ਸੰਤੂ

by Sandeep Kaur

ਅੱਧਖੜ ਉਮਰ ਦਾ ਸਿਧਰਾ ਜਿਹਾ ਬੇ-ਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਸਨੂੰ ਸੁਚੇਤ ਕੀਤਾ, ਧਿਆਨ ਨਾਲ ਚੜੀ। ਪੌੜੀਆਂ ‘ਚੋਂ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਆਂ। ਡਿੱਗ ਨਾ ਪਈ।
“ਚਿੰਤਾ ਨਾ ਕਰੋਜੀ! ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜ੍ਹਦਾ ਨਹੀਂ

ਡਿੱਗਦਾ।”
ਤੇ ਸਚਮੁਚ ਵੱਡੀਆਂ ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਫੌਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ ਸੀ ਫਿਸਲਿਆ।
ਦੋ ਰੁਪਏ ਦਾ ਇੱਕ ਨੋਟ ਅਤੇ ਚਾਹ ਦਾ ਕੱਪ ਦਿੰਦਿਆਂ ਪਤਨੀ ਨੇ ਕਿਹਾ, “ ਸੰਤੂ ਤੂੰ ਰੋਜ਼ ਆ ਕੇ ਪਾਣੀ ਭਰ ਜਿਆ ਕਰ।”
ਚਾਹ ਦੀਆਂ ਚੁਸਕੀਆਂ ਲੈਂਦੇ ਸੰਤੂ ਨੇ ਖੁਸ਼ ਹੁੰਦਿਆਂ ਕਿਹਾ, “ਰੋਜ਼ ਵੀਹ ਰੁਪਏ ਬਣ ਜਾਂਦੇ ਐ ਪਾਣੀ ਦੇ। ਕਹਿੰਦੇ ਐ ਅਜੇ ਮਹੀਨਾ ਪਾਣੀ ਨਹੀਂ ਪੀਂਦਾ। ਮੌਜਾਂ ਲੱਗ ਗਈਆਂ।”
ਉਸੇ ਦਿਨ ਨਹਿਰ ਵਿੱਚ ਪਾਣੀ ਆ ਗਿਆ ਤੇ ਟੂਟੀ ਵਿੱਚ ਵੀ।
ਅਗਲੀ ਸਵੇਰ ਪੌੜੀਆਂ ਚੜ੍ਹ , ਜਦੋਂ ਸੰਤੂ ਨੇ ਪਾਣੀ ਲਈ ਬਾਲਟੀ ਮੰਗੀ ਤਾਂ ਪਤਨੀ ਨੇ ਕਿਹਾ, “ ਹੁਣ ਤਾਂ ਲੋੜ ਨਹੀਂ। ਰਾਤ ਉੱਪਰ ਈ ਟੂਟੀ ‘ਚ ਪਾਣੀ ਆ ਗਿਆ ਸੀ।”
“ਨਹਿਰ `ਚ ਪਾਣੀ ਆ ਗਿਆ। ਸੰਤੂ ਨੇ ਹੌਕਾ ਲਿਆ ਤੇ ਵਾਪਸੀ ਲਈ ਪੌੜੀਆਂ ਵੱਲ ਕਦਮ ਘੜੀਸਨ ਲੱਗਾ। ਕੁਝ ਛਿਣ ਬਾਦ ਹੀ ਕਿਸੇ ਦੇ ਪੌੜੀਆਂ ਵਿੱਚੋਂ ਡਿੱਗਣ ਦੀ ਆਵਾਜ਼ ਆਈ। ਮੈਂ ਭੱਜ ਕੇ ਦੇਖਿਆ। ਸੰਤੂ ਵਿਹੜੇ ਵਿੱਚ ਮੂਧੇ ਮੂੰਹ ਪਿਆ ਸੀ।

ਸਿਆਮ ਸੁੰਦਰ ਅਗਰਵਾਲ

You may also like