ਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ1967 ਸੀ ਸ਼ਾਇਦ, ਤੀਜੀ ‘ਚ ਪੜ੍ਹਦਾ ਹੋਵਾਂਗਾ । ਪੰਜਾਬ ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਜਿਸਨੇ ਅਕਾਲੀਆਂ ‘ਚੋਂ ਨਿੱਕਲ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਸੀ।ਮਹੰਤ ਰਾਮ ਪ੍ਰਕਾਸ਼ ਮੰਤਰੀ ਸੀ। ਉਹ ਸਾਡੇ ਪਿੰਡ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਆਇਆ ਸੀ। ਮੰਤਰੀ ਦੇ ਸੁਆਗਤ ਲਈ ਸਮਾਗਮ ਰੱਖਿਆ ਗਿਆ ਸੀ। ਅਸੀ ਵੀ ਉਹ ਦੇਖਣ ਗਏ। ਪਰ ਸਾਡਾ ਧਿਆਂਨ ਸਮਾਗਮ ਵਲ੍ਹ ਘੱਟ , ਰਾਤ ਨੂੰ ਜਗਣ ਵਾਲੀ ਬਿਜਲੀ ਵਲ੍ਹ ਵੱਧ ਸੀ। ਬੜੀ ਖ਼ੁਸ਼ੀ ਸੀ ਕਿ ਹੁਣ ਉਸੇ ਰਾਤ ਸਾਡੇ ਪਿੰਡ ਵੀ ਜਗਮਗ ਹੋਣੀ ਹੈ।ਜਦੋਂ ਛੁੱਟੀਆਂ ਵਿੱਚ ਨਾਨਕੇ ਪਿੰਡ ਜਾਂਦੇ ਸਾਂ ਤਾਂ ਉੱਥੇ ਬਿਜਲੀ ਦੀਆਂ ਜਗਦੀਆਂ ਬੱਤੀਆਂ ਦੇਖਕੇ ਬੜਾ ਦਿਲ ਕਰਦਾ ਸੀ ਕਿ ਕਾਸ਼ ਸਾਡੇ ਪਿੰਡ ਵੀ ਬਿਜਲੀ ਹੁੰਦੀ। ਦੂਜੀ ਵਿੱਚ ਪੜ੍ਹਦੇ ਸਾਂ ਜਦੋਂ ਸਾਡੇ ਪਿੰਡ ਵਲ੍ਹ ਨੂੰ ਵੀ ਖੰਬੇ ਲੱਗਣੇ ਸ਼ੁਰੂ ਹੋ ਗਏ। ਪਿੰਡ ਦੀ ਫਿਰਨੀ ਤੇ ਲੱਗ ਰਿਹਾ ਟ੍ਰਾਂਸਫ਼ਾਰਮਰ ਅਸੀ ਬੜੇ ਚਾਅ ਨਾਲ ਦੇਖਣ ਜਾਂਦੇ। ਬਿਜਲੀ ਵਾਲੇ ਖੰਬੇ ਖੜੇ ਕਰਨ ਵੇਲੇ ਕਈ ਤਰਾਂ ਦੇ ਬੋਲੇ ਬੋਲਦੇ। ਜਿਵੇਂ “ਜ਼ੋਰ ਲਗਾਕੇ ਹਈ ਸ਼ਾਅ” , ਨਾਲ ਕਈ ਕਿਸਮ ਦਾ ਗੰਦ ਮੰਦ ਉਹਨਾਂ ਦੇ ਬੋਲਾਂ ਵਿੱਚ ਸ਼ਾਮਲ ਹੁੰਦਾ। ਘਰ ਆਕੇ ਜੇ ਉਹਦੇ ਚੋਂ ਕੁਛ ਅਸੀ ਵੀ ਗੁਣਗੁਣਾ ਰਹੇ ਹੁੰਦੇ ਤਾਂ ਬੀਬੀ ਤੋਂ ਚਪੇੜ ਪੈ ਜਾਂਦੀ । “ਪਤਾ ਨੀ ਕਿੱਥੋਂ ਸਿੱਖਕੇ ਆਉਂਦੇ ਆ “ਖ਼ੈਰ ਸਾਰੇ ਖੰਬੇ ਲੱਗ ਗਏ ਸਨ ਤਾਰਾਂ ਵੀ ਪਾ ਦਿੱਤੀਆਂ । ਉਸ ਵੇਲੇ ਤੱਕ ਅਸੀਂ ਤੀਸਰੀ ਜਮਾਤ ਵਿੱਚ ਹੋ ਗਏ ਸਾਂ। ਪਿੰਡ ਦੇ ਬਹੁਗਿਣਤੀ ਘਰਾਂ ਵਿੱਚ ਫਿਟਿੰਗ ਹੋ ਗਈ ਸੀ। ਕਿਸੇ ਘਰ ਕਲਿੱਪਾਂ ਵਾਲੀ , ਦੂਜੇ ਘਰ ਲੱਕੜੀ ਦੀ ਫੱਟੀ ਵਾਲੀ ।ਕਾਲੇ ਰੰਗ ਦੀਆਂ ਵੱਡਅਕਾਰ ਸਵਿੱਚਾਂ ਹਰ ਘਰ ਲੱਗ ਗਈਆਂ, ਘਰਾਂ ਵਿੱਚ ਬੱਲਬ ਹੀ ਲੱਗੇ ਸਨ । ਟਿਊਬਾਂ ਪੱਖੇ ਕਿਸੇ ਵਿਰਲੇ ਘਰ ਜਾ ਗੁਰਦੁਆਰਾ ਸਿੰਘ ਸਭਾ ਵਿੱਚ ਲੱਗੇ। ਤਕਰੀਬਨ ਹਰ ਘਰ ਫਿਟਿੰਗ ਜਾਂਗਣੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਦੇ ਰਹਿਣ ਵਾਲੇ ਹਰਦੇਵ ਸਿੰਘ ਹੁਣਾਂ ਨੇ ਕੀਤੀ ਸੀ । ਮੀਟਰ ਲੱਗ ਗਏ । ਐਲਾਂਨ ਹੋ ਗਿਆ ਕਿ ਜਿਸ ਦਿਨ ਹਸਪਤਾਲ ਦਾ ਨੀਂਹ ਪੱਥਰ ਰੱਖਣਾ ਹੈ ਉਸੇ ਰਾਤ ਪਿੰਡ ਵਿੱਚ ਲਾਈਟ ਛੱਡੀ ਜਾਵੇਗੀ । ਸੋ ਸਾਰੇ ਪਿੰਡ ਨੂੰ ਬੜਾ ਚਾਅ ਸੀ ।ਰਾਤ ਸੱਤ ਕੁ ਵਜੇ ਅਸੀ ਗੁਰਦੁਆਰਾ ਸਿੰਘ ਸਭਾ ਵਿੱਚ ਸਾਂ, ਚਾਚਾ ਮਹਿੰਦਰ ਸਿੰਘ ਬਰਾਗੀ , ਜੋ ਕਿ ਖ਼ੁਦ ਇਲੈਕਟਰੀਸ਼ਨ ਸਨ , ਨੇ ਮੀਟਰ ਕੋਲ ਜਾਕੇ ਪਤਾ ਨੀ ਕੀ ਕੀਤਾ ਕਿ ਗੁਰੂ-ਘਰ ਵਿੱਚ ਜੱਗਮੱਗ ਹੋ ਗਈ। ਪੱਖੇ ਚੱਲਣ ਲੱਗੇ, ਹਾਜ਼ਰ ਸੰਗਤ ਨੇ ਜ਼ੋਰਦਾਰ ਜੈਕਾਰਾ ਛੱਡਿਆ “ਬੋਲੇ ਸੋ ਨਿਹਾਲ ਸਤਿਸ਼੍ਰੀ ਅਕਾਲ।” ਮੈਨੂੰ ਯਾਦ ਹੈ ਇਕ ਪੱਖਾ ਮਹਿੰਦਰ ਸਿੰਘ ਬਰਾਗੀ ਹੋਰਾਂ ਭੇਟਾ ਕੀਤਾ ਸੀ। ਲਾਈਟ ਜਗਣ ਦੀ ਦੇਰ ਸੀ ਅਸੀ ਘਰ ਨੂੰ ਸ਼ੂਟ ਵੱਟ ਲਈ। ਲਗਦਾ ਸੀ ਕਿ ਘਰ ਵੀ ਬੱਤੀਆਂ ਜਗ ਪਈਆਂ ਹੋਣੀਆਂ। ਪਰ ਜਦੋਂ ਘਰ ਪਹੁੰਚੇ ਸਵਿੱਚਾਂ ਨੂੰ ਬਥੇਰਾ ਉੱਪਰ ਥੱਲੇ ਕੀਤਾ ਪਰ ਲਾਈਟ ਨਾਂ ਮੱਚੀ। ਬੜੀ ਨਿਰਾਸ਼ਾ ਹੋਈ। ਗੁਰੂ ਘਰ ਫੇਰ ਗਏ ਉੱਥੇ ਬੱਤੀਆਂ ਬਲਦੀਆਂ ਪਈਆਂ ਸਨ । ਫੇਰ ਸਾਡੇ ਘਰ ਕਾਹਤੋਂ ਨੀ ਜਗਦੀਆਂ ?ਇੰਨੇ ਨੂੰ ਦੋ ਬਿਜਲੀ ਵਾਲੇ ਆ ਗਏ। ਇਕ ਦਾ ਨਾਂਅ ਜੇ ਮੈਂ ਨਹੀ ਭੁੱਲਦਾ ਸ਼ਾਇਦ ਦਾਣਾ ਆਖਦੇ ਸੀ ਅਤੇ ਦੂਜਾ ਭੌਰੇ ਪਿੰਡ ਦਾ ਸ਼ਾਮ। ਉਹ ਮੀਟਰ ਕੋਲ ਗਏ ਉੱਥੇ ਗਰਿੱਪ ਕੱਢ ਕੇ ਛੋਟੀ ਜਿਹੀ ਤਾਰ ਫਿੱਟ ਕੀਤੀ। ਮੇਨ ਸਵਿੱਚ ਥੱਲੇ ਨੂੰ ਕੀਤੀ , ਕਹਿੰਦੇ “ਲਓ ਫ਼ਿਊਜ਼ ਲੱਗ ਗਿਆ ਹੁਣ ਬਾਲੋ ਬੱਤੀਆਂ”
ਬੱਸ ਜੀ ਸਾਰੇ ਘਰ ਵਿੱਚ ਚਾਨਣ ਹੋ ਗਿਆ । ਜੋ ਅੱਜ ਵੀ ਮੇਰੀਆਂ ਯਾਦਾਂ ਵਿੱਚ ਫੈਲਿਆ ਹੋਇਆ ਹੈ ।ਹੋ ਸਕਦਾ ਨਵੀਂ ਪੀੜ੍ਹੀ ਨੂੰ ਇਹ ਗੱਲ ਕੋਈ ਖ਼ਾਸ ਨਾ ਲੱਗੇ ਪਰ ਸਾਡੇ ਲਈ ਇਹ ਬਹੁਤ ਵੱਡੀ ਗੱਲ ਸੀ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਦੀਵੇ ਜਾ ਲਾਲਟੈਣ ਦੀ ਲੋਅ ‘ ਚ ਪੜ੍ਹਦੇ ਰਹੇ ਸਾਂ ।
ਮਸਤਾਂਨ ਸਿੰਘ ਪਾਬਲਾ