ਚੰਦ ਸਿੰਘ ਕੋਲੋਂ ਜੀਹਨੇ ਸਿਖਿਆ ਸੀ ਸਮੇਧੀ ਜੱਗ
ਕੋਈ ਮੈਨੂੰ ਬੰਨ੍ਹ ਕੇ ਦਿਖਾਵੇ ਐਸੀ ਜੰਨ ਵੇ
Sithniyan
ਸਰਬਾਲੇ ਮੁੰਡੇ ਨੇ ਝੱਗਾ ਪਾਇਆ
ਝੱਗਾ ਪਿਓ ਦੇ ਨਾਪ ਦਾ
ਲਾੜੇ ਨੂੰ ਤਾਂ ਬਹੂ ਜੁੜ ’ਗੀ
ਸਰਬਾਲਾ ਬੈਠਾ ਝਾਕਦਾ
ਸਰਬਾਲਿਆ ਬੂਥਾ ਧੋਤਾ ਰਹਿ ਗਿਆ
ਲਾੜੇ ਨੂੰ ਮਿਲ ’ਗੀ ਨਵੀਂ ਬਹੂ
ਤੂੰ ਖਾਲੀ ਹੱਥੀਂ ਰਹਿ ਗਿਆ
ਲਾੜਾ ਤਾਂ ਬਠਾਉਣਾ ਤਖ਼ਤ ਹਜ਼ਾਰੇ
ਸਰਬਾਲੇ ਦੇ ਪੰਜ ਸੱਤ ਲੱਫੜ ਮਾਰੇ
ਲਾੜਾ ਤਾਂ ਬੈਠਾ ਉੱਚੀ ਅਟਾਰੀ
ਸਰਬਾਲੇ ਦੇ ਢੰਗਣੇ ‘ਚ ਸਲੰਘ ਮਾਰੀ
ਸਰਬਾਲਾ ਮੰਗਦਾ ਬਹੂ ਅਧਾਰੀ
ਤੇਰੇ ਲੈਕ ਹੈ ਨੀ ਭਾਈ ਕੰਨਿਆ ਕਮਾਰੀ
ਲੈਣੀ ਤਾਂ ਲੈ ਜਾ ਫਾਤਾਂ ਘੁਮਿਆਰੀ
ਦੇਖਣੀ ਪਾਖਣੀ ਪਰ ਹੈ ਬੱਜ ਮਾਰੀ
ਛੰਨ ਪੱਕੀਆਂ ਛੰਨ ਪੱਕੀਆਂ ਛੰਨ ਪੱਕੀਆਂ ਕੁੱਤੀਆਂ
ਤੇਰਾ ਆਗਾ ਭਾਰੀ ਪਾਛਾ ਭਾਰੀ ਟਾਂਗਾਂ ਸੁੱਕਮ ਸੁੱਕੀਆਂ
ਛੰਦ ਸੁਣਾ ਰੈ ਬਟੇਊ (ਜਮਾਈ) ਊਤਣੀ ਕੇ
ਨਹੀਂ ਤੋਂ ਉਲਟਾ ਲਟਕਾਉਂ ਭੂਤਣੀ ਕੇ
ਛੰਨ ਪਕਾਈਆਂ ਛੰਨ ਪਕਾਈਆਂ ਛੰਨ ਪਕਾਈਆਂ ਝੋਲ
ਸਾਂਢੂ ਤਾਂ ਮੇਰਾ ਸੁੱਕਿਆ ਟਾਂਡਾ ਸਾਲੀ ਗੋਲ ਮਟੋਲ
ਜੀਜਾ ਪੱਗ ਨਾ ਬੰਨ੍ਹੀ ਬੇ
ਤੂੰ ਲਾਲ ਰੰਗ ਦੀ
ਤੇਰੀ ਮਾਂ ਲਾੜਿਆ ਬੇ
ਸਾਡੇ ਨਾਈ ਜਿਹਾ ਯਾਰ ਮੰਗਦੀ
ਨਾਈ ਦੇ ਗਿਆ ਜਵਾਬ
ਕਹਿੰਦਾ ਮਾਈ ਮੇਰੇ ਨਾ ਪਸੰਦ ਦੀ
ਉਹਨੂੰ ਕਹੀਂ ਲਾੜਿਆ ਵੇ
ਘੱਗਰੀ ਪਾ ਕੇ ਰੱਖੇ ਢੰਗ ਦੀ
ਜਲ ਮੁਰਗੀ ਨੀ ਭੈਣੋ ਜਲ ਮੁਰਗੀ
ਕੁੜਮਾ ਜੋਰੋ ਪਾ ਕੇ ਘੱਗਰੀ
ਪਿੰਡ ਦੇ ਮਰਾਸੀ ਨਾਲ ਤੁਰ ’ਗੀ
ਪੱਗ ਤਾਂ ਲਿਆਇਆ ਜੀਜਾ ਮਾਂਗਮੀ
ਵੇ ਤੂੰ ਝਾਲ ਫਰਾ ਕੇ ਪਾਏ ਗਹਿਣੇ
ਮਾਂ ਦਾ ਪਿਛੋਕਾ ਗਾਡਰੀਆਂ ਦਾ
ਤੇਰੇ ਨਾਨਕਿਆਂ ਦੇ ਕੀ ਕਹਿਣੇ
ਲਾੜਾ ਝੂਰੇ ਨੀ ਝੂਰੇ ਕਿਹੜੀ ਗੱਲੋਂ
ਉਹਨੂੰ ਮਾਂ ਦੇ ਪਛੋਕੇ ਦਾ ਹੁੰਦੇਸਾ
ਲਾੜਾ ਝੂਰੇ ਨੀ ਝੂਰੇ ਕਿਹੜੀ ਗੱਲੋਂ
ਉਹਦੇ ਘਰੋਂ ਤਾਂ ਆਇਆ ਸੰਦੇਸਾ
ਲਾੜਾ ਝੂਰੇ ਨੀ ਝੂਰੇ ਕਿਹੜੀ ਗੱਲੋਂ
ਬੋਬੋ ਨੇ ਪੁੱਤ ਜੰਮਿਆ ਪਲੇਠਾ
ਲਾੜੇ ਭੈਣਾਂ ਕੰਜ ਕਮਾਰੀ, ਬੜੀ ਪਿਆਰੀ
ਇਕ ਰਪੱਈਆ ਸਿੱਟ ਅੜਿਆ
ਰਾਤੀਂ ਬੱਦਣੀ ਦੇ ਮੰਜੇ ’ਤੇ, ਪਲੰਗੇ ਤੇ
ਕਾਲੇ ਰੰਗ ਦਾ ਰਿੱਛ ਚੜ੍ਹਿਆ
ਰਿੱਛ ਦੇ ਕੱਕੇ ਕੱਕੇ ਬਾਲ, ਅੱਖਾਂ ਲਾਲ
ਉਹਦੇ ਭਾਣੇ ਸਿੱਖ ਚੜ੍ਹਿਆ