੱਬਤ’ ਮੇਰੇ ਲਈ ਨਵਾਂ ਵਿਸ਼ਾ ਅਤੇ ਨਵੇੰ ਪਾਤਰ ਸਨ । ਹੁਣ ਮੈਂ ਉਹਨਾਂ ਪਾਤਰਾਂ ਦੀ ਸ਼ਖਸ਼ੀਅਤ ਨੂੰ ਜਾਂ ਲਿਖਣ ਪ੍ਰਕਿਰਿਆ ਨੂੰ ਸਲਾਮ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਸ ਕਾਰਨਾਂ ਕਰਕੇ ਕੀਲਿਆ ਗਿਆ ਤੇ ਇਹਨਾਂ ਦੋਹਾਂ ਕਹਾਣੀਆਂ ਨੂੰ ਆਪਣੇ ਜਿਹਨ ‘ਚੋਂ ਕੱਢ ਨਹੀਂ ਪਾ ਰਿਹਾ । ਬੜੇ ਲੰਮੇ ਸਮੇਂ ਬਾਅਦ ਮੰਟੋ ਦੀਆਂ ਕਹਾਣੀਆਂ ਵਰਗੀਆਂ ਕਹਾਣੀਆਂ ਪੜਨ ਨੂੰ ਮਿਲੀਆਂ ।
ਧੰਨਵਾਦ ਲੇਖਕ ਬਲਰਾਜ ਸਿੱਧੂ ਜੀ ਦਾ ਇਹ ਸ਼ਾਨਦਾਰ ਕਿਤਾਬ ਪਾਠਕਾਂ ਦੇ ਹੱਥਾਂ ਵਿੱਚ ਦੇਣ ਲਈ ।