ਧਰਮਜੀਤ ਕੌਰ ਆਪਣੇ ਸੌਹਰੇ ਪਿੰਡ ਤੋਂ ਕਦੇ ਸ਼ਹਿਰ ਇਕੱਲੀ ਨਹੀਂ ਗਈ ਸੀ। ਆਪਦੀਆਂ ਨਿੱਜੀ ਲੋੜਾਂ ਦੀਆਂ ਚੀਜਾਂ ਖਰੀਣ ਲਈ ਉਸ ਨੂੰ ਸ਼ਹਿਰ ਜਾਣਾ ਜਰੂਰ ਪੈਂਦਾ ਸੀ। ਅੱਜ ਵੀ ਉਹ ਇੱਕ ਜਨਾਨੀ ਅਤੇ ਆਪਣੀ ਨਨਦ ਨਾਲ ਜਦ ਸ਼ਹਿਰ ਦੀ ਇੱਕ ਮੁਨਿਆਰੀ ਦੀ ਦੁਕਾਨ ਵਿੱਚ ਖੜ੍ਹੀ ਕੁਝ ਖਰੀਦ ਰਹੀ ਸੀ ਤਾਂ ਇੱਕ ਨੌਜਵਾਨ ਨੇ ਬੜੇ ਤਪਾਕ ਨਾਲ ਉਸ ਨੂੰ ਫਤਹਿ ਬੁਲਾਈ।
ਉਹ ਆਪਣੀਆਂ ਸਾਥਣਾਂ ਨੂੰ ਸੌਦਾ ਖਰੀਦਣ ਲਈ ਕਹਿਕੇ, ਦੋ ਗੱਲਾਂ ਕਰਨ ਲਈ ਉਸ ਨੌਜਵਾਨ ਦੇ ਨਾਲ ਹੀ ਦੁਕਾਨ ਤੋਂ ਬਾਹਰ ਆ ਗਈ ਸੀ। ਉਹ ਗੱਲਾਂ ਕਰਦੇ ਟੁਰਦੇ ਗਏ ਅਤੇ ਚਾਹ ਪੀਣ ਲਈ ਇੱਕ ਦੁਕਾਨ ਉੱਤੇ ਬੈਠ ਗਏ ਸਨ।
ਨੌਜਵਾਨ ਨੇ ਉਨ੍ਹਾਂ ਦੇ ਸਾਂਝੇ ਪਿੰਡ ਦੀਆਂ ਗੱਲਾਂ ਕੀਤੀਆਂ, ਕਾਲਜ ਦੇ ਦਿਨਾਂ ਦੀਆਂ ਯਾਦਾਂ ਵਿੱਚ ਮੁੜ ਰੰਗ ਭਰੇ ਅਤੇ ਇੱਕ ਦੂਜੇ ਦੇ ਬੱਚਿਆਂ ਦੀ ਸੁੱਖ ਸਾਂਦ ਪੁੱਛੀ। ਮੁੰਡੇ ਨੇ ਭੈਣ ਉੱਤੇ ਗਿਲਾ ਕੀਤਾ ਕਿ ਉਸ ਨੇ ਸੋਹਰੀ ਆਕੇ ਕਦੇ ਵੀ ਰੱਖੜੀ ਨਹੀਂ ਭੇਜੀ, ਪਿੰਡ ਵਿੱਚ ਰਹਿੰਦੀ ਤਾਂ ਉਹ ਹਰ ਸਾਲ ਉਸ ਨੂੰ ਰੱਖੜੀ ਬਣਿਆ ਕਰਦੀ ਸੀ। ਨੌਜਵਾਨ ਨੇ ਮਠਿਆਈ ਦੇ ਡੱਬੇ ਨਾਲ ਸੌ ਰੁਪਏ ਦਾ ਨੋਟ ਦੇ ਕੇ ਭੈਣ ਨੂੰ ਵਿਦਾ ਕਰ ਦਿੱਤਾ।
ਉਸ ਦੀਆਂ ਸਾਥਨਾਂ ਦੁਕਾਨ ਉੱਤੋਂ ਜਾ ਚੁੱਕੀਆਂ ਸਨ। ਉਸ ਨੇ ਸ਼ਹਿਰ ਵਿੱਚ ਉਨ੍ਹਾਂ ਨੂੰ ਦੂਡਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਵੀ ਲੱਭ ਨਾ ਸਕੀਆਂ। ਉਹ ਆਖਰੀ ਬਸ ਫੜ ਕੇ ਪਿੰਡ ਪਹੁੰਚ ਗਈ ਸੀ। ਉਸ ਦੇ ਪਿੰਡ ਵੜਣ ਤੋਂ ਪਹਿਲਾਂ ਹੀ ਖੰਭਾਂ ਦੀਆਂ ਡਾਰਾਂ ਬਣ ਗਈਆਂ ਸਨ। ਪਿੰਡ ਦੀ ਹਰ ਅੱਖ ਉਸ ਦੇ ਮੂੰਹ ਨੂੰ ਨਿਹਾਰ ਕੇ ਉਸ ਦੇ ਤਨ ਨੂੰ ਟੋਹ ਰਹੀ ਸੀ।
ਖੰਭਾਂ ਦੀ ਡਾਰ
364
previous post