ਨਵੀਂ ਆਈ ਕਲਰਕ ਕੁੜੀ ਦੀਪਾਂ ਤੇ ਹੈੱਡ ਕਲਰਕ ਅਸ਼ੋਕ ਸੀ ਵਾਸਤਵਾ ਦੇ ਆਪਸ ਵਿਚ ਘੁਲ ਮਿਲ ਜਾਣ ਦੇ ਚਰਚੇ ਸਾਰੇ ਦਫ਼ਤਰ ਵਿਚ ਸਨ।
ਨਾਜ਼ੁਕ ਤੇ ਮਾਸੂਮ ਜਿਹੀ ਵਿਖਾਈ ਦੇਂਦੀ ਦੀਪਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਬਹੁਤ ਸਾਰੇ ਮਰਦ ਕਰਮਚਾਰੀਆਂ ਨੇ ਕੀਤੀ ਪਰ ਉਹ ਕਿਸੇ ਨਾਲ ਵੀ ਖੁੱਲ੍ਹ ਕੇ ਗੱਲ ਨਾ ਕਰਦੀ। ਉਸ ਕਿਰਾਏ ਤੇ ਕਮਰਾ ਵੀ ਅਸ਼ੋਕ ਦੇ ਗੁਆਂਢ ਵਿਚ ਲਿਆ ਸੀ। ਉਹ ਅਸ਼ੋਕ ਦੇ ਸਕੂਟਰ ਦੇ ਪਿੱਛੇ ਬੈਠ ਕੇ ਦਫ਼ਤਰ ਆਉਂਦੀ ਤੇ ਉਸ ਨਾਲ ਹੀ ਵਾਪਸ ਜਾਂਦੀ। ਜਦੋਂ ਕਦੇ ਉਹ ਦੁਪਹਿਰ ਦਾ ਭੋਜਨ ਵੀ ਇਕੱਠੇ ਬਹਿ ਕੇ ਖਾ ਲੈਂਦੇ ਤਾਂ ਦਫ਼ਤਰ ਦੇ ਹੋਰ ਨੌਜਵਾਨ ਕਰਮਚਾਰੀ ਈਰਖਾ ਨਾਲ ਭੱਜ ਜਾਂਦੇ।
ਅਸ਼ੋਕ ਵਿਚ ਆਈ ਤਬਦੀਲੀ ਤੇ ਸਾਰੇ ਹੈਰਾਨ ਸਨ। ਹਮੇਸ਼ਾ ਹੀ ਆਪਣੇ ਕੰਮ ਨਾਲ ਕੰਮ ਰੱਖਣ ਵਾਲੇ ਅਸ਼ੋਕ ਨੇ ਦਫ਼ਤਰ ਵਿਚ ਕੰਮ ਕਰਦੀ ਕਿਸੇ ਹੋਰ ਕੁੜੀ ਵੱਲ ਕਦੇ ਅੱਖ ਭਰ ਕੇ ਵੀ ਨਹੀਂ ਸੀ ਵੇਖਿਆ, ਪਰ ਆਪਣੇ ਤੋਂ ਕਿਤੇ ਛੋਟੀ ਉਮਰ ਦੀ ਦੀਪਾਂ ਨਾਲ ਉਹ ਬਿਲਕੁਲ ਇਕ ਮਿਕ ਹੋਇਆ ਵਿਖਾਈ ਦੇਂਦਾ ਸੀ।
“ਕਦੇ ਸਾਨੂੰ ਵੀ ਅਸ਼ੋਕ ਸਮਝ ਕੇ ਚਾਹ ਦੀ ਪਿਆਲੀ ਸਾਂਝੀ ਕਰ ਲਿਆ ਕਰੋ- ਅਸੀਂ ਵੀ ਇਸੇ ਦਫ਼ਤਰ ਵਿਚ ਕੰਮ ਕਰਦੇ ਹਾਂ….ਕੀ ਫ਼ਰਕ ਏ ਸਾਡੇ ਤੇ ਅਸ਼ੋਕ ਵਿੱਚ।’’ ਕੁੜੀਆਂ ਦਾ ਸ਼ਿਕਾਰੀ ਕਹਾਉਣ ਵਾਲੇ ਸਟੈਨੋ ਕੁਲਦੀਪ ਨੇ ਚਾਹ ਦੀ ਪਿਆਲੀ ਬਦੋ ਬਦੀ ਦੀਪਾਂ ਦੇ ਹੱਥ ਵਿਚ ਪਕੜਾਉਂਦਿਆਂ ਕਿਹਾ ਸੀ।
“ਫਰਕ ਤਾਂ ਬਹੁਤ ਹੈ ਮਿਸਟਰ ਕੁਲਦੀਪ! ਬਿਗਾਨੀ ਕੁੜੀ ਨੂੰ ਚਾਹ ਦਾ ਕੱਪ ਪੇਸ਼ ਕਰਨ ਵਾਲੇ ਤਾਂ ਤੁਹਾਡੇ ਵਰਗੇ ਬਹੁਤ ਨੇ ਪਰ ਉਸਨੂੰ ਛੋਟੀ ਭੈਣ ਦਾ ਦਰਜ਼ਾ ਅਸ਼ੋਕ ਵਰਗਾ ਕੋਈ ਭਲਾ ਮਨੁੱਖ ਹੀ ਦੇ ਸਕਦਾ ਹੈ।”
ਕੁਲਦੀਪ ਦੇ ਕੰਬਦੇ ਹੱਥਾਂ ਵਿਚੋਂ ਚਾਹ ਦਾ ਕੱਪ ਡਿਗਣੋਂ ਮਸਾਂ ਹੀ ਬਚਿਆ।
ਨਿਰੰਜਣ ਬੋਹਾ