ਸਰਵਿਸ ਸਲੈਕਸ਼ਨ ਬੋਰਡ ਦੀ ਦੁਮੰਜਲੀ ਬਿਲਡਿੰਗ ਦੇ ਬਾਹਰ ਬੇ-ਰੁਜ਼ਗਾਰਾਂ ਦੀ ਭੀੜ ਇਕ ਅਸਾਮੀ ਲਈ ਲਗਪਗ ਸੌ ਕੈਂਡੀਡੇਟ। ਸਭ ਦੇ ਚਿਹਰਿਆਂ ਤੇ ਨਿਰਾਸ਼ਾ-ਆਸ਼ਾ ਦੇ ਮਿਲਵੇਂ ਚਿੰਨ੍ਹ। ਬੋਰਡ ਦੇ ਚੇਅਰਮੈਨ ਸਾਹਿਬ ਦੇ ਲੇਟ ਹੋ ਜਾਣ ਕਾਰਣ, ਇੰਟਰਵਿਊ 10 ਵਜੇ ਦੀ ਨਿਸਬਤ 12 ਵਜੇ ਅਰੰਭ ਹੋਈ। ਮੁਲਾਕਾਤੀਆਂ ਦੀ ਤਰ੍ਹਾਂ ਵਾਰੀ ਵਾਰੀ ਕੈਂਡੀਡੇਟ ਅੰਦਰ ਜਾਂਦੇ ਰਹੇ ਤੇ ਵਾਪਸ ਆਉਂਦੇ ਰਹੇ ਢਾਈ ਵਜੇ ਤੱਕ ਸਾਰੇ ਦੇ ਸਾਰੇ ਭੁਗਤ ਚੁਕੇ ਸਨ। ਅਖੀਰ ਵਿਚ ਉਸ ਨੌਜਵਾਨ ਨੂੰ ਸਮਾਂ ਦਿੱਤਾ ਗਿਆ, ਆਪਣੀ ਵਾਰੀ ਤੋਂ ਖੁੰਝ ਚੁਕਾ ਸੀ।
ਤੁਸੀਂ ਏਨੇ ਲੇਟ ਕਿਉਂ ਹੋ ਗਏ ਹੋ?“ ਚੇਅਰਮੈਨ ਨੇ ਨੌਜਵਾਨ ਤੇ ਸਰਸਰੀ ਝਾਤ ਸੁਟਦਿਆਂ ਪੁੱਛਿਆ।
‘‘ਜੀ ਮੈਂ ਰੋਟੀ ਖਾਣ ਚਲਾ ਗਿਆ ਸਾਂ।”
‘ਤੁਹਾਨੂੰ ਪਤਾ ਏ, ਇੰਟਰਵਿਊ ਦਾ ਸਮਾਂ 2 ਵਜੇ ਤੱਕ ਸੀ ਜਦਕਿ ਹੁਣ ਢਾਈ ਵਜ ਚੁੱਕੇ ਨੇ। ਚੇਅਰਮੈਨ ਦੀ ਨਾਲ ਦੀ ਕੁਰਸੀ ਤੇ ਬੈਠੇ ਭੱਦਰਪੁਰਸ਼ ਨੇ ਕਲਾਕ ਵੱਲ ਤਕਦਿਆਂ ਕਿਹਾ।
ਅਸਲ ਵਿਚ ਮੈਂ ਜਦੋਂ ਗਿਆ ਸੀ, ਉਸ ਸਮੇਂ ਮੇਰੇ ਤੋਂ ਪਹਿਲਾਂ ਹਾਲੇ ਕਾਫੀ ਕੈਂਡੀਡੇ ਟ ਸਨ ਨੌਜਵਾਨ ਬੜਾ ਹੀ ਸੰਜੀਦਾ ਹੋ ਗਿਆ ਸੀ।
‘ਤੇ ਫਰਜ਼ ਕਰੋ- ਤੁਹਾਡੀ ਇਸ ਲੇਟ ਕਾਰਣ, ਤੁਹਾਨੂੰ ਰੀਜੈਕਟ ਕਰ ਦਿੱਤਾ ਜਾਂਦਾ, ਤਾਂ ਕੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਹੁੰਦਾ।
“ਜਰੂਰ ਹੁੰਦਾ ਪਰ ਫਿਰ ਉਸ ਤੋਂ ਵੀ ਵੱਧ ਹੋਣਾ ਸੀ, ਜੇ ਭੁੱਖਾ ਵੀ ਰਹਿੰਦਾ ਤੇ ਨੌਕਰੀ ਵੀ ਨਾ ਮਿਲਦੀ….!
ਬੋਰਡ ਦਾ ਚੇਅਰਮੈਨ ਤੇ ਮੈਂਬਰ ਪ੍ਰਸ਼ਨ-ਵਿਹੂਣ ਹੋ ਗਏ।
ਲੋਕ ਢਿੱਲੋਂ