ਛੜੇ ਲੁੱਟਣ ਦੀ ਮਾਰੀ
ਮਾਮੀ ਦਾਤਣ ਚੱਬਦੀ
ਛੜਿਆਂ ਨੇ ਕਰਤੀ ਨਾਂਹ
ਦੇਖੋ ਕੁਦਰਤ ਰੱਬ ਦੀ
Sithniyan
ਮਾਮੀ ਨਖਰੋ ਦੇ ਚੁੰਨ ਮਚੁੰਨੇ ਦੀਦੇ
ਫਿੱਡਾ ਨੱਕ ਕੁੜੀਓ
ਮਾਮਾ ਹੋਰ ਲਿਆਉਣ ਨੂੰ ਫਿਰਦਾ
ਫੱਟੇ ਚੱਕ ਕੁੜੀਓ
ਮਾਮੀ ਨਖਰੋ ਦਾ ਟੇਢਾ ਮੇਢਾ ਪਿੰਡਾ
ਮੀਣਾ ਮੱਥਾ ਕੁੜੀਓ
ਮਾਮਾ ਹੋਰ ਲਿਆਉਣ ਨੂੰ ਫਿਰਦਾ
ਮਾਮੀ ਤੋਂ ਮਨ ਲੱਥਾ ਕੁੜੀਓ
ਮਾਮੀ ਮੰਗਦੀ ਐ
ਮੰਗਦੀ ਐ ਅੜੀਓ ਮਸਤ ਕਲੰਦਰ
ਅਸੀਂ ਘੁੰਮ ਲਿਆ ਨੀ
ਘੁੰਮ ਲਿਆ ਬੀਬੀ ਸਾਰਾ ਜਲੰਧਰ
ਸਾਨੂੰ ਮਿਲਿਆ ਈ ਨਾ
ਮਿਲਿਆ ਨਾ ਬੀਬੀ ਮਸਤ ਕਲੰਦਰ
ਮਾਮੀ ਤਾਂ ਲੈਂਦੀ ਮਾਮੇ ਤੇ ਕਚੀਚੀਆਂ
ਮਾਮੇ ਨੇ ਫੜ ‘ਲੀਆਂ ਉਹਦੀਆਂ ਮਝੀਟੀਆਂ
ਮਾਮੀ ਨੇ ਗੋਦੀ ਚੁੱਕ ਲਿਆ ਮੁੰਡਾ
ਮਾਮੇ ਨੇ ਫੜ ਲਿਆ ਉਹਦਾ ਚੁੰਡਾ
ਨੀ ਨਿੱਕੀ ਜਹੀ ਕੋਠੜੀਏ
ਤੇਰੇ ਵਿਚ ਮੇਰੇ ਦਾਣੇ
ਮਾਮੀ ਕੰਜਰੀ ਉਧਲ ਚੱਲੀ
ਲੈ ਕੇ ਨਿੱਕੇ ਨਿਆਣੇ
ਨੀ ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰੀ ਚੰਗੇਰ
ਮਾਮੀ ਕੰਜਰੀ ਜੰਮਦੀ ਨਾ ਥੱਕਦੀ
ਜੰਮ ਜੰਮ ਲਾਇਆ ਢੇਰ
ਛੱਜ ਪਿੱਛੇ ਛਾਲਣੀ ਪਰਾਤ ਪਿੱਛੇ ਗਲਾਸ ਵੇ
ਮਾਮੀਆਂ ਬਾਰਾਂ ਤਾਲੀਆਂ
ਮਾਮੇ ਦਸ ਨੰਬਰੀ ਬਦਮਾਸ਼ ਵੇ
ਨੰਦ ਕੁਰ ਬੀਬੀ ਬੰਨ੍ਹੇ ਨੇ ਸ਼ਰਬਤੀ ਚੀਰੇ,
ਨੀ ਆ ਜਾ ਧੀਏ ਸਰਦਲ ਤੇ
ਤੇਲ ਚੋਅ ਨੀ ਆਏ ਨੇ ਤੇਰੇ ਵੀਰੇ
ਬਚੋਲਾ ਤਾਂ ਕਹਿੰਦਾ ਸੀ ਮੁੰਡਾ ਦਸ ਪੜ੍ਹਿਆ
ਨੀ ਉਹ ਤਾਂ ਝਾਕਦੈ ਨਿਰਾ ਬਗਲੋਲ ਖੜ੍ਹਿਆ
ਬਚੋਲਾ ਤਾਂ ਕਹਿੰਦਾ ਸੀ ਮੁੰਡਾ ਸਰੂ ਜਿਹਾ
ਆਹ ਕੀ ਬਿਆਹੁਣ ਆ ਗਿਆ ਮਰੂ ਜਿਹਾ
ਬਚੋਲਾ ਤਾਂ ਕਹਿੰਦਾ ਸੀ ਮੁੰਡਾ ਆਪਣੇ ਈ ਬਾਪ ਦਾ
ਸਕਲੋਂ ਤਾਂ ਕਿਸੇ ਬਾਜੀਗਰ ਦਾ ਜਾਪਦਾ
ਬਚੋਲਾ ਤਾਂ ਕਹਿੰਦਾ ਸੀ ਮੁੰਡਾ ਖੰਡ ਦਾ ਖੇਡਣਾ
ਇਹ ਤਾਂ ਭੈਣੋਂ ਝੁੱਡੂ ਨਿਰਾ ਬੋਤੀ ਦਾ ਲੇਡਣਾ
ਜੇ ਜੀਜਾ ਤੈਂ ਕੁੜਤਾ ਸਮਾਉਣਾ
ਬਟਣ ਲਵਾਈਂ ਚਾਂਦੀ ਦੇ
ਭੈਣ ਤਾਂ ਲਾੜਿਆ ਉਧਲ ਚੱਲੀ
ਹੱਥ ਫੜ ਲੈ ਬਸਰਮਾ ਜਾਂਦੀ ਦੇ
“ਜੀਜਾ ਘਰੇ ਬਾਪੂ ਦੀ ਬੋਲੀ ਲੱਗੀ
ਬਾਪੂ ਬਿਕਿਆ ਇਕ ਦਮੜੇ ਦਾ”
ਜੇ ਜੀਜਾ ਤੈਂ ਘੜੀ ਲਿਆਉਣੀ
ਫੀਤਾ ਪੁਆਈ ਚਮੜੇ ਦਾ
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ
ਕੀਹਦੇ ਵਰਗੀਆਂ ਅੱਖੀਆਂ, ਕੀਹਦੇ ਵਰਗੀਆਂ ਨਿੱਕੀਆਂ
ਤੇ ਕਿਹੜਾ ਸਾਂਵਲ ਤੱਕਿਆ
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ
ਮਿੰਦਰ ਵਰਗੀਆਂ ਅੱਖੀਆਂ
ਸਿੰਦਰ ਵਰਗੀਆਂ ਨਿੱਕੀਆਂ
ਸਰਬਣ ਸਾਂਵਲ ਤੱਕਿਆ
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ