ਇਕ ਵਾਰ ਇੱਕ ਬਿੱਲੀ ਨੇ ਚੂਹਿਆਂ ਦੇ ਘਰ ਜਾ ਕੇ ਕਿਹਾ ਕਿ ਉਹ ਉਸ ਦੇ ਘਰ ਰੋਟੀ ਖਾਣ। ਚੂਹਿਆਂ ਨੇ ਖੁੱਡਾਂ ਅੰਦਰ ਹੀ ਕਿਹਾ‘‘ਪਰ ਮਾਸੀ ਸਾਨੂੰ ਡਰ ਲੱਗਦਾ ਕਿ ਤੂੰ ਧੋਖਾ ਦੇ ਕੇ ਸਾਨੂੰ ਹੀ ਨਾ ਖਾ ਜਾਵੇਂ।” “ਨਹੀਂ ਭਾਣਜਿਉ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ।” ਬਿੱਲੀ ਨੇ ਵਿਸ਼ਵਾਸ਼ ਦਵਾਇਆ ‘ਮਾਸੀ ਤੂੰ ਆਪਣੇ ਧਰਮ ਈਮਾਨ ਨੂੰ ਜਾਣਕੇ ਕਸਮ ਖਾ ਕਿ ਕੁਝ ਨਹੀਂ ਕਹੇਗੀ।” ਇਕ ਬਜ਼ੁਰਗ ਚੂਹੇ ਨੇ ਕਿਹਾ।
ਹਾਂ ਭਾਣਜੇ ਮੈਂ ਕਸਮ ਖਾ ਕੇ ਕਹਿੰਦੀ ਆਂ ਕਿ ਤੁਹਾਨੂੰ ਕੁਝ ਨਹੀਂ ਕਹਾਂਗੀ।” ਚੂਹੇ ਮੰਨ ਗਏ ਤੇ ਮਿੱਥੇ ਦਿਨ ਬਿੱਲੀ ਦੇ ਘਰ ਚਲੇ ਗਏ ਜਦੋਂ ਸਾਰੇ ਚੂਹੇ ਅੰਦਰ ਵੜ ਗਏ ਤਾਂ ਬਿੱਲੀ ਦਰਾਂ `ਚ ਆ ਕੇ ਕਹਿਣ ਲੱਗੀ ‘‘ਭਾਣਜਿਉ ਮੈਨੂੰ ਭੁੱਖ ਲੱਗੀ ਏ ਪਹਿਲਾਂ ਮੈਨੂੰ ਭੁੱਖ ਮਿਟਾ ਲੈਣ ਦੇਵੋ। ਇਕ ਜਵਾਨ ਚੂਹੇ ਨੇ ਸਾਰੇ ਚੂਹਿਆਂ ਨੂੰ ਅੱਖ ਨਾਲ ਕੁਝ ਸਮਝਾਇਆ ਤੇ ਬਿੱਲੀ ਨੂੰ ਕਹਿਣਾ ਲੱਗੇ:
‘‘ਮਾਸੀ ਤੂੰ ਤਾਂ ਕਸਮ ਖਾਧੀ ਸੀ ਕਿ ਸਾਨੂੰ ਕੁਝ ਨਹੀਂ ਕਹੇਗੀ।”
“ਪਰ ਭਾਣਜੇ ਕੀ ਕਰਾਂ ਭੁੱਖ ਤਾਂ ਮੌਤ ਤੋਂ ਵੀ ਬੁਰੀ ਹੁੰਦੀ ਏ।
‘‘ਪਰ ਮਾਸੀ ਤੂੰ ਕਸਮ ਤਾਂ ਖਾਧੀ ਸੀ ਨਾ।”
“ਹਾਂ ਪਰ….I
ਇਸ ਤਰ੍ਹਾਂ ਕਾਫੀ ਚਿਰ ਉਹ ਗੱਲਾਂ ਕਰਦੇ ਰਹੇ ਜਦੋਂ ਤੱਕ ਬਾਕੀ ਦੇ ਚੂਹਿਆਂ ਨੇ ਖੁੱਡਾਂ ਪੁੱਟ ਲਈਆਂ ਸਨ। ‘ਚੰਗਾ ਮਾਸੀ ਤੇਰੀ ਮਰਜ਼ੀਕਹਿ ਕੇ ਚੂਹਾ ਖੁੱਡ ਵਿਚ ਜਾ ਵੜਿਆ।
ਸ਼ਿਵਤਾਰ ਮਾਂਗਟ