ਬੇਪਰਦ ਪਰਦੇ

by Sandeep Kaur

ਸ਼ਹਿਰ ਦੇ ਅੱਤ ਸੁੰਦਰ ਅਤੇ ਮਹਿੰਗੇ ਮੈਰਿਜ ਪੈਲੇਸ ਵਿੱਚ ਇੱਕ ਬਹੁਤ ਵੱਡੇ ਸਿਆਸੀ ਸਰਦਾਰ ਦੇ ਕਾਕਾ ਜੀ ਦੀ ਸ਼ਾਦੀ ਦਾ ਸਮਾਗਮ ਚਲ ਰਿਹਾ ਸੀ। ਸ਼ਰਾਬ ਦੇ ਦੌਰ ਚੱਲ ਰਹੇ ਸਨ ਅਤੇ ਅੱਧ ਨੰਗੀਆਂ ਕੁੜੀਆਂ ਲੱਚਰ ਗੀਤਾਂ ਦੀ ਔਰਕੈਸਟਰਾ ਧੁੰਨਾ ਉੱਤੇ ਨੱਚ ਰਹੀਆਂ ਸਨ।
ਸ਼ਰਾਬ ਦੇ ਰੱਜੇ ਨੌਜਵਾਨ ਉੱਚੀ ਸਟੇਜ ਦੇ ਨੀਵੇਂ ਫਰਸ਼ ਉੱਤੇ ਭੰਗੜਾ ਪਾ ਰਹੇ ਸਨ। ਕਾਮਿਕ ਗੀਤਾਂ ਉੱਤੇ ਕੁੜੀਆਂ ਸਰੀਰਕ ਹਰਕਤਾਂ ਨਾਲ ਕਹਿਰ ਵਰਾ ਰਹੀਆਂ ਸਨ। ਸ਼ਰਾਬੀਆਂ ਦੀਆਂ ਲਾਲਾਂ ਡਿੱਗ ਰਹੀਆਂ ਸਨ। ਉਨ੍ਹਾਂ ਦੇ ਤਨ, ਮਨ ਰੋਕਾਂ ਦੀਆਂ ਪਾਬੰਦੀਆਂ ਤੋੜਨ ਦੀ ਚਰਮ ਸੀਮਾ ਤੱਕ ਪਹੁੰਚ ਚੁੱਕੇ ਸਨ।
ਨੋਟਾਂ ਦੀ ਵਰਖਾ ਹੋ ਰਹੀ ਸੀ ਅਤੇ ਅਨਾਊਂਸਰ ਦੀਆਂ ਵਰਾਛਾਂ ਖਿੜਦੀਆਂ ਜਾ ਰਹੀਆਂ ਸਨ। ਨੱਚਣ ਵਾਲੀਆਂ ਕੁੜੀਆਂ ਨੇ ਵੀ ਸਭ ਸੀਮਾਵਾਂ ਤੋੜ ਦਿੱਤੀਆਂ ਸਨ। ਗੀਤ ਚੱਲ ਰਿਹਾ ਸੀ ‘ਗੱਲਾ ਗੋਰੀਆਂ ਤੇ ਵਿੱਚ ਟੋਏ… ਅੱਤ ਸੁਨੱਖੀ ਕੁੜੀ ਲੱਕ ਲਹਿਰਾਕੇ ਬੇ ਹਯਾਈਹ ਨਾਲ ਨੱਚ ਰਹੀ ਸੀ। ਭੰਗੜਾ ਪਾ ਰਹੇ ਨੌਜਵਾਨਾਂ ਵਿਚੋਂ ਇੱਕ ਸ਼ਰਾਬ ਨਾਲ ਬੇ ਸੁੱਧ ਹੋਏ ਮੁੰਡੇ ਨੇ, ਸਟੇਜ ਉੱਤੇ ਨੱਚ ਰਹੀ ਕੁੜੀ ਨੂੰ ਲੱਤ ਫੜਕੇ ਭੰਗੜੇ ਵਿੱਚ ਖਿੱਚ ਲਿਆ। ਕੁੜੀ ਦੀ ਲੰਮੀ ਚੀਕ ਸ਼ਰਾਬੀ ਮੁੰਡਿਆਂ ਦੇ ਹਾਸੇ ਵਿੱਚ ਦਮ ਤੋੜ ਗਈ। ਇੱਜਤਦਾਰ ਲੋਕ ਬੇਪਰਦ ਕੁੜੀ ਨੂੰ ਚੁੱਕ ਕੇ ਪਰਦੇ ਵਿੱਚ ਲੈ ਗਏ।

You may also like