ਮੇਰਾ ਗੁਆਂਢੀ ਕਹਾਣੀਕਾਰ ਹੈ। ਸੰਘਣੇ ਸ਼ਹਿਰ ਵਿਚ ਵਸਦਾ ਹੋਇਆ ਵੀ ਉਹ ਕਦੇ ਕਦੇ ਬਹੁਤ ਉਦਾਸ ਹੋ ਜਾਂਦਾ ਹੈ। ਉਸ ਦਾ ਸਾਰਾ ਪਰਿਵਾਰ ਆਪਣੀ ਆਪਣੀ ਰਾਮ ਰੌਲੀ ਪਾਈ ਜਾਂਦਾ, ਪਰ ਉਹ ਕਿਸੇ ਡੂੰਘੀ ਸੋਚ ਵਿਚ ਗੁੰਮ ਇੱਧਰ ਉੱਧਰ ਬੇਚੈਨੀ ਵਿਚ ਘੁੰਮ ਰਿਹਾ ਹੁੰਦਾ। ਇਸ ਸਮੇਂ ਵਿਚ ਨਾ ਉਸ ਨੂੰ ਖਾਣ ਦਾ ਸੁਆਦ, ਨਾ ਸੌਣ ਦਾ, ਨਾ ਕੰਮ ਦਾ ਅਤੇ ਨਾ ਹੀ ਕਿਸੇ ਨਾਲ ਖਿੜੇ ਮੱਥੇ ਗੱਲ ਕਰਦਾ ਹੈ। ਕਿੰਨੇ ਕਿੰਨੇ ਦਿਨ ਉਹ ਅਜਿਹੀਆਂ ਸੋਚਾਂ ਵਿਚ ਗੁਲਤਾਨ ਰਹਿੰਦਾ। ਫਿਰ ਜਦ ਉਹ ਕਹਾਣੀ ਲਿਖਣ ਦੇ ਮੂਡ ਵਿਚ ਆ ਜਾਵੇ ਤਾਂ ਆਪਣੇ ਕੰਮੋਂ ਛੁੱਟੀ ਕਰ ਲੈਂਦਾ ਹੈ। ਆਪਣੇ ਆਪ ਨੂੰ ਸਮੇਟ ਉਹ ਕਹਾਣੀ ਲਿਖਦਾ ਹੈ। ਕੋਈ ਚਾਰ ਘੰਟੇ ਉਹ ਕਹਾਣੀ ਲਿਖਣ ਨੂੰ ਲਾਉਂਦਾ ਹੈ- ਫਿਰ ਉਸ ਨੂੰ ਪੜ੍ਹਦਾ ਹੈ, ਠੀਕ ਕਰਦਾ ਹੈ ਤੇ ਪਸੰਦ ਨਾ ਆਉਣ ਤੇ ਸਾਰੇ ਕਾਗਜ਼ ਟੁਕੜੇ ਟੁਕੜੇ ਕਰ ਦਿੰਦਾ ਹੈ। ਕਹਾਣੀਕਾਰ ਕਹਾਣੀ ਫਿਰ ਲਿਖਦਾ ਹੈ, ਠੀਕ ਕਰਦਾ ਹੈ ਤੇ ਅਖਬਾਰਾਂ ਦੀ ਰੱਦੀ ਵੇਚ ਕੇ ਡਾਕ- ਖਾਨਿਓਂ ਟਿਕਟਾਂ ਲੈ ਕੇ ਉਹ ਆਪਣੀ ਕਹਾਣੀ ਕਿਸੇ ਲੇਖਕ, ਸੰਪਾਦਕ, ਪ੍ਰਕਾਸ਼ਕ, ਮਾਲਕ ਤੇ ਪ੍ਰਿੰਟਰ’ ਵਰਗੇ ਮਾਸਕ ਪੱਤਰ ਦੇ ਮਾਨਯੋਗ ਸੰਪਾਦਕ ਨੂੰ ਭੇਜਦਾ ਹੈ। ਕੋਈ ਤਿੰਨਾਂ ਮਹੀਨਿਆਂ ਪਿੱਛੋਂ ਉਸ ਦੀ ਇਕ ਕਹਾਣੀ ਮੁੜ ਆਉਂਦੀ ਹੈ ਤੇ ਇਕ ਪ੍ਰਕਾਸ਼ਤ ਹੋ ਜਾਂਦੀ ਹੈ… ਕਹਾਣੀਕਾਰ ਆਪਣੀ ਤਨਖਾਹ ਵਿੱਚੋਂ ਇਕ ਰੁਪਿਆ ਖਰਚ ਕੇ ਉਹ ਮੈਗਜ਼ੀਨ ਖੀਦਦਾ ਹੈ, ਜਿਸ ਵਿਚ ਉਸ ਦੀ ਕਹਾਣੀ ਪ੍ਰਕਾਸ਼ਤ ਹੋਈ ਹੁੰਦੀ ਹੈ।
ਮੇਰੇ ਦੋਸਤ ਕਹਾਣੀਕਾਰ ਦੀ ਪਤਨੀ ਅਤੇ ਬੱਚੇ ਉਸ ਦੇ ਇਸ ਵਿਹਾਰ ਤੇ ਸਿਰ ਖਪਾਈ ਤੇ ਸਖਤ ਖਫਾ ਰਹਿੰਦੇ ਹਨ। ਕਹਾਣੀਕਾਰ ਦੀ ਪਤਨੀ ਨੇ ਇਕ ਦਿਨ ਮੈਨੂੰ ਕਿਹਾ ਕਿ ਤੁਹਾਡੇ ਲੇਖਕ ਦੋਸਤ ਨਾਲੋਂ ਤਾਂ ਮੈਂ ਹੀ ਵਧ ਕਮਾ ਲੈਂਦੀ ਹਾਂ, ਜਿਨਾਂ ਚਿਰ ਉਹ ਕਾਗਜ ਤੇ ਕਲਮ ਘਸਾਉਂਦੇ ਤੇ ਕਿਤਾਬਾਂ ਨਾਲ ਮੱਥਾ ਮਾਰਦੇ ਰਹਿੰਦੇ ਹਨ ਉਨੇ ਸਮੇਂ ਵਿਚ ਮੈਂ ਲਫਾਫੇ ਬਣਾ ਸਵਾ ਤਿੰਨ ਰੁਪਏ ਕਮਾ ਲੈਂਦੀ ਹਾਂ…’ ਇਹ ਕਹਿੰਦੇ ਹੋਏ ਉਸ ਦੇ ਪਤਲੇ ਬੁੱਲਾਂ ਤੇ ਬਨਾਵਟੀ ਜਹੀ ਮੁਸਕਰਾਹਟ ਪਸਰੀ ਸੀ। ਇਹ ਸੁਣ ਮੈਂ ਆਪਣੇ ਦੋਸਤ ਦੀ ਜ਼ਿੰਦਗੀ ਜੋ ਮੋਮਬੱਤੀ ਵਾਂਗ ਪਿਘਲਦੀ ਜਾ ਰਹੀ ਸੀ ਬਾਰੇ ਸੋਚਦਾ ਸੋਚਦਾ ਉਦਾਸ ਹੋ ਗਿਆ ਸਾਂ। ਲੇਖਕ ਦੇ ਸਾਹਮਣੇ ਘਰ ‘ਰਾਮੇ ਘੁਮਿਆਰ’ ਦਾ ਕੋਹਲੂ ਉਸ ਬੌਲਦ ਨਾਲ ਚੀਅ ਕਰ ਰਿਹਾ ਸੀ। ਪਰ ਦੂਜੇ ਘਰ ‘ਚਰਨੇ ਸਮਗਲਰ ਦਾ ਪਾਲਤੂ ਕੁੱਤਾ ਦਿਨੋ ਦਿਨ ਫੈਲਦਾ ਜਾ ਰਿਹਾ ਸੀ। ਮੇਰਾ ਕਿੰਨੀ ਵੇਰ ਜੀਅ ਕੀਤਾ ਕਿ ਕਹਾਣੀਕਾਰ ਦੋਸਤ ਨੂੰ ਪੁੱਛਾਂ ਕਿ ਤੈਨੂੰ ਇਸ ਖਰਚੀਲੇ, ਸਿਰ ਖਪਾਈ ਵਾਲੇ ਸ਼ੁਗਲ ਵਿੱਚੋਂ ਕੀ ਮਿਲਦਾ ਹੈ-? ਪਰ ਹਿੰਮਤ ਨਹੀਂ ਕਰ ਸਕਿਆ। ਸੋਚਦਾ ਹਾਂ ਭਲਾ ਕੋਈ ਮਾਂ ਨੂੰ ਪੁਛ ਸਕਦਾ ਹੈ ਕਿ ਇਹ ਨਵਾਂ ਜੁਆਕ ਉਸ ਕਿਉਂ ਜੰਮਿਆ ਹੈ….?
ਹਰਜੀਤ “ਬੇਦੀ