ਮੇਹਰ ਕੁਰ ਭੈਣੇ ਨੀ ਤੂੰ ਸੁੱਖਾਂ ਲੱਧੀ ਜਾਈ
ਨੀ ਆ ਜਾ ਭੈਣੇ ਸਰਦਲ ਤੇ
ਨਾਨਕੀ ਛੱਕ ਤਾਂ ਲਿਆਏ ਤੇਰੇ ਭਾਈ ਨੀ
Sithniyan
ਹੁਕਮ ਚੰਦ ਜਾ ਰਿਆ ਸੈ ਢਾਕੇ ਬਾਡਰ ਪੈ
ਪਾਛੈ ਜੋਰੋ ਨੇ ਜਾਮਿਆ ਰਾਮ ਰਤਨ
ਤੰਨੈ ਖੇਲਣੇ ਨੈ ਖਿਲੌਣਾ ਪਾ ਗਿਆ
ਤਾਏ ਗੈਲਿਆਂ ਮਿਲੈ ਸੈ ਇਸਕੀ ਸਕਲ
ਜਿਲ੍ਹੇ ਸਿੰਘ ਭਾਈ ਖਾਟਣ ਨੈ ਗਿਆ ਥਾ
ਪਾਛੇ ਤੇ ਲੋਗਾਈ ਨੈ ਕਰਿਆ ਚਾਲਾ
ਜੌੜੇ ਜਾਮ ਧਰੇ ਰੀ ਮੇਰੀਆ ਸਖੀਆ
ਇਕ ਕਤੀ ਗੋਰਾ ਦੂਆ ਜਮ੍ਹਾ ਈ ਕਾਲਾ
ਏਕ ਤੋ ਜਮੀਓ ਚਾਚੇ ਜੈਸਾ
ਦੂਸਰਾ ਭੈਂਗੀ ਸੀ ਆਂਖਾਂ ਆਲਾ
ਭੂਰਾ ਭਰਤੀ ਹੋ ਗਿਆ ਨੀ
ਉਹਨੂੰ ਬਾਡਰ ਮਿਲਿਆ ਢਾਕਾ
ਵਰ੍ਹੇ ਦਿਨਾਂ ਪਿਛੋਂ ਆਇਆ ਨੀ
ਦਰ ਵਿਚ ਖੇਹਲੇ ਕਾਕਾ
ਜੋਰੋ ਨੂੰ ਜਾ ਕੇ ਪੁੱਛਦਾ ਨੀ
ਸਾਲੀਏ ਆਹ ਕੀ ਹੋਇਆ ਬਾਕਾ
ਜੋਰੋ ਨੇ ਦੱਸਿਆ ਸੀ
ਬਿਨ ਬੱਦਲਾਂ ਤੋਂ ਪਿਆ ਛੜਾਕਾ
ਹੱਸ ਹੱਸ ਦੱਸਦੀ ਐ
ਛੋਲਿਆਂ ਨੂੰ ਪਿਆ ਪਟਾਕਾ
ਸਾਲੀ ਦੇ ਮਾਰ ਖਿੱਚ ਕੇ
ਬੱਟ ਕੇ ਮਾਰ ਚਟਾਕਾ
ਕਹਿੰਦਾ ਚੱਲ ਛੱਡ ਗੁੱਸਾਂ
ਮੁਖਤੀ ਮਿਲ ਗਿਆ ਕਾਕਾ
ਇਕ ਗੱਲ ਪੁੱਛਾਂ ਲਾੜਿਆਂ ਇਕ ਗੱਲ ਦੱਸਾਂ ਵੇ
ਮਾਂ ਤੇਰੀ ਤਾਂ ਚੰਬੋਚਾਲੀ ਕੀ ਰੋਵਾਂ ਕੀ ਹੱਸਾਂ ਵੇ
ਕਰਦੀ ਧੀਆਂ ਦੀ ਉਹ ਦਲਾਲੀ ਕੀ ਬੈਠਾਂ ਕੀ ਨੱਸਾਂ ਵੇ
ਧਾੜਵੀਆਂ ਦਾ ਉਹਦਾ ਪਿਛੋਕਾ ਹੋਰ ਮੈਂ ਕੀ ਕੀ ਦੱਸਾਂ ਵੇ
ਕੁੜਤੀ ਤਾਂ ਮੇਰੀ ਜੀਜਾ ਮੋਰਾਕੀਨ ਦੀ
ਵਿਚ ਵਿਚ ਜਰੀ ਦੀਆਂ ਤਾਰਾਂ
ਭੈਣਾਂ ਤਾਂ ਤੇਰੀ ਜੀਜਾ ਜਾਰਨੀ
ਬਿਕਦੀ ਵਿਚ ਬੇ ਬਜਾਰਾਂ
ਗੱਲਾਂ ਤਾਂ ਕਰਦੀ ਜੀਜਾ ਨੌਖੀਆਂ (ਅਨੋਖੀਆਂ)
ਵੇ ਖਸਮ ਮੰਗਦੀ ਬਾਰਾਂ ਬਾਰਾਂ
ਚੰਨ ਤਾਂ ਛੁਪਿਆ ਬੱਦਲੀਂ ਸਈਓ ਤਾਰਾ ਟਾਵਾਂ ਟਾਵਾਂ
ਖਲਕਤ ਸੌਂ ਗਈ ਗਹਿਰੀ ਨੀਂਦੇ ਮੈਂ ਮਿਲਣ ਮਾਹੀ ਨੂੰ ਜਾਵਾਂ
ਰਾਤ ਬੀਤ ਗਈ ਹੋ ਗਿਆ ਤੜਕਾ ਕੂਹਣੀ ਮਾਰ ਜਗਾਵਾਂ
ਛੱਡ ਦੇ ਬਾਂਹ ਮਿੱਤਰਾ ਰਾਤ ਪਈ ਤੇ ਫਿਰ ਆਵਾਂ
ਛੱਡ ਦੇ ਬਾਂਹ ਮਿੱਤਰਾ
ਇਹਨਾਂ ਬੁੱਢਿਆਂ ਨੂੰ ਭੇਜੋ ਸ਼ਹਿਰ ਜਲੰਧਰ
ਇਹਨਾਂ ਬੁੱਢਿਆਂ ਨੂੰ ਡੱਕ ਦੋ ਪਿਛਲੇ ਅੰਦਰ
ਖੂੰਡੀ ਨਾਲ ਤੁਸੀ ਤੁਰਦੇ ਵੇ ਬੁੱਢੜਿਓ
ਅੱਖ ਤਾਂ ਰੱਖਦੇ ਓਂ ਕੈਰੀ
ਐਨਕਾਂ ਦੇ ਸੀਸਿਆਂ ਚੋਂ ਬਿੱਲ ਬਤੌਰੀ ਵਾਗੂੰ
ਝਾਕਦੇ ਓਂ ਚੋਰੀਓ ਚੋਰੀ
ਲਾੜ੍ਹੇ ਭੈਣਾਂ ਤਾਂ ਉੱਧਲ ਚੱਲੀ ਫੜ ਕੇ ਮਸਾਂ ਬਠਾਈ
ਨੀ ਚਰਚਾ ਤੋਂ ਡਰ ਡਾਰੀਏ
ਤੈਨੂੰ ਕਿੱਧਰ ਦੀ ਆਖਰ ਦੱਸ ਆਈ
ਨੀ ਚਰਚਾ ਤੋਂ.
ਨਾਨਕੀਆਂ ਨੂੰ ਖਲ ਕੁੱਟ ਦਿਓ ਵੇ ਜੀਹਨਾਂ ਧੌਣ ਪੱਚੀ ਸਰ ਖਾਣਾ (ਸ਼ੇਰ)
ਸਾਨੂੰ ਲੈਚੀਆਂ ਬੇ ਜਿਹਨਾਂ ਮੁਸ਼ਕ ਲਿਆ ਰੱਜ ਜਾਣਾ
ਬੰਨ੍ਹ ਦਿੱਤੇ ਜਾਨੀ ਬੰਨ੍ਹ ਦਿੱਤੇ
ਕੋਈ ਬੰਨ੍ਹ ਦਿੱਤੇ ਜੱਗ ਦੀ ਰੀਤ
ਬੰਨ੍ਹੀ ਰੋਟੀ ਜੇ ਖਾ ਗਏ
ਥੋਡੇ ਕੋੜਮੇ ਨੂੰ ਲੱਗ ਜੂ
ਬੇ ਜਰਮਾ ਦਿਓ ਭੁੱਖਿਓ ਬੇ-ਲੀਕ