ਕਿਰਾਇਆ

by Jasmeet Kaur

ਸ਼ਹਿਰ ਵਿਚ ਇਕ ਲੱਕੜ ਦਾ ਪੁੱਲ ਹੈ ਜੋ ਰੇਲਵੇ ਲਾਈਨਾਂ ਨੂੰ ਪਾਰ ਕਰਨ ਲਈ ਬਣਿਆ ਹੈ। ਪੈਦਲ ਲੋਕ ਤਾਂ ਅਸਾਨੀ ਨਾਲ ਇਕ ਪਾਸਿਉਂ ਦੂਜੇ ਪਾਸੇ ਚਲੇ ਜਾਂਦੇ ਹਨ ਪਰ ਜਿਨ੍ਹਾਂ ਕੋਲ ਸਾਇਕਲ ਹੁੰਦੇ ਹਨ, ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦੀ ਹੈ। ਇਸੇ ਲਈ ਕਈ ਨੌਜਵਾਨ ਇਕ ਪਾਸਿਓ ਸਾਇਕਲ ਚੁੱਕ ਕੇ ਦੂਜੇ ਪਾਸੇ ਲੈ ਜਾਣ ਦਾ ਕੰਮ ਕਰਦੇ ਹਨ ਅਤੇ ਦਸ ਪੰਦਰਾਂ ਪੈਸੇ ਸਾਇਕਲ ਛੱਡਣ ਦਾ ਕਿਰਾਇਆ ਲੈ ਕੇ ਆਪਣੀ ਦਿਹਾੜੀ ਬਣਾਉਂਦੇ ਹਨ।
ਇਕ ਸਿਪਾਹੀ ਸਾਇਕਲ ਸੁਆਰ ਆਇਆ ਤੇ ਇੱਕ ਮੁੰਡੇ ਨੂੰ ਕਿਹਾ, “‘ਚਲ, ਮੇਰਾ ਸਾਇਕਲ ਚੱਕ ਓਏ।
ਸਿਪਾਹੀ ਦੇ ਬੋਲ, ਹਾਕਮਾਨਾ ਸਨ। ਮੁੰਡੇ ਨੇ ਇਕ ਨਜਰ ਭਰਕੇ ਸਿਪਾਹੀ ਵੱਲ ਵੇਖਿਆ ਅਤੇ ਸਾਈਕਲ ਚੁਕ ਕੇ ਪੌੜੀਆਂ ਚੜ੍ਹਨ ਲੱਗ ਪਿਆ। ਪੁਲ ਪਾਰ ਹੋ ਗਿਆ, ਸਿਪਾਹੀ ਨੇ ਸਾਇਕਲ ਫੜਿਆ ਤੇ ਪੈਡਲ ਤੇ ਪੈਰ ਧਰ ਲਿਆ।
“ਸਾਹਿਬ ਪੈਸੇ!”
‘ਕਾਹਦੇ?”
‘‘ਜੀ ਕਿਰਾਇਆ।”
‘‘ਚਲ ਸਾਲਾ!” ਤੇ ਸਿਪਾਹੀ ਸਾਇਕਲ ਸਵਾਰ ਹੋ ਗਿਆ।

 

ਗੁਰਚਰਨ ਸਿੰਘ ਸੇਕ

You may also like