….ਮਨਸਾ ਸਿੰਘ ਕਈ ਦਿਨਾਂ ਤੋਂ ਪੁਲੀਸ ਚੌਂਕੀ ਦੇ ਗੇੜੇ ਕੱਢ ਰਿਹਾ ਸੀ। ਕਦੇ ਥਾਣੇ ਦਾਰ ਨਾ ਹੁੰਦਾ, ਤੇ ਕਦੀ ਕੋਠੀ ਵਾਲਾ ਸਰਦਾਰ ਨਾ ਪਹੁੰਚਿਆ ਹੁੰਦਾ, ਜਿਸ ਦੀ ਕੋਠੀ ਦੀ ਡਿਸਟੈਂਪਰ ਦਾ ਠੇਕਾ ਉਹਨੇ ਦੋ ਮਹੀਨੇ ਪਹਿਲਾਂ ਲਿਆ ਸੀ। ਪਰ ਸਰਦਾਰ ਸੀ, ਕਿ ਪੈਸੇ ਦੇ ਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਆਖਰ ਇਕ ਦਿਨ ਸਬੱਬ ਨਾਲ ਤਿੰਨੇ ਚੌਕੀ ਤੇ ਇਕੱਠੇ ਹੋ ਗਏ। ਥਾਣੇਦਾਰ ਨੇ ਸਰਦਾਰ ਨੂੰ ਪੁੱਛਿਆ।
“ਕੀ ਗੱਲ ਐ ਸਰਦਾਰ ਜੀ? ਪੈਸੇ ਨਹੀਂ ਦਿੱਤੇ ਤੁਸਾਂ….ਇਸ ਗਰੀਬ ਦੇ??? ਓਹ ਜੀ….ਪੈਸੇ ਕਾਹਦੇ ਦਈਏ, ਇਹਨਾਂ ਕੰਮ ਸਾਡੀ ਮਰਜ਼ੀ ਮੁਤਾਬਿਕ ਕੀਤਾ ਹੀ ਨਹੀਂ।
‘ਦਸੋ ਨਾ ਮਹਾਰਾਜ ਕਿਹੜਾ ਕੰਮ ਨਹੀਂ ਕੀਤਾ? ਮੈਂ ਕੋਠੀ ਲਿਸ਼ਕਾ ਕੇ ਰੱਖ ਦਿੱਤੀ ਏ …ਅਜੇ ਕਹਿੰਦੇ ਨੇ….??
ਮਨਸਾ ਸਿੰਘ ਵਿੱਚੋਂ ਹੀ ਬੋਲ ਪਿਆ।
‘ਜੀ…ਰੰਗ ਤਾਂ ਨਿਖਰਿਆ ਈ ਨਹੀਂ। ਅਸੀਂ ਪੈਸੇ ਕਾਹਦੇ ਦਈਏ?”
ਵੇਖੋ…ਇਹ ਜ਼ਬਰਦਸਤੀ ਏ…ਇਹ ਗਰੀਬ ਮਾਰ ਚੰਗੀ ਨਹੀਂ..ਇਸ ਚੌਂਕੀ ਤੇ ਇਹੋ ਜਿਹੀਆਂ ਸ਼ਿਕਾਇਤਾਂ ਆਮ ਆਉਂਦੀਆਂ ਨੇ, ਜੀ ਕੰਮ ਕਰਾਇਐ- ਹੁਣ ਪੈਸੇ ਨਹੀਂ ਦੇਦੇ।”
ਥਾਣੇਦਾਰ ਨੇ ਸੋਚ ਸੋਚ ਕੇ ਆਪਣਾ ਫੈਸਲਾ ਦਿੱਤਾ।
“ਉਂਜ- ਜਨਾਬ, ਤੁਸੀਂ ਕਹਿੰਦੇ ਓ, ਤਾਂ ਦੇ ਦੇਨੇਆਂ ਪੈਸੇ।
ਬਾਕੀ, ਕੰਮ ਸਾਡੀ ਮਰਜ਼ੀ ਮੁਤਾਬਿਕ ਨਹੀਂ ਹੋਇਆ। ਸਰਦਾਰ ਨੇ ਵੀ ਰੋਜ਼ ਰੋਜ਼ ਦੀ ਕਲਕਲ ਮੁਕਾਣ ’ਚ ਹੀ ਆਪਣੀ ਬਿਹਤਰੀ ਸਮਝੀ।
‘‘ਸੁਣਾ ਬਈ, ਕਿੰਨੇ ਦਾ ਠੇਕਾ ਸੀ”
‘‘ਪੰਜ ਸੌ ਦਾ ਜੀ”
‘ਦਿਉ…ਸਾਢੇ ਚਾਰ ਸੌ`।
ਪਾਂਧੀ ਨਨਕਾਣਵੀ