ਅਮਾਨਤ ਬਹੁਤ ਖੁਸ਼ ਸੀ ਕਿਉਂਕਿ ਉਸਦੇ ਪਤੀ ਨੇ ਅੱਜ ਵਿਦੇਸ਼ੀ ਯਾਤਰਾ ਤੋਂ ਵਾਪਸ ਘਰ ਆਉਣਾ ਸੀ। ਰਾਤ ਦਾ ਖਾਣਾ ਵੀ ਉਹ ਚੰਗੀ ਤਰ੍ਹਾਂ ਨਹੀਂ ਸੀ ਖਾ ਸਕੀ। ਪਤੀ ਦੇ ਆਉਣ ਦੀ ਤਾਂਘ ਵਿਚ ਉਸਦੀ ਭੁੱਖ ਕਿਧਰੇ ਗੁਆਚ ਗਈ ਸੀ। ਦੇਰ ਰਾਤ ਤੱਕ ਬਿਸਤਰ ਤੇ ਪਈ ਉਹ ਪਾਸੇ ਪਲਟਦੀ ਰਹੀ ਪਰ ਨੀਂਦ ਨਹੀਂ ਸੀ ਆ ਰਹੀ। ਉਸਨੇ ਅੱਖਾਂ ਬੰਦ ਕਰਕੇ ਸੌਣ ਦਾ ਯਤਨ ਕੀਤਾ। ਉਸਦੀਆਂ ਅੱਖਾਂ ਅੱਗੇ ਤਾਂ ਪਤੀ ਦੀ ਤਸਵੀਰ ਹੀ ਘੁੰਮਦੀ ਰਹੀ ਸੀ।
‘ਅਮੀ! ਆਹ ਸਾਰਾ ਬੈਗ ਤੇਰੇ ਲਈ ਤੋਹਫਿਆਂ ਦਾ ਹੈ।’
ਨਵਜੋਤ ਨੇ ਬੈਗ ਉਸਨੂੰ ਫੜਾਉਂਦਿਆਂ ਕਿਹਾ।
ਅਮਾਨਤ ਨੇ ਝੱਟ ਬੈਗ ਖੋਹਲਕੇ ਦੇਖਣਾ ਸ਼ੁਰੂ ਕਰ ਦਿੱਤਾ। ਵਧੀਆ ਤੇ ਮਹਿੰਗੇ ਕੱਪੜੇ , ਕਰੀਮਾਂ, ਲਿਪਸਟਕਾਂ, ਅਤਰ ਵਗੈਰਾ ਦਾ ਢੇਰ ਲੱਗ ਗਿਆ/ਧੁੱਪ ਦੀਆਂ ਐਨਕਾਂ ਦੇਖ ਤਾਂ ਉਹ ਫੁੱਲੀ ਨਹੀਂ ਸੀ ਸਮਾਉਂਦੀ। ਬੜੀ ਦੇਰ ਤੋਂ ਉਸਦੀ ਤਾਂਘ ਸੀ ਵਧੀਆ ਐਨਕਾਂ ਲੈਣ ਦੀ।
‘ਹਾਇ! ਆਹ ਬੈਗ ਤਾਂ ਮੇਰੀ ਜਾਨ ਹੈ।’
ਸੁੰਦਰ ਤੇ ਮਹਿੰਗਾ ਵੱਡਾ ਪਰਸ ਦੇਖ ਤਾਂ ਉਹ ਬੈਂਡ ਤੇ ਉੱਛਲ ਹੀ ਪਈ।
‘ਤੁਹਾਨੂੰ ਮੇਰਾ ਕਿੰਨਾ ਖਿਆਲ ਹੈ। ਸੱਚੀਂ, ਤੁਸੀਂ ਮੈਨੂੰ ਏਨਾ ਪਿਆਰ ਕਰਦੇ ਹੋ?’ ਕਹਿੰਦਿਆਂ ਉਸਨੇ ਨਵਜੋਤ ਨੂੰ ਗਲਵਕੜੀ ਪਾ ਲਈ।
‘ਟਰ……ਟਰ…….ਟਰ……।
ਜੋਰ ਨਾਲ ਘੰਟੀ ਵਜੀ ਤੇ ਉਹ ਭਕ ਗਈ। ਉਸਦਾ ਮਨਮੋਹਨਾ ਸੁਪਨਾ ਅੱਧਵਾਟਿਓ ਟੁੱਟ ਗਿਆ।
ਨਵਜੋਤ ਘਰ ਆ ਗਿਆ ਸੀ।
ਅਮੀ! ਚਾਹ ਬਣਾ। ਚਾਹ ਪੀਕੇ ਨਹਾਵਾਂਗਾ ਤੇ ਫਿਰ ਗੱਲਾਂ ਕਰਾਂਗੇ।
ਅਮਾਨਤ ਚਾਹ ਬਣਾ ਲਿਆਈ ਤੇ ਨਵਜੋਤ ਮੂੰਹ ਹੱਥ ਧੋ ਕੇ ਸੋਫੇ ਤੇ ਬੈਠ ਗਿਆ। ਅਟੈਚੀ ਖੋਲ੍ਹ ਕੇ ਨਿੱਕ ਸੁੱਕ ਕੱਢਣ ਲੱਗਾ।
‘ਆਹ ਘੜੀ, ਜੀਨ, ਟੌਪ ਤੇ ਸੈਂਡਲ ਧੀ ਲਈ ਨੇ।
ਨਵਜੋਤ ਨੇ ਦੱਸਿਆ।
ਅਮਾਨਤ ਨੇ ਓਪਰੀ ਜਿਹੀ ਨਜ਼ਰ ਨਾਲ ਦੇਖਿਆ ਤੇ ਸਾਰੀਆਂ ਚੀਜਾਂ ਇਕ ਪਾਸੇ ਰੱਖ ਦਿੱਤੀਆਂ।
‘ਇਹ ਦੋ ਕੁ ਚੀਜਾਂ ਭੈਣ ਲਈ ਲੈ ਲਈਆਂ ਸਨ। ਇਕ ਕਮੀਜ ਜੀਜੇ ਲਈ ਤੇ ਦੋ ਚਾਰ ਖਿਡਾਉਣੇ, ਭਾਣਜੇ ਲਈ ਨੇ। ਮੈਂ ਅਪਣੇ ਲਈ ਤਾਂ ਕੁੱਝ ਨਹੀਂ ਲਿਆ। ਹਰ ਚੀਜ਼ ਤਾਂ ਇਥੇ ਮਿਲ ਜਾਂਦੀ ਹੈ। ਫਿਰ ਐਵੇਂ ਭਾਰ ਚੁੱਕਣ ਦਾ ਕੀ ਫਾਇਦਾ? ਐਹ ਸਭ ਤੋਹਫੇ ਨੇ। ਇਹ ਗਰਮ ਸੂਟ ਮੈਨੂੰ ਸਰੀ ਵਾਲੀ ਭੂਆ ਨੇ ਲੈ ਕੇ ਦਿੱਤਾ। ਬਾਕੀ ਚੀਜਾਂ ਦੋਸਤਾਂ ਵਲੋਂ ਦਿੱਤੇ ਗਏ ਗਿਫਟ ਨੇ।
ਨਵਜੋਤ ਨੇ ਦੋਸਤਾਂ ਵਲੋਂ ਮਿਲੇ ਤੋਹਫਿਆਂ ਦਾ ਢੇਰ ਲਗਾ ਦਿੱਤਾ।
ਅਟੈਚੀ ਕਰੀਬ ਖਾਲੀ ਹੋ ਚੁੱਕਾ ਸੀ। ਅਮਾਨਤ ਨੂੰ ਆਸ ਸੀ ਕਿ ਅਖੀਰ ‘ਚ ਜ਼ਰੂਰ ਮੇਰੇ ਲਈ ਲਿਆਂਦਾ ਤੋਹਫਾ ਦੇਵੇਗਾ। ਕੰਮ ਵਾਲੀ ਮਹਿਮਾਨ ਕਮਰੇ ‘ਚ ਆ ਗਈ। ਬਾਹਰੋਂ ਆਈਆਂ ਚੀਜਾਂ ਨੂੰ ਦੇਖਣ ਦਾ ਮਨ ਉਸ ਨੂੰ ਮੱਲੋ ਮੱਲੀ ਇਧਰ ਲੈ ਆਇਆ ਸੀ। ਪੈਰ ਜਿਹੇ ਮਲਦੀ ਉਹ ਦੂਸਰੇ ਕਮਰੇ ਵਿਚ ਚਲੀ ਗਈ।
ਇਹ ਸੁਟ ਭੂਆ ਦੀ ਬੇਟੀ ਨੇ ਉਂਝ ਹੀ ਅਟੈਚੀ ਵਿਚ ਰੱਖ ਦਿੱਤਾ ਸੀ। ਕਹਿੰਦੀ ਸੀ ਮੈਂ ਤਾਂ ਇਸਨੂੰ ਪਾਉਂਦੀ ਨਹੀਂ, ਕਿਸੇ ਨੂੰ ਦੇ ਦੇਣਾ। ਇਹ ਕੰਮ ਵਾਲੀ ਨੂੰ ਦੇ ਦਿੰਦੇ ਹਾਂ।
ਤੇ ਹੁਣ ਅਟੈਚੀ ਬਿਲਕੁਲ ਖਾਲੀ ਸੀ। ਅਮਾਨਤ ਡਡਿਆਈਆਂ ਅੱਖਾਂ ਨਾਲ ਇਧਰ ਉਧਰ ਦੇਖ ਰਹੀ ਸੀ। ਉਹ ਮਹਿਸੂਸ ਕਰ ਰਹੀ ਸੀ ਕਿ ਇਸ ਘਰ ਵਿਚ ਉਸਦੀ ਹੈਸੀਅਤ ਤਾਂ ਇਕ ਨੌਕਰਾਣੀ ਜਿੰਨੀ ਵੀ ਨਹੀਂ।”
“ਵਾਪਸੀ ਵੇਲੇ ਮੇਰੇ ਕੋਲ ਕਾਫੀ ਪੈਸੇ ਬਚ ਗਏ ਸਨ ਤੇ ਮੈਂ ਉਨ੍ਹਾਂ ਦਾ ਸੋਨਾ ਖਰੀਦ ਲਿਆ।
ਨਵਜੋਤ ਨੇ ਆਪਣੇ ਹੱਥ ਵਿਚੋਂ ਸੋਨੇ ਦਾ ਮੋਟਾ ਕੜਾ ਉਤਾਰਦਿਆਂ ਕਿਹਾ।
ਅਮਾਨਤ ਦਾ ਚਿਹਰਾ ਇਕ ਦਮ ਖਿੜ ਗਿਆ। ਉਸਨੂੰ ਲੱਗਿਆ ਇਹ ਕੜਾ ਨਵਜੋਤ ਨੇ ਉਸੇ ਲਈ ਹੀ ਬਣਵਾਇਆ ਹੋਵੇਗਾ।
‘ਇਸ ਸੋਨੇ ਦਾ ਬੇਟੀ ਨੂੰ ਕੋਈ ਚੰਗਾ ਜਿਹਾ ਗਹਿਣਾ ਬਣਵਾ ਦਿਆਂਗੇ।
ਨਵਜੋਤ ਨੇ ਕੜਾ ਆਪਣੀ ਜੇਬ ਵਿਚ ਪਾਉਂਦਿਆਂ ਕਿਹਾ।
ਅਮਾਨਤ ਦਾ ਸਬਰ ਟੁੱਟ ਗਿਆ। ਉਹ ਇਕ ਦਮ ਉੱਠੀ। ਬਾਥਰੂਮ ਵਿਚ ਜਾਕੇ ਪਾਣੀ ਵਾਲੀ ਟੂਟੀ ਪੂਰੀ ਖੋਲ੍ਹ ਦਿੱਤੀ। ਉਸਦੀਆਂ ਭੁੱਬਾਂ ਪਾਣੀ ਦੇ ਸ਼ੋਰ ਵਿਚ ਸਮਾ ਗਈਆਂ।
ਸੁਰਿੰਦਰ ਕੈਲੇ