ਰਾਮੂ ਮਿਹਨਤੀ ਖੇਤ-ਕਾਮਾ ਸੀ। ਉਹ ਇਕ ਜ਼ਿੰਮੀਦਾਰ ਕੋਲ ਮਜ਼ਦੂਰੀ ਕਰਦਾ ਸੀ।
ਜਦੋਂ ਉਹ ਸਾਲ ਤੋਂ ਬਾਅਦ ਜ਼ਿਮੀਦਾਰ ਤੋਂ ਮਜ਼ਦੂਰੀ ਲੈਣ ਗਿਆ ਤਾਂ ਉਸਨੇ ਅੱਖਾਂ ਕੱਢ ਕੇ ਕਿਹਾ- ਮਜ਼ਦੂਰੀ…ਮੈਂ ਤਾਂ ਅੱਜ ਤੱਕ ਕਿਸੇ ਨੂੰ ਮਜ਼ਦੂਰੀ ਨਹੀਂ ਦਿੱਤੀ।
ਰਾਮੂ ਨੇ ਕਿਹਾ- ਮੈਂ ਤਾਂ ਅੱਜ ਤੱਕ ਆਪਣੀ ਮਜ਼ਦੂਰੀ ਕਿਸੇ ਕੋਲ ਛੱਡੀ ਨਹੀਂ..ਮੈਂ ਤਾਂ ਮਜ਼ਦੂਰੀ ਲੈ ਕੇ ਹੀ ਰਹਾਂਗਾ।
ਜ਼ਿੰਮੀਦਾਰ ਅੱਗ ਭਬੂਲਾ ਹੋ ਗਿਆ- ਜੇ ਜਿਆਦਾ ਗੱਲਾਂ ਕੀਤੀਆਂ ਤਾਂ ਗੋਲੀ ਮਾਰ ਦਿਆਂਗਾ।
ਜ਼ਿੰਮੀਦਾਰ ਨੇ ਆਪਣਾ ਪਿਸਤੌਲ ਕੱਢ ਲਿਆ। ਰਾਮੂ ਹੱਸ ਪਿਆ। ਜ਼ਿੰਮੀਦਾਰ ਹੈਰਾਨੀ ਨਾਲ ਬੋਲਿਆ- ਕੀ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ?
ਰਾਮੂ ਮੁਸਕਰਾ ਕੇ ਬੋਲਿਆ- ਨਹੀਂ…ਜੇ ਤੁਸੀਂ ਮਜ਼ਦੂਰੀ ਨਾ ਦਿੱਤੀ ਤਾਂ ਭੁੱਖਾ ਮਰ ਜਾਵਾਂਗਾ…ਜੇ ਤੁਹਾਡੀ ਗੋਲੀ ਨਾਲ ਮਰਿਆ ਤਾਂ ਮਜ਼ਦੂਰਾਂ `ਚ ਜਾਗਰਤੀ ਪੈਦਾ ਹੋਏਗੀ।
ਜ਼ਿੰਮੀਦਾਰ ਬੋਲਿਆ… ਜਾਗਰਤੀ?
ਰਾਮੂ ਨੇ ਝਪਟਾ ਮਾਰ ਕੇ ਜ਼ਿੰਮੀਦਾਰ ਤੋਂ ਪਿਸਤੌਲ ਖੋਹ ਲਿਆ ਤੇ ਕਿਹਾ- ਮੇਰੀ ਮਜ਼ਦੂਰੀ ਦੇ…ਨਹੀਂ ਤਾਂ ਤੈਨੂੰ ਗੋਲੀ ਮਾਰ ਦਿਆਂਗਾ।
ਜ਼ਿੰਮੀਦਾਰ ਨੇ ਕੰਬਦੇ ਬੋਲਾਂ ਨਾਲ ਕਿਹਾ- ਮੈਂ ਮਜ਼ਦੂਰੀ ਜਰੂਰ ਦਿਆਂਗਾ। ਰਾਮੂ ਨੇ ਕਿਹਾ- ਦਿਆਂਗਾ ਨਹੀਂ ਦੇ।
ਜ਼ਿੰਮੀਦਾਰ ਕੰਬਦੇ ਹੱਥਾਂ ਨਾਲ ਨੋਟ ਗਿਣਨ ਲੱਗ ਪਿਆ।
ਸੁਰਜੀਤ ਸੂਦ