ਘਰੇ ਵੀ ਤੈਨੂੰ ਸੱਦ ਹੋਈ ਲਾੜਿਆ
ਬੇ ਤੂੰ ਛੇਤੀ ਘਰਾਂ ਨੂੰ ਵੇ ਜਾ
ਮਾਂ ਤੇਰੀ ਨੇ ਛੇਲੀ ਜੰਮੀ ਵੇ
ਤੂੰ ਤਾਂ ਤੱਤੀ ਚੁਹਾਣੀ
ਵੇ ਸਿਰੇ ਦਿਆ ਮੁਰਖਾ ਬੇ-ਖਾ
Sithniyan
ਨਮਾਂ ਤਾਂ ਬੰਨ੍ਹਿਆ ਜੀਜਾ ਕੰਗਣਾਂ
ਕੋਈ ਨਵੀਂ ਬਣਾਈ ਬੇ ਛਾਪ
ਤੈਨੂੰ ਲਾੜਾ ਤਾਂ ਮੰਨਾਂ
ਜੇ ਤੂੰ ਅੱਜ ਨਵਾਂ ਬਣਾਵੇਂ
ਬੇ ਡੁੱਚਣਾਂ ਕੰਨ ਕਰੀਂ ਬੇ-ਬਾਪ
ਲਾੜਿਆ ਕੀ ਤਾਂ ਤੇਰੇ ਪਿਓ ਦਾ ਨੌਂ
ਦੱਸ ਕੌਣ ਜੁ ਤੇਰਾ ਗੌਤ
ਪਿਓ ਦਾ ਤਾਂ ਮੈਂ ਨੌਂ ਨਾ ਜਾਣਾ
“ਭੈਣ ਦੇਣੇ” ਮੇਰਾ ਗੋਤ
ਖੰਡ ਚੌਲਾਂ ਦੀ ਬੁਰਕੀ ਬੇ ਲਾੜਿਆ
ਤੈਂ ਤਾਂ ਕਦੇ ਨਾ ਦੇਖੀ ਵੇ
ਲੈ ਲੈ ਗਰਾਹੀਆਂ ਕੰਜਰ ਦਿਆਂ ਪੁੱਤਾ
ਤੂੰ ਆ ਗਿਆ ਪਖੀਰਾਂ ਦੇ ਭੇਖੀਂ ਵੇ
ਜੀਜਾ ਪਾਂਧਾ ਦੱਛਣਾ ਮੰਗਦਾ ਬੇ
ਵੇ ਦੱਛਣੀਂ ਦੱਸ ਕੀ ਵੇ ਦਈਏ
ਦੱਛਣਾਂ ‘ਚ ਮੇਰੀ ਬੇਬੇ ਦੇ ਦੋ
ਨੀ ਸਾਡੇ ਮੁੱਕ ‘ਗੇ ਰਪੱਈਏ
ਬੇਬੇ ਨੂੰ ਦੱਛਣੀਂ ਦੇ ਕੇ ਭੈਣੇ
ਸੀਸਾਂ ਪਾਧੇ ਤੋਂ ਲਈਏ
ਘਰੋਂ ਤਾਂ ਜੀਜਾ ਤੂੰ ਭੁੱਖਾ ਆ ਗਿਆ
ਐਥੇ ਮੰਗਦੈਂ ਖੀਰ
ਬਸ਼ਰਮਾ ਗੱਲ ਸੁਣ ਬੇ
ਤੇਰੇ ਮਾਪੇ ਨਿਰੇ ਪਖੀਰ
ਰੁੱਗ ਕੁੜੇ ਚਰ੍ਹੀ ਦਾ ਰੁੱਗ ਕੁੜੇ
ਆਪਣੀ ਜਾਣੇ ਲਾੜਾ ਬਣ ਤਣ ਫਿਰਦਾ
ਸਾਡੇ ਭਾਅ ਦਾ ਤਾਂ ਉਹ ਬੁੱਗ ਕੁੜੇ
ਰੁੱਗ ਕੁੜੇ ਚਰ੍ਹੀ ਦਾ ਰੁੱਗ ਕੁੜੇ
ਜੀਜਾ ਨਾ ਤੇਰੇ ਦਾਹੜੀ ਚੱਜ ਦੀ
ਨਾ ਮੂੰਹ ਤੇ ਕੋਈ ਨੂਰ
ਅੱਖਾਂ ਤਾਂ ਤੇਰੀਆਂ ਚੁੰਨ੍ਹ ਮਚੁੰਨ੍ਹੀਆਂ
ਬੇ ਤੇਰੀ ਬੂਥੀ ਵਾਂਗ ਲੰਗੂਰ
ਅੱਖਾਂ ਤਾਂ ਟੀਰਮ ਟੀਰੀਆਂ
ਨੀ ਲਾੜਾ ਝਾਕੇ ਟੇਢਾ ਟੇਢਾ
ਉਹਦਾ ਬੂਥਾ ਤਾਂ ਚੱਪਣੀ ਬਰਗਾ
ਨੀ ਅੱਖ ਬੋਤੀ ਦਾ ਲੇਡਾ
ਗੋਡੇ ਭਨਾ ਲਏ ਤੁਰਦੇ ਨੇ
ਨੀ ਖਾ ਲਿਆ ਖੁਰਲੀ ਨਾਲ ਠੇਡਾ
ਨੀ ਵੱਜਿਆ ਖੁਰਲੀ ਨਾਲ ਠੇਡਾ
ਕੁੜਤਾ ਤਾਂ ਜੀਜਾ ਪੱਕੇ ਮੇਚ ਦਾ
ਵਿਚ ਤੂੰ ਡਰਨੇ ਮੰਗੂੰ ਹੱਲੇਂ
ਕੁੜਤਾ ਲਿਆਇਆ ਜੀਜਾ ਮਾਂਗਮਾ
ਬੇ ਤੇਰੇ ਆਉਂਦਾ ਗੋਡਿਉ ਥੱਲੇ
ਨਾ ਤੇਰੇ ਇਹਦਾ ਗਲਮਾ ਮੇਚ ਦਾ
ਬਟਣ ਗੋਗੜ ਤੋਂ ਥੱਲੇ
ਪੱਗ ਵੀ ਲਿਆਇਆ ਜੀਜਾ ਮਾਂਗਮੀ
ਕੁੜਤਾ ਲਿਆਇਆ ਬੇ ਚੁਰਾ
ਚਾਦਰਾ ਮੇਰੇ ਬੀਰ ਦਾ
ਮੈਂ ਤਾਂ ਐਥੀ ਲਊਂ
ਬੇ ਨੰਗ ਜਾਤ ਬਦਰਿਆ ਵੇ-ਲੁਹਾ