ਕਾਲਜ ਵਿਚ ਡਰਾਮਾ ਹੋ ਕੇ ਹਟਿਆ ਸੀ- ਏਕਸ ਕੇ ਹਮ ਬਾਰਿਕ।
ਇਸ ਡਰਾਮੇ ਵਿਚ ਮਨੁੱਖਤਾ ਦੀ ਬਰਾਬਰੀ ਦਰਸਾਉਣ ਤੇ ਜ਼ੋਰ ਦਿੱਤਾ ਗਿਆ ਸੀ।
ਡਰਾਮਾ ਐਨਾ ਪ੍ਰਭਾਵਸ਼ਾਲੀ ਸੀ ਕਿ ਸੜਕ ਤੇ ਤੁਰੇ ਜਾਂਦੇ ਦਰਸ਼ਕ ਅਜੇ ਵੀ ਡਰਾਮੇ ਦੀਆਂ ਹੀ ਗੱਲਾਂ ਕਰ ਰਹੇ ਸਨ।
ਮੇਰੇ ਅੱਗੇ ਅੱਗੇ ਜਾ ਰਹੀਆਂ ਮੇਰੇ ਕਾਲਜ ਦੀਆਂ ਕੁੜੀਆਂ ਵੀ ਇਸੇ ਡਰਾਮੇ ਦੇ ਹੀਰੋ ਦੀਆਂ ਗੱਲਾਂ ਕਰ ਰਹੀਆਂ ਸਨ।
ਮੈਂ ਸੁਣ ਰਹੀਂ ਸਾਂ, “ਅਮਰਿੰਦਰ ਨੇ ਕਮਾਲ ਦਾ ਰੋਲ ਕੀਤੈ।” ਇੱਕ ਆਵਾਜ਼।
“ਉਹ ਤਾਂ ਨਿਰਾ ਹਰੀਜਨ ਲੱਗਦਾ ਸੀ ਉੱਥੇ ਤਾਂ।” ਦੂਸਰੀ ਆਵਾਜ਼।
“ਚੱਲ ਨੀ ਚੱਲ, ਕੁਛ ਸੋਚ ਕੇ ਬੋਲ। ਹਰੀਜਨ ਹੋਊ ਤੇਰਾ ਕੋਈ…।” ਇੱਕ ਆਵਾਜ਼।
ਮੈਂ ਤਾਂ ਕਹਿਨੀਆਂ ਉਹ ਹੈ ਹੀ ਹਰੀਜਨ। ਦੂਸਰੀ ਆਵਾਜ਼।
“ਆਹੋ ਕੁੜੇ, ਇਹਦਾ ਫਾਦਰ ਵੀ ਪੀਅਨ ਲੱਗਿਆ ਹੋਇਆ, ਈ.ਟੀ.ਓ. ਦੇ ਦਫਤਰ ਵਿਚ।’’ ਤੀਜੀ ਆਵਾਜ਼।
‘‘ਪੀਅਨ ਸਿਰਫ ਹਰੀਜਨ ਈ ਤਾਂ ਨੀਂ ਲੱਗਦੇ। ਇੱਕ ਆਵਾਜ਼।”
‘‘ਬਹੁਤੇ ਉਹੀ ਲੋਕ ਹੁੰਦੇ ਨੇ।” ਦੂਜੀ ਆਵਾਜ਼
“ਫਿਰ ਤਾਂ ਜੇ ਇਹ ਠੀਕ ਹੋਇਆ, ਮੈਂ ਸਵੇਰੇ ਉਸ ਨੂੰ ਮਿਲੂਗੀ।” ਇੱਕ ਆਵਾਜ਼।
ਕਿਉਂ? ਦੂਜੀ ਆਵਾਜ਼।”
“ਮੇਰੇ ਨਾਲ ਉਹਨੇ ਧੋਖਾ ਕੀਤੈ।” ਪਹਿਲੀ ਆਵਾਜ਼।
‘‘ਬਿਲਕੁਲ! ਬਿਲਕੁਲ!! ਦੂਜੀ ਆਵਾਜ਼।”
“ਸਵੇਰੇ ਗੱਲ ਕਰੂੰਗੀ। ਪਹਿਲੀ ਆਵਾਜ਼।
“ਕੀ ਗੱਲ ਕਰੇਗੀ” ਮੈਥੋਂ ਹੁਣ ਰਿਹਾ ਨਾ ਗਿਆ।
ਉਸ ਨੇ ਕੁਝ ਸੋਚ ਕੇ ਕਿਹਾ, “ਮੈਡਮ ਕੋਈ ਗਊ ਗਧੇ ਦਾ ਮੇਲ ਹੁੰਦੈ?”
ਸ਼ੱਟ ਅੱਪ!” ਮੈਂ ਸਾਰਾ ਗੁੱਸਾ ਬਾਹਰ ਕੱਢਿਆ।
ਰੈਨੂੰ ਵਾਤਸ ਬੁੜ ਬੁੜਾ ਰਹੀ ਸੀ।
ਮੈਂ ਵੀ ਬੁੜ ਬੁੜਾ ਰਹੀ ਸੀ, ਆਈਆਂ ਨੇ ਡਰਾਮਾ ਦੇਖ ਕੇ, ਨਾ ਅਕਲ, ਨਾ ਮੌਤ।”
ਸੁਲੱਖਣ ਮੀਤ